You’re viewing a text-only version of this website that uses less data. View the main version of the website including all images and videos.
ਤੁਹਾਡੇ ਬੱਚੇ ਲਈ ਆਨਲਾਈਨ ਜੁਆ ਕਿੰਨਾ ਖ਼ਤਰਨਾਕ ਹੈ ਤੇ ਕਿਵੇਂ ਇਸ ਦੀ ਆਦਤ ਤੋਂ ਬਚਿਆ ਜਾ ਸਕਦਾ ਹੈ
- ਲੇਖਕ, ਗਣੇਸ਼ ਪੋਲ
- ਰੋਲ, ਬੀਬੀਸੀ ਪੱਤਰਕਾਰ
“ਸਾਡਾ ਪੁੱਤ ਇੱਕ ਰੁਪਿਆ ਵੀ ਸਾਡੇ ਤੋਂ ਪੁੱਛੇ ਬਿਨ੍ਹਾਂ ਨਹੀਂ ਸੀ ਖਰਚਦਾ। ਪਰ ਪਿਛਲੇ ਛੇ ਮਹੀਨਿਆਂ ਤੋਂ ਉਹ ਆਪਣੇ ਦੋਸਤਾਂ ਕਰਕੇ ਇਸ ਅਜੀਬ ਕਿਸਮ ਦੇ ਨਸ਼ੇ ਦਾ ਸ਼ਿਕਾਰ ਹੋ ਗਿਆ ਹੈ, ਉਹ ਆਪਣੀ ਸਾਰੀ ਤਨਖਾਹ ਇਸ ਵਿੱਚ ਲਾ ਦਿੰਦਾ ਹੈ।”
“ਹੁਣ ਉਹ ਇੱਕ ਪੈਸਾ ਵੀ ਆਪਣੇ ਘਰ ਨਹੀਂ ਦਿੰਦਾ, ਇੰਨਾ ਹੀ ਨਹੀਂ ਉਸ ਨੇ ਆਪਣੇ ਅਤੇ ਆਪਣੇ ਬਾਪ ਦੇ ਨਾਂ ਉੱਤੇ 1.5 ਲੱਖ ਦਾ ਕਰਜ਼ਾ ਲੈ ਲਿਆ ਹੈ ਤੇ ਹੱਦ ਇਹ ਕਿ ਇਹ ਪੈਸੇ ਵੀ ਉਹ ਪਹਿਲਾਂ ਹੀ ਖ਼ਰਚ ਚੁੱਕਿਆ ਹੈ। ਅਖੀਰ ਸਾਨੂੰ ਆਪਣੇ ਪੁੱਤ ਨੂੰ ਪੁਲਿਸ ਕੋਲ ਲੈ ਕੇ ਜਾਣਾ ਪਿਆ ਜਿੱਥੇ ਉਨ੍ਹਾਂ ਨੇ ਉਸ ਨੂੰ ਸਮਝਾਇਆ ਹੈ।"
ਪੁਣੇ ਦੀ ਰਹਿਣ ਵਾਲੇ ਅਰਾਧਨਾ (ਪਛਾਣ ਜ਼ਾਹਰ ਨਾ ਕਰਨ ਲਈ ਨਾਂ ਬਦਲਿਆ ਗਿਆ ਹੈ) ਗੰਭੀਰਤਾ ਨਾਲ ਆਪਣੇ ਪੁੱਤ ਦੀ ਕਹਾਣੀ ਦੱਸ ਰਹੇ ਸੀ।
ਉਹ ਕਾਲਜ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਪਾਰਟ-ਟਾਈਮ ਨੌਕਰੀ ਕਰ ਰਿਹਾ ਸੀ, ਪਰ ਉਸ ਨੂੰ ਆਨਲਾਈਨ ਗੈਂਬਲਿੰਗ (ਇੰਟਰਨੈੱਟ ਉੱਤੇ ਜੂਆ ਖੇਡਣ) ਦੀ ਮਾੜੀ ਆਦਤ ਪੈ ਗਈ।
ਮਹਾਰਾਸ਼ਟਰ ਅਤੇ ਪੂਰੇ ਦੇਸ਼ ਵਿੱਚੋਂ ਨੌਜਵਾਨ ਇਸ ਨਵੇਂ ਚਲਣ ਵੱਲ ਆਕਰਸ਼ਿਤ ਹੋਏ ਹਨ ਅਤੇ ਇਹ ਨਸ਼ਾ ਹੁਣ ਮਹਾਂਮਾਰੀ ਵਾਂਗ ਫੈਲ ਰਿਹਾ ਹੈ।
ਤੁਸੀਂ ਮਸ਼ਹੂਰ ਕ੍ਰਿਕਟ ਖਿਡਾਰੀਆਂ ਅਤੇ ਫਿਲਮੀ ਹਸਤੀਆਂ ਨੂੰ ਆਨਲਾਈਨ ਗੈਂਬਲਿੰਗ ਵਾਲੀਆਂ ਐਪਜ਼ ਦੀ ਇਸ਼ਤਿਹਾਰਬਾਜ਼ੀ ਕਰਦੇ ਵੇਖਿਆ ਹੋਵੇਗਾ, ਏਥੋਂ ਤੱਕ ਤੁਸੀਂ ਅਜਿਹੀਆਂ ਮਸ਼ਹੂਰੀਆਂ ਇੰਡੀਅਨ ਪ੍ਰਿਮੀਅਰ ਲੀਗ (ਆਈਪੀਐਲ) ਵਿਚਲੇ ਖਿਡਾਰੀਆਂ ਦੀਆਂ ਜਰਸੀਆਂ 'ਤੇ ਵੀ ਵੇਖ ਸਕਦੇ ਹੋ।
ਤੁਸੀਂ ਅਜਿਹੇ ਕਈ ਇਸ਼ਤਿਹਾਰ ਦੇਖੇ ਹੋਣਗੇ,"ਲੱਖਾਂ ਰੁਪਏ ਕਮਾੳ, ਘਰ ਬੈਠੇ ਕਰੋੜਾਂ ਕਮਾੳ"।
ਪਰ ਮਾਹਰਾਂ ਮੁਤਾਬਕ ਇਨ੍ਹਾਂ ਇਸ਼ਤਿਹਾਰਾਂ ਪਿਛਲਾ ਅਸਲ ਮਕਸਦ ਬੇਹੱਦ ਧੋਖੇਬਾਜ਼ੀ ਭਰਿਆ ਹੈ। ਇਸਦਾ ਮਕਸਦ ਗਾਹਕਾਂ ਕੋਲੋਂ ਲੱਖਾਂ ਰੁਪਏ ਠੱਗਣਾ ਅਤੇ ਉਨ੍ਹਾਂ ਨੂੰ ਆਨਲਾਈਨ ਗੈਂਬਲਿੰਗ ਦੇ ਆਦੀ ਬਣਾਉਣਾ ਹੈ।
ਆਨਲਾਈਨ ਗੈਂਬਲਿੰਗ ਇੱਕ ਚਿੰਤਾ ਦਾ ਵਿਸ਼ਾ ਹੈ। ਇਹ ਸਾਰੇ ਦੇਸ਼ ਵਿੱਚ ਪ੍ਰਚਲਿਤ ਹੋ ਰਹੀ ਹੈ।
ਸਸਤੇ ਮੋਬਾਈਲ ਫੋਨ ਅਤੇ ਇੰਟਰਨੈੱਟ ਦੇ ਹੋਣ ਨਾਲ ਆਨਲਾਈਨ ਜੂਆ ਬਹੁਤ ਜਲਦੀ ਆਦਤ ਬਣ ਜਾਂਦੀ ਹੈ ਤੇ ਇਹ ਹੈ ਵੀ ਵੱਖ-ਵੱਖ ਤਰੀਕਿਆਂ ਦੀ।
ਸ਼ੁਰੂਆਤ ਵਿੱਚ ਜਦੋਂ ਤੁਸੀਂ ਇਸ ਨੂੰ ਪਹਿਲੀ ਵਾਰ ਖੇਡਦੇ ਹੋ, ਹੋ ਸਕਦਾ ਹੈ ਤੁਸੀਂ ਪੈਸੇ ਕਮਾੳ।
ਹੌਲੀ-ਹੌਲੀ ਆਨਲਾਈਨ ਗੈਂਬਲਿੰਗ ਸੌਖੇ ਪੈਸੇ ਕਮਾਉਣ ਦੀ ਚਮਕ ਵਿਖਾਉਂਦੀ ਹੈ ਅਤੇ ਫੇਰ ਤੁਸੀਂ ਹੋਰ ਪੈਸੇ ਖਰਚਣੇ ਸ਼ੁਰੂ ਕਰ ਦਿੰਦੇ ਹੈ ਜਿਸ ਤੋਂ ਹਾਸਲ ਵੀ ਕੁਝ ਨਹੀਂ ਹੋ ਰਿਹਾ ਹੁੰਦਾ।
ਬਹੁਤ ਲੋਕ ਆਨਲਾਈਨ ਗੈਂਬਲਿੰਗ ਕਰਦੇ ਹਨ, ਤਾਂ ਜੋ ਉਹ ਪੈਸੇ ਦੁਬਾਰਾ ਜਿੱਤ ਸਕਣ ਪਰ ਉਨ੍ਹਾਂ ਵਿੱਚੋਂ ਬਹੁਤੇ ਆਪਣਾ ਪੈਸਾ ਗਵਾਉਂਦੇ ਹਨ ਅਤੇ ਆਰਥਿਕ ਮੁਸ਼ਕਲਾਂ ਅਤੇ ਚਿੰਤਾ ਵਿੱਚ ਫੱਸ ਜਾਂਦੇ ਹਨ।
ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿੱਥੇ ਇਸ ਨਾਲ ਪ੍ਰਭਾਵਿਤ ਲੋਕ ਖੁਦਕੁਸ਼ੀ ਕਰਨ ਨੂੰ ਮਜਬੂਰ ਹੋਏ।
ਆਨਲਾਈਨ ਜੂਆ ਕੀ ਹੈ ? ਇਹ ਨਸ਼ੇ ਦਾ ਰੂਪ ਕਿਵੇਂ ਧਾਰਨ ਕਰਦੀ ਹੈ, ਇਸ ਨੂੰ ਕਾਨੂੰਨ ਵਲੋਂ ਪੂਰੀ ਤਰ੍ਹਾ ਰੋਕਿਆ ਕਿੳਂ ਨਹੀਂ ਜਾ ਰਿਹਾ?
ਕਿਸੇ ਨੂੰ ਆਨਲਾਈਨ ਗੈਂਬਲਿੰਗ ਦਾ ਨਸ਼ਾ ਕਿਵੇਂ ਪੈਂਦਾ ਹੈ?
ਜਦੋਂ ਇੰਟਰਨੈਟ ਲਿੰਕ, ਵੈਬਸਾਈਟ ਜਾਂ ਮੋਬਾਈਲ ਐਪ ਰਾਹੀਂ ਪੈਸਾ ਦਾਅ ਉੱਤੇ ਲਾਇਆ ਜਾਂਦਾ ਹੈ ਤਾਂ ਇਸ ਨੂੰ ਆਨਲਾਈਨ ਗੈਂਬਲਿੰਗ ਕਿਹਾ ਜਾਂਦਾ ਹੈ।
ਇਸ ਵਿੱਚ ਪੋਕਰ, ਬਲੈਕਜੈਕ, ਸਲਾਟ ਮਸ਼ੀਨਾਂ ਅਤੇ ਹੋਰ ਗੈਂਬਲਿੰਗ ਗੇਮਾਂ ਸ਼ਾਮਲ ਹਨ। ਇੱਕ ਆਨਲਾਈ ਗੈਂਬਲਿੰਗ ਗੇਮ ਖੇਡਣ ਵੇਲੇ ਤੁਹਾਡੇ ਸਾਹਮਣੇ ਕੋਈ ਬੰਦਾ ਜਾਂ ਕੰਪਿਊਟਰ ਪ੍ਰੋਗਰਾਮ ਹੋ ਸਕਦਾ ਹੈ।
ਨਵੇਂ ਵਰਤੋਕਾਰਾਂ ਨੂੰ ਸ਼ੁਰੂ ਵਿੱਚ ਮੁਫਤ ਗੇਮਾਂ ਵੱਲ ਆਕਰਸ਼ਿਤ ਕੀਤਾ ਜਾਂਦਾ ਹੈ, ਅਤੇ ੳਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਹੈ।
ਇਹ ਐਪ ਇਸ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਹਨ ਕਿ ਖੇਡਣ ਵਾਲੇ ਲੰਬਾ ਸਮਾਂ ਖੇਡਣ ਤੇ ਉਨ੍ਹਾਂ ਲਈ ਗੇਮ ਨੂੰ ਛੱਡਣਾ ਔਖਾ ਹੋਵੇ।
ਇੱਕ ਵਾਰੀ ਜਦੋਂ ਤੁਹਾਡੇ ਮੁਫ਼ਤ ਕਰੈਡਿਟ ਖ਼ਤਮ ਹੋ ਜਾਣ ਤਾਂ ਤੁਸੀਂ ਆਪਣੇ ਪੈਸਿਆਂ ਨਾਲ ਖੇਡਣਾ ਜਾਰੀ ਰੱਖ ਸਕਦੇ ਹੋ।
ਗੈਂਬਲਿੰਗ ਗੇਮ ਇੱਕ ਵਾਰ ਖੇਡਣ ਤੋਂ ਬਾਅਦ ਤੁਹਾਨੂੰ ਆਪਣੀ ਡਿਵਾਈਸ ’ਤੇ ਅਜਿਹੇ ਇਸ਼ਤਿਹਾਰ ਨਜ਼ਰ ਆਉਣ ਲੱਗਦੇ ਹਨ ਜੋ ਤੁਹਾਨੂੰ ਵੈਬਸਾਈਟ ਵੱਲ ਖਿੱਚਣ ਦਾ ਤਰੀਕਾ ਹੁੰਦੇ ਹਨ।
ਡਿਜੀਟਲ ਮਾਹਰ ਇਹ ਕਹਿੰਦੇ ਹਨ ਕਿ ਨੌਜਵਾਨ ਪੀੜ੍ਹੀ ਰਵਾਇਤੀ ਗੈਂਬਲਿੰਗ ਨਾਲੋਂ ਆਨਲਾਈਨ ਗੈਂਬਲਿੰਗ ਵੱਲ ਵੱਧ ਤੇਜ਼ੀ ਨਾਲ ਆਕਰਸ਼ਿਤ ਹੁੰਦੀ ਹੈ।
ਕਿੳਂਕਿ ਨੌਜਵਾਨ ਪੀੜ੍ਹੀ ਨੂੰ ਡਿਜੀਟਲ ਸੰਸਾਰ ਬਾਰੇ ਵੱਧ ਜਾਣਕਾਰੀ ਹੈ, ਇਸ ਨਾਲ ਉਹ ਗੈਂਬਲਿੰਗ ਵਿੱਚ ਆਪਣੇ ਮਾਤਾ-ਪਿਤਾ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਪੈ ਜਾਂਦੇ ਹਨ।
ਤੁਹਾਨੂੰ ਕਿਤੇ ਬਾਹਰ ਜਾਣ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਸਾਰਾ ਕੁਝ ਆਨਲਾਈਨ ਮੌਜੂਦ ਹੁੰਦਾ ਹੈ।।
ਇਸ ਕੰਮ ਲਈ ਤੁਹਾਨੂੰ ਨਿੱਜੀ ਸਬੰਧਾਂ ਜਾਂ ਕਿਸੇ ਹੋਰ ਦੀ ਸ਼ਮੂਲੀਅਤ ਦੀ ਲੋੜ ਨਹੀਂ ਹੁੰਦੀ, ਕੋਈ ਵੀ ਆਨਲਾਈਨ ਗੈਂਬਲਿੰਗ ਦੀ ਖੇਡ ਖੇਡਦੇ ਹੋਏ ਤੁਹਾਨੂੰ ਦੇਖ ਨਹੀਂ ਰਿਹਾ ਹੈ। ਇਸ ਤਰ੍ਹਾਂ ਸਿੱਧੀ ਪਛਾਣ ਨਹੀਂ ਹੈ। ਪੈਸਿਆਂ ਦਾ ਲੈਣ-ਦੇਣ ਵੀ ਆਨਲਾਈਨ ਹੀ ਹੋ ਰਿਹਾ ਹੈ।
ਆਨਲਾਈਨ ਗੈਂਬਲਿੰਗ ਦੇ ਉਮਰ ਭਰ ਲਈ ਮਾੜੇ ਨਤੀਜੇ
ਬਹੁਤ ਲੋਕ ਆਨਲਾਈਨ ਗੈਂਬਲਿੰਗ ਸ਼ੁਗਲ ਵਿੱਚ ਸ਼ੁਰੂ ਕਰਦੇ ਹਨ ਪਰ ਬਹੁਤ ਜਲਦੀ ਹੀ ਇਸ ਦੇ ਆਦੀ ਹੋ ਜਾਂਦੇ ਹਨ।
ਹੌਲੀ-ਹੌਲੀ ਇਸਦਾ ਪ੍ਰਭਾਵ ਤੁਹਾਡੇ ਰੋਜ਼ਮਰਾ ਦੇ ਕੰਮਾਂ ’ਤੇ ਪੈਣ ਲੱਗਦਾ ਹੈ, ਹਰ ਵਕਤ ਦਿਮਾਗ ਖੇਡ ਤੇ ਪੈਸਿਆਂ ਬਾਰੇ ਸੋਚਣ ’ਚ ਲੱਗਿਆ ਰਹਿੰਦਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ,“ਆਨਲਾਈਨ ਗੈਂਬਲਿੰਗ ਵਿੱਚ ਤੁਸੀਂ ਪੈਸੇ ਹੀ ਨਹੀਂ ਬਲਕਿ ਆਪਣੀ ਜ਼ਿੰਦਗੀ ਵੀ ਦਾਅ ’ਤੇ ਲਾਉਂਦੇ ਹੋ।”
ਭਾਰਤ ਵਿੱਚ ਆਨਲਾਈਨ ਗੈਂਬਲਿੰਗ ਦਾ ਸ਼ਿਕਾਰ ਨੌਜਵਾਨ
- ਮਹਾਰਾਸ਼ਟਰ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚੋਂ ਨੌਜਵਾਨ ਆਨਲਾਈਨ ਗੈਂਬਲਿੰਗ ਵਲ ਆਕਰਸ਼ਿਤ ਹੋ ਰਹੇ ਹਨ।
- ਇਸ ਨਾਲ ਨੌਜਵਾਨ ਆਰਥਿਕ ਮੰਦਹਾਲੀ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ।
- ਨਵੇਂ ਵਰਤੋਕਾਰਾਂ ਨੂੰ ਸ਼ੁਰੂ ਵਿੱਚ ਮੁਫਤ ਗੇਮਾਂ ਵੱਲ ਆਕਰਸ਼ਿਤ ਕੀਤਾ ਜਾਂਦਾ ਹੈ, ਅਤੇ ੳਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਹੈ।
- ਇਹ ਦਾਅਵਾ ਕੀਤਾ ਗਿਆ ਹੈ ਕਿ ਤਾਮਿਲਨਾਡੂ ਵਿੱਚ 42 ਲੋਕਾਂ ਨੇ ਆਨਲਾਈਨ ਗੈਂਬਲਿੰਗ ਵਿੱਚ ਪੈਸੇ ਗਵਾਉਣ ਕਰਕੇ ਖੁਦਕੁਸ਼ੀ ਕੀਤੀ ਹੈ।
- ਮਾਹਰਾਂ ਮੁਤਾਬਕ ਇਸ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਤੇ ਲਾਗੂ ਕੀਤੇ ਜਾਣੇ ਚਾਹੀਦੇ ਹਨ
ਇੰਟਰਨੈੱਟ ਦੀ ਸੁਵਿਧਾ
ਬੀਤੇ ਕੁਝ ਵਰ੍ਹਿਆਂ ਤੋਂ ਭਾਰਤ ਵਿੱਚ ਇੰਟਰਨੈਟ ਦੀ ਸਹੂਲਤ ਬਹੁਤ ਤੇਜ਼ੀ ਨਾਲ ਹਰ ਥਾਂ ਪਹੁੰਚੀ ਹੈ ਅਤੇ ਮੋਬਾਈਲ ਫੋਨਾਂ ਦੀ ਕੀਮਤ ਵੀ ਘਟੀ ਹੈ।
ਆਨਲਾਈਨ ਗੈਂਬਲਿੰਗ ਦਾ ਨਸ਼ਾ ਹੋਰ ਲੋਕਾਂ ਤੋਂ ਆਸਾਨੀ ਨਾਲ ਲੁਕਿਆ ਰਹਿ ਸਕਦਾ ਹੈ।
ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਨਾਲ ਪ੍ਰਭਾਵਿਤ ਹੋਏ ਲੋਕ ਕਦੇ ਵੀ ਇਸ ਨਸ਼ੇ ਨੂੰ ਕਬੂਲਦੇ ਨਹੀਂ।
ਹਾਲਾਂਕਿ ਸਪੱਸ਼ਟ ਹੈ ਕਿ ਆਨਲਾਈਨ ਗੈਂਬਲਿੰਗ ਦੇ ਤੁਹਾਡੀ ਜ਼ਿੰਦਗੀ ਉੱਤੇ ਬਹੁਤ ਮਾੜੇ ਨਤੀਜੇ ਹੋ ਸਕਦੇ ਹਨ।
ਨਿੱਜੀ ਰਿਸ਼ਤੇ ਪ੍ਰਭਾਵਿਤ ਹੋ ਸਕਦੇ ਹਨ, ਅਤੇ ਪਰਿਵਾਰਕ ਜ਼ਿੰਦਗੀ ਮੁਸ਼ਕਲਾਂ ਭਰੀ ਹੋ ਸਕਦੀ ਹੈ। ਕਰਜ਼ੇ ਦਾ ਬੋਝ ਵੀ ਸਮੇਂ ਨਾਲ ਵੱਧਦਾ ਰਹਿੰਦਾ ਹੈ।
ਇਸ ਤੋਂ ਇਲਾਵਾ ਜਿਹੜੇ ਲੋਕ ਇਸ ਜੂਏ ਵਿੱਚ ਪੈਸੇ ਗਵਾਉਂਦੇ ਹਨ ਉਹ ਪੈਸੇ ਵਾਪਸ ਪਾਉਣ ਦੀ ਸੋਚ ਨਾਲ ਕਰਜ਼ਾ ਚੁੱਕ ਕੇ ਖੇਡ ਵਿੱਚ ਲਾਉਂਦੇ ਹਨ।
“ਇੱਕ ਵਾਰੀ ਜਦੋਂ ਤੁਸੀਂ ਇਸ ਨਸ਼ੇ ਵਿੱਚ ਲੱਗ ਜਾਂਦੇ ਹੋ, ਤੁਹਾਨੂੰ ਚਿੰਤਾ, ਤਣਾਅ ਅਤੇ ਡਿਪਰੈਸ਼ਨ ਤੋਂ ਰਾਹਤ ਨਹੀਂ ਮਿਲਦੀ, ਤੁਸੀਂ ਲਗਾਤਾਰ ਗੈਂਬਲਿੰਗ ਦਾ ਅਗਲਾ ਮੌਕਾ ਲਭੱਦੇ ਹੋ।”
ਮੁਕਤਾ ਚੇਤਨਿਆ ਜੋ ਤਕਨੀਕ ਅਤੇ ਮਨੋ-ਵਿਗਿਆਨ ਦੇ ਖੇਤਰ ਦੇ ਮਾਹਰ ਹਨ ਕਹਿੰਦੇ ਹਨ, “ਜਿਨ੍ਹਾਂ ਨੂੰ ਗੈਂਬਲਿੰਗ ਦਾ ਨਸ਼ਾ ਹੁੰਦਾ ਹੈ ਉਹ ਨਾ ਦਿਨ ਵੇਖਦੇ ਹਨ ਨਾ ਰਾਤ।”
“ਉਹ ਜੂਏ ਦੇ ਖਿਆਲਾਂ ਵਿੱਚ ਹੀ ਡੁੱਬੇ ਰਹਿੰਦੇ ਸਨ। ਕਈਆਂ ਨੂੰ ਮਾਨਸਿਕ ਤਣਾਅ ਤੋਂ ਥੋੜ੍ਹੇ ਚਿਰ ਦੀ ਰਾਹਤ ਮਿਲਦੀ ਹੈ, ਉਹ ਇਸ ਨੂੰ ਸਮਾਂ ਬਿਤਾਉਣ ਅਤੇ ਮਨੋਰੰਜਨ ਦਾ ਚੰਗਾ ਸਾਧਨ ਸਮਝਣ ਲੱਗਦੇ ਹਨ।”
ਪਰ ਉਨ੍ਹਾਂ ਮੁਤਾਬਕ ਇਹ ਵੀ ਲੰਬੇ ਸਮੇਂ ਤੱਕ ਨਹੀਂ ਠਹਿਰਦਾ।
ਮੌਜੂਦਾ ਸਮੇਂ ਵਿੱਚ ਮਹਾਰਾਸ਼ਟਰ ਵਿੱਚ ਅਤੇ ਪੂਰੇ ਦੇਸ਼ ਵਿੱਚ ਆਨਲਾਈਨ ਰੰਮੀ (ਤਾਸ਼ ) ਦੇ ਇਸ਼ਤਿਹਾਰਾਂ ਦਾ ਹੜ੍ਹ ਆਇਆ ਹੋਇਆ ਹੈ।
ਇੱਥੋਂ ਤੱਕ ਕਿ ਫਿਲਮੀ ਸਿਤਾਰੇ ਅਤੇ ਖੇਡ ਨਾਲ ਸਬੰਧਤ ਸ਼ਖਸੀਅਤਾਂ ਵੀ ਇਨ੍ਹਾਂ ਇਸ਼ਤਿਹਾਰਾਂ ਦਾ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰ ਰਹੇ ਹਨ।
ਇਸ ਵਰਤਾਰੇ ਨੇ ਕੁਝ ਸਵਾਲ ਵੀ ਖੜ੍ਹੇ ਕੀਤੇ ਹਨ।
ਆਨਲਾਈ ਰੰਮੀ ਨੂੰ ਲੈ ਕੇ ਵੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ।
ਇਹ ਦਾਅਵਾ ਕੀਤਾ ਗਿਆ ਹੈ ਕਿ ਤਾਮਿਲਨਾਡੂ ਵਿੱਚ 42 ਲੋਕਾਂ ਨੇ ਆਨਲਾਈਨ ਗੈਂਬਲਿੰਗ ਵਿੱਚ ਪੈਸੇ ਗਵਾਉਣ ਕਰਕੇ ਖੁਦਕੁਸ਼ੀ ਕੀਤੀ ਹੈ।
ਆਨਲਾਈਨ ਗੈਂਬਲਿੰਗ ਦੇ ਵੱਧ ਰਹੇ ਖਤਰੇ ਦਾ ਨੋਟਿਸ ਲੈਂਦਿਆਂ, ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਅਜਿਹੇ ਇਸ਼ਤਿਹਾਰਾਂ ਉੱਤੇ ਰੋਕ ਲਾਉਣ ਬਾਰੇ ਕਿਹਾ ਹੈ।
ਆਨਲਾਈਨ ਗੈਂਬਲਿੰਗ ਬਾਰੇ ਕਾਨੂੰਨ ਕੀ ਕਹਿੰਦਾ ਹੈ?
ਮਹਾਰਾਸ਼ਟਰ ਸੂਬੇ ਵਿੱਚ ਮਹਾਰਾਸ਼ਟਰ ਲਾਟਰੀ ਰੈਗੂਲੇਸ਼ਨ ਐਕਟ, 1887 ਦਾ ਮਹਾਰਾਸ਼ਟਰ (ਮੁੰਬਈ) ਗੈਂਬਲਿੰਗ ਐਕਟ ਤੇ 1887 ਮਹਾਰਾਸ਼ਟਰ ਗੈਂਬਲਿੰਗ ਰੋਕੂ ਐਕਟ। ਹਾਲਾਂਕਿ ਇਹ ਕਾਨੂੰਨ ਰਵਾਇਤੀ ਗੈਂਬਲਿੰਗ ਨੂੰ ਰੋਕਣ ਲਈ ਬਣੇ ਹਨ।
ਪੇਜਰ, ਇੰਟਰਨੈਟ, ਵਾਈ-ਫਾਈ, ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਸੰਚਾਰ ਸਾਧਨਾਂ ਵਿੱਚ ਵਾਧਾ ਹੋਣ ਨਾਲ ਆਨਲਾਈਨ ਗੈਂਬਲਿੰਗ, ਨੰਬਰ ਵਾਲੀਆਂ ਗੈਂਬਲਿੰਗ ਖੇਡਾਂ ਦੇ ਮੁਕਾਬਲੇ, ਹੋਰ ਆਸਾਨੀ ਨਾਲ ਉਪਲਬਧ ਹੋ ਗਈ ਹੈ।
ਜਿਸ ਕਰਕੇ ਪੁਲਿਸ ਜਾਂ ਪ੍ਰਸ਼ਾਸਨ ਕੋਲ ਇਸ ਨੂੰ ਕੰਟਰੋਲ ਕਰਨ ਦੇ ਸੀਮਿਤ ਸਾਧਨ ਹਨ।
ਇਸ ਬਾਰੇ ਨਾਸਿਕ ਦੇ ਸਾਬਕਾ ਪੁਲਿਸ ਕਮਿਸ਼ਨਰ, ਦੀਪਕ ਪਾਂਡੇ ਮਹਾਰਾਸ਼ਟਰ ਪਬਲਿਕ ਗੈਂਬਲਿੰਗ ਐਕਟ 1987 ਵਿੱਚ ਕੁਝ ਬਦਲਾਅ ਕਰਨ ਦੀ ਇਹ ਸਿਫਾਰਿਸ਼ ਕਰਦੇ ਹਨ।
ਇਨ੍ਹਾਂ ਪ੍ਰਸਤਾਵਿਤ ਬਦਲਾਵਾਂ ਮੁਤਾਬਕ, ਸੂਬਾ ਸਰਕਾਰ ਲੋਕ ਆਨਲਾਈਨ ਲਾਟਰੀ ਜਾਂ ਆਨਲਾਈਨ ਗੈਂਬਲਿੰਗ ਦੀਆਂ ਹੋਰ ਕਿਸਮਾਂ ਦੀ ਨਿਗਰਾਨੀ ਲਈ ਹੋਰ ਤਾਕਤਾਂ ਹੋਣਗੀਆਂ।
ਪਾਂਡੇ ਨੇ ਮਹਾਰਾਸ਼ਟਰ ਦੀ ਵਿਧਾਨ ਸਭਾ ਦੀ ‘ਐੱਸਟੀਮੇਟਸ ਕਮੇਟੀ’ ਪ੍ਰਸਤਾਵਿਤ ਬਦਲਾਵਾਂ ਬਾਰੇ ਜਾਣਕਾਰੀ ਨਾਲ ਆਪਣੇ ਸੁਝਾਵਾਂ ਦਾ ਇੱਕ ਖਰੜਾ ਭੇਜਿਆ ਹੈ।
ਇਸ ਪ੍ਰਸਤਾਵ ਵਿੱਚ ਉਨ੍ਹਾਂ ਨੇ ਐਕਟ ਵਿੱਚ 14 ਸੋਧਾਂ ਕਰਨ ਦਾ ਸੁਝਾਅ ਦਿੱਤਾ ਹੈ।
ਇਸ ਵਿੱਚ ਸਭ ਤੋਂ ਜ਼ਰੂਰੀ ਸੋਧ ਮਹਾਰਾਸ਼ਟਰ ਸਰਕਾਰ ਦੇ ਅਫ਼ਸਰਾਂ ਨੂੰ ਆਨਲਾਈਨ ਲਾਟਰੀ ਤੇ ਆਨਲਾਈਨ ਗੈਂਬਲਿੰਗ ਦੀਆਂ ਹੋਰ ਕਿਸਮਾਂ ਦੀ ਨਿਗਰਾਨੀ ਲਈ ਤਾਕਤਾਂ ਦੇਣ ਬਾਰੇ ਸੀ।
ਮੋਬਾਈਲ ਐਪਾਂ ਜਾਂ ਲਿੰਕ ਰਾਹੀਂ ਗੈਂਬਲਿੰਗ ਗਤੀਵਿਧੀਆਂ ਨੂੰ ਨਿਗਰਾਨੀ ਹੇਠ ਲਿਆਉਣ ਲਈ 1987 ਦੇ ਮਹਾਰਾਸ਼ਟਰ ਗੈਂਬਲਿੰਗ ਪਰੋਹੀਬਿਸ਼ਨ ਐਕਟ ਵਿੱਚ ਸੋਧ ਦਾ ਪ੍ਰਸਤਾਵ ਵੀ ਰੱਖਿਆ ਹੈ।
ਆਨਲਾਈਨ ਗੈਂਬਲਿੰਗ ਨੂੰ ਪੂਰੀ ਤਰ੍ਹਾਂ ਰੋਕਣ ਲਈ ਇਹ ਜ਼ਰੂਰੀ ਹੋਵੇਗਾ ਕਿ ਕਾਨੂੰਨ ਵਿੱਚ ਸਖ਼ਤ ਪ੍ਰਬੰਧ ਕੀਤੇ ਜਾਣ। ਪਾਂਡੇ ਨੇ ਇਹ ਸੁਝਾਅ ਦਿੱਤਾ ਕਿ ਇਸ ਲਈ ਮਕੋਕਾ ਅਤੇ ਡਿਟੇਂਸ਼ਨ ਕਾਨੂੰਨ ਤਹਿਤ ਸਖ਼ਤ ਕਦਮ ਚੁੱਕੇ ਜਾਣ ਅਤੇ ਕਾਨੂੰਨ ਅਧੀਨ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦਾ ਪ੍ਰਬੰਧ ਰੱਖਿਆ ਜਾਵੇ।