ਸੰਸਾਰ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ 'ਫਾਲਕਨ ਹੈਵੀ' ਲਾਂਚ

    • ਲੇਖਕ, ਜੋਨਾਥਨ ਏਮੋਸ
    • ਰੋਲ, ਬੀਬੀਸੀ ਸਾਇੰਸ ਪੱਤਰਕਾਰ

ਅਮਰੀਕਾ ਦੇ ਫਲੋਰਿਡਾ 'ਚ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਲਾਂਚ ਕਰ ਦਿੱਤਾ ਗਿਆ ਹੈ।

ਇਸ ਰਾਕਟ ਨੇ ਫਲੋਰਿਡਾ ਦੇ ਠੀਕ ਉਸੇ ਥਾਂ ਤੋਂ ਉਡਾਣ ਭਰੀ, ਜਿੱਥੋਂ ਚੰਦ ਦੇ ਜਾਣ ਵਾਲੇ ਪਹਿਲੇ ਵਿਅਕਤੀ ਨੇ ਆਪਣੇ ਸਫ਼ਰ ਦਾ ਆਗਾਜ਼ ਕੀਤਾ ਸੀ।

ਹੁਣ ਇਤਿਹਾਸ ਨੂੰ ਨਵੇਂ ਸਿਰਿਓਂ ਲਿਖਿਆ ਜਾ ਰਿਹਾ ਹੈ, ਮੰਜ਼ਿਲ ਹੈ ਮੰਗਲ ਗ੍ਰਹਿ ਅਤੇ ਮਕਸਦ ਹੈ ਇਨਸਾਨ ਨੂੰ ਉੱਥੇ ਪਹੁੰਚਾਉਣਾ।

ਅਮਰੀਕੀ ਵਪਾਰੀ ਏਲੋਨ ਮਸਕ ਦੀ ਕੰਪਨੀ ਸਪੇਸ ਐਕਸ ਵੱਲੋਂ ਲਾਂਚ ਕੀਤੇ ਗਏ ਇਸ ਰਾਕਟ ਦਾ ਨਾਂ 'ਫਾਲਕਨ ਹੈਵੀ' ਹੈ।

ਇਸ ਸ਼ਕਤੀਸ਼ਾਲੀ ਰਾਕਟ ਨੇ ਕੈਪ ਕੇਨਾਵੇਰਾਲ ਸਥਿਤ ਅਮਰੀਕੀ ਪੁਲਾੜ ਸੰਸਥਾ ਨਾਸਾ ਦੇ ਜੋਨ ਐੱਫ ਕੈਨੇਡੀ ਸਪੇਸ ਸੈਂਟਰ ਤੋਂ ਮੰਗਲਵਾਰ ਨੂੰ ਉਡਾਣ ਭਰੀ।

ਇਸ ਰਾਕਟ ਨਾਲ ਏਲੋਨ ਮਸਕ ਦੀ ਪੁਰਾਣੀ ਲਾਲ ਰੰਗ ਦੀ ਟੈਸਲਾ ਸਪੋਰਟਸ ਕਾਰ ਰੱਖੀ ਗਈ। ਇਹ ਪੁਲਾੜ ਕਲਾਸ ਵਿੱਚ ਪਹੁੰਚਣ ਵਾਲੀ ਪਹਿਲੀ ਕਾਰ ਹੋਵੇਗੀ।

ਚੰਦ 'ਤੇ ਮਨੁੱਖ ਦੇ ਪਹੁੰਚਣ ਦੀ ਘਟਨਾ ਤੋਂ ਬਾਅਦ ਇਹ ਉਹ ਵੇਲਾ ਸੀ ਜਿਸ ਦਾ ਇੰਤਜ਼ਾਰ ਪੂਰੀ ਦੁਨੀਆਂ ਕਰ ਰਹੀ ਸੀ।

ਕੈਪ ਕੇਨਾਵੇਰਾਲ 'ਚ ਇਸ ਮੌਕੇ ਦਾ ਗਵਾਹ ਬਣਨ ਲਈ ਵੱਡੀ ਸੰਖਿਆ ਵਿੱਚ ਲੋਕ ਇਕੱਠੇ ਹੋਏ ਸਨ। ਟੈਸਲਾ ਅਤੇ ਸਪੇਸ ਐਕਸ ਦੋਵੇਂ ਹੀ ਅਰਬਪਤੀ ਕਾਰੋਬਾਰੀ ਏਲੋਨ ਮਸਕ ਦੀਆਂ ਕੰਪਨੀਆਂ ਹਨ।

ਏਲੋਨ ਮਸਕ 'ਫਾਲਕਨ ਹੈਵੀ' ਵਰਗੇ ਭਾਰੇ ਰਾਕਟਾਂ ਦੀ ਵਰਤੋਂ ਮੰਗਲ ਗ੍ਰਹਿ ਲਈ ਭਵਿੱਖ ਦੀਆਂ ਯੋਜਨਾਵਾਂ 'ਚ ਕਰਨਾ ਚਾਹੁੰਦੇ ਹਨ।

'ਫਾਲਕਨ ਹੈਵੀ'

'ਫਾਲਕਨ ਹੈਵੀ' ਪੁਲਾੜ ਵਿੱਚ ਦੇ ਸਫ਼ਰ ਲਈ 11 ਕਿਲੋਮੀਟਰ ਪ੍ਰਤੀ ਸੈਕੰਡ ਰਫ਼ਤਾਰ ਨਾਲ ਨਿਕਲਿਆ ਹੈ।

ਇਹ ਰਾਕਟ 70 ਮੀਟਰ ਲੰਬਾ ਅਤੇ ਪੁਲਾੜ ਕਲਾਸ 'ਚ 64 ਟਨ ਭਾਰ ਯਾਨਿ ਕਿ ਲੰਡਨ ਵਿੱਚ ਚੱਲਣ ਵਾਲੀਆਂ 5 ਡਬਲ ਡੇਕਰ ਬੱਸਾਂ ਦੇ ਬਰਾਬਰ ਭਾਰ ਲੈ ਕੇ ਜਾ ਸਕਦਾ ਹੈ।

ਮੌਜੂਦਾ ਰਾਕਟਾਂ ਵਿੱਚ ਜਿੰਨ੍ਹਾਂ ਸਾਮਾਨ ਲੈ ਕੇ ਜਾਣ ਦੀ ਸਮਰਥਾ ਹੈ, ਫਾਲਕਨ ਹੈਵੀ ਉਸ ਤੋਂ ਦੁਗਣਾ ਭਾਰ ਲੈ ਕੇ ਜਾ ਸਕਦਾ ਹੈ।

60 ਅਤੇ 70 ਦੇ ਦਹਾਕਿਆਂ 'ਚ ਅਪੋਲੋ ਮੁਹਿੰਮਾਂ ਦੌਰਾਨ ਸੈਟਰਨ-V ਏਅਰਕ੍ਰਾਫਟ ਵਰਤੋਂ ਵਿੱਚ ਲਿਆਂਦਾ ਗਿਆ ਸੀ।

ਸਪੇਸ ਐਕਸ ਦੇ ਸੀਈਓ ਮੁਤਾਬਕ ਇਸ ਰਾਕਟ ਦੀ ਪਹਿਲੀ ਉਡਾਣ ਦੀ ਸਫਲ ਹੋਣ ਦੀ ਸੰਭਾਵਨਾ 50 ਫੀਸਦ ਸੀ, ਪਰ ਇਹ ਸਫਲ ਢੰਗ ਨਾਲ ਲਾਂਚ ਹੋਇਆ ਹੈ।

ਹਾਲਾਂਕਿ ਇਸ ਦੀ ਉਡਾਣ ਦੇ ਖ਼ਤਰਿਆਂ ਨੂੰ ਦੇਖਦੇ ਹੋਏ ਇਸ ਰਾਕਟ ਨਾਲ ਏਲੋਨ ਮਸਕ ਦੀ ਪੁਰਾਣੀ ਲਾਲ ਰੰਗ ਦੀ ਟੈਸਲਾ ਕਾਰ ਨੂੰ ਰੱਖਿਆ ਗਿਆ ਹੈ।

ਇਸ ਕਾਰ ਦੀ ਡਰਾਈਵਰ ਸੀਟ 'ਤੇ ਪੁਲਾੜ ਸੂਟ ਪਹਿਨੇ ਹੋਏ ਵਿਆਕਤੀ ਦਾ ਬੁੱਤ ਰੱਖਿਆ ਸੀ।

ਜੇਕਰ ਇਹ ਰਾਕਟ ਆਪਣੀ ਉਡਾਣ ਦੇ ਸਾਰੇ ਗੇੜਾਂ 'ਚ ਕਾਮਯਾਬ ਰਿਹਾ ਤਾਂ ਟੈਸਲਾ ਕਾਰ ਅਤੇ ਉਸ ਦੇ ਮੁਸਾਫ਼ਰ ਨੂੰ ਸੂਰਜ ਦੇ ਨੇੜਲੀ ਅੰਡਾਕਾਰ ਕਲਾਸ ਵਿੱਚ ਪਹੁੰਚਾ ਦੇਵੇਗਾ।

ਇਹ ਥਾਂ ਮੰਗਲ ਗ੍ਰਹਿ ਦੇ ਕਾਫੀ ਨੇੜੇ ਹੋਵੇਗੀ। ਇਸ ਉਡਾਣ ਕਿੰਨੀ ਸਫ਼ਲ ਰਹੀ ਇਸ ਦਾ ਪਤਾ ਉਡਾਣ ਤੋਂ ਬਾਅਦ ਘੱਟੋ ਘੱਟ ਸਾਢੇ 6 ਘੰਟਿਆਂ ਬਾਅਦ ਪਤਾ ਲੱਗ ਜਾਵੇਗਾ ।

ਏਲੋਨ ਮਸਕ ਨੇ ਪੱਤਰਕਾਰਾਂ ਨੂੰ ਦੱਸਿਆ, "ਕਾਰ ਪੁਲਾੜ ਕਲਾਸ ਵਿੱਚ ਧਰਤੀ ਤੋਂ 400 ਮਿਲੀਅਨ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਹੁੰਚੇਗੀ ਅਤੇ ਇਸ ਦਾ ਰਫ਼ਤਾਰ 11 ਕਿਲੋਮੀਟਰ ਪ੍ਰਤੀ ਸੈਕੰਡ ਹੋਵੇਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)