You’re viewing a text-only version of this website that uses less data. View the main version of the website including all images and videos.
ਵੱਟਸਐਪ: ਅਣਜਾਣੇ ਨੰਬਰਾਂ ਤੋਂ ਵਿਦੇਸ਼ੀ ਕਾਲਾਂ ਕੀ ਤੁਹਾਨੂੰ ਵੀ ਆ ਰਹੀਆਂ?ਇਹ ਹਨ ਕਾਰਨ ਤੇ ਬਚਾਅ
- ਲੇਖਕ, ਸੁਭਮ ਕਿਸ਼ੋਰ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਕੁਝ ਦਿਨਾਂ ਤੋਂ, ਕੀ ਤੁਹਾਨੂੰ ਤੁਹਾਡੇ ਵੱਟਸਐਪ ਨੰਬਰ 'ਤੇ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ।
ਜੇਕਰ ਅਜਿਹਾ ਹੈ ਤਾਂ ਤੁਸੀਂ ਇਕੱਲੇ ਨਹੀਂ, ਦੇਸ਼ ਦੇ ਕਰੋੜਾਂ ਲੋਕਾਂ ਨੂੰ ਹਰ ਰੋਜ਼ ਅਜਿਹੇ ਫ਼ੋਨ ਆ ਰਹੇ ਹਨ।
ਕਈ ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਇੰਡੋਨੇਸ਼ੀਆ (+62), ਵੀਅਤਨਾਮ (+84), ਮਲੇਸ਼ੀਆ (+60), ਕੀਨੀਆ (+254) ਅਤੇ ਇਥੋਪੀਆ (+251) ਤੋਂ ਵਟਸਐੱਪ 'ਤੇ ਕਾਲਾਂ ਆ ਰਹੀਆਂ ਹਨ।
ਇਹ ਖ਼ਬਰ ਲਿਖਣ ਵੇਲੇ ਵੀ ਮੇਰੇ ਆਲੇ-ਦੁਆਲੇ ਬੈਠੇ ਦੋ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਫ਼ੋਨ ਆ ਰਹੇ ਹਨ।
ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਇੰਨੀ ਆਮ ਹੋ ਗਈ ਹੈ ਕਿ ਸਰਕਾਰ ਨੇ ਵੱਟਸਐਪ ਨੂੰ ਨੋਟਿਸ ਭੇਜਣ ਦਾ ਫ਼ੈਸਲਾ ਕੀਤਾ ਹੈ।
ਸਰਕਾਰ ਵੀ ਹੋਈ ਸੁਚੇਤ
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਉਪਭੋਗਤਾਵਾਂ ਦੀ ਸੁਰੱਖਿਆ ਕਰਨਾ ਡਿਜੀਟਲ ਪਲੇਟਫ਼ਾਰਮ ਦੀ ਜ਼ਿੰਮੇਵਾਰੀ ਹੈ।
ਚੰਦਰਸ਼ੇਖਰ ਨੇ ਕਿਹਾ, "ਉਹ ਕਿਵੇਂ ਜਾਣਦੇ ਹਨ ਕਿ ਇਹ ਨੰਬਰ ਵੱਟਸਐਪ 'ਤੇ ਹਨ। ਕੀ ਇਹ ਅੰਦਾਜ਼ੇ ਨਾਲ ਹੋ ਰਿਹਾ ਹੈ ਜਾਂ ਕੀ ਉਨ੍ਹਾਂ ਕੋਲ ਕੋਈ ਡਾਟਾਬੇਸ ਹੈ? ਜੇਕਰ ਡਾਟਾਬੇਸ ਹੈ, ਤਾਂ ਕੀ ਇਹ ਨਿੱਜ਼ਦਾ ਦੀ ਉਲੰਘਣਾ ਨਹੀਂ ਹੈ, ਜਾਂ ਉਹ ਕਿਸੇ ਤਰ੍ਹਾਂ ਦੇ ਬੌਟ (ਰਿਬੌਟ ਸਿਸਟਮ)ਨਾਲ ਅਜਿਹਾ ਕਰ ਰਹੇ ਹਨ?”
"ਪਰ ਕੁਝ ਅਜਿਹਾ ਤਾਂ ਹੈ, ਜਿਸ ਦੀ ਇਸ ਪਲੇਟਫਾਰਮ ਨੂੰ ਜਾਂਚ ਕਰਨੀ ਚਾਹੀਦੀ ਹੈ।"
ਚੰਦਰ ਸ਼ੇਖਰ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਸਰਕਾਰ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਵੱਟਸਐਪ ਸਮਾਰਟਫ਼ੋਨ ਦੇ ਮਾਈਕ੍ਰੋਫ਼ੋਨ ਦੀ ਵਰਤੋਂ ਉਦੋਂ ਵੀ ਕਰਦਾ ਹੈ ਜਦੋਂ ਉਪਭੋਗਤਾ ਫ਼ੋਨ ਦੀ ਵਰਤੋਂ ਨਹੀਂ ਕਰ ਰਿਹਾ ਹੁੰਦਾ।
ਵੱਟਸਐਪ ਨੇ ਕਿਹਾ, ਜਲਦੀ ਹੀ ਸਪੈਮ ਕਾਲਾਂ ਘੱਟਣਗੀਆਂ
ਇਸ ਪੂਰੇ ਵਿਵਾਦ 'ਤੇ ਵੱਟਸਐਪ ਨੇ ਕਿਹਾ ਹੈ ਕਿ ਉਹ ਸਪੈਮ ਕਾਲਾਂ ਨਾਲ ਨਜਿੱਠਣ ਲਈ ਆਪਣੇ ਬੈਕਐਂਡ ਨੂੰ ਮਜ਼ਬੂਤ ਕਰ ਰਿਹਾ ਹੈ।
ਵੀਰਵਾਰ ਨੂੰ ਮੈਟਾ ਦੀ ਇਸ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਸਪੈਮ ਕਾਲਾਂ ਨੂੰ ਘੱਟ ਕਰਨ ਲਈ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਨੂੰ ਬਿਹਤਰ ਬਣਾਇਆ ਹੈ।
ਕੁਝ ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਜਦੋਂ ਉਨ੍ਹਾਂ ਨੇ ਕਾਲ ਦਾ ਜਵਾਬ ਦਿੱਤਾ ਤਾਂ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ ਸੀ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਵਟਸਐਪ ਨੇ ਇੱਕ ਬਿਆਨ ਵਿੱਚ ਕਿਹਾ, "ਵੱਟਸਐਪ ਹਮੇਸ਼ਾ ਤੋਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਅਤੇ ਯੂਜ਼ਰਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਅਸੀਂ ਯੂਜ਼ਰਸ ਨੂੰ ਕਈ ਸੇਫਟੀ ਟੂਲ ਵੀ ਪ੍ਰਦਾਨ ਕਰਦੇ ਹਾਂ, ਜਿਵੇਂ ਕਿ ਬਲਾਕ ਅਤੇ ਰਿਪੋਰਟ।”
“ਸੁਰੱਖਿਅਤ ਵਾਤਾਵਰਨ ਜਾਗਰੂਕਤਾ ਦੇ ਨਾਲ-ਨਾਲ ਸਿਸਟਮ ਨੂੰ ਹਮੇਸ਼ਾਂ ਹੀ ਗ਼ਲਤ ਇਰਾਦੇ ਵਾਲਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਪਰ ਮਾੜੇ ਇਰਾਦਿਆਂ ਵਾਲੇ ਲੋਕ ਵੱਖ-ਵੱਖ ਤਰੀਕੇ ਲੱਭ ਲੈਂਦੇ ਹਨ। ਇਨ੍ਹਾਂ ਨਵੇਂ ਤਰੀਕਿਆਂ ਵਿੱਚੋਂ ਇੱਕ ਕੌਮਾਂਤਰੀ ਸਪੈਮ ਕਾਲ ਹੈ।"
ਵੱਟਸਐਪ ਦੇ ਬੁਲਾਰੇ ਨੇ ਕਿਹਾ ਕਿ ਨਵੀਆਂ ਕੋਸ਼ਿਸ਼ਾਂ ਸਪੈਮ ਕਾਲਾਂ ਨੂੰ 50 ਫ਼ੀਸਦੀ ਤੱਕ ਘਟਾ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ, "ਅਸੀਂ ਆਸ ਕਰਦੇ ਹਾਂ ਕਿ ਜਲਦੀ ਹੀ ਇਸ ਸਮੱਸਿਆ 'ਤੇ ਕਾਬੂ ਪਾ ਲਵਾਂਗੇ। ਅਸੀਂ ਸੁਰੱਖਿਅਤ ਉਪਭੋਗਤਾ ਅਨੁਭਵ ਲਈ ਕੰਮ ਕਰਨਾ ਜਾਰੀ ਰੱਖਾਂਗੇ।"
ਭਾਰਤ ਵਿੱਚ ਵਟਸਐਪ ’ਤੇ ਸਪੈਮ ਕਾਲਾਂ
- ਭਾਰਤ ਵਿੱਚ ਲੋਕਾਂ ਨੂੰ ਇੰਡੋਨੇਸ਼ੀਆ (+62), ਵੀਅਤਨਾਮ (+84), ਮਲੇਸ਼ੀਆ (+60), ਕੀਨੀਆ (+254) ਅਤੇ ਇਥੋਪੀਆ (+251) ਤੋਂ ਵਟਸਐੱਪ 'ਤੇ ਕਾਲਾਂ ਆ ਰਹੀਆਂ ਹਨ।
- ਸਰਕਾਰ ਦਾ ਕਹਿਣਾ ਹੈ ਕਿ ਉਪਭੋਗਤਾਵਾਂ ਦੀ ਸੁਰੱਖਿਆ ਕਰਨਾ ਡਿਜੀਟਲ ਪਲੇਟਫ਼ਾਰਮ ਦੀ ਜ਼ਿੰਮੇਵਾਰੀ ਹੈ।
- ਵੱਟਸਐਪ ਦੇ ਬੁਲਾਰੇ ਨੇ ਕਿਹਾ ਕਿ ਨਵੀਆਂ ਕੋਸ਼ਿਸ਼ਾਂ ਸਪੈਮ ਕਾਲਾਂ ਨੂੰ 50 ਫ਼ੀਸਦੀ ਤੱਕ ਘਟਾ ਸਕਦੀਆਂ ਹਨ।
- ਮਾਹਰਾਂ ਮੁਤਾਬਕ ਸੈਲੂਲਰ ਨੈੱਟਵਰਕ ਦੇ ਮੁਕਾਬਲੇ ਦੂਜੇ ਦੇਸ਼ ਵੱਟਸਐਪ 'ਤੇ ਕਾਲ ਕਰਨਾ ਬਹੁਤ ਸੌਖਾ ਹੈ।
- ਮਾਹਰ ਸਲਾਹ ਦਿੰਦੇ ਹਨ ਕਿ ਸਾਨੂੰ ਕਿਤੇ ਨਾ ਕਿਤੇ ਆਪਣਾ ਨੰਬਰ ਦਿੰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ।
- ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਕਾਲਾਂ ਨੂੰ ਰੋਕਣਾ ਵਟਸਐਪ ਦੀ ਜ਼ਿੰਮੇਵਾਰੀ ਹੈ।
ਅੰਤਰਰਾਸ਼ਟਰੀ ਨੰਬਰਾਂ ਤੋਂ ਫੋਨ ਕਾਲਾਂ ਸਿਰਫ ਵਟਸਐਪ 'ਤੇ
ਮਾਹਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਕਾਲਾਂ ਆਉਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਜਿੱਥੇ ਵੀ ਸਪੈਮਰਜ਼ ਨੂੰ ਮੌਕਾ ਮਿਲਦਾ ਹੈ, ਉਹ ਇਸ ਦਾ ਫ਼ਾਇਦਾ ਉਠਾਉਂਦੇ ਹਨ।
ਆਈਆਈਟੀ ਰੋਪੜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾਕਟਰ ਸੁਦਰਸ਼ਨ ਆਇੰਗਰ ਕਹਿੰਦੇ ਹਨ, "ਭਾਰਤ ਵਿੱਚ ਤੁਸੀਂ ਇੱਕ ਮੋਬਾਈਲ ਨੰਬਰ ਤੋਂ ਇੰਨੇ ਨੰਬਰਾਂ 'ਤੇ ਕਾਲ ਨਹੀਂ ਕਰ ਸਕਦੇ ਜੋ ਤੁਹਾਡੇ ਲਈ ਬਿਲਕੁਲ ਨਵੇਂ ਹਨ।”
“ਤੁਹਾਨੂੰ ਤੁਰੰਤ ਹੀ ਟਰੈਕ ਕੀਤਾ ਜਾ ਸਕਦਾ ਹੈ। ਇਸ ਲਈ ਉਨ੍ਹਾਂ ਦੇਸ਼ਾਂ ਤੋਂ ਫ਼ੋਨ ਆ ਰਹੇ ਹਨ, ਜਿੱਥੇ ਅਜਿਹਾ ਕਰਨਾ ਸੰਭਵ ਹੈ।”
"ਇਹ ਕਾਲਾਂ ਹੁਣ ਵੱਟਸਐਪ 'ਤੇ ਕਿਉਂ ਆ ਰਹੀਆਂ ਹਨ, ਇਸਦਾ ਸਧਾਰਨ ਜਵਾਬ ਇਹ ਹੈ ਕਿ ਸੈਲੂਲਰ ਨੈੱਟਵਰਕ ਦੇ ਮੁਕਾਬਲੇ ਦੂਜੇ ਦੇਸ਼ ਵਟਸਐਪ 'ਤੇ ਕਾਲ ਕਰਨਾ ਬਹੁਤ ਸੌਖਾ ਹੈ।”
ਤੁਸੀਂ ਆਪਣਾ ਨੰਬਰ ਆਪ ਹੀ ਤਾਂ ਨਹੀਂ ਦੇ ਰਹੇ?
ਇਹ ਕਾਲਾਂ ਵੱਟਸਐਪ 'ਤੇ ਆ ਰਹੀਆਂ ਹਨ ਅਤੇ ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਹਨ, ਇਸ ਲਈ ਲੋਕ ਜ਼ਿਆਦਾ ਪ੍ਰੇਸ਼ਾਨ ਹਨ, ਪਰ ਤੁਹਾਡੇ ਸਿਮ ਨੰਬਰ 'ਤੇ ਵੀ ਸਪੈਮ ਕਾਲਾਂ ਆ ਰਹੀਆਂ ਹਨ, ਇਸ ਲਈ ਇਹ ਮੰਨ ਲੈਣਾ ਸਹੀ ਨਹੀਂ ਹੈ ਕਿ ਨੰਬਰ ਵੱਟਸਐਪ ਜ਼ਰੀਏ ਜਾਰੀ ਕੀਤੇ ਗਏ ਹਨ।
ਡਾਕਟਰ ਸੁਦਰਸ਼ਨ ਕਹਿੰਦੇ ਹਨ, "ਜਦੋਂ ਤੁਸੀਂ ਕਿਸੇ ਸੁਸਾਇਟੀ ਵਿੱਚ ਜਾਂਦੇ ਹੋ, ਕਿਤੇ ਖਾਣਾ ਖਾਣ ਜਾਂਦੇ ਹੋ, ਤੁਸੀਂ ਆਪਣਾ ਨੰਬਰ ਲਿਖਦੇ ਹੋ, ਜ਼ਿੰਮੇਵਾਰ ਕੰਪਨੀਆਂ ਕਿਸੇ ਨੂੰ ਤੁਹਾਡਾ ਨੰਬਰ ਨਹੀਂ ਦਿੰਦੀਆਂ, ਪਰ ਬਹੁਤ ਸਾਰੀਆਂ ਅਜਿਹੀਆਂ ਥਾਵਾਂ 'ਤੇ ਤੁਸੀਂ ਨੰਬਰ ਦਿੰਦੇ ਹੋ, ਜੋ ਬਹੁਤੀਆਂ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੈ, ਉਹ ਤੁਹਾਡਾ ਨੰਬਰ ਕਿਸੇ ਨੂੰ ਦੇ ਦਿੰਦੀਆਂ ਹਨ ਅਤੇ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਤੇ ਨਾ ਕਿਤੇ ਆਪਣਾ ਨੰਬਰ ਦਿੰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਵੱਟਸਐਪ ਜਾਣਕਾਰੀ ਲੀਕ ਕਰੇਗਾ, ਕਿਉਂਕਿ ਅਜਿਹੀਆਂ ਕਾਲਾਂ ਦਾ ਉਨ੍ਹਾਂ ਦੇ ਕਾਰੋਬਾਰ 'ਤੇ ਸਿੱਧਾ ਅਸਰ ਪਵੇਗਾ, ਲੋਕ ਪਰੇਸ਼ਾਨ ਹੋ ਜਾਣਗੇ ਅਤੇ ਹੋਰ ਐਪਸ ਦੀ ਵਰਤੋਂ ਕਰਨਾ ਸ਼ੁਰੂ ਕਰ ਦੇਣਗੇ।"
ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਕਾਲਾਂ ਨੂੰ ਰੋਕਣਾ ਵਟਸਐਪ ਦੀ ਜ਼ਿੰਮੇਵਾਰੀ ਹੈ।
ਵੱਟਸਐਪ ਪਹਿਲਾਂ ਹੀ ਵੱਧ ਫ਼ਾਰਵਰਡ ਕੀਤੇ ਜਾਣ ਵਾਲੇ ਮੈਸੇਜ਼ ਉੱਤੇ ਟੈਗ ਲਗਾ ਚੁੱਕਿਆ ਹੈ। ਹੁਣ ਕੰਪਨੀ ਨੇ ਅਜਿਹੀਆਂ ਕਾਲਾਂ ਨੂੰ ਰੋਕਣ ਲਈ ਕਦਮ ਚੁੱਕਣ ਦਾ ਦਾਅਵਾ ਕੀਤਾ ਹੈ।
ਭਾਰਤ ਵਿੱਚ ਹੀ ਅਜਿਹਾ ਕਿਉਂ ਹੋ ਰਿਹਾ ਹੈ?
ਵੱਟਸਐਪ 'ਤੇ ਅਜਿਹੀਆਂ ਫ਼ੋਨ ਕਾਲਾਂ ਦੀਆਂ ਖ਼ਬਰਾਂ ਸਿਰਫ਼ ਭਾਰਤ ਤੋਂ ਹੀ ਕਿਉਂ ਆ ਰਹੀਆਂ ਹਨ?
ਇਸ 'ਤੇ ਡਾਕਟਰ ਸੁਦਰਸ਼ਨ ਕਹਿੰਦੇ ਹਨ, "ਸਪੈਮ ਕਾਲਾਂ ਕਿਸੇ ਵੀ ਦੇਸ਼ ਵਿੱਚ ਆ ਸਕਦੀਆਂ ਹਨ ਅਤੇ ਆਉਂਦੀਆਂ ਵੀ ਹਨ, ਪਰ ਮੇਰੇ ਹਿਸਾਬ ਨਾਲ ਭਾਰਤ ਵਿੱਚ ਅਜਿਹੀਆਂ ਕਾਲਾਂ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇੱਥੇ ਇੱਕ ਵੱਡੀ ਆਬਾਦੀ ਕੋਲ ਮੋਬਾਈਲ ਫ਼ੋਨ ਤੇ ਇੰਟਰਨੈਟ ਦੀ ਸੁਵਿਧਾ ਹੋਣਾ ਹੈ।”
“ਉਹ ਵੱਡੀ ਗਿਣਤੀ ਵਿੱਚ ਫ਼ੋਨ ਰਾਹੀਂ ਪੈਸੇ ਦਾ ਲੈਣ-ਦੇਣ ਕਰ ਰਹੇ ਹਨ। ਇਸ ਲਈ ਅਜਿਹੇ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।"
ਜੇਕਰ ਤੁਹਾਨੂੰ ਇੱਕ ਕਾਲ ਪ੍ਰਾਪਤ ਹੋਈ ਹੈ ਤਾਂ ਕੀ ਕਰਨਾ ਹੈ
ਜੇ ਅਜਿਹੀ ਕਾਲ ਆਏ ਤਾਂ ਕੀ ਕਰਨਾ ਚਾਹੀਦਾ ਹੈ?
ਜੇ ਤੁਹਾਨੂੰ ਅਜਿਹੀਆਂ ਸਪੈਮ ਕਾਲਾਂ ਆਉਂਦੀਆਂ ਹਨ, ਤਾਂ ਉਨ੍ਹਾਂ ਨੂੰ ਚੁੱਕੋ ਨਾ। ਜੇਕਰ ਤੁਹਾਨੂੰ ਯਕੀਨ ਹੈ ਕਿ ਇਹ ਸਪੈਮ ਕਾਲਾਂ ਹਨ, ਤਾਂ ਉਹਨਾਂ ਨੂੰ ਤੁਰੰਤ ਬਲੌਕ ਕਰ ਦਿਓ ਤੇ ਰਿਪੋਰਟ ਕਰੋ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਜਾਣ-ਪਛਾਣ ਵਾਲਾ ਵਿਅਕਤੀ ਕਾਲ ਕਰ ਰਿਹਾ ਹੈ ਪਰ ਉਸ ਦਾ ਨੰਬਰ ਤੁਹਾਡੇ ਫ਼ੋਨ ਵਿੱਚ ਸੇਵ ਨਹੀਂ ਹੈ, ਤਾਂ ਚੁੱਕਣ ਤੋਂ ਪਹਿਲਾਂ ਉਸ ਨੰਬਰ 'ਤੇ ਮੈਸੇਜ ਕਰੋ ਅਤੇ ਪੁੱਛੋ ਕਿ ਉਹ ਕੌਣ ਹਨ।
ਇਸ ਤੋਂ ਇਲਾਵਾ ਜੇ ਤੁਸੀਂ ਫ਼ੋਨ ਚੁੱਕਦੇ ਹੋ ਤਾਂ ਵੀ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
ਸਿਰਫ਼ ਫ਼ੋਨ ਚੁੱਕ ਲੈਣ ਨਾਲ ਜਾਂ ਕੋਈ ਗੱਲ ਕਰਨ ਨਾਲ ਤੁਹਾਡੀ ਨਿੱਜੀ ਜਾਣਕਾਰੀ ਦੇ ਲੀਕ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।