ਸਾਧਾਰਨ ਜੀਵਨ ਜੀਣ ਤੋਂ ਰਤਨ ਟਾਟਾ ਹੋਣ ਤੱਕ ਦਾ ਸਫ਼ਰ, ਮਸ਼ਹੂਰ ਕਾਰੋਬਾਰੀ ਦੇ ਅਣਸੁਣੇ ਕਿੱਸੇ

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਹਿੰਦੀ

ਭਾਰਤ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ 9 ਅਕਤੂਬਰ 2024 ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ।

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਕਈ ਦਿੱਗਜਾਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ।

ਰੇਹਾਨ ਫਜ਼ਲ ਦੀ ਉਦਯੋਗਪਤੀ ਰਤਨ ਟਾਟਾ ਬਾਰੇ ਤਿਆਰ ਕੀਤੀ ਇਸ ਖ਼ਾਸ ਰਿਪੋਰਟ ਵਿੱਚ ਪੜ੍ਹੋ ਉਨ੍ਹਾਂ ਦੇ ਮਸ਼ਹੂਰ ਕਾਰੋਬਾਰੀ ਬਣਨ ਦੇ ਕਿੱਸੇ।

1992 ’ਚ ਇੰਡੀਅਨ ਏਅਰਲਾਈਨਜ਼ ਦੇ ਕਰਮਚਾਰੀਆਂ ਵਿਚਾਲੇ ਇੱਕ ਵਿਲੱਖਣ ਸਰਵੇਖਣ ਕਰਵਾਇਆ ਗਿਆ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਦਿੱਲੀ ਤੋਂ ਮੁੰਬਈ ਦੀ ਉਡਾਣ ਦੌਰਾਨ ਅਜਿਹਾ ਕਿਹੜਾ ਯਾਤਰੀ ਹੈ, ਜਿਸ ਨੇ ਕਿ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ?

ਸਭ ਤੋਂ ਵੱਧ ਵੋਟਾਂ ਰਤਨ ਟਾਟਾ ਦੇ ਹਿੱਸੇ ਆਈਆਂ। ਜਦੋਂ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਇਕੱਲੇ ਅਜਿਹੇ ਵੀ.ਆਈ.ਪੀ. ਸਨ ਜੋ ਕਿ ਬਿਨਾਂ ਕਿਸੇ ਤਾਮ-ਝਾਮ ਦੇ ਇਕੱਲੇ ਹੀ ਚੱਲਦੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੈਗ ਅਤੇ ਫਾਈਲਾਂ ਚੁੱਕਣ ਲਈ ਕੋਈ ਵੀ ਸਹਾਇਕ ਨਹੀਂ ਹੁੰਦਾ ਸੀ।

ਜਹਾਜ਼ ਦੇ ਉਡਾਣ ਭਰਦੇ ਹੀ ਉਹ ਚੁੱਪਚਾਪ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਸਨ। ਉਨ੍ਹਾਂ ਦੀ ਇੱਕ ਆਦਤ ਸੀ ਕਿ ਉਹ ਬਹੁਤ ਘੱਟ ਚੀਨੀ ਵਾਲੀ ਬਲੈਕ ਕੌਫੀ ਮੰਗਦੇ ਸਨ।

ਉਨ੍ਹਾਂ ਨੇ ਕਦੇ ਵੀ ਆਪਣੀ ਪਸੰਦ ਦੀ ਕੌਫੀ ਨਾ ਮਿਲਣ ’ਤੇ ਫਲਾਈਟ ਅਟੈਂਡੈਂਟ ਨੂੰ ਝਿੜਕਿਆ ਨਹੀਂ ਸੀ। ਰਤਨ ਟਾਟਾ ਦੀ ਸਾਦਗੀ ਦੇ ਕਈ ਕਿੱਸੇ ਮਸ਼ਹੂਰ ਹਨ।

ਗਿਰੀਸ਼ ਕੁਬੇਰ ਟਾਟਾ ਸਮੂਹ ’ਤੇ ਮਸ਼ਹੂਰ ਕਿਤਾਬ ‘ਦ ਟਾਟਾਜ਼ ਹਾਓ ਅ ਫੈਮਿਲੀ ਬਿਲਟ ਅ ਬਿਜ਼ਨਸ ਐਂਡ ਅ ਨੇਸ਼ਨ’ ’ਚ ਲਿਖਦੇ ਹਨ, “ ਜਦੋਂ ਉਹ ਟਾਟਾ ਸੰਨਜ਼ ਦੇ ਮੁਖੀ ਬਣੇ ਤਾਂ ਉਹ ਜੇਆਰਡੀ ਦੇ ਕਮਰੇ ’ਚ ਨਹੀਂ ਬੈਠੇ। ਉਨ੍ਹਾਂ ਨੇ ਆਪਣੇ ਬੈਠਣ ਲਈ ਇੱਕ ਸਾਧਾਰਨ ਜਿਹਾ ਕਮਰਾ ਤਿਆਰ ਕਰਵਾਇਆ। ਜਦੋਂ ਕਦੇ ਉਹ ਕਿਸੇ ਜੂਨੀਅਰ ਅਫ਼ਸਰ ਨਾਲ ਗੱਲਬਾਤ ਕਰ ਰਹੇ ਹੁੰਦੇ ਸੀ ਅਤੇ ਉਸੇ ਸਮੇਂ ਕੋਈ ਸੀਨੀਅਰ ਅਧਿਕਾਰੀ ਆ ਜਾਂਦਾ ਤਾਂ ਉਹ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਹਿੰਦੇ ਸਨ।”

“ਉਨ੍ਹਾਂ ਕੋਲ ‘ਟੀਟੋ’ ਅਤੇ ‘ਟੈਂਗੋ’ ਨਾਮ ਦੇ ਦੋ ਜਰਮਨ ਸ਼ੈਫਰਡ ਕੁੱਤੇ ਸਨ, ਜੋ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰੇ ਸਨ। ਉਨ੍ਹਾਂ ਨੂੰ ਕੁੱਤਿਆਂ ਨਾਲ ਪਿਆਰ ਇਸ ਹੱਦ ਤੱਕ ਸੀ ਕਿ ਜਦੋਂ ਵੀ ਉਹ ਆਪਣੇ ਦਫ਼ਤਰ ਬੰਬੇ ਹਾਊਸ ਪਹੁੰਚਦੇ ਸਨ ਤਾਂ ਸੜਕ ਦੇ ਆਵਾਰਾ ਕੁੱਤੇ ਉਨ੍ਹਾਂ ਨੂੰ ਘੇਰ ਲੈਂਦੇ ਅਤੇ ਉਨ੍ਹਾਂ ਦੇ ਨਾਲ ਲਿਫਟ ਤੱਕ ਜਾਂਦੇ ਸਨ। ਇਨ੍ਹਾਂ ਕੁੱਤਿਆਂ ਨੂੰ ਅਕਸਰ ਹੀ ਬੰਬੇ ਹਾਊਸ ਦੀ ਲਾਬੀ ’ਚ ਘੁੰਮਦਿਆਂ ਵੇਖਿਆ ਜਾਂਦਾ ਸੀ ਜਦਕਿ ਇਨਸਾਨਾਂ ਨੂੰ ਉੱਥੇ ਤਾਂ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ, ਜੇਕਰ ਉਹ ਸਟਾਫ ਦੇ ਮੈਂਬਰ ਹੋਣ ਜਾਂ ਉਨ੍ਹਾਂ ਦੇ ਕੋਲ ਮਿਲਣ ਦੀ ਪਹਿਲਾਂ ਤੋਂ ਹੀ ਇਜਾਜ਼ਤ ਹੁੰਦੀ ਸੀ।”

ਕੁੱਤੇ ਦੀ ਬਿਮਾਰੀ

ਜਦੋਂ ਰਤਨ ਟਾਟਾ ਦੇ ਸਾਬਕਾ ਸਹਾਇਕ ਆਰ ਵੈਂਕਟਰਮਨਨ ਤੋਂ ਉਨ੍ਹਾਂ ਦੀ ਆਪਣੇ ਬੌਸ ਨਾਲ ਨਜ਼ਦੀਕੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, “ਮਿਸਟਰ ਟਾਟਾ ਨੂੰ ਬਹੁਤ ਹੀ ਘੱਟ ਲੋਕ ਨੇੜਿਓਂ ਜਾਣਦੇ ਹਨ। ਹਾਂ, ਦੋ ਲੋਕ ਜ਼ਰੂਰ ਹਨ ਜੋ ਕਿ ਉਨ੍ਹਾਂ ਨੂੰ ਕਰੀਬ ਤੋਂ ਜਾਣਦੇ ਹਨ। ‘ਟੀਟੋ’ ਅਤੇ ‘ਟੈਂਗੋ’, ਉਨ੍ਹਾਂ ਦੇ ਜਰਮਨ ਸ਼ੈਫਰਡ ਕੁੱਤੇ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਤੀਜਾ ਉਨ੍ਹਾਂ ਦੇ ਆਸ-ਪਾਸ ਵੀ ਨਹੀਂ ਫਟਕ ਸਕਦਾ ਸੀ।”

ਮਸ਼ਹੂਰ ਕਾਰੋਬਾਰੀ ਅਤੇ ਲੇਖਕ ਸੁਹੇਲ ਸੇਠ ਵੀ ਇੱਕ ਕਿੱਸਾ ਸੁਣਾਦੇ ਹਨ ਕਿ “6 ਫਰਵਰੀ, 2018 ਨੂੰ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਬਕਿੰਘਮ ਪੈਲੇਸ ਵਿੱਚ ਰਤਨ ਟਾਟਾ ਨੂੰ ਪਰੋਪਕਾਰ ਦੇ ਲਈ ‘ਰੌਕਫੇਲਰ ਫਾਊਂਡੇਸ਼ਨ ਲਾਈਫਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨਿਤ ਕਰਨਾ ਸੀ।”

“ਪਰ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਰਤਨ ਟਾਟਾ ਨੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਕਿ ਉਹ ਉੱਥੇ ਨਹੀਂ ਆ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਕੁੱਤਾ ਟੀਟੋ ਅਚਾਨਕ ਬਿਮਾਰ ਹੋ ਗਿਆ ਹੈ। ਜਦੋਂ ਚਾਰਲਸ ਨੂੰ ਇਹ ਕਹਾਣੀ ਦੱਸੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਅਸਲੀ ਮਰਦ ਦੀ ਪਛਾਣ ਹੈ।”

ਦਿਖਾਵੇ ਤੋਂ ਦੂਰੀ ਬਣਾਉਣ ਵਾਲੀ ਸ਼ਖ਼ਸੀਅਤ

ਜੇਆਰਡੀ ਦੀ ਤਰ੍ਹਾਂ ਹੀ ਰਤਨ ਟਾਟਾ ਨੂੰ ਵੀ ਉਨ੍ਹਾਂ ਦੇ ਸਮੇਂ ਦੀ ਪਾਬੰਦੀ ਕਰ ਕੇ ਜਾਣਿਆ ਜਾਂਦਾ ਸੀ। ਉਹ ਠੀਕ 6:30 ਵਜੇ ਆਪਣੇ ਦਫ਼ਤਰ ਤੋਂ ਨਿਕਲ ਜਾਂਦੇ ਸਨ।

ਜੇਕਰ ਕੋਈ ਦਫ਼ਤਰ ਨਾਲ ਸਬੰਧਤ ਕੰਮ ਦੇ ਲਈ ਉਨ੍ਹਾਂ ਨੂੰ ਘਰ ’ਚ ਸੰਪਰਕ ਕਰਦਾ ਤਾਂ ਉਹ ਅਕਸਰ ਹੀ ਗੁੱਸੇ ਹੋ ਜਾਂਦੇ ਸਨ। ਉਹ ਘਰ ਦੇ ਇਕਾਂਤ ’ਚ ਫਾਈਲਾਂ ਅਤੇ ਦੂਜੇ ਕਾਗਜ਼ ਪੜ੍ਹਦੇ ਸਨ। ਜੇਕਰ ਉਹ ਮੁੰਬਈ ’ਚ ਹੁੰਦੇ ਸੀ ਤਾਂ ਉਹ ਆਪਣਾ ਵੀਕਐਂਡ ਅਲੀਬਾਗ ਦੇ ਆਪਣੇ ਫਾਰਮ ਹਾਊਸ ’ਚ ਬਿਤਾਉਂਦੇ ਸਨ।

ਉਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਨਹੀਂ ਹੁੰਦਾ ਸੀ, ਸਿਵਾਏ ਉਨ੍ਹਾਂ ਦੇ ਕੁੱਤਿਆਂ ਦੇ। ਉਨ੍ਹਾਂ ਨੂੰ ਨਾ ਹੀ ਘੁੰਮਣ-ਫਿਰਨ ਦਾ ਸ਼ੌਕ ਸੀ ਅਤੇ ਨਾ ਹੀ ਭਾਸ਼ਣ ਦੇਣ ਦਾ।

ਉਨ੍ਹਾਂ ਨੂੰ ਲੋਕ ਦਿਖਾਵੇ ਤੋਂ ਬਹੁਤ ਚਿੜ ਸੀ।

ਬਚਪਨ ’ਚ ਜਦੋਂ ਪਰਿਵਾਰ ਦੀ ਰੋਲਸ-ਰੋਇਸ ਕਾਰ ਉਨ੍ਹਾਂ ਨੂੰ ਸਕੂਲ ਛੱਡਦੀ ਸੀ ਤਾਂ ਉਸ ਸਮੇਂ ਵੀ ਉਹ ਬਹੁਤ ਅਸਹਿਜ ਮਹਿਸੂਸ ਕਰਦੇ ਸਨ। ਰਤਨ ਟਾਟਾ ਨੂੰ ਨੇੜਿਓਂ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜ਼ਿੱਦੀ ਸੁਭਾਅ ਰਤਨ ਦੀ ਖ਼ਾਨਦਾਨੀ ਵਿਸ਼ੇਸ਼ਤਾ ਸੀ, ਜੋ ਕਿ ਉਨ੍ਹਾਂ ਨੂੰ ਜੇਆਰਡੀ ਅਤੇ ਆਪਣੇ ਪਿਤਾ ਨੇਵਲ ਟਾਟਾ ਤੋਂ ਮਿਲੀ ਸੀ।

ਸੁਹੇਲ ਸੇਠ ਕਹਿੰਦੇ ਹਨ, “ਜੇਕਰ ਤੁਸੀਂ ਉਨ੍ਹਾਂ ਦੇ ਸਿਰ ’ਤੇ ਬੰਦੂਕ ਵੀ ਰੱਖ ਦਿਓ, ਫਿਰ ਵੀ ਉਹ ਕਹਿਣਗੇ ਕਿ ਮੈਨੂੰ ਗੋਲੀ ਮਾਰ ਦਿਓ ਪਰ ਮੈਂ ਰਸਤੇ ਤੋਂ ਨਹੀਂ ਹਟਾਂਗਾ।”

ਬਾਂਬੇ ਡਾਇੰਗ ਦੇ ਮੁਖੀ ਨੁਸਲੀ ਵਾਡੀਆ ਆਪਣੇ ਪੁਰਾਣੇ ਦੋਸਤ ਬਾਰੇ ਕਹਿੰਦੇ ਹਨ, “ਰਤਨ ਟਾਟਾ ਇੱਕ ਬਹੁਤ ਹੀ ਗੁੰਝਲਦਾਰ ਕਿਰਦਾਰ ਹੈ। ਮੈਨੂੰ ਨਹੀਂ ਲੱਗਦਾ ਕਿ ਕਦੇ ਕਿਸੇ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਜਾਣਿਆ ਹੋਵੇਗਾ। ਉਹ ਬਹੁਤ ਹੀ ਡੂੰਘਾਈ ਵਾਲੀ ਸ਼ਖ਼ਸੀਅਤ ਸਨ। ਕਰੀਬੀ ਹੋਣ ਦੇ ਬਾਵਜੂਦ ਮੇਰੇ ਅਤੇ ਰਤਨ ਦਰਮਿਆਨ ਕਦੇ ਵੀ ਨਿੱਜੀ ਸਬੰਧ ਕਾਇਮ ਨਹੀਂ ਹੋਏ। ਉਹ ਬਿਲਕੁੱਲ ਇੱਕਲੇ ਰਹਿਣ ਵਾਲੇ ਵਿਅਕਤੀ ਹਨ।”

ਕੂਮੀ ਕਪੂਰ ਆਪਣੀ ਕਿਤਾਬ ‘ਐਨ ਇੰਟੀਮੇਟ ਹਿਸਟਰੀ ਆਫ਼ ਪਾਰਸਿਸ’ ’ਚ ਲਿਖਦੇ ਹਨ, “ਰਤਨ ਨੇ ਖੁਦ ਮੇਰੇ ਅੱਗੇ ਮੰਨਿਆ ਸੀ ਕਿ ਉਹ ਆਪਣੀ ਨਿੱਜਤਾ ਨੂੰ ਬਹੁਤ ਮਹੱਤਵ ਦਿੰਦੇ ਹਨ। ਉਹ ਕਹਿੰਦੇ ਸਨ ਕਿ ਸ਼ਾਇਦ ਮੈਂ ਜ਼ਿਆਦਾ ਮਿਲਣਸਾਰ ਨਹੀਂ ਹਾਂ, ਪਰ ਅਸਮਾਜਿਕ ਵੀ ਨਹੀਂ ਹਾਂ।”

ਰਤਨ ਦੀ ਦਾਦੀ ਨਵਾਜ਼ਬਾਈ ਟਾਟਾ ਨੇ ਕੀਤਾ ਪਾਲਣ-ਪੋਸ਼ਣ

ਟਾਟਾ ਦੀ ਜਵਾਨੀ ਦੇ ਉਨ੍ਹਾਂ ਦੇ ਇੱਕ ਮਿੱਤਰ ਯਾਦ ਕਰਦੇ ਹੋਏ ਦੱਸਦੇ ਹਨ ਕਿ ਟਾਟਾ ਗਰੁੱਪ ’ਚ ਆਪਣੇ ਸ਼ੁਰੂਆਤੀ ਦਿਨਾਂ ’ਚ ਰਤਨ ਨੂੰ ਆਪਣਾ ਉਪਨਾਮ (ਸਰਨੇਮ) ਬੋਝ ਲੱਗਦਾ ਸੀ।

ਅਮਰੀਕਾ ’ਚ ਪੜ੍ਹਾਈ ਦੌਰਾਨ ਉਹ ਬੇਫਿਕਰ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੇ ਸਹਿਪਾਠੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਕੁਝ ਵੀ ਪਤਾ ਨਹੀਂ ਸੀ।

ਰਤਨ ਟਾਟਾ ਨੇ ਕੂਮੀ ਕਪੂਰ ਨੂੰ ਦਿੱਤੇ ਇੱਕ ਇੰਟਰਵਿਊ ’ਚ ਮੰਨਿਆ ਸੀ ਕਿ “ਉਨ੍ਹਾਂ ਦਿਨਾਂ ’ਚ ਰਿਜ਼ਰਵ ਬੈਂਕ ਵਿਦੇਸ਼ਾਂ ’ਚ ਪੜ੍ਹਾਈ ਕਰਨ ਲਈ ਬਹੁਤ ਹੀ ਘੱਟ ਵਿਦੇਸ਼ੀ ਮੁਦਰਾ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਸੀ। ਮੇਰੇ ਪਿਤਾ ਜੀ ਕਾਨੂੰਨ ਤੋੜਨ ਦੇ ਹੱਕ ’ਚ ਨਹੀਂ ਸਨ, ਇਸ ਲਈ ਉਹ ਮੇਰੇ ਲਈ ਬਲੈਕ ’ਚ ਡਾਲਰ ਨਹੀਂ ਖਰੀਦਦੇ ਸਨ। ਇਸ ਲਈ ਅਕਸਰ ਅਜਿਹਾ ਹੁੰਦਾ ਸੀ ਕਿ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਹੀ ਮੇਰੇ ਸਾਰੇ ਪੈਸੇ ਖ਼ਤਮ ਹੋ ਜਾਂਦੇ ਸਨ। ਕਈ ਵਾਰ ਤਾਂ ਮੈਨੂੰ ਆਪਣੇ ਦੋਸਤਾਂ ਤੋਂ ਪੈਸੇ ਉਧਾਰ ਵੀ ਚੁੱਕਣੇ ਪੈਂਦੇ ਸਨ। ਕਈ ਵਾਰ ਤਾਂ ਕੁਝ ਵਾਧੂ ਪੈਸੇ ਕਮਾਉਣ ਲਈ ਮੈਂ ਭਾਂਡੇ ਤੱਕ ਸਾਫ ਕੀਤੇ ਹਨ।”

ਰਤਨ ਸਿਰਫ 10 ਸਾਲ ਦੇ ਸਨ, ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ।

ਜਦੋਂ ਰਤਨ 18 ਸਾਲਾਂ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਨੇ ਇੱਕ ਸਵਿਸ ਔਰਤ ਸਿਮੋਨ ਡੁਨੋਏਰ ਨਾਲ ਵਿਆਹ ਕਰਵਾ ਲਿਆ। ਦੂਜੇ ਪਾਸੇ ਉਨ੍ਹਾਂ ਦੀ ਮਾਂ ਨੇ ਵੀ ਤਲਾਕ ਤੋਂ ਬਾਅਦ ਸਰ ਜਮਸੇਤਜੀ ਜੀਜੀਭੋਏ ਨਾਲ ਵਿਆਹ ਕਰ ਲਿਆ ਸੀ।

ਇਸ ਲਈ ਰਤਨ ਨੂੰ ਉਨ੍ਹਾਂ ਦੀ ਦਾਦੀ ਲੇਡੀ ਨਵਾਜ਼ਬਾਈ ਟਾਟਾ ਨੇ ਪਾਲਿਆ-ਪੋਸਿਆ। ਰਤਨ 7 ਸਾਲ ਅਮਰੀਕਾ ’ਚ ਰਹੇ।

ਉੱਥੇ ਉਨ੍ਹਾਂ ਨੇ ਕਾਰਨੇਲ ਯੂਨੀਵਰਸਿਟੀ ਤੋਂ ਆਰਕੀਟੈਕਚਰ ਅਤੇ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਲਾਸ ਏਂਜਲਸ ’ਚ ਉਨ੍ਹਾਂ ਕੋਲ ਇੱਕ ਵਧੀਆ ਨੌਕਰੀ ਅਤੇ ਸ਼ਾਨਦਾਰ ਘਰ ਸੀ।

ਪਰ ਉਨ੍ਹਾਂ ਨੂੰ ਆਪਣੀ ਦਾਦੀ ਅਤੇ ਜੇਆਰਡੀ ਦੇ ਕਹਿਣ ’ਤੇ ਭਾਰਤ ਵਾਪਸ ਪਰਤਣਾ ਪਿਆ। ਰਤਨ ਦੇ ਨਾਲ ਉਨ੍ਹਾਂ ਦੀ ਅਮਰੀਕੀ ਗਰਲਫ੍ਰੈਂਡ ਵੀ ਭਾਰਤ ਆਈ, ਪਰ ਉਹ ਇੱਥੋਂ ਦੇ ਰਹਿਣ-ਸਹਿਣ ਨੂੰ ਅਪਣਾ ਨਾ ਸਕੀ ਅਤੇ ਅਮਰੀਕਾ ਵਾਪਸ ਚਲੀ ਗਈ। ਰਤਨ ਟਾਟਾ ਨੇ ਪੂਰੀ ਉਮਰ ਵਿਆਹ ਨਹੀਂ ਕਰਵਾਇਆ।

ਆਮ ਮਜ਼ਦੂਰ ਦੀ ਤਰ੍ਹਾਂ ਨੀਲਾ ਓਵਰਆਲ ਪਹਿਣ ਕੇ ਕੀਤੀ ਕਰੀਅਰ ਦੀ ਸ਼ੁਰੂਆਤ

1962 ’ਚ ਰਤਨ ਟਾਟਾ ਨੇ ਜਮਸ਼ੇਦਪੁਰ ’ਚ ਟਾਟਾ ਸਟੀਲ ’ਚ ਕੰਮ ਕਰਨਾ ਸ਼ੁਰੂ ਕੀਤਾ।

ਗਿਰੀਸ਼ ਕੁਬੇਰ ਲਿਖਦੇ ਹਨ, “ਰਤਨ ਜਮਸ਼ੇਦਪੁਰ ’ਚ 6 ਸਾਲ ਤੱਕ ਰਹੇ, ਜਿੱਥੇ ਸ਼ੁਰੂਆਤੀ ਦਿਨਾਂ ’ਚ ਉਨ੍ਹਾਂ ਨੇ ਇੱਕ ਸ਼ੌਪਫਲੋਅਰ ਮਜ਼ਦੂਰ ਦੀ ਤਰ੍ਹਾਂ ਨੀਲਾ ਓਵਰਆਲ ਪਾ ਕੇ ਅਪ੍ਰੈਂਟਿਸਸ਼ਿਪ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੋਜੈਕਟ ਮੈਨੇਜਰ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਰਤਨ ਮੈਨੇਜਿੰਗ ਡਾਇਰੈਕਟਰ ਐੱਸ ਕੇ ਨਾਨਾਵਤੀ ਦੇ ਵਿਸ਼ੇਸ਼ ਸਹਾਇਕ ਬਣ ਗਏ ਸਨ। ਉਨ੍ਹਾਂ ਦੀ ਮਿਹਨਤ ਦੀ ਚਰਚਾ ਬੰਬਈ ਤੱਕ ਪਹੁੰਚੀ ਅਤੇ ਜੇਆਰਡੀ ਟਾਟਾ ਨੇ ਉਨ੍ਹਾਂ ਨੂੰ ਬੰਬਈ ਬੁਲਾ ਲਿਆ।”

ਇਸ ਤੋਂ ਬਾਅਦ ਉਨ੍ਹਾਂ ਨੇ ਆਸਟ੍ਰੇਲੀਆ ’ਚ ਇੱਕ ਸਾਲ ਤੱਕ ਕੰਮ ਕੀਤਾ।

ਜੇਆਰਡੀ ਨੇ ਉਨ੍ਹਾਂ ਨੂੰ ਘਾਟੇ ’ਚ ਜਾ ਰਹੀਆਂ ਕੰਪਨੀਆਂ ਸੈਂਟਰਲ ਇੰਡੀਆ ਮਿੱਲ ਅਤੇ ਨੇਲਕੋ ਨੂੰ ਸੁਧਾਰਨ ਦਾ ਕੰਮ ਸੌਂਪਿਆ। ਰਤਨ ਦੀ ਅਗਵਾਈ ਹੇਠ ਅਗਲੇ ਤਿੰਨ ਸਾਲਾਂ ਦੇ ਅੰਦਰ ਹੀ ਨੇਲਕੋ ਉਚਾਈਆਂ ਛੂਹਣ ਲੱਗੀ ਅਤੇ ਮੁਨਾਫ਼ਾ ਕਮਾਉਣਾ ਸ਼ੁਰੂ ਕਰ ਦਿੱਤਾ।

1981 ’ਚ ਜੇਆਰਡੀ ਨੇ ਰਤਨ ਨੂੰ ਟਾਟਾ ਇੰਡਸਟਰੀਜ਼ ਦਾ ਮੁਖੀ ਬਣਾ ਦਿੱਤਾ।

ਹਾਲਾਂਕਿ ਇਸ ਕੰਪਨੀ ਦਾ ਟਰਨਓਵਰ ਸਿਰਫ 60 ਲੱਖ ਸੀ, ਪਰ ਇਸ ਜ਼ਿੰਮੇਵਾਰੀ ਦੀ ਅਹਿਮੀਅਤ ਇਸ ਲਈ ਜ਼ਿਆਦਾ ਸੀ ਕਿਉਂਕਿ ਇਸ ਤੋਂ ਪਹਿਲਾਂ ਟਾਟਾ ਖੁਦ ਸਿੱਧੇ ਤੌਰ ’ਤੇ ਇਸ ਕੰਪਨੀ ਦਾ ਕੰਮਕਾਜ ਵੇਖਦੇ ਸਨ।

ਸਾਦਗੀ ਭਰਪੂਰ ਜੀਵਨ ਸ਼ੈਲੀ

ਤਤਕਾਲੀ ਕਾਰੋਬਾਰੀ ਪੱਤਰਕਾਰ ਅਤੇ ਰਤਨ ਟਾਟਾ ਦੇ ਦੋਸਤ ਉਨ੍ਹਾਂ ਨੂੰ ਇੱਕ ਮਿਲਣਸਾਰ, ਬਿਨ੍ਹਾਂ ਨਾਜ਼-ਨੱਖਰੇ ਵਾਲੇ ਸਮਝਦਾਰ ਅਤੇ ਦਿਲਚਸਪ ਵਿਅਕਤੀ ਵਜੋਂ ਯਾਦ ਕਰਦੇ ਹਨ। ਕੋਈ ਵੀ ਉਨ੍ਹਾਂ ਨੂੰ ਮਿਲ ਸਕਦਾ ਸੀ ਅਤੇ ਉਹ ਆਪਣਾ ਫੋਨ ਵੀ ਆਪ ਹੀ ਚੁੱਕਦੇ ਸਨ।

ਕੂਮੀ ਕਪੂਰ ਲਿਖਦੇ ਹਨ, “ਜ਼ਿਆਦਾਤਰ ਭਾਰਤੀ ਅਰਬਪਤੀਆਂ ਦੇ ਮੁਕਾਬਲੇ ਰਾਤ ਟਾਟਾ ਦੀ ਜੀਵਨ ਸ਼ੈਲੀ ਬਹੁਤ ਹੀ ਨਿਯੰਤਰਿਤ ਅਤੇ ਸਾਦਗੀ ਭਰਪੂਰ ਸੀ। ਉਨ੍ਹਾਂ ਦੇ ਇੱਕ ਵਪਾਰਕ ਸਲਾਹਕਾਰ ਨੇ ਮੈਨੂੰ ਦੱਸਿਆ ਕਿ ਉਹ ਹੈਰਾਨ ਸਨ ਕਿ ਉਨ੍ਹਾਂ ਦੇ ਕੋਲ ਸਕੱਤਰਾਂ ਦੀ ਭੀੜ ਨਹੀਂ ਸੀ। ਇੱਕ ਵਾਰ ਮੈਂ ਉਨ੍ਹਾ ਦੇ ਘਰ ਦੀ ਘੰਟੀ ਵਜਾਈ ਤਾਂ ਇੱਕ ਛੋਟੇ ਜਿਹੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ।”

“ਉੱਥੇ ਕੋਈ ਵਰਦੀਧਾਰੀ ਨੌਕਰ ਜਾਂ ਕੋਈ ਹੋਰ ਦਿਖਾਵਾ ਨਹੀਂ ਸੀ। ਕੁੰਬਲਾ ਹਿਲਜ਼ ’ਤੇ ਮੁਕੇਸ਼ ਅੰਬਾਨੀ ਦੇ 27 ਮੰਜ਼ਿਲਾ ਐਂਟੀਲੀਆ ਦੀ ਚਮਕ-ਦਮਕ ਦੇ ਬਿਲਕੁੱਲ ਉਲਟ ਕੋਲਾਬਾ ’ਚ ਸਮੁੰਦਰ ਵੱਲ ਵੇਖਦਾ ਹੋਇਆ ਉਨ੍ਹਾਂ ਦਾ ਘਰ ਉਨ੍ਹਾਂ ਦੀ ਖਾਨਦਾਨੀ ਅਤੇ ਰੁਚੀ ਨੂੰ ਦਰਸਾਉਂਦਾ ਹੈ।”

ਜੇਆਰਡੀ ਨੇ ਚੁਣਿਆ ਆਪਣਾ ਉੱਤਰਾਧਿਕਾਰੀ

ਜਦੋਂ ਜੇਆਰਡੀ 75 ਸਾਲਾਂ ਦੇ ਹੋਏ ਤਾਂ ਇਸ ਗੱਲ ਨੂੰ ਲੈ ਕੇ ਬਹੁਤ ਹੀ ਕਿਆਸਰਾਈਆਂ ਸਨ ਕਿ ਹੁਣ ਉਨ੍ਹਾਂ ਤੋਂ ਬਾਅਦ ਕੌਣ ਉੱਤਰਾਧਿਕਾਰੀ ਹੋਵੇਗਾ।

ਟਾਟਾ ਦੇ ਜੀਵਨੀਕਾਰ ਕੇ ਐਲ ਲਾਲਾ ਲਿਖਦੇ ਹਨ, “ਜੇਆਰਡੀ ਨਾਨੀ ਪਾਲਖੀਵਾਲਾ, ਰੂਸੀ ਮੋਦੀ, ਸਾਹਰੁਖ਼ ਸਾਬਵਾਲਾ ਅਤੇ ਐਚ ਐਨ ਸੇਠਾਨਾ ’ਚੋਂ ਕਿਸੇ ਇੱਕ ਨੂੰ ਆਪਣਾ ਉੱਤਰਾਧਿਕਾਰੀ ਬਣਾਉਣ ਬਾਰੇ ਸੋਚ ਰਹੇ ਸਨ। ਖੁਦ ਰਤਨ ਟਾਟਾ ਦਾ ਮੰਨਣਾ ਸੀ ਕਿ ਇਸ ਅਹੁਦੇ ਲਈ ਦੋ ਮੁੱਖ ਦਾਅਵੇਦਾਰ ਪਾਲਖੀਵਾਲਾ ਅਤੇ ਰੂਸੀ ਮੋਦੀ ਹੋਣਗੇ।”

1991 ’ਚ ਜੇਆਰਡੀ ਨੇ 86 ਸਾਲ ਦੀ ਉਮਰ ’ਚ ਪ੍ਰਧਾਨਗੀ ਛੱਡ ਦਿੱਤੀ। ਇਸ ਮੌਕੇ ਉਨ੍ਹਾਂ ਨੇ ਰਤਨ ਵੱਲ ਰੁਖ਼ ਕੀਤਾ, ਜੋ ਕਿ ਇਕਲੌਤੇ ਸਮਰੱਥ ਟਾਟਾ ਬਚੇ ਸਨ।

ਜੇਆਰਡੀ ਦਾ ਮੰਨਣਾ ਸੀ ਕਿ ਰਤਨ ਦੇ ਪੱਖ ’ਚ ਸਭ ਤੋਂ ਅਹਿਮ ਗੱਲ ਸੀ ਉਨ੍ਹਾਂ ਦਾ ‘ਟਾਟਾ’ ਉਪਨਾਮ ਹੋਣਾ। ਟਾਟਾ ਦੇ ਦੋਸਤ ਨੁਸਲੀ ਵਾਡੀਆ ਅਤੇ ਸਹਾਇਕ ਸ਼ਾਹਰੁਖ਼ ਸਾਬਵਾਲਾ ਨੇ ਵੀ ਰਤਨ ਦੇ ਨਾਮ ਦੀ ਵਕਾਲਤ ਕੀਤੀ ਸੀ।

25 ਮਾਰਚ, 1991 ਨੂੰ ਜਦੋਂ ਰਤਨ ਟਾਟਾ ਗਰੁੱਪ ਦੇ ਮੁਖੀ ਬਣੇ ਤਾਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਪਹਿਲੀ ਚੁਣੌਤੀ ਸੀ ਕਿ ਗਰੁੱਪ ਦੇ ਤਿੰਨ ਮੁੱਖ ਧਿਰਾਂ ਦਰਬਾਰੀ ਸੇਠ, ਰੂਸੀ ਮੋਦੀ ਅਤੇ ਅਜੀਤ ਕੇਰਕਰ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ।

ਇਹ ਲੋਕ ਹੁਣ ਤੱਕ ਟਾਟਾ ਦੀਆਂ ਕੰਪਨੀਆਂ ’ਚ ਮੁੱਖ ਦਫ਼ਤਰ ਦੀ ਦਖਲਅੰਦਾਜ਼ੀ ਤੋਂ ਬਿਨ੍ਹਾਂ ਹੀ ਕੰਮ ਕਰਦੇ ਆਏ ਸਨ। ਰਤਨ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਟਾਟਾ ਦੀ ਹਰ ਕੰਪਨੀ ’ਚ ਇੱਕ ਮੁਗਲ ਸਮਰਾਟ ਮੌਜੂਦ ਹੈ।

ਟੈਟਲੀ, ਕੋਰਸ ਅਤੇ ਜੈਗੁਆਰ ਦੀ ਪ੍ਰਾਪਤੀ

ਸ਼ੁਰੂਆਤ ’ਚ ਲੋਕਾਂ ਨੇ ਰਤਨ ਟਾਟਾ ਦੀ ਕਾਰੋਬਾਰੀ ਸਮਝ ’ਤੇ ਕਈ ਸਵਾਲ ਵੀ ਖੜ੍ਹੇ ਕੀਤੇ। ਪਰ 2000 ’ਚ ਉਨ੍ਹਾਂ ਨੇ ਆਪਣੇ ਤੋਂ ਦੁੱਗਣੇ ਬ੍ਰਿਟਿਸ਼ ‘ਟੈਟਲੀ’ ਗਰੁੱਪ ਨੂੰ ਹਾਸਲ ਕਰਕੇ ਲੋਕਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ।

ਅੱਜ ਟਾਟਾ ਦੀ ਗਲੋਬਲ ਬੇਵੇਰੇਜਸ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਚਾਹ ਕੰਪਨੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਯੂਰਪ ਦੀ ਦੂਜੀ ਸਭ ਤੋਂ ਵੱਡੀ ਸਟੀਲ ਨਿਰਮਾਣ ਕੰਪਨੀ ‘ਕੋਰਸ’ ਨੂੰ ਖਰੀਦਿਆ।

ਆਲੋਚਕਾਂ ਨੇ ਇਸ ਸੌਦੇ ਦੀ ਸਮਝਦਾਰੀ ’ਤੇ ਸਵਾਲ ਚੁੱਕੇ, ਪਰ ਟਾਟਾ ਗਰੁੱਪ ਨੇ ਇਸ ਕੰਪਨੀ ਨੂੰ ਹਾਸਲ ਕਰਕੇ ਇੱਕ ਤਰ੍ਹਾਂ ਨਾਲ ਆਪਣੀ ਸਮਰੱਥਾ ਸਾਬਤ ਕੀਤੀ।

2009 ਦੇ ਦਿੱਲੀ ਆਟੋ ਐਕਸਪੋ ’ਚ ਉਨ੍ਹਾਂ ਨੇ ਪੀਪਲਜ਼ ਕਾਰ ‘ਨੈਨੋ’ ਨੂੰ ਜਨਤਕ ਕੀਤਾ, ਜੋ ਕਿ ਇੱਕ ਲੱਖ ਰੁਪਏ ਦੀ ਕੀਮਤ ਵਾਲੀ ਕਾਰ ਸੀ।

ਨੈਨੋ ਤੋਂ ਪਹਿਲਾਂ 1998 ’ਚ ਟਾਟਾ ਮੋਟਰਸ ਨੇ ‘ਇੰਡੀਕਾ’ ਕਾਰ ਬਾਜ਼ਾਰ ’ਚ ਉਤਾਰੀ ਸੀ, ਜੋ ਕਿ ਭਾਰਤ ’ਚ ਡਿਜ਼ਾਈਨ ਕੀਤੀ ਗਈ ਪਹਿਲੀ ਕਾਰ ਸੀ।

ਸ਼ੁਰੂ ’ਚ ਤਾਂ ਇਹ ਕਾਰ ਅਸਫਲ ਰਹੀ ਅਤੇ ਰਤਨ ਨੇ ਇਸ ਨੂੰ ਫੋਰਡ ਮੋਟਰ ਕੰਪਨੀ ਨੂੰ ਵੇਚਣ ਦਾ ਫੈਸਲਾ ਕੀਤਾ। ਜਦੋਂ ਰਤਨ ਡੈਟਰਾਇਟ ਗਏ ਤਾਂ ਬਿਲ ਫੋਰਡ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਇਸ ਕਿੱਤੇ ਦੀ ਲੋੜੀਂਦੀ ਜਾਣਕਾਰੀ ਤੋਂ ਬਿਨ੍ਹਾਂ ਇਸ ਖੇਤਰ ’ਚ ਕਿਉਂ ਆਏ?

ਉਨ੍ਹਾਂ ਨੇ ਟਾਟਾ ’ਤੇ ਤਾਅਨਾ ਮਾਰਿਆ ਕਿ ਜੇਕਰ ਉਹ ‘ਇੰਡੀਕਾ’ ਨੂੰ ਖਰੀਦਦੇ ਹਨ ਤਾਂ ਉਹ ਭਾਰਤੀ ਕੰਪਨੀ ’ਤੇ ਬਹੁਤ ਅਹਿਸਾਨ ਕਰਨਗੇ।

ਇਸ ਰਵੱਈਏ ਕਾਰਨ ਰਤਨ ਟਾਟਾ ਦੀ ਟੀਮ ਬਹੁਤ ਨਾਰਾਜ਼ ਹੋ ਗਈ ਅਤੇ ਗੱਲਬਾਤ ਮੁਕੰਮਲ ਕੀਤੇ ਬਿਨ੍ਹਾਂ ਹੀ ਉੱਥੋਂ ਚਲੀ ਗਈ।

ਇੱਕ ਦਹਾਕੇ ਬਾਅਦ ਸਥਿਤੀ ਬਦਲ ਗਈ ਅਤੇ 2008 ’ਚ ਫੋਰਡ ਕੰਪਨੀ ਡੂੰਗੇ ਵਿੱਤੀ ਸੰਕਟ ਦਾ ਸ਼ਿਕਾਰ ਹੋ ਗਈ ਅਤੇ ਉਸ ਨੇ ਬ੍ਰਿਟਿਸ਼ ਲਗਜ਼ਰੀ ਬ੍ਰਾਂਡਾ ਜੈਗੁਆਰ ਅਤੇ ਲੈਂਡਰੋਵਰ ਨੂੰ ਵੇਚਣ ਦਾ ਫੈਸਲਾ ਕੀਤਾ।

ਕੂਮੀ ਕਪੂਰ ਲਿਖਦੇ ਹਨ, “ਉਸ ਸਮੇਂ ਬਿਲ ਫੋਰਡ ਨੇ ਮੰਨਿਆ ਕਿ ਭਾਰਤੀ ਕੰਪਨੀ ਫੋਰਡ ਦੀ ਲਗਜ਼ਰੀ ਕਾਰ ਕੰਪਨੀ ਖਰੀਦ ਕੇ ਉਸ ’ਤੇ ਵੱਡਾ ਉਪਕਾਰ ਕਰੇਗੀ। ਰਤਨ ਟਾਟਾ ਨੇ 2.3 ਅਰਬ ਅਮਰੀਕੀ ਡਾਲਰ ’ਚ ਇਨ੍ਹਾਂ ਦੋਵੇਂ ਮਸ਼ਹੂਰ ਬ੍ਰਾਂਡਾਂ ਨੂੰ ਖਰੀਦ ਲਿਆ ਸੀ।”

ਜੈਗੁਆਰ ਖਰੀਦਣ ’ਤੇ ਟਾਟਾ ਦੀ ਹੋਈ ਆਲੋਚਨਾ

ਪਰ ਕੁਝ ਕਾਰੋਬਾਰੀ ਵਿਸ਼ਲੇਸ਼ਕਾਂ ਨੇ ਰਤਨ ਟਾਟਾ ਦੀਆਂ ਇਨ੍ਹਾਂ ਵੱਡੀਆਂ ਖਰੀਦਾਰੀਆਂ ’ਤੇ ਸਵਾਲ ਵੀ ਚੁੱਕੇ।

ਉਨ੍ਹਾਂ ਦੀ ਦਲੀਲ ਸੀ ਕਿ ਰਤਨ ਦੇ ਕਈ ਮਹਿੰਗੇ ਵਿਦੇਸ਼ੀ ਬ੍ਰਾਂਡ ਉਨ੍ਹਾਂ ਦੇ ਲਈ ਮਹਿੰਗੇ ਸਾਬਤ ਹੋਏ ਹਨ। ਟਾਟਾ ਸਟੀਲ ਯੂਰਪ ਇੱਕ ਚਿੱਟਾ ਹਾਥੀ ਸਾਬਤ ਹੋਇਆ ਅਤੇ ਉਸ ਨੇ ਗਰੁੱਪ ਨੂੰ ਇੱਕ ਵੱਡੇ ਕਰਜ਼ੇ ਹੇਠ ਦਬਾ ਦਿੱਤਾ।

ਟੀ.ਐਨ ਨੈਨਨ ਲਿਖਦੇ ਹਨ ਕਿ ਰਤਨ ਦੇ ਗਲੋਬਲ ਦਾਅ ਗਰੂਰ ਅਤੇ ਗਲਤ ਸਮੇਂ ਦਾ ਮਿਸ਼ਰਨ ਸਨ।

ਇੱਕ ਵਿੱਤੀ ਵਿਸ਼ਲੇਸ਼ਕ ਨੇ ਕਿਹਾ, “ਪਿਛਲੇ 2 ਦਹਾਕਿਆਂ ’ਚ ਭਾਰਤੀ ਵਪਾਰ ’ਚ ਸਭ ਤੋਂ ਵੱਡਾ ਮੌਕਾ ਦੂਰਸੰਚਾਰ ਦੇ ਖੇਤਰ ’ਚ ਸੀ, ਪਰ ਰਤਨ ਨੇ ਘੱਟ ਤੋਂ ਘੱਟ ਸ਼ੁਰੂ ’ਚ ਇਸ ਨੂੰ ਗੁਆ ਹੀ ਦਿੱਤਾ।”

ਮਸ਼ਹੂਰ ਪੱਤਰਕਾਰ ਸੁਚੇਤਾ ਦਲਾਲ ਨੇ ਕਿਹਾ, “ਰਤਨ ਕੋਲੋਂ ਇੱਕ ਤੋਂ ਬਾਅਦ ਇੱਕ ਗਲਤੀ ਹੋਈ। ਉਨ੍ਹਾਂ ਦਾ ਗਰੁੱਪ ਜੈਗੁਆਰ ਨੂੰ ਖਰੀਦ ਕੇ ਵਿੱਤੀ ਸੰਕਟ ਹੇਠ ਆ ਗਿਆ। ਪਰ ਟਾਟਾ ਕੰਸਲਟੈਂਸੀ ਸਰਵਿਸ ਮਤਲਬ ਟੀਸੀਐਸ ਨੇ ਹਮੇਸ਼ਾ ਟਾਟਾ ਗਰੁੱਪ ਨੂੰ ਮੋਹਰੀ ਰੱਖਿਆ। ਇਸ ਕੰਪਨੀ ਨੇ ਸਾਲ 2015 ’ਚ ਟਾਟਾ ਗਰੁੱਪ ਦੇ ਸ਼ੁੱਧ ਲਾਭ ’ਚ 60% ਤੋਂ ਵੱਧ ਦਾ ਯੋਗਦਾਨ ਦਿੱਤਾ। 2016 ’ਚ ਅੰਬਾਨੀ ਦੀ ਰਿਲਾਇੰਸ ਤੋਂ ਵੀ ਅੱਗੇ ਕਿਸੇ ਵੀ ਭਾਰਤੀ ਫਰਮ ਦੀ ਸਭ ਤੋਂ ਵੱਡੀ ਮਾਰਕਿਟ ਪੂੰਜੀ ਇਸ ਕੰਪਨੀ ਕੋਲ ਹੀ ਸੀ।”

ਨੀਰਾ ਰਾਡੀਆ, ਤਨਿਸ਼ਕਾ ਅਤੇ ਸਾਇਰਸ ਮਿਸਤਰੀ ਨਾਲ ਜੁੜੇ ਵਿਵਾਦ

2010 ’ਚ ਰਤਨ ਟਾਟਾ ਇੱਕ ਵੱਡੇ ਵਿਵਾਦ ’ਚ ਫਸ ਗਏ , ਜਦੋਂ ਲਾਬੀਸਟ ਨੀਰਾ ਰਾਡੀਆ ਨਾਲ ਉਨ੍ਹਾਂ ਦੀ ਟੈਲੀਫੋਨਿਕ ਗੱਲਬਾਤ ਲੀਕ ਹੋ ਗਈ ਸੀ।

ਅਕਤੂਬਰ 2020 ’ਚ ਟਾਟਾ ਗਰੁੱਪ ਦੇ ਆਪਣੇ ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਵੱਲੋਂ ਇੱਕ ਇਸ਼ਤਿਹਾਰ ਨੂੰ ਜਲਦੀ ਨਾਲ ਵਾਪਸ ਲੈਣ ’ਤੇ ਵੀ ਰਤਨ ਟਾਟਾ ਦੀ ਕਾਫ਼ੀ ਆਲੋਚਨਾ ਹੋਈ ਸੀ। ਇਸ ਇਸ਼ਤਿਹਾਰ ’ਚ ਸਾਰੇ ਧਰਮਾਂ ਨੂੰ ਬਰਾਬਰ ਮੰਨਣ ਵਾਲੇ ਇੱਕ ਏਕੀਕ੍ਰਿਤ ਭਾਰਤ ਦਾ ਪ੍ਰਭਾਵਸ਼ਾਲੀ ਚਿਤਰਨ ਕੀਤਾ ਗਿਆ ਸੀ।

ਇਸ ਇਸ਼ਤਿਹਾਰ ਨੂੰ ਸੱਜੇ-ਪੱਖੀ ਟ੍ਰੋਲਸ ਦਾ ਸਾਹਮਣਾ ਤੱਕ ਕਰਨਾ ਪਿਆ ਸੀ।

ਆਖਰਕਾਰ ਤਨਿਸ਼ਕ ਨੂੰ ਦਬਾਅ ਦੇ ਮੱਦੇਨਜ਼ਰ ਇਸ ਇਸ਼ਤਿਹਾਰ ਨੂੰ ਤੁਰੰਤ ਵਾਪਸ ਲੈਣਾ ਪਿਆ ਸੀ। ਕੁਝ ਲੋਕਾਂ ਦਾ ਮੰਨਣਾ ਸੀ ਕਿ ਜੇਕਰ ਜੇਆਰਡੀ ਅੱਜ ਜ਼ਿੰਦਾ ਹੁੰਦੇ ਤਾਂ ਉਹ ਇਸ ਤਰ੍ਹਾਂ ਦੇ ਦਬਾਅ ਅੱਗੇ ਨਾ ਝੁੱਕਦੇ।

ਰਤਨ ਉਸ ਸਮੇਂ ਵੀ ਸਵਾਲਾਂ ਦੇ ਘੇਰੇ ’ਚ ਆਏ ਜਦੋਂ ਉਨ੍ਹਾਂ ਨੇ 24 ਅਕਤੂਬਰ, 2016 ਨੂੰ ਟਾਟਾ ਸਮੂਹ ਦੇ ਮੁਖੀ ਸਾਇਰਸ ਮਿਸਤਰੀ ਨੂੰ ਇੱਕ ਘੰਟੇ ਤੋਂ ਵੀ ਘੱਟ ਸਮੇਂ ਦੇ ਨੋਟਿਸ ’ਤੇ ਬਰਖਾਸਤ ਕਰ ਦਿੱਤਾ ਸੀ।

ਟਾਟਾ ਨੂੰ ਬਣਾਇਆ ਭਰੋਸੇਮੰਦ ਬ੍ਰਾਂਡ

ਪਰ ਇਸ ਸਭ ਦੇ ਬਾਵਜੂਦ ਰਤਨ ਟਾਟਾ ਦੀ ਗਿਣਤੀ ਹਮੇਸ਼ਾਂ ਹੀ ਭਾਰਤ ਦੇ ਸਭ ਤੋਂ ਭਰੋਸੇਮੰਦ ਉਦਯੋਗਪਤੀਆਂ ’ਚ ਰਹੀ ਹੈ।

ਜਦੋਂ ਭਾਰਤ ’ਚ ਕੋਵਿਡ ਮਹਾਮਾਰੀ ਫੈਲੀ ਤਾਂ ਰਤਨ ਨੇ ਤੁਰੰਤ ਟਾਟਾ ਟਰੱਸਟਾਂ ਵੱਲੋਂ 500 ਕਰੋੜ ਰੁਪਏ ਅਤੇ 1000 ਕਰੋੜ ਰੁਪਏ ਟਾਟਾ ਕੰਪਨੀਆਂ ਵੱਲੋਂ ਜਾਰੀ ਕੀਤੇ ਤਾਂ ਜੋ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਆਰਥਿਕ ਨਤੀਜਿਆਂ ਨਾਲ ਨਜਿੱਠਿਆ ਜਾ ਸਕੇ।

ਖੁਦ ਨੂੰ ਗੰਭੀਰ ਜੋਖਮ ’ਚ ਪਾਉਣ ਵਾਲੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਰਹਿਣ ਲਈ ਆਪਣੇ ਲਗਜ਼ਰੀ ਹੋਟਲਾਂ ਦੀ ਵਰਤੋਂ ਦੀ ਪੇਸ਼ਕਸ਼ ਕਰਨ ਵਾਲੇ ਪਹਿਲੇ ਵਿਅਕਤੀ ਵੀ ਰਤਨ ਟਾਟਾ ਹੀ ਸਨ।

ਅੱਜ ਵੀ ਭਾਰਤੀ ਟਰੱਕ ਡਰਾਇਵਰ ਆਪਣੇ ਵਾਹਨਾਂ ਦੇ ਪਿੱਛੇ ‘ਓਕੇ ਟਾਟਾ’ ਲਿਖਵਾਉਂਦੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਟਰੱਕ ਟਾਟਾ ਦਾ ਹੈ ਅਤੇ ਇਸ ਲਈ ਭਰੋਸੇਮੰਦ ਹੈ।

ਟਾਟਾ ਦੇ ਕੋਲ ਇੱਕ ਵਿਸ਼ਾਲ ਆਲਮੀ ਫੁੱਟਪ੍ਰਿੰਟ ਵੀ ਹੈ। ਇਹ ਜੈਗੁਆਰ ਅਤੇ ਲੈਂਡਰੋਵਰ ਕਾਰਾਂ ਦਾ ਨਿਰਮਾਣ ਕਰਦਾ ਹੈ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੁਨੀਆ ਦੀਆਂ ਪ੍ਰਸਿੱਧ ਸਾਫਟਵੇਅਰ ਕੰਪਨੀਆਂ ’ਚੋਂ ਇੱਕ ਹੈ।

ਇਨ੍ਹਾਂ ਸਭ ਨੂੰ ਖੜ੍ਹਾ ਕਰਨ ’ਚ ਰਤਨ ਟਾਟਾ ਦੀ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)