ਉਹ ਡਾਇਨਾਸੌਰ ਜੋ ਪੈਦਾ ਹੁੰਦਾ-ਹੁੰਦਾ ਰਹਿ ਗਿਆ...

ਡਾਇਨਾਸੌਰਾਂ ਦੇ ਬਾਰੇ ਵਿੱਚ ਜਾਨਣ ਲਈ ਹਰ ਕਿਸੇ ਦੀ ਉਤਸੁਕਤਾ ਬਣੀ ਰਹਿੰਦੀ ਹੈ। ਇੱਕ ਸਮੇਂ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਜੀਵਾਂ ਵਿੱਚੋਂ ਇੱਕ ਡਾਇਨਾਸੌਰ ਦੇ ਬਾਰੇ ਵਿੱਚ ਸੰਭਵ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਜ਼ਿਆਦਾ ਜਾਣਕਾਰੀ ਮਿਲ ਸਕੇ।

ਸਾਇੰਸਦਾਨਾਂ ਨੂੰ ਡਾਇਨਾਸੌਰ ਦਾ ਇੱਕ ਅਜਿਹਾ ਆਂਡਾ ਮਿਲਿਆ ਹੈ ਜਿਸ ਵਿੱਚ ਭਰੂਣ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕਿਆ ਸੀ। ਇਹ ਆਂਡਾ ਤੋੜ ਕੇ ਬਾਹਰ ਨਿਕਲਣ ਦੀ ਪ੍ਰਕਿਰਿਆ ਸੀ। ਇਹ ਠੀਕ ਉਵੇਂ ਹੀ ਹੈ ਜਿਵੇਂ ਮੁਰਗੀ ਦੇ ਆਂਡੇ ਨੂੰ ਤੋੜ ਕੇ ਚੂਚੇ ਬਾਹਰ ਆਉਂਦੇ ਹਨ।

ਇਹ ਆਂਡਾ ਦੱਖਣੀ ਚੀਨ ਦੇ ਗਾਂਝੇਊ ਵਿੱਚ ਮਿਲਿਆ ਸੀ ਅਤੇ ਖੋਜਕਾਰਾਂ ਦਾ ਕਿਆਸ ਹੈ ਕਿ ਇਹ ਭਰੂਣ ਘੱਟੋ-ਘੱਟ 66 ਮਿਲੀਅਨ ਸਾਲ ਪੁਰਾਣਾ ਹੋ ਸਕਦਾ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਇੱਕ ਬਿਨਾਂ ਦੰਦਾਂ ਵਾਲੇ ਥੋਰੋਪੋਡ ਡਾਇਨਾਸੌਰ ਦਾ ਭਰੂਣ ਹੋ ਸਕਦਾ ਹੈ।

ਇਸ ਭਰੂਣ ਨੂੰ ਬੇਬੀ ਯੇਂਗਲਿਆਂਗ ਦਾ ਨਾਮ ਦਿੱਤਾ ਗਿਆ ਹੈ।

ਰਿਸਰਚਰ ਡਾ. ਫਿਓਨ ਵਾਯਸਮ ਦਾ ਕਹਿਣਾ ਹੈ ਕਿ ਹੁਣ ਤੱਕ ਖੋਜਕਾਰਾਂ ਨੂੰ ਜਿੰਨੇ ਵੀ ਡਾਇਨਾਸੌਰ ਦੇ ਭਰੂਣ ਮਿਲੇ ਹਨ, ਇਹ ਉਨ੍ਹਾਂ ਸਾਰਿਆਂ ਵਿੱਚੋਂ ਬਿਹਤਰ ਹੈ।

ਇਸ ਖੋਜ ਦੀ ਅਹਿਮੀਅਤ ਇਹ ਹੈ ਕਿ ਇਸ ਨਾਲ ਸਾਇੰਸਦਾਨਾਂ ਨੂੰ ਡਾਇਨਾਸੌਰਾਂ ਅਤੇ ਪੰਛੀਆਂ ਦੇ ਵਿਚਕਾਰਲੀ ਕੜੀ ਨੂੰ ਸਮਝਣ ਵਿੱਚ ਮਦਦ ਮਿਲੇਗੀ।

ਆਂਡੇ ਵਿੱਚ ਭਰੂਣ ਦਾ ਜੋ ਪਥਰਾਟ ਮਿਲਿਆ ਹੈ ਉਹ ਇੱਕ ਘੁਮਾਅਦਾਰ ਮੁਦਰਾ ਵਿੱਚ ਹੈ, ਜਿਸ ਨੂੰ ਟਕਿੰਗ ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਇੱਕ ਅਜਿਹੀ ਮੁਦਰਾ ਹੈ ਜੋ ਪੰਛੀਆਂ ਵਿੱਚ ਵੀ ਪਾਈ ਜਾਂਦੀ ਹੈ। ਜਦੋਂ ਪੰਛੀਆਂ ਦੇ ਬੋਟ ਆਂਡੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦੌਰਾਨ ਹੁੰਦੇ ਹਨ।

ਖੋਜਕਾਰ ਡਾ. ਮਾਨ ਨੇ ਖ਼ਬਰ ਏਜੰਸੀ ਏਐਫ਼ਪੀ ਨੂੰ ਦੱਸਿਆ, "ਇਸ ਤੋਂ ਇਹ ਪਤਾ ਚਲਦਾ ਹੈ ਕਿ ਆਧੁਨਿਕ ਪੰਛੀਆਂ ਦਾ ਜੋ ਵਿਹਾਰ ਹੈ, ਉਹ ਪਹਿਲਾਂ ਉਨ੍ਹਾਂ ਦੇ ਪੂਰਵਜ ਡਾਇਨਾਸੌਰਾਂ ਵਿੱਚ ਵਿਕਸਿਤ ਹੋਇਆ।"

ਸਾਇੰਸਦਾਨ ਜਿਸ ਡਾਇਨਾਸੌਰ ਦਾ ਭਰੂਣ ਹੋਣ ਦਾ ਅਨੁਮਾਨ ਲਗਾ ਰਹੇ ਹਨ ਉਹ ਅਜੋਕੇ ਏਸ਼ੀਆ ਅਤੇ ਉੱਤਰੀ ਅਮਰੀਕਾ ਵਿੱਚ ਰਹਿੰਦੇ ਸਨ। ਇਹ ਕ੍ਰੇਟੇਸ਼ੀਅਸ ਪੀਰੀਅਡ ਦਾ ਆਖ਼ਰੀ ਦੌਰ ਸੀ, ਇਹ ਉਹ ਸਮਾਂ ਸੀ ਜਦੋਂ ਡਾਇਨਾਸੋਰ ਪਾਏ ਜਾਂਦੇ ਸਨ।

ਪਥਰਾਟ ਵਿਗਿਆਨੀ ਪ੍ਰੋਫ਼ੈਸਰ ਸਟੀਵ ਬਰੁਸੇਨ ਵੀ ਚੀਨ ਵਿੱਚ ਮਿਲੇ ਇਸ ਪਥਰਾਟ ਉੱਪਰ ਖੋਜ ਕਰ ਰਹੇ ਸਮੂਹ ਦੇ ਮੈਂਬਰ ਹਨ।

ਉਨ੍ਹਾਂ ਨੇ ਇਸ ਬਾਰੇ ਇੱਕ ਟਵੀਟ ਕੀਤਾ ਹੈ। ਉਹ ਲਿਖਦੇ ਹਨ- ਇਹ ਹੁਣ ਤੱਕ ਮਿਲੇ ਅਤੇ ਹੈਰਾਨ ਕਰ ਦੇਣ ਵਾਲੇ ਡਾਇਨਾਸੌਰ ਪਥਰਾਟਾਂ ਵਿੱਚੋਂ ਇੱਕ ਹੈ।

ਉਨ੍ਹਾਂ ਦੇ ਮੁਤਾਬਕ, ਇਹ ਕੁਝ ਅਜਿਹਾ ਸੀ ਜਿਸ ਤਰ੍ਹਾਂ ਦਾ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ। ਇਹ ਭਰੂਣ ਬਸ ਆਂਡੇ ਤੋਂ ਬਾਹਰ ਹੀ ਨਿਕਲਣ ਵਾਲਾ ਸੀ।

ਭਰੂਣ ਸਿਰ ਤੋਂ ਪੂਛ ਤੱਕ 10.6 ਇੰਚ ਲੰਬਾ ਹੈ। ਇਹ ਆਂਡਾ ਪਹਿਲੀ ਵਾਰ ਸਾਲ 2000 ਵਿੱਚ ਦੇਖਿਆ ਗਿਆ ਸੀ ਪਰ ਇਸ ਨੂੰ 10 ਸਾਲਾਂ ਤੱਕ ਸਟੋਰੇਜ ਵਿੱਚ ਹੀ ਰੱਖਿਆ ਗਿਆ।

ਜਦੋਂ ਅਜਾਇਬਘਰ ਵਿੱਚ ਉਸਾਰੀ ਕਾਰਜ ਸ਼ੁਰੂ ਹੋਇਆ ਅਤੇ ਪੁਰਾਣੇ ਪਥਰਾਟਾਂ ਦੀ ਛਾਂਟੀ ਕੀਤੀ ਜਾ ਰਹੀ ਸੀ ਤਾਂ ਰਿਸਰਚਰਾਂ ਦਾ ਧਿਆਨ ਆਂਡੇ ਉੱਪਰ ਗਿਆ। ਉਨ੍ਹਾਂ ਨੂੰ ਸ਼ੱਕ ਸੀ ਕਿ ਉਸ ਆਂਡੇ ਦੇ ਅੰਦਰ ਭਰੂਣ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)