You’re viewing a text-only version of this website that uses less data. View the main version of the website including all images and videos.
ਕੀ ਸੋਸ਼ਲ ਮੀਡੀਆ ਕਾਰਨ ਤੁਹਾਡਾ ਭਾਰ ਘੱਟ ਰਿਹਾ ਹੈ?
- ਲੇਖਕ, ਜੌਨਥਨ ਗ੍ਰਿਫਿਨ
- ਰੋਲ, ਬੀਬੀਸੀ ਟ੍ਰੈਨਡਿੰਗ ਲਈ
ਸੋਸ਼ਲ ਮੀਡੀਆ 'ਤੇ ਕਈ ਲੋਕ, ਸੰਸਥਾਵਾਂ ਤੇ ਕੰਪਨੀਆਂ ਅਕਸਰ ਖੁਰਾਕ ਨਾਲ ਜੁੜੀਆਂ ਸਲਾਹਾਂ ਦਿੰਦੇ ਨਜ਼ਰ ਆਉਂਦੇ ਹਨ।
ਇੰਸਟਾਗ੍ਰਾਮ 'ਤੇ ਸਿਹਤ ਨਾਲ ਜੁੜਿਆ ਕੋਈ ਵੀ ਹੈਸ਼ਟੈਗ ਪਾਓ ਜਿਵੇਂ ਕਿ #fitinspiration ਤਾਂ ਲੱਖਾਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਹਨ, ਡੌਲਿਆਂ ਦੀ, ਫਿੱਟ ਲੋਕਾਂ ਦੀ ਤੇ ਭਾਰ ਘਟਾਉਣ ਤੋਂ ਪਹਿਲਾਂ ਤੇ ਬਾਅਦ ਦੀਆਂ।
ਪਰ ਕੀ ਸੋਸ਼ਲ ਮੀਡੀਆ ਤੁਹਾਨੂੰ ਅਸਲ 'ਚ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ?
ਇਹ ਵੀ ਪੜ੍ਹੋ:
ਕੀ ਕਹਿੰਦੇ ਹਨ ਮਾਹਿਰ?
ਸਕੌਟਲੈਂਡ ਵਿੱਚ 'ਯੂਨੀਵਰਸਿਟੀ ਆਫ ਐਡਿਨਬਰਾ' ਦੇ ਖੋਜਕਾਰ ਟਿਮ ਸਕਵਿਰਲ ਨੇ ਸੋਸ਼ਲ ਮੀਡੀਆ ਐਪਸ 'ਰੈਡਿੱਟ' ਤੇ 'ਇੰਸਟਾਗ੍ਰਾਮ' ਦੀ ਤੁਲਨਾ ਕੀਤੀ।
ਉਨ੍ਹਾਂ ਮੁਤਾਬਕ ਰੈਡਿੱਟ ਸਾਂਝੀ ਦਿਲਚਸਪੀ ਰੱਖਣ ਵਾਲੇ ਭਾਈਚਾਰੇ 'ਤੇ ਆਧਾਰਿਤ ਹੈ ਅਤੇ ਖੁਰਾਕ ਨਾਲ ਜੁੜੀਆਂ ਸਲਾਹਾਂ ਲਈ ਇਹ ਇੰਸਟਾਗ੍ਰਾਮ ਤੋਂ ਬਿਹਤਰ ਹੈ।
ਉਨ੍ਹਾਂ ਕਿਹਾ, ''ਲੋਕ ਤੈਅ ਕਰਦੇ ਹਨ ਕਿ ਕਿਹੜੀ ਚੀਜ਼ ਉਨ੍ਹਾਂ ਦੇ ਕੰਮ ਦੀ ਹੈ, ਫੇਰ ਉਹ ਦੂਜੇ ਲੋਕਾਂ ਨੂੰ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਉਸ 'ਤੇ ਕਮੈਂਟ ਕੀਤਾ ਜਾ ਸਕਦਾ ਹੈ।''
ਇਸ ਵਿੱਚ ਅਸਲੀ ਲੋਕ ਸਲਾਹ ਦਿੰਦੇ ਹਨ ਤੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ। ਉਹ ਆਪਣੇ ਮਾੜੇ ਜਾਂ ਚੰਗੇ ਤਜ਼ਰਬੇ ਵੀ ਸਾਂਝੇ ਕਰਦੇ ਹਨ।
ਰੈਡਿੱਟ ਯੂਜ਼ਰ ਅਕਸਰ ਇੱਕ ਦੂਜੇ ਨੂੰ ਖੁਰਾਕ 'ਤੇ ਟਿਕੇ ਰਹਿਣ ਲਈ ਪ੍ਰੇਰਿਤ ਕਰਦੇ ਹਨ।
ਦੂਜੀ ਤਰਫ ਇੰਸਟਾਗ੍ਰਾਮ 'ਤੇ ਸਮਾਨ ਵੇਚ ਰਹੇ ਜਾਂ ਖੁਦ ਨੂੰ ਪ੍ਰਮੋਟ ਕਰਨ ਵਾਲੇ ਲੋਕ ਵੱਧ ਸਲਾਹਾਂ ਦਿੰਦੇ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, ''ਜੇ ਤੁਸੀਂ ਇੰਸਟਾਗ੍ਰਾਮ 'ਤੇ ਹੋ ਤਾਂ ਚਾਹੋਗੇ ਕਿ ਤੁਸੀਂ ਮਸ਼ਹੂਰੀਆਂ ਦਾ ਹਿੱਸਾ ਬਣੋ ਤੇ ਇਸ ਲਈ ਕੋਸ਼ਿਸ਼ ਕਰੋਗੇ ਕਿ ਕੋਈ ਵੀ ਚੀਜ਼ ਨੂੰ ਵਧਾ ਚੜ੍ਹਾ ਕੇ ਚੰਗੀ ਤਰ੍ਹਾਂ ਪੇਸ਼ ਕਰੋ।''
ਕਿਵੇਂ ਸੋਸ਼ਲ ਮੀਡੀਆ ਹੋ ਸਕਦਾ ਹੈ ਖ਼ਤਰਨਾਕ?
ਕੁਝ ਮਾਹਿਰ ਸੁਝਾਅ ਦਿੰਦੇ ਹਨ ਕਿ ਖੁਰਾਕ ਲਈ ਕਿਸੇ ਵੀ ਸੋਸ਼ਲ ਪਲੈਟਫਾਰਮ 'ਤੇ ਪੂਰੀ ਤਰ੍ਹਾਂ ਨਿਰਭਰ ਹੋ ਜਾਣਾ ਖ਼ਤਰਨਾਕ ਹੋ ਸਕਦਾ ਹੈ।
ਸ਼ਿਕਾਗੋ ਦੀ ਇੱਕ ਡਾਈਟੀਸ਼ਿਅਨ ਕ੍ਰਿਸਟੀ ਬ੍ਰਿਸੈੱਟ ਮੁਤਾਬਕ ਇਹ ਸਿਹਤ ਲਈ ਚੰਗਾ ਨਹੀਂ ਹੈ।
ਉਹ ਦੋਵੇਂ ਇੰਸਟਾਗ੍ਰਾਮ ਅਤੇ ਰੈੱਡਿਟ ਨੂੰ ਲੈ ਕੇ ਬਹੁਤਾ ਉਤਸ਼ਾਹਿਤ ਨਹੀਂ ਹਨ। ਉਨ੍ਹਾਂ ਦੇ ਗਾਹਕਾਂ ਨੂੰ ਅਕਸਰ ਸੋਸ਼ਲ ਮੀਡੀਆ 'ਤੇ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ ਜਿੱਥੇ ਯੂਜ਼ਰ ਦੀ ਪਛਾਣ ਗੁਪਤ ਰਹਿ ਸਕਦੀ ਹੈ।
ਉਨ੍ਹਾਂ ਇੱਕ ਉਦਾਹਰਣ ਵੀ ਦਿੱਤਾ ਜਿਸ ਵਿੱਚ 2,00,000 ਮੈਂਬਰਾਂ ਵਾਲੇ ਇੱਕ ਰੈੱਡਿਟ ਅਕਾਊਂਟ ਤੋਂ ਸਲਾਹ ਦਿੱਤੀ ਗਈ ਕਿ ਭਾਰ ਘਟਾਉਣ ਲਈ ਕੈਲਰੀਜ਼ ਤੇ ਸਖਤ ਪਾੰਬਦੀ ਲਗਾਈ ਜਾਏ। ਜਦਕਿ ਇਹ ਬੇਹਦ ਖਤਰਨਾਕ ਹੈ, ਕਿਉਂਕਿ ਇੱਕ ਦਿਨ ਵਿੱਚ ਔਰਤਾਂ ਨੂੰ 2000 ਕੈਲਰੀਜ਼ ਤੇ ਮਰਦਾਂ ਨੂੰ 2500 ਕੈਲਰੀਜ਼ ਦੀ ਲੋੜ ਹੁੰਦੀ ਹੈ।
ਬ੍ਰਿਸੈੱਟ ਮੁਤਾਬਕ ਕਈ ਲੋਕਾਂ ਕੋਲ੍ਹ ਪ੍ਰੋਫੈਸ਼ਨਲ ਟਰੇਨਿੰਗ ਹੁੰਦੀ ਹੈ ਪਰ ਹਰ ਕਿਸੇ ਕੋਲ ਨਹੀਂ ਹੁੰਦੀ। ਨਾਲ ਹੀ ਸੋਸ਼ਲ ਮੀਡੀਆ 'ਤੇ ਫਿੱਟ ਅਤੇ ਖੂਬਸੂਰਤ ਲੋਕਾਂ ਦੀਆਂ ਤਸਵੀਰਾਂ ਤੁਹਾਨੂੰ ਨਾ ਪੂਰੀਆਂ ਹੋਣ ਵਾਲੀਆਂ ਉਮੀਦਾਂ ਦੇ ਦਿੰਦਾ ਹੈ।
ਜੋਈ ਮੌਰਗਨੈਲੀ ਦਾ ਭਾਰ 180 ਕਿਲੋ ਤੋਂ ਵੱਧ ਸੀ ਤੇ ਪਹਿਲੀ ਨੌਕਰੀ ਲੱਗਣ ਤੋਂ ਬਾਅਦ ਉਹ ਬੇਸਬਰੀ ਨਾਲ ਆਪਣਾ ਭਾਰ ਘਟਾਉਣਾ ਚਾਹੁੰਦੇ ਸੀ।
ਉਨ੍ਹਾਂ ਕਿਹਾ, ''ਮੈਨੂੰ ਖਾਣ ਤੋਂ ਡਰ ਲੱਗਣ ਲੱਗ ਪਿਆ ਸੀ। ਜਦ ਵੀ ਕੁਝ ਖਾਂਦਾ ਸੀ, ਮੈਨੂੰ ਘਬਰਾਹਟ ਹੋਣ ਲੱਗਦੀ ਸੀ।''
ਜੋਈ ਨੂੰ ਇੱਕ ਰੈੱਡਿਟ ਭਾਈਚਾਰੇ ਨੇ ਨਵੀਂ ਖੁਰਾਕ ਦੀ ਸਲਾਹ ਦਿੱਤੀ। ਉਸਨੇ ਕਿਹਾ, ''ਜੋ ਲੋਕ ਤੁਹਾਨੂੰ ਜਾਣਦੇ ਵੀ ਨਹੀਂ, ਉਨ੍ਹਾਂ ਦਾ ਸਾਥ ਤੇ ਪ੍ਰੇਰਣਾ ਮਿਲਣ 'ਤੇ ਬਹੁਤ ਚੰਗਾ ਲੱਗਦਾ ਹੈ।''
ਇਹ ਵੀ ਪੜ੍ਹੋ:
ਉਨ੍ਹਾਂ ਦਾ ਭਾਰ ਘਟਿਆ ਪਰ ਕਈ ਉਤਾਰ ਚੜਾਅ ਆਏ। ਕਾਫੀ ਸਮਾਂ ਉਨ੍ਹਾਂ ਦਾ ਭਾਰ ਕਾਬੂ 'ਚ ਰਿਹਾ ਪਰ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਮਦਦ ਨਹੀਂ ਕਰ ਸਕਿਆ।
ਨਵੀਂ ਨੌਕਰੀ ਮਿਲਣ 'ਤੇ ਉਹ ਫੇਰ ਤੋਂ ਵੱਧ ਭਾਰ ਦੇ ਸ਼ਿਕਾਰ ਹੋ ਗਏ। ਜੋਈ ਦਾ ਭਾਰ ਫੇਰ ਤੋਂ ਵੱਧ ਗਿਆ ਤੇ ਹੁਣ 140 ਕਿਲੋ ਤੋਂ ਵੱਧ ਹੈ।
ਮਾਹਿਰਾਂ ਮੁਤਾਬਕ ਸੋਸ਼ਲ ਮੀਡੀਆ ਤੋਂ ਪਹਿਲਾਂ ਇੱਕ ਪ੍ਰੋਫੈਸ਼ਨਲ ਡਾਕਟਰ ਦੀ ਸਲਾਹ ਜ਼ਰੂਰ ਲਈ ਜਾਵੇ।
ਉਹ ਤੁਹਾਡੇ ਮੁਤਾਬਕ ਤੁਹਾਨੂੰ ਖੁਰਾਕ ਦੇ ਸਕਦੇ ਹਨ ਕਿਉਂਕਿ ਹਰ ਖੁਰਾਕ ਹਰ ਕਿਸੇ ਲਈ ਨਹੀਂ ਹੁੰਦੀ।
ਇਹ ਵੀਡੀਓ ਵੀ ਤੁਹਾਨੂੰ ਦਿਲਚਸਪ ਲੱਗ ਸਕਦਾ ਹੈ: