ਫੇਸਬੁੱਕ ਨੂੰ ਪਤਾ ਸੀ ਕਿ ਇੰਸਟਾਗ੍ਰਾਮ ਨੌਜਵਾਨਾਂ ਲਈ ‘ਜ਼ਹਿਰੀਲਾ ਹੈ’, ਫੇਸਬੁੱਕ ਦੇ ਕੰਮ ਬਾਰੇ ਅਜਿਹੇ ਹੋਰ ਖੁਲਾਸੇ

ਹਾਲ ਹੀ 'ਚ ਵਾਲ ਸਟ੍ਰੀਟ ਜਨਰਲ ਅਤੇ ਹੋਰ ਥਾਂਵਾਂ ਉੱਤੇ ਹੋਏ ਖੁਲਾਸਿਆਂ ਦੇ ਆਧਾਰ 'ਤੇ ਫੇਸਬੁੱਕ ਨੂੰ ਆਪਣੇ ਅੰਦਰੂਨੀ ਕਾਰਜਾਂ ਬਾਰੇ ਕਈ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਹੈ।

ਬਹੁਤ ਸਾਰੀ ਜਾਣਕਾਰੀ ਜੋ ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ਾਂ ਤੋਂ ਆਈ ਹੈ, ਉਸ ਤੋਂ ਇਹ ਪਤਾ ਲਗਦਾ ਹੈ ਕਿ ਕੰਪਨੀ ਦੇ ਅੰਦਰ ਹੀ ਕੁਝ ਵ੍ਹੀਸਲ ਬਲੋਅਰ (ਖ਼ੁਲਾਸਾ ਕਰਨ ਵਾਲੇ) ਹਨ।

ਦਸਤਾਵੇਜ਼ ਸਰਕਾਰਾਂ ਅਤੇ ਰੈਗੂਲੇਟਰਾਂ ਨੂੰ ਉਨ੍ਹਾਂ ਦੀਆਂ ਅਗਲੀਆਂ ਚਾਲਾਂ ਜਾਂ ਕਦਮਾਂ ਉੱਤੇ ਵਿਚਾਰ ਕਰਨ ਲਈ ਬਹੁਤ ਕੁਝ ਮੁਹੱਈਆ ਕਰਵਾਉਣਗੇ।

ਹਾਲਾਂਕਿ ਫੇਸਬੁੱਕ ਨੇ ਉਨ੍ਹਾਂ ਉੱਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ:

ਆਓ ਜਾਣਦੇ ਹਾਂ ਫੇਸਬੁੱਕ ਬਾਰੇ ਅਹਿਮ ਖੁਲਾਸਿਆਂ ਬਾਰੇ

ਸੈਲੇਬ੍ਰਿਟੀਜ਼ (ਮਸ਼ਹੂਰ ਹਸਤੀਆਂ) ਨਾ ਵੱਖਰੇ ਤਰੀਕੇ ਦਾ ਵਿਵਹਾਰ

ਵਾਲ ਸਟ੍ਰੀਟ ਜਨਰਲ ਵੱਲੋਂ ਰਿਪੋਰਟ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ, ਸਿਆਸਤਦਾਨਾਂ ਅਤੇ ਹਾਈ ਪ੍ਰੋਫ਼ਾਈਲ ਫੇਸਬੁੱਕ ਯੂਜ਼ਰਾਂ ਲਈ ਵੱਖੋ-ਵੱਖਰੇ ਨਿਯਮ ਸਨ।

ਇਹ ਤੈਅ ਕਰਦੇ ਸਨ ਕਿ ਉਹ ਕਿਹੜਾ ਕੰਟੈਂਟ (ਸਮੱਗਰੀ) ਐਕਸ ਚੈੱਕ (ਕ੍ਰੋਸ ਚੈੱਕ) ਵਜੋਂ ਜਾਣੇ ਜਾਂਦੇ ਸਿਸਟਮ ਅਧੀਨ ਪੋਸਟ ਕਰ ਸਕਦੇ ਹਨ।

ਫੇਸਬੁੱਕ ਨੇ ਆਪਣੀ ਕ੍ਰੋਸ ਚੈੱਕ ਪ੍ਰਣਾਲੀ ਨੂੰ ਲਾਗੂ ਕਰਨ ਦੇ ਤਰੀਕੇ ਦੀ ਆਲੋਚਨਾ ਨੂੰ ਸਵੀਕਾਰਿਆ ਹੈ ਪਰ ਨਾਲ ਹੀ ਕਿਹਾ ਕਿ ਇਸ ਨੂੰ ''ਇੱਕ ਵਾਧੂ ਕਦਮ'' ਵਜੋਂ ਤਿਆਰ ਕੀਤਾ ਗਿਆ ਸੀ।

ਇਹ ਉਦੋਂ ਕੰਮ ਆਉਂਦਾ ਹੈ ਜਦੋਂ ਪੋਸਟ ਕੀਤੇ ਕੰਟੈਂਟ ਨੂੰ ਵਧੇਰੇ ਸਮਝ ਦੀ ਲੋੜ ਹੁੰਦੀ ਹੈ।

ਫੇਸਬੁੱਕ ਨੇ ਕਿਹਾ, ''ਇਸ ਵਿੱਚ ਹਿੰਸਾ ਦੇ ਮਾਮਲਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੇ ਕਾਰਕੁੰਨ ਜਾਂ ਸੰਘਰਸ਼ ਵਾਲੇ ਖ਼ੇਤਰਾਂ ਤੋਂ ਰਿਪੋਰਟਿੰਗ ਕਰਨ ਵਾਲੇ ਪੱਤਰਕਾਰ ਸ਼ਾਮਲ ਹੋ ਸਕਦੇ ਹਨ।''

ਅੱਗੇ ਕਿਹਾ ਗਿਆ ਹੈ ਕਿ ਵਾਲ ਸਟ੍ਰੀਟ ਜਨਰਲ ਵੱਲੋਂ ਰਿਪੋਰਟ ਹੋਏ ਬਹੁਤ ਸਾਰੇ ਦਸਤਾਵੇਜ਼ਾਂ ਵਿੱਚ ''ਪੁਰਾਣੀ ਜਾਣਕਾਰੀ ਸ਼ਾਮਲ ਹੈ ਜੋ ਕਿ ਇੱਕ ਨੈਰੇਟਿਵ (ਬਿਰਤਾਂਤ) ਬਣਾਉਣ ਲਈ ਇਕੱਠੀ ਕੀਤੀ ਗਈ ਹੈ।

ਇਹ ਸਭ ਤੋਂ ਅਹਿਮ ਨੁਕਤੇ ਉੱਤੇ ਫੋਕਸ ਕਰਦੀ ਹੈ: ਫੇਸਬੁੱਕ ਨੇ ਖ਼ੁਦ ਕ੍ਰੋਸ-ਚੈੱਕ ਨਾਲ ਮੁੱਦਿਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।''

ਇਸ ਦੇ ਬਾਵਜੂਦ ਫੇਸਬੁੱਕ ਨੇ ਆਪਣੇ ਜਿਸ ਨਿਗਰਾਨੀ ਬੋਰਡ ਨੂੰ ਮੁਸ਼ਕਲ ਕੰਟੈਂਟ ਮੋਡਰੇਸ਼ਨ ਬਾਰੇ ਫ਼ੈਸਲੇ ਲੈਣ ਲਈ ਨਿਯੁਕਤ ਕੀਤਾ ਸੀ, ਉਸ ਨੇ ਪਾਰਦਰਸ਼ਿਤਾ ਦੀ ਮੰਗ ਕੀਤੀ ਹੈ।

ਆਪਣੇ ਤਾਜ਼ਾਬਲੌਗ ਵਿੱਚ ਬਲੌਗ ਵਿੱਚ ਬੋਰਡ ਨੇ ਕਿਹਾ ਕਿ ਖੁਲਾਸਿਆਂ ਨੇ ''ਪ੍ਰਤੀਤ ਹੋਣ ਵਾਲੇ ਅਸੰਗਤ ਤਰੀਕੇ ਵੱਲ ਨਵੇਂ ਸਿਰੇ ਤੋਂ ਧਿਆਨ ਖਿੱਚਿਆ ਹੈ, ਜਿਸ ਨਾਲ ਕੰਪਨੀ ਫ਼ੈਸਲੇ ਲੈਂਦੀ ਹੈ।''

ਬੋਰਡ ਨੇ ਤਫ਼ਸੀਲ ਵਿੱਚ ਇਸ ਬਾਰੇ ਵਿਆਖਿਆ ਮੰਗੀ ਹੈ ਕਿ ਕ੍ਰੋਸ-ਚੈੱਕ ਸਿਸਟਮ ਕਿਵੇਂ ਕਰਦਾ ਹੈ।

ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਕ੍ਰੋਸ-ਚੈੱਕ ਬਾਰੇ ਸਪੱਸ਼ਟਤਾ ਦੀ ਘਾਟ ਇਸ ਧਾਰਨਾ ਵਿੱਚ ਯੋਗਦਾਨ ਪਾ ਸਕਦੀ ਹੈ ਕਿ ਫੇਸਬੁੱਕ ''ਰਾਜਨੀਤਿਕ ਅਤੇ ਵਪਾਰਕ ਵਿਚਾਰਾਂ ਰਾਹੀਂ ਬੇਲੋੜੇ ਤੌਰ ’ਤੇ ਅਸਰ ਹੇਠ ਸੀ।''

ਜਦੋਂ ਤੋਂ ਬੋਰਡ ਨੇ ਇਹ ਦੇਖਣਾ ਸ਼ੁਰੂ ਕੀਤਾ ਹੈ ਕਿ ਫੇਸਬੁੱਕ ਕੰਟੈਂਟ ਨੂੰ ਕਿਵੇਂ ਸੰਚਾਲਿਤ ਕਰਦੀ ਹੈ, ਫੇਸਬੁੱਕ ਵੱਲੋਂ ਚਲਾਏ ਜਾਂਦੇ ਨਿਗਰਾਨੀ ਬੋਰਡ ਨੇ 70 ਸਿਫ਼ਾਰਿਸ਼ਾਂ ਕੀਤੀਆਂ ਹਨ ਕਿ ਕੰਪਨੀ ਨੂੰ ਆਪਣੀਆਂ ਨੀਤੀਆਂ ਵਿੱਚ ਕਿਵੇਂ ਸੁਧਾਰ ਕਰਨਾ ਹੈ।

ਬੋਰਡ ਨੇ ਹੁਣ ਇੱਕ ਟੀਮ ਤਿਆਰ ਕੀਤੀ ਹੈ ਜੋ ਇਸ ਗੱਲ ਦਾ ਮੁਲਾਂਕਣ ਕਰੇਗੀ ਕਿ ਸੋਸ਼ਲ ਨੈਟਵਰਕ ਉਨ੍ਹਾਂ ਸਿਫ਼ਾਰਿਸ਼ਾਂ ਨੂੰ ਕਿਵੇਂ ਲਾਗੂ ਕਰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਨੁੱਖੀ ਤਸਕਾਰੀ ਬਾਰੇ ਕਰਮਚਾਰੀਆਂ ਦੇ ਫ਼ਿਕਰਾਂ ਪ੍ਰਤੀ ਫੇਸਬੁੱਕ ਦਾ ਜਵਾਬ ਅਕਸਰ 'ਕਮਜ਼ੋਰ' ਹੁੰਦਾ ਸੀ

ਵਾਲ ਸਟ੍ਰੀਟ ਜਨਰਲ ਵੱਲੋਂ ਰਿਪੋਰਟ ਕੀਤੇ ਗਏ ਦਸਤਾਵੇਜ਼ਾਂ ਵਿੱਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਫੇਸਬੁੱਕ ਕਰਮਚਾਰੀਆਂ ਨੇ ਨਸ਼ੀਲੇ ਪਦਾਰਥਾਂ ਅਤੇ ਮਨੁੱਖੀ ਤਸਕਰਾਂ ਬਾਰੇ ਨਿਯਮਿਤ ਤੌਰ 'ਤੇ ਕੰਪਨੀ ਨੂੰ ਜਾਣਕਾਰੀ ਦਿੱਤੀ ਪਰ ਫੇਸਬੁੱਕ ਦਾ ਜਵਾਬ 'ਕਮਜ਼ੋਰ' ਸੀ।

ਬੀਬੀਸੀ ਨਿਊਜ਼ ਅਰੈਬਿਕ ਨੇ ਨਵੰਬਰ 2019 ਵਿੱਚ ਇੱਕ ਰਿਪੋਰਟ ਪ੍ਰਸਾਰਿਤ ਕੀਤੀ ਸੀ ਜਿਸ ਵਿੱਚ ਇੰਸਟਾਗ੍ਰਾਮ ਉੱਤੇ ਘਰੇਲੂ ਕਾਮਿਆਂ ਦੀ ਖ਼ਰੀਦੋ ਫਰੋਖ਼ਤ ਦਾ ਮਸਲਾ ਚੁੱਕਿਆ ਗਿਆ ਸੀ।

ਅਦਰੂਨੀ ਦਸਤਾਵੇਜ਼ਾਂ ਮੁਤਾਬਕ ਫੇਸਬੁੱਕ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਇਸ ਮਸਲੇ ਬਾਰੇ ਪਤਾ ਸੀ। ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਫੇਸਬੁੱਕ ਨੇ ਸਿਰਫ਼ ਉਦੋਂ ਤੱਕ ਸੀਮਤ ਕਾਰਵਾਈ ਕੀਤੀ ਜਦੋਂ ਤੱਕ ਐਪਲ ਨੇ ਆਪਣੇ ਐਪ ਸਟੋਰ ਤੋਂ ਇਸ ਦੇ ਉਤਪਾਦਾਂ (ਐਪਸ) ਨੂੰ ਹਟਾਉਣ ਦੀ ਧਮਕੀ ਨਹੀਂ ਦਿੱਤੀ।

ਆਪਣੇ ਬਚਾਅ ਵਿੱਚ, ਫੇਸਬੁੱਕ ਨੇ ਕਿਹਾ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਇਸ ਦੀ ਇੱਕ ''ਵਿਆਪਕ ਰਣਨੀਤੀ'' ਹੈ ਜਿਸ 'ਚ 50 ਤੋਂ ਵੱਧ ਭਾਸ਼ਾਵਾਂ ਬੋਲਣ ਵਾਲਿਆਂ ਨਾਲ ਆਲਮੀ ਤੌਰ 'ਤੇ ਟੀਮਾਂ, ਵਿਦਿਅਕ ਸਰੋਤ ਅਤੇ ਸਥਾਨਕ ਮਾਹਰਾਂ ਅਤੇ ਤੀਜੀ ਧਿਰ ਜਾਂਚਕਰਤਾਵਾਂ ਨਾਲ ਭਾਈਵਾਲੀ ਸ਼ਾਮਲ ਹੈ।''

ਆਲੋਚਕ ਚਿਤਾਉਂਦੇ ਹਨ ਕਿ, ਕੀ ਫੇਸਬੁੱਕ ਕੋਲ ਆਪਣੇ ਮੰਚ ਉੱਤੇ ਸਾਰੇ ਕੰਟੈਂਟ ਨੂੰ ਸੰਚਾਲਿਤ ਕਰਨ ਅਤੇ ਆਪਣੇ 2.8 ਬਿਲੀਅਨ ਯੂਜ਼ਰਾਂ ਦੀ ਰੱਖਿਆ ਕਰਨ ਦੇ ਸਾਧਨ ਨਹੀਂ ਹਨ।

ਦਿ ਫੇਸਬੁੱਕ ਇਫੈਕ ਕਿਤਾਬ ਦੇ ਲੇਖਕ ਡੇਵਿਡ ਕਿਰਕਪੈਟ੍ਰਿਕ ਨੇ ਬੀਬੀਸੀ ਦੇ ਟੈਕ ਟੈਂਟ ਪੋਡਕਾਸਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਫੇਸਬੁੱਕ ਦੀ ਅਮਰੀਕਾ ਤੋਂ ਬਾਹਰ ਦੇ ਮਾਮਲਿਆਂ ਬਾਰੇ ਘੱਟ ਹੀ ਵਿਚਾਰ ਕਰਦਾ ਹੈ।''

ਉਨ੍ਹਾਂ ਕਿਹਾ, ''ਉਨ੍ਹਾਂ ਨੂੰ ਬਹੁਤ ਸਾਰੇ ਕਦਮ ਪਹਿਲਾਂ ਹੀ ਚੁੱਕੇ ਹਨ, ਜਿਵੇਂ ਕਿ ਕੰਟੈਂਟ ਨੂੰ ਰੀਵਿਊ ਕਰਨ ਵਾਲੇ ਲੱਖਾਂ ਲੋਕਾਂ ਨੂੰ ਨੌਕਰੀ ਉੱਤੇ ਰੱਖਣਾ।''

''ਪਰ ਵਾਲ ਸਟ੍ਰੀਟ ਜਨਰਲ ਤੋਂ ਮੇਰੇ ਲਈ ਸਭ ਤੋਂ ਅਹਿਮ ਅੰਕੜਾ ਜੋ ਨਿਕਲਿਆ ਉਹ ਇਹ ਸੀ ਕਿ 2020 ਵਿੱਚ ਉਨ੍ਹਾਂ ਵੱਲੋਂ ਗਲਤ ਜਾਣਕਾਰੀ ਲਈ ਕੀਤੇ ਕੰਮਾਂ ਵਿੱਚੋਂ ਸਿਰਫ਼ 13 ਫੀਸਦੀ ਅਮਰੀਕਾ ਤੋਂ ਬਾਹਰ ਸੀ।''

"ਅਜਿਹੀ ਸੇਵਾ ਲਈ ਜੋ 90 ਫੀਸਦੀ ਅਮਰੀਕਾ ਤੋਂ ਬਾਹਰ ਹੈ ਅਤੇ ਜਿਸ ਦਾ ਬਹੁਤ ਨਕਾਰਾਤਮਕ ਤਰੀਕੇ ਨਾਲ ਪ੍ਰਭਾਵ ਫਿਲੀਪੀਨਜ਼, ਪੋਲੈਂਡ, ਬ੍ਰਾਜ਼ੀਲ, ਹੰਗਰੀ, ਤੁਰਕੀ ਵਰਗੇ ਦੇਸ਼ਾਂ ਦੀ ਰਾਜਨੀਤੀ ਉੱਤੇ ਪਿਆ ਹੈ, ਉਹ ਇਸ ਸਭ ਨੂੰ ਸੁਧਾਰਨ ਲਈ ਕੁਝ ਨਹੀਂ ਕਰ ਰਹੇ ਹਨ।"

ਕਿਰਕਪੈਟ੍ਰਿਕ ਕਹਿੰਦੇ ਹਨ ਕਿ ਫੇਸਬੁੱਕ ਅਮਰੀਕਾ ਵਿੱਚ ਸਿਰਫ਼ ''ਪਬਲਿਕ ਰਿਲੇਸ਼ਨ (ਪੀਆਰ) ਦੇ ਦਬਾਅ ਪ੍ਰਤੀ ਜਵਾਬਦੇਹ ਸੀ'' ਕਿਉਂਕਿ ਉਹ ਫੇਸਬੁੱਕ ਦੇ ਸ਼ੇਅਰ ਦੀ ਕੀਮਤ ਨੂੰ ਪ੍ਰਭਾਵਿਤ ਕਰ ਸਕਦੇ ਸਨ।

ਫੇਸਬੁੱਕ ਨੂੰ ਸ਼ੇਅਰਧਾਰਕਾਂ ਦੇ ਵੱਡੇ ਮੁਕੱਦਮੇ ਦਾ ਡਰ!

ਫੇਸਬੁੱਕ ਨੂੰ ਆਪਣੇ ਸ਼ੇਅਰਧਾਰਕਾਂ ਦੇ ਸਮੂਹ ਤੋਂ ਮੁਕੱਦਮੇ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਸ਼ੇਅਰਧਾਰਕਾਂ ਦੇ ਇਸ ਸਮੂਹ ਨੇ ਇਲਜ਼ਾਮ ਲਗਾਇਆ ਹੈ ਕਿ ਹੋਰ ਚੀਜ਼ਾਂ ਦੇ ਨਾਲ ਫੇਸਬੁੱਕ ਵੱਲੋਂ ਕੈਂਬਰਿਡ ਐਨਾਲਿਟਿਕਾ ਡੇਟਾ ਸਕੈਂਡਲ ਨੂੰ ਸੁਲਝਾਉਣ ਲਈ ਅਮਰੀਕੀ ਫੈਡਰਲ ਟ੍ਰੇਡ ਕਮਿਸ਼ਨ ਨੂੰ ਪੰਜ ਬਿਲੀਅਨ ਡਾਲਰ ਦਾ ਕੀਤਾ ਭੁਗਤਾਨ ਬਹੁਤ ਜ਼ਿਆਦਾ ਸੀ ਕਿਉਂਕਿ ਇਹ ਮਾਰਕ ਜ਼ੁਕਰਬਰਗ ਨੂੰ ਨਿੱਜੀ ਜ਼ਿੰਮੇਵਾਰੀ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਸੀ।

ਫੇਸਬੁੱਕ ਨੇ ਕਿਹਾ ਕਿ ਉਨ੍ਹਾਂ ਕੋਲ ਚੱਲ ਰਹੇ ਕਾਨੂੰਨੀ ਮਸਲੇ ਉੱਤੇ ਕਹਿਣ ਨੂੰ ਕੁਝ ਨਹੀਂ ਹੈ।

ਕੀ ਫੇਸਬੁੱਕ ਆਪਣੇ ਬਾਰੇ ਸਕਾਰਾਤਮਕ ਕਹਾਣੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ?

ਹਾਲ ਹੀ 'ਚ ਨਿਊ ਯਾਰਕ ਟਾਇਮਜ਼ ਮੁਤਾਬਕ ਫੇਸਬੁੱਕ ਨੇ ਆਪਣੇ ਅਕਸ ਨੂੰ ਸੁਧਾਰਨ ਲਈ ਫੇਸਬੁੱਕ ਪੱਖੀ ਕੰਟੈਂਟ ਨੂੰ ਲੋਕਾਂ ਦੀ ਨਿਊਜ਼ ਫੀਡ ਵਿੱਚ ਪਾਉਣ ਦੀ ਸ਼ੁਰੂਆਤ ਕੀਤੀ ਹੈ।

ਅਖ਼ਬਾਰ ਨੇ ਕਿਹਾ ਕਿ ਪ੍ਰੋਜੈਕਟ ਐਂਪਲੀਫਾਈ ''ਲੋਕਾਂ ਨੂੰ ਸੋਸ਼ਲ ਨੈਟਵਰਕ ਬਾਰੇ ਸਕਾਰਾਤਮਕ ਕਹਾਣੀਆਂ ਦਿਖਾਉਣ'' ਲਈ ਤਿਆਰ ਕੀਤਾ ਗਿਆ ਸੀ।

ਫੇਸਬੁੱਕ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਿਊਜ਼ ਫੀਡ ਰੈਂਕਿੰਗ ਸਿਸਟਮ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਕਈ ਟਵੀਟਸ ਦੀ ਸੀਰਿਜ਼ ਰਾਹੀਂ ਫੇਸਬੁੱਕ ਦੇ ਬੁਲਾਰੇ ਜੋਅ ਓਸਬੋਰਨ ਨੇ ਕਿਹਾ ਜਿਸ ਚੀਜ਼ ਨੂੰ ਉਨ੍ਹਾਂ ਨੇ ''ਫੇਸਬੁੱਕ 'ਤੇ ਇੱਕ ਜਾਣਕਾਰੀ ਯੂਨਿਟ'' ਕਿਹਾ, ਇਹ ਉਸ ਦਾ ਛੋਟਾ ਟੈਸਟ ਸੀ ਅਤੇ ਸਿਰਫ਼ ''ਤਿੰਨ ਸ਼ਹਿਰਾਂ'' ਵਿੱਚ ਹੋਇਆ ਸੀ, ਜਿਸ ਵਿੱਚ ਪੋਸਟਾਂ ਨੂੰ ਸਪੱਸ਼ਟ ਤੌਰ 'ਤੇ ਫਰਮ ਤੋਂ ਆਉਣ ਦਾ ਲੇਬਲ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ''ਕਾਰਪੋਰੇਟ ਜ਼ਿੰਮੇਵਾਰੀ ਦੀਆਂ ਪਹਿਲਕਦਮੀਆਂ ਦੇ ਵਾਂਗ ਹੈ ਜੋ ਲੋਕ ਹੋਰ ਤਕਨੀਕ ਅਤੇ ਉਤਪਾਦਾਂ ਵਿੱਚ ਦੇਖਦੇ ਹਨ।''

ਫੇਸਬੁੱਕ ਨੂੰ ਪਤਾ ਸੀ ਕਿ ਇੰਸਟਾਗ੍ਰਾਮ ਨੌਜਵਾਨਾਂ ਲਈ 'ਜ਼ਹਿਰੀਲਾ' ਸੀ

ਫੇਸਬੁੱਕ ਦੇ ਦਸਤਾਵੇਜ਼ਾਂ ਤੋਂ ਇੱਕ ਹੋਰ ਅਹਿਮ ਖੁਲਾਸਾ ਇਹ ਸੀ ਕਿ ਕੰਪਨੀ ਨੇ ਇਸ ਬਾਰੇ ਤਫ਼ਸੀਲ ਨਾਲ ਖੋਜ ਕੀਤੀ ਸੀ ਕਿ ਇੰਸਟਾਗ੍ਰਾਮ ਨਾਬਾਲਗਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ, ਪਰ ਜਦੋਂ ਸੁਝਾਅ ਦਿੱਤਾ ਗਿਆ ਕਿ ਇਹ ਮੰਚ ਬਹੁਤ ਸਾਰੇ ਨੌਜਵਾਨਾਂ ਲਈ 'ਜ਼ਹਿਰੀਲਾ' ਥਾਂ ਹੈ ਤਾਂ ਇਸ ਨੂੰ ਸਾਂਝਾ ਨਹੀਂ ਕੀਤਾ ਗਿਆ।

ਵਾਲ ਸਟ੍ਰੀਟ ਜਨਰਲ ਵੱਲੋਂ ਰਿਪੋਰਟ ਹੋਈਆਂ ਸਲਾਈਡਾਂ ਮੁਤਾਬਕ, ਸਰਵੇਅ ਕੀਤੀਆਂ ਗਈਆਂ 32 ਫੀਸਦੀ ਨਾਬਾਲਗ ਕੁੜੀਆਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਆਪਣੇ ਸਰੀਰ ਬਾਰੇ ਬੁਰਾ ਮਹਿਸੂਸ ਹੁੰਦਾ ਹੈ ਤਾਂ ਇੰਸਟਾਗ੍ਰਾਮ ਨੇ ਉਨ੍ਹਾਂ ਨੂੰ ਹੋਰ ਬਦਤਰ ਮਹਿਸੂਸ ਕਰਵਾਇਆ।

ਫੌਕਸ ਨਿਊਜ਼ ਨੇ ਰਿਪੋਰਟ ਕੀਤਾ ਕਿ ਲੀਕ ਹੋਏ ਦਸਤਾਵੇਜ਼ਾਂ ਪਿੱਛੇ ਵ੍ਹੀਸਲ ਬਲੋਅਰ (ਖ਼ੁਲਾਸਾ ਕਰਨ ਵਾਲੇ) ਆਪਣੀ ਪਛਾਣ ਜਨਤੱਕ ਕਰਨਗੇ ਅਤੇ ਕਾਂਗਰਸ ਨਾਲ ਸਹਿਯੋਗ ਕਰਨਗੇ।

ਭਾਵੇਂ ਇਹ ਵਾਪਰਦਾ ਹੈ ਪਰ ਇਹ ਤੱਥ ਹੈ ਕਿ ਫੇਸਬੁੱਕ ਆਪਣੇ ਪਲੇਟਫਾਰਮਾਂ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਆਪਣੀ ਤਫ਼ਸੀਲ ਪੜਚੋਲ ਜਾਂ ਅਧਿਐਨ ਸਾਂਝੇ ਕਰਨ ਵਿੱਚ ਅਸਫ਼ਲ ਰਹੀ ਹੈ, ਇਸ ਲਈ ਇਹ ਸਭ ਅਮਰੀਕਾ ਦੇ ਸਿਆਸਤਦਾਨਾਂ ਨੂੰ ਸੋਚਣ ਲਈ ਬਹੁਤ ਕੁਝ ਦੇਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)