You’re viewing a text-only version of this website that uses less data. View the main version of the website including all images and videos.
ਕੀ ਹੈ ਡਾਰਕ ਵੈੱਬ ਜਿੱਥੇ ਚੱਲਦੇ ‘ਭਾਰਤ ਦੇ ਸਭ ਤੋਂ ਵੱਡੇ ਡਰੱਗ ਰੈਕਟ’ ਦਾ ਪਰਦਾਫਾਸ਼ ਹੋਇਆ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮੰਗਲਵਾਰ ਨੂੰ ਦੇਸ਼ ਵਿੱਚ ਡਾਰਕ ਵੈੱਬ ਰਾਹੀਂ ਚੱਲ ਰਹੇ ਨਸ਼ਿਆਂ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।
ਬਿਊਰੋ ਦਾ ਕਹਿਣਾ ਹੈ ਕਿ ਇਸ ਨੈੱਟਵਰਕ ਤੋਂ ਹੁਣ ਤੱਕ ਸਭ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ 15 ਹਜ਼ਾਰ ਐੱਲਐੱਸਡੀ ਬਲੌਟ ਬਰਾਮਦ ਕੀਤੇ ਗਏ ਹਨ ਅਤੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਲਐੱਸਡੀ ਯਾਨਿ ਲਾਈਸਰਜਿਕ ਐਸਿਡ ਡਾਈਥਾਈਲਾਮਾਈਡ ਇੱਕ ਸਿੰਥੈਟਿਕ ਰਸਾਇਣਕ-ਅਧਾਰਤ ਡਰੱਗ ਹੈ ਅਤੇ ਇਸ ਨੂੰ ਇੱਕ ਹੈਲੁਸੀਨੋਜਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਡਾਰਕਨੈੱਟ 'ਚ ਸੰਚਾਲਿਤ ਨੈੱਟਵਰਕ ਅਤੇ ਕ੍ਰਿਪਟੋਕਰੰਸੀ ਦੀ ਵਰਤੋਂ ਭੁਗਤਾਨ ਲਈ ਕੀਤੀ ਜਾ ਰਹੀ ਸੀ। ਇਹ ਨੈੱਟਵਰਕ ਪੋਲੈਂਡ, ਨੀਦਰਲੈਂਡ, ਅਮਰੀਕਾ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਫੈਲਿਆ ਹੋਇਆ ਸੀ।
ਐੱਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਉੱਤਰੀ ਰੇਂਜ) ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਇਹ ਇੱਕ ਹੀ ਆਪ੍ਰੇਸ਼ਨ ਵਿੱਚ ਐੱਲਐੱਸਡੀ ਬਲੌਟਸ ਦੀ "ਹੁਣ ਤੱਕ ਦੀ ਸਭ ਤੋਂ ਵੱਡੀ" ਬਰਾਮਦਗੀ ਹੈ।
ਇਸ ਤੋਂ ਪਹਿਲਾਂ ਕਰਨਾਟਕ ਪੁਲਿਸ ਨੇ 2021 ਵਿੱਚ ਅਤੇ 2022 ਵਿੱਚ ਕੋਲਕਾਤਾ ਐੱਨਸੀਬੀ ਨੇ 5,000 ਬਲੌਟ ਜ਼ਬਤ ਕੀਤੇ ਸਨ।
ਗਿਆਨੇਸ਼ਵਰ ਨੇ ਕਿਹਾ ਕਿ ਐੱਲਐੱਸਡੀ ਦੀ ਵਰਤੋਂ ਨੌਜਵਾਨਾਂ ਵਿੱਚ ਵਿਆਪਕ ਤੌਰ 'ਤੇ ਪ੍ਰਚਲਿਤ ਹੈ ਅਤੇ ਇਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਕੀ ਹੈ ਡਾਰਕ ਵੈੱਬ?
ਡਾਰਕ ਵੈੱਬ ਇੰਟਰਨੈੱਟ ਦਾ ਇਹ ਕੋਨਾ ਹੈ ਜਿੱਥੇ ਸਾਰੇ ਗ਼ੈਰ-ਕਾਨੂੰਨੀ ਧੰਦੇ ਚੱਲਦੇ ਹਨ। ਜੋ ਇੰਟਰਨੈੱਟ ਅਸੀਂ ਇਸਤੇਮਾਲ ਕਰਦੇ ਹਾਂ, ਉਹ ਵੈੱਬ ਦੀ ਦੁਨੀਆਂ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ, ਜਿਸ ਨੂੰ ਸਰਫੇਸ ਵੈੱਬ ਕਹਿੰਦੇ ਹਨ।
ਇਸ ਦੇ ਹੇਠਾਂ ਲੁਕਿਆ ਹੋਇਆ ਇੰਟਰਨੈੱਟ ਡੀਪ ਵੈੱਬ ਕਹਾਉਂਦਾ ਹੈ। ਅੰਦਾਜ਼ੇ ਮੁਤਾਬਕ, ਤਕਰੀਬਨ 90 ਫੀਸਦ ਨੈੱਟ ਲੁਕਿਆ ਹੋਇਆ (ਡੀਪ ਵੈੱਬ) ਹੈ।
ਡੀਪ ਵੈੱਬ 'ਤੇ ਉਹ ਹਰ ਪੇਜ ਆਉਂਦਾ ਹੈ, ਜਿਸ ਨੂੰ ਆਮ ਸਰਚ ਇੰਜਣ ਲੱਭ ਨਹੀਂ ਸਕਦੇ ਮਸਲਨ ਯੂਜ਼ਰ ਡੇਟਾਬੇਸ, ਸਟੇਜਿੰਗ ਪੱਧਰ ਦੀ ਵੈੱਬਸਾਈਟ ਪੇਮੈਂਟ ਗੇਟਵੇਅ ਆਦਿ।
ਡਾਰਕ ਵੈੱਬ ਇਸੇ ਡੀਪ ਵੈੱਬ ਦਾ ਉਹ ਕੋਨਾ ਹੈ, ਜਿੱਥੇ ਹਜ਼ਾਰਾਂ ਵੈੱਬਸਾਈਟਸ ਗੁੰਮਨਾਮ ਰਹਿ ਕੇ ਕਈ ਤਰ੍ਹਾਂ ਦੇ ਕਾਲੇ ਬਾਜ਼ਾਰ ਚਲਾਉਂਦੀਆਂ ਹਨ।
ਇੱਥੇ ਕਿੰਨੀਆਂ ਹੀ ਵੈੱਬਸਾਈਟ, ਕਿੰਨੇ ਡੀਲਰ ਅਤੇ ਖਰੀਦਦਾਰ ਹਨ, ਇਸ ਦਾ ਪਤਾ ਲਾਉਣਾ ਬੇਹੱਦ ਮੁਸ਼ਕਲ ਹੈ।
'ਸਿਲਕ ਰੋਡ' ਡਾਰਕ ਵੈੱਬ ਉੱਤੇ ਚੱਲਣ ਵਾਲਾ ਬਹੁਤ ਵੱਡੇ ਨਸ਼ੇ ਦਾ ਬਾਜ਼ਾਰ ਸੀ ਜਿਸ ਨੂੰ ਐੱਫਬੀਆਈ ਨੇ ਪਹਿਲੀ ਵਾਰ 2013 ਵਿੱਚ ਬੰਦ ਕੀਤਾ ਸੀ।'
ਇਹ ਵੀ ਪੜ੍ਹੋ-
ਕਦੋਂ ਸ਼ੁਰੂ ਹੋਇਆ ਡਾਰਕ ਵੈੱਬ?
ਡਾਰਕ ਵੈੱਬ ਦੀ ਸ਼ੁਰੂਆਤ 1990 ਦੇ ਦਹਾਕੇ ਵਿੱਚ ਅਮਰੀਕੀ ਸੈਨਾ ਨੇ ਕੀਤੀ ਸੀ ਤਾਂ ਜੋ ਉਹ ਆਪਣੀਆਂ ਖੁਫ਼ੀਆਂ ਜਾਣਕਾਰੀਆਂ ਸ਼ੇਅਰ ਕਰ ਸਕਣ ਅਤੇ ਕੋਈ ਉਨ੍ਹਾਂ ਤੱਕ ਪਹੁੰਚ ਨਾ ਸਕੇ।
ਉਨ੍ਹਾਂ ਦੀ ਰਣਨੀਤੀ ਸੀ ਕਿ ਉਨ੍ਹਾਂ ਦੇ ਸੰਦੇਸ਼ ਭੀੜ ਦੀ ਗੱਲਬਾਤ ਵਿੱਚ ਲੁਕ ਜਾਣ। ਇਸ ਲਈ ਉਨ੍ਹਾਂ ਨੇ ਇਸ ਨੂੰ ਆਮ ਜਨਤਾ ਵਿਚਾਲੇ ਜਾਰੀ ਕਰ ਦਿੱਤਾ।
ਡਾਰਕ ਵੈੱਬ ਰਾਹੀਂ ਸਾਇਨਾਈਡ ਵਰਗੇ ਜ਼ਹਿਰ ਅਤੇ ਖ਼ਤਰਨਾਕ ਨਸ਼ੀਲੇ ਸਾਮਾਨ ਦੀ ਵੀ ਹੋਮ ਡਲਿਵਰੀ ਹੁੰਦੀ ਹੈ।
ਅੱਤਵਾਦੀਆਂ ਦੀ ਵੀ ਦਿਲਚਸਪੀ
ਡਾਰਕ ਵੈੱਬ 'ਤੇ ਕਿਸੇ ਵੀ ਤਰ੍ਹਾਂ ਦੇ ਖੁਫ਼ੀਆਂ ਦਸਤਾਵੇਜ਼ ਚੋਰੀ ਕਰਨ ਅਤੇ ਸਰਕਾਰੀ ਡਾਟਾ ਨੂੰ ਦੇਖਣ ਦੀ ਕਵਾਇਦ ਰੱਖਣ ਵਾਲੇ ਹੈਕਰ ਵੀ ਮਿਲ ਜਾਂਦੇ ਹਨ।
ਅੱਤਵਾਦੀਆਂ ਦੀ ਮੌਜੂਦਗੀ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਦੱਸਿਆ ਜਾਂਦਾ ਹੈ ਕਿ ਖੁਦ ਨੂੰ ਇਸਲਾਮਿਕ ਸਟੇਟ ਕਹਿਣ ਵਾਲਾ ਸੰਗਠਨ ਡਾਰਕ ਵੈੱਬ ਰਾਹੀਂ ਹੀ ਚੰਦਾ ਇਕੱਠਾ ਕਰਦਾ ਹੈ ਅਤੇ ਸੂਚਨਾਵਾਂ ਸਾਂਝੀਆਂ ਕਰਦਾ ਹੈ।
ਡਾਰਕ ਕਿਵੇਂ ਕੰਮ ਕਰਦਾ ਹੈ
- ਐੱਨਸੀਬੀ ਨੇ ਦੇਸ਼ ਦੇ ਸਭ ਤੋਂ ਵੱਡੇ ਡਰੱਗ ਨੈੱਟਵਰਕ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ।
- ਬਿਊਰੋ ਦਾ ਕਹਿਣਾ ਹੈ ਕਿ ਇਸ ਨੈੱਟਵਰਕ ਡਾਰਕ ਵੈੱਬ ਰਾਹੀਂ ਚੱਲ ਰਿਹਾ ਸੀ।
- 15 ਹਜ਼ਾਰ ਐੱਲਐੱਸਡੀ ਬਲੌਟ ਬਰਾਮਦ ਕੀਤੇ ਗਏ ਹਨ ਅਤੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
- ਡਾਰਕ ਵੈੱਬ ਇੰਟਰਨੈੱਟ ਦਾ ਇਹ ਕੋਨਾ ਹੈ ਜਿੱਥੇ ਸਾਰੇ ਗ਼ੈਰ-ਕਾਨੂੰਨੀ ਧੰਦੇ ਚੱਲਦੇ ਹਨ।
- ਅੰਦਾਜ਼ੇ ਮੁਤਾਬਕ, ਤਕਰੀਬਨ 90 ਫੀਸਦ ਨੈੱਟ ਲੁਕਿਆ ਹੋਇਆ (ਡੀਪ ਵੈੱਬ) ਹੈ।
- ਡਾਰਕ ਵੈੱਬ ਦੀ ਸ਼ੁਰੂਆਤ 1990 ਦੇ ਦਹਾਕੇ ਵਿੱਚ ਅਮਰੀਕੀ ਸੈਨਾ ਨੇ ਕੀਤੀ ਸੀ।
- ਪੁਲਿਸ ਨਹੀਂ ਜਾਣ ਸਕਦੀ ਕਿ ਡਾਰਕ ਵੈੱਬ ਉੱਤੇ ਕੌਣ ਕਿੱਥੇ ਬੈਠ ਕੇ ਕੀ ਵੇਚ ਅਤੇ ਖਰੀਦ ਰਿਹਾ ਹੈ, ਜਾਂ ਕੀ-ਕੀ ਦੇਖ ਰਿਹਾ ਹੈ।
ਬਹੁਤ ਮੁਸ਼ਕਲ ਹੈ ਨਿਗਰਾਨੀ
ਡਾਰਕਨੈੱਟ ਡੂੰਘੇ ਲੁਕਵੇਂ ਇੰਟਰਨੈੱਟ ਪਲੇਟਫਾਰਮ ਨੂੰ ਦਰਸਾਉਂਦਾ ਹੈ ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਿਗਰਾਨੀ ਤੋਂ ਦੂਰ ਰਹਿਣ ਲਈ ਪਿਆਜ਼ ਰਾਊਟਰ (ਟੀਓਆਰ) ਦੀਆਂ ਗੁਪਤ ਗਲੀਆਂ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥਾਂ ਦੀ ਵਿਕਰੀ, ਅਸ਼ਲੀਲ ਸਮੱਗਰੀ ਦੇ ਆਦਾਨ-ਪ੍ਰਦਾਨ ਅਤੇ ਹੋਰ ਗ਼ੈਰ ਕਾਨੂੰਨੀ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ।
ਡਾਰਕ ਵੈੱਬ ਨੂੰ ਐਕਸੈਸ ਕਰਨ ਲਈ ਖ਼ਾਸ ਬ੍ਰਾਊਜ਼ਰ ਹੁੰਦੇ ਹਨ ਜੋ ਪਿਆਜ਼ ਵਾਂਗ ਲੇਅਰਡ ਯਾਨਿ ਪਰਤ ਦਰ ਪਰਤ ਸੁਰੱਖਿਅਤ ਹੁੰਦੇ ਹਨ।
ਸਾਲ 2018 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਪੁਣੇ ਸਾਈਬਰ ਸੈੱਲ ਦੇ ਡੀਸੀਪੀ ਸੁਧੀਰ ਹੀਰਮੇਠ ਮੁਤਾਬਕ, "ਡਾਰਕ ਵੈੱਬ ਨੂੰ ਐਕਸੈਸ ਕਰਨ ਲਈ ਖ਼ਾਸ ਬ੍ਰਾਊਜ਼ਰ ਹੁੰਦੇ ਹਨ, ਜੋ ਪਿਆਜ਼ ਦੀਆਂ ਪਰਤਾਂ ਵਾਂਗ ਪਰਤ ਦਰ ਪਰਤ ਸੁਰੱਖਿਅਤ ਹੁੰਦੇ ਹਨ।"
ਅੱਗੇ ਸਮਝਾਉਂਦੇ ਹੋਏ ਡੀਸੀਪੀ ਕਹਿੰਦੇ ਹਨ, "ਓਪਨ ਇੰਟਰਨੈੱਟ ਅਤੇ ਆਮ ਸਰਚ ਇੰਜਣ 'ਤੇ ਹੋਣ ਵਾਲੇ ਕੰਮਾਂ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਗੂਗਲ ਤਾਂ ਸਾਨੂੰ ਹਰ ਥਾਂ ਉੱਤੇ ਟ੍ਰੈਕ ਕਰਦਾ ਹੈ ਪਰ ਡਾਰਕ ਵੈੱਬ ਦੀ ਜਾਸੂਸੀ ਕਰਨਾ ਬੇਹੱਦ ਮੁਸ਼ਕਲ ਹੈ।
ਡਾਰਕ ਵੈੱਬ ਇੰਟਰਨੈੱਟ ਦੀ ਵਰਤੋਂ ਤਾਂ ਕਰਦਾ ਹੈ ਪਰ ਉਨ੍ਹਾਂ ਕੋਲ ਅਜਿਹੇ ਸਾਫਟਵੇਅਰ ਹੁੰਦੇ ਹਨ ਜੋ ਕੰਪਿਊਟਰ ਦੇ ਆਈਪੀ ਐਡਰੈਸ ਨੂੰ ਲੁਕਾ ਲੈਂਦੇ ਹਨ ਅਤੇ ਇਸ ਨਾਲ ਸਾਡੀ ਨਜ਼ਰ ਵਿੱਚ ਨਹੀਂ ਆਉਂਦੇ ਤੇ ਅਸੀਂ ਅਸਲ ਯੂਜ਼ਰ ਤੱਕ ਨਹੀਂ ਪਹੁੰਚ ਪਾਉਂਦੇ।"
ਇਸ ਦਾ ਮਤਲਬ ਪੁਲਿਸ ਨਹੀਂ ਜਾਣ ਸਕਦੀ ਕਿ ਡਾਰਕ ਵੈੱਬ ਉੱਤੇ ਕੌਣ ਕਿੱਥੇ ਬੈਠ ਕੇ ਕੀ ਵੇਚ ਅਤੇ ਖਰੀਦ ਰਿਹਾ ਹੈ, ਜਾਂ ਕੀ-ਕੀ ਦੇਖ ਰਿਹਾ ਹੈ।
ਬਿਟਕੁਆਇਨ ਨਾਲ ਹੁੰਦਾ ਹੈ ਭੁਗਤਾਨ
ਡਾਰਕ ਵੈੱਬ ਆਪਣੇ ਆਪ ਵਿੱਚ ਡਿਜੀਟਲ ਮਾਰਕੀਟ ਵਾਂਗ ਹੈ ਸਿਵਾਏ ਇਸ ਦੇ ਕਿ ਇਹ ਗ਼ੈਰ-ਕਾਨੂੰਨੀ ਹੈ ਅਤੇ ਇਸ 'ਤੇ ਮਿਲਣ ਵਾਲੀਆਂ ਚੀਜ਼ਾਂ ਨੂੰ ਖਰੀਦਣਾ ਅਤੇ ਵੇਚਣਾ ਵੀ ਅਪਰਾਧ ਹੈ।
ਐਮਾਜ਼ੋਨ, ਫਲਿਪਕਾਰਟ ਵਾਂਗ ਗਾਹਕਾਂ ਨੂੰ ਲੁਭਾਉਣ ਅਤੇ ਵਾਪਸ ਬੁਲਾਉਣ ਲਈ ਆਫਰਜ਼ ਅਤੇ ਫ੍ਰੀਬੀਜ਼ ਵੀ ਦਿੱਤੇ ਜਾਂਦੇ ਹਨ, ਜਿਵੇਂ ਇੱਕ ਨਾਲ ਇੱਕ ਮੁਫ਼ਤ, ਕੁਝ ਵੱਧ ਆਦਿ।
ਇਸ ਤੋਂ ਇਲਾਵਾ ਤੁਸੀਂ ਇੱਥੇ ਮੌਜੂਦ ਬਾਕੀ ਯੂਜ਼ਰ ਨਾਲ ਚੈੱਟ ਵੀ ਕਰ ਸਕਦੇ ਹੋ।
ਭੁਗਤਾਨ ਬਿਟਕੁਆਇਨ ਵਰਗੀਆਂ ਕ੍ਰਿਪਟੋਕਰੰਸੀ ਨਾਲ ਹੁੰਦਾ ਹੈ। ਕ੍ਰਿਪਟੋਕਰੰਸੀ ਡਿਜੀਟਲ ਰਾਸ਼ੀ ਹੈ ਇਸ ਵਿੱਚ ਨੋਟ ਜਾਂ ਸਿੱਕੇ ਦੀ ਥਾਂ ਡਿਜੀਟਲ ਕੋਡ ਮਿਲਦਾ ਹੈ।
ਕ੍ਰਿਪਟੋਕਰੰਸੀ ਦਾ ਟ੍ਰੈਕ ਰੱਖਣਾ ਵੀ ਬੜਾ ਮੁਸ਼ਕਲ ਹੈ, ਇਸ ਲਈ ਗ਼ੈਰ-ਕਾਨੂੰਨੀ ਗਤੀਵਿਧੀਆਂ 'ਚ ਇਸ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ।