ਫੇਸਬੁੱਕ, ਵੱਟਸਐਪ ਤੇ ਇੰਸਟਾਗ੍ਰਾਮ ਮੁੜ ਬਹਾਲ ਹੋਏ, ਟਵਿੱਟਰ ਨੇ ਮਾਮਲੇ ਬਾਰੇ ਇੰਝ ਲਈ ਚੁਟਕੀ

ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਐਪਸ ਮੁੜ ਤੋਂ ਬਹਾਲ ਹੋ ਗਏ ਹਨ। ਇਹ ਤਕਰੀਬਨ ਛੇ ਘੰਟੇ ਤੱਕ ਡਾਊਨ ਰਹੇ ਸਨ। ਤਿੰਨੋਂ ਹੀ ਐਪਸ ਫੇਸਬੁੱਕ ਅਧੀਨ ਹਨ ਅਤੇ ਕੱਲ੍ਹ ਰਾਤ ਵੈੱਬ ਜਾਂ ਸਮਾਰਟਫੋਨ 'ਤੇ ਚੱਲਣੇ ਬੰਦ ਹੋ ਗਏ ਸਨ।

ਡਾਊਨਡਿਟੈਕਟਰ ਇਸ ਬੰਦ ਨੂੰ ਟਰੈਕ ਕਰਦਾ ਹੈ। ਉਸ ਦਾ ਕਹਿਣਾ ਕਿ ਦੁਨੀਆਂ ਭਰ ਵਿੱਚ 10.6 ਮਿਲੀਅਨ ਲੋਕਾਂ ਨੂੰ ਸਮੱਸਿਆ ਆਈ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਫੇਲੀਅਰ ਸੀ।

ਪਿਛਲੀ ਵਾਰ ਫੇਸਬੁੱਕ ਨੂੰ ਇੰਨੀ ਵੱਡੀ ਰੁਕਾਵਟ ਦਾ ਸਾਹਮਣਾ 2019 ਵਿੱਚ ਕਰਨਾ ਪਿਆ ਸੀ।

ਫੇਸਬੁੱਕ ਨੇ ਐਪਸ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋਣ ਵਾਲਿਆਂ ਤੋਂ ਮਾਫ਼ੀ ਮੰਗੀ।

ਫੇਸਬੁੱਕ ਨੇ ਟਵੀਟ ਕੀਤਾ, "ਦੁਨੀਆਂ ਭਰ ਦੇ ਲੋਕਾਂ ਅਤੇ ਦੁਨੀਆਂ ਭਰ ਵਿੱਚ ਉਹ ਕਾਰੋਬਾਰ ਜੋ ਸਾਡੇ 'ਤੇ ਨਿਰਭਰ ਹਨ: ਅਸੀਂ ਮਾਫ਼ੀ ਮੰਗਦੇ ਹਾਂ। ਅਸੀਂ ਆਪਣੀਆਂ ਐਪਸ ਅਤੇ ਸੇਵਾਵਾਂ ਨੂੰ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਇਹ ਦੱਸ ਕੇ ਖੁਸ਼ ਹਾਂ ਕਿ ਉਹ ਹੁਣ ਵਾਪਸ ਆਨਲਾਈਨ ਆ ਰਹੇ ਹਨ। ਸਾਨੂੰ ਬਰਦਾਸ਼ਤ ਕਰਨ ਲਈ ਤੁਹਾਡਾ ਧੰਨਵਾਦ।"

ਫੇਸਬੁੱਕ ਦੇ ਫਾਊਡਰ ਅਤੇ ਸੀਈਓ ਨੇ ਫੇਸਬੁੱਕ ਉੱਤੇ ਪੋਸਟ ਪਾਉਂਦਿਆਂ ਲਿਖਿਆ, "ਫੇਸਬੁੱਕ, ਇੰਸਟਾਗਰਾਮ, ਵਟਸਐਪ ਅਤੇ ਮੈਸੇਂਜਰ ਹੁਣ ਵਾਪਸ ਆਨਲਾਈਨ ਆ ਗਏ ਹਨ। ਅੱਜ ਦੀ ਰੁਕਾਵਟ ਲਈ ਖੇਦ ਹੈ। ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਲੋਕਾਂ ਨਾਲ ਜੁੜੇ ਰਹਿਣ ਲਈ ਸਾਡੀਆਂ ਸੇਵਾਵਾਂ 'ਤੇ ਕਿੰਨਾ ਨਿਰਭਰ ਹੋ।"

ਵਟਸਐਪ ਨੇ ਸੇਵਾਵਾਂ ਠੀਕ ਹੋਣ ਤੋਂ ਬਾਅਦ ਟਵੀਟ ਕੀਤਾ, "ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗਦੇ ਹਾਂ ਜੋ ਅੱਜ ਵਟਸਐਪ ਦੀ ਵਰਤੋਂ ਨਹੀਂ ਕਰ ਸਕੇ। ਅਸੀਂ ਹੌਲੀ-ਹੌਲੀ ਅਤੇ ਧਿਆਨ ਨਾਲ ਵਟਸਐਪ ਨੂੰ ਦੁਬਾਰਾ ਚਲਾਉਣਾ ਸ਼ੁਰੂ ਕਰ ਰਹੇ ਹਾਂ। ਤੁਹਾਡੇ ਧੀਰਜ ਲਈ ਤੁਹਾਡਾ ਬਹੁਤ ਧੰਨਵਾਦ। ਜਦੋਂ ਸਾਡੇ ਕੋਲ ਸਾਂਝੀ ਕਰਨ ਲਈ ਵਧੇਰੇ ਜਾਣਕਾਰੀ ਹੋਵੇਗੀ ਤਾਂ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ।"

ਇਹ ਵੀ ਪੜ੍ਹੋ:

ਇੰਸਟਾਗਰਾਮ ਨੇ ਟਵੀਟ ਕੀਤਾ, "ਇੰਸਟਾਗਰਾਮ ਹੌਲੀ-ਹੌਲੀ ਪਰ ਯਕੀਨੀ ਤੌਰ 'ਤੇ ਹੁਣ ਵਾਪਸ ਆ ਰਿਹਾ ਹੈ - ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਉਡੀਕ ਲਈ ਮਾਫ਼ੀ!"

ਕੀ ਹੋ ਸਕਦਾ ਹੈ ਕਾਰਨ?

ਹਾਲਾਂਕਿ ਅਜੇ ਤੱਕ ਸਮੱਸਿਆ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ ਹੈ। ਪਰ ਆਨਲਾਈਨ ਨੈੱਟਵਰਕ ਮਾਹਰਾਂ ਦਾ ਅਨੁਮਾਨ ਹੈ ਕਿ ਇਸ ਵਿੱਚ ਡੀਐੱਨਐੱਸ ਜਾਂ ਡੋਮੇਨ ਨੇਮ ਸਿਸਟਮ ਵਿੱਚ ਖਰਾਬੀ ਹੋ ਸਕਦੀ ਹੈ।

ਡੀਐੱਨਐੱਸ ਇੰਟਰਨੈਟ ਲਈ ਐਡਰੈੱਸ ਬੁੱਕ ਜਾਂ ਫੋਨ ਬੁੱਕ ਵਾਂਗ ਹੁੰਦਾ ਹੈ, ਵੈਬ ਬ੍ਰਾਉਜ਼ਰਸ ਨੂੰ ਕੰਪਿਊਟਰ ਸਿਸਟਮ ਵੱਲ ਪੁਆਇੰਟ ਕਰਦਾ ਹੈ ਜੋ ਵੈਬਸਾਈਟ ਖੋਲ੍ਹਦਾ ਹੈ ਜਿਸਦੀ ਉਹ ਭਾਲ ਕਰ ਰਹੇ ਹਨ।

ਇਸ ਤੋਂ ਪਹਿਲਾਂ ਫੇਸਬੁੱਕ ਨੇ ਕਿਹਾ ਸੀ, "ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਸਾਡੇ ਐਪਸ ਅਤੇ ਉਤਪਾਦਾਂ ਨੂੰ ਐਕਸੈਸ ਕਰਨ ਵਿੱਚ ਦਿੱਕਤ ਆ ਰਹੀ ਹੈ। ਅਸੀਂ ਜਿਨ੍ਹਾਂ ਛੇਤੀ ਹੋ ਸਕੇ ਮੁੜ ਆਮ ਵਾਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ।"

ਇਸੇ ਤਰ੍ਹਾਂ ਵਟਸਐਪ ਨੇ ਕਿਹਾ ਸੀ, "ਅਸੀਂ ਜਾਣਦੇ ਹਾਂ ਕਿ ਕੁਝ ਲੋਕ ਇਸ ਵੇਲੇ ਵਟਸਐਪ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।"

"ਅਸੀਂ ਚੀਜ਼ਾਂ ਨੂੰ ਵਾਪਸ ਆਮ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਛੇਤੀ ਤੋਂ ਛੇਤੀ ਇਸ ਅਪਡੇਟ ਦੇਵਾਂਗੇ।"

ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮ

ਜਿਵੇਂ ਹੀ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਬੰਦ ਹੋਏ ਸੀ, ਟਵਿੱਟਰ ਉੱਤੇ ਕਈ ਤਰ੍ਹਾਂ ਦੇ ਹੈਸ਼ਟੈਗ ਅਤੇ ਮੀਮ ਚੱਲਣੇ ਸ਼ੁਰੂ ਹੋ ਗਏ।

ਟਵਿੱਟਰ ਨੇ ਟਵੀਟ ਕੀਤਾ, "ਹੈਲੋ, ਤਕਰੀਬਨ ਹਰ ਕੋਈ"

ਇਸ ਤੋਂ ਬਾਅਦ ਵਟਸਐਪ, ਇੰਸਟਾਗਰਾਮ ਨੇ ਵੀ ਜਵਾਬ ਵਿੱਚ ਟਵੀਟ ਕੀਤਾ।

ਵਟਸਐਪ ਨੇ ਟਵਿੱਟਰ ਨੂੰ ਸਿਰਫ਼ ਹੈਲੋ ਕਿਹਾ। ਜਦੋਂਕਿ ਇੰਸਟਾਗਰਾਮ ਨੇ ਟਵੀਟ ਕੀਤਾ, "ਹੈਲੋ ਅਤੇ ਹੈਪੀ ਮਨਡੇਅ"

ਮੈਕਡੋਨਲਡ ਨੇ ਟਵਿੱਟਰ ਨੂੰ ਪੁੱਛਿਆ, "ਮੈਂ ਤੁਹਾਡੇ ਲਈ ਕੀ ਲੈ ਕੇ ਆ ਸਕਦਾ ਹਾਂ"

ਟਵਿੱਟਰ ਨੇ ਕਿਹਾ, "ਮੇਰੇ ਦੋਸਤਾਂ ਲਈ 59.6 ਮਿਲੀਅਨ ਨਜੇਟਸ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਐਮਾਜ਼ਨ ਪ੍ਰਾਈਮ ਵੀਡੀਓ ਨੇ ਦੋ-ਤਿੰਨ ਮੀਮ ਸਾਂਝੇ ਕੀਤੇ।

ਬਰਗਰ ਕਿੰਗ ਨੇ ਇੰਟਾਗਰਾਮ ਅਤੇ ਟਵਿੱਟਰ ਨੂੰ ਟੈਗ ਕਰਕੇ ਪੁੱਛਿਆ, "ਬੈਸਟੀ, ਤੁਸੀਂ ਠੀਕ ਹੋ?"

ਬਰਗਰ ਕਿੰਗ ਨੇ ਟਵੀਟ ਕੀਤਾ, "ਜਦੋਂ ਇੰਸਟਾਗਰਾਮ ਅਤੇ ਫੇਸਬੁੱਕ ਸਭ ਡਾਊਨ ਹਨ ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਵ੍ਹੂਪਰ ਖਾ ਰਹੇ ਹੋ।"

ਆਕਾਸ਼ ਮੁਨੀਰਥਨਮ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਫੇਸਬੁੱਕ, ਵਟੱਸਐਪ ਅਤੇ ਇੰਸਟਾਗਰਾਮ ਦੀ ਵਿਡੰਬਨਾ ਇਹ ਹੈ ਕਿ ਉਨ੍ਹਾਂ ਨੂੰ ਟਵਿੱਟਰ 'ਤੇ ਇਹ ਪੋਸਟ ਕਰਨਾ ਪਿਆ ਕਿ ਉਨ੍ਹਾਂ ਦਾ ਸਰਵਰ ਡਾਊਨ ਹੈ। ਹਾਸੋਹੀਣਾ, ਹੈ ਨਾ?"

ਰਿਤੇਸ਼ ਸਿੰਘ ਨੇ ਇੱਕ ਮੀਮ ਸ਼ੇਅਰ ਕਰਦਿਆਂ ਟਵੀਟ ਕੀਤਾ, "ਟਵਿੱਟਰ ਅਤੇ ਟੈਲੀਗਰਾਮ 'ਤੇ 6 ਘੰਟੇ ਬਾਅਦ ਮੁੜ ਫੇਸਬੁੱਕ ਅਤੇ ਵਟਸਐਪ 'ਤੇ ਵਾਪਸ ਆਉਣ ਵਾਲੇ ਲੋਕ"

ਇੱਕ ਯੂਜ਼ਰ ਨੇ ਤਸਵੀਰ ਸ਼ੇਅਰ ਕਰਦਿਆਂ ਟਵੀਟ ਕੀਤਾ, "ਮੈਂ ਆਪਣੇ ਵਾਈਫਾਈ ਨੈਟਵਰਕ ਨੂੰ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਬੰਦ ਹੋਣ ਲਈ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਮਾਫ਼ੀ ਮੰਗਦਾ ਹਾਂ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)