You’re viewing a text-only version of this website that uses less data. View the main version of the website including all images and videos.
ਜੇ ਭਾਰ ਘਟਾਉਣਾ ਹੈ ਤਾਂ ਇਹ ਕਰ ਸਕਦੇ ਹੋ...
- ਲੇਖਕ, ਅਲੈਗਜ਼ ਥੇਰੀਅਨ
- ਰੋਲ, ਹੈਲਥ ਰਿਪੋਰਟਰ, ਬੀਬੀਸੀ ਨਿਊਜ਼
ਕਈ ਵਾਰ ਸਾਨੂੰ ਆਪਣੇ ਬੌਡੀ ਕਲੌਕ ਦਾ ਤਾਲਮੇਲ ਵਿਗੜਨ ਕਾਰਨ ਹੋਣ ਵਾਲੇ ਸਿਹਤ ਖ਼ਤਰਿਆਂ ਬਾਰੇ ਦੱਸਿਆ ਜਾਂਦਾ ਹੈ।
ਕੀ ਅਸੀਂ ਆਪਣੇ ਅੰਦਰੂਨੀ ਜੈਵਿਕ ਚੱਕਰ ਯਾਨਿ ਬੌਡੀ ਕਲੌਕ ਦੇ ਹਿਸਾਬ ਨਾਲ ਸਹੀ ਸਮੇਂ 'ਤੇ ਖਾਣਾ ਖਾ ਰਹੇ ਹਾਂ ਅਤੇ ਕੀ ਖਾਣੇ ਦੇ ਸਮੇਂ ਵਿੱਚ ਬਦਲਾਅ ਨਾਲ ਸਾਡੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਭਾਰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ?
ਸ਼ਹਿਨਸ਼ਾਹ ਦੀ ਤਰ੍ਹਾਂ ਨਾਸ਼ਤਾ ਕਰੋ
ਅੱਜ ਤੁਸੀਂ ਨਾਸ਼ਤੇ ਵਿੱਚ ਕੀ ਖਾਧਾ?
ਯਕੀਨਨ ਤੁਸੀਂ ਚਿਕਨ ਜਾਂ ਬਰਿਆਨੀ ਵਰਗਾ ਭਾਰੀ ਖਾਣਾ ਨਹੀਂ ਖਾਦਾ ਹੋਵੇਗਾ ਜਿਹੜਾ ਆਮ ਤੌਰ 'ਤੇ ਤੁਸੀਂ ਰਾਤ ਦੇ ਸਮੇਂ ਖਾਂਦੇ ਹੋ।
ਪਰ ਬਹੁਤੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਦਿਨ ਦੀ ਸ਼ੁਰੂਆਤ ਵਿੱਚ ਵਧੇਰੇ ਕੈਲਰੀਆਂ ਲੈਣਾ ਅਤੇ ਖਾਣੇ ਦੇ ਸਮੇਂ ਨੂੰ ਥੋੜ੍ਹਾ ਪਹਿਲਾਂ ਕਰਨ ਨਾਲ ਸਿਹਤ ਸਬੰਧੀ ਫਾਇਦੇ ਮਿਲ ਸਕਦੇ ਹਨ।
ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਜਿਹੜੀਆਂ ਔਰਤਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜੇਕਰ ਉਹ ਜਲਦੀ ਲੰਚ ਕਰਨ ਤਾਂ ਭਾਰ ਵੱਧ ਘਟੇਗਾ। ਇਹ ਹੋਰ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਨਾਸ਼ਤਾ ਦੇਰੀ ਨਾਲ ਕਰਨ ਨਾਲ ਬੌਡੀ ਮਾਸ ਇੰਡੈਕਸ (ਬੀਐਮਆਈ) ਵੱਧ ਜਾਂਦਾ ਹੈ।
ਕਿੰਗਜ਼ ਕਾਲਜ ਲੰਡਨ ਵਿੱਚ ਨਿਊਟਰੀਸ਼ਨਲ ਸਾਇੰਸ ਗੈਸਟ ਲੈਕਚਰਾਰ ਡਾਕਟਰ ਗੇਰਡਾ ਪੌਟ ਕਹਿੰਦੇ ਹਨ, ''ਇੱਕ ਬਹੁਤ ਪੁਰਾਣੀ ਕਹਾਵਤ ਹੈ - ਸ਼ਹਿਨਸ਼ਾਹ ਦੀ ਤਰ੍ਹਾਂ ਨਾਸ਼ਤਾ ਕਰੋ, ਰਾਜਕੁਮਾਰ ਦੀ ਤਰ੍ਹਾਂ ਦੁਪਹਿਰ ਦਾ ਖਾਣਾ ਖਾਓ ਅਤੇ ਰਾਤ ਦਾ ਭੋਜਨ ਕੰਗਾਲਾਂ ਦੀ ਤਰ੍ਹਾਂ ਕਰੋ। ਮੈਨੂੰ ਲੱਗਦਾ ਹੈ ਕਿ ਇਸ ਕਹਾਵਤ ਵਿੱਚ ਸੱਚਾਈ ਹੈ।''
ਹੁਣ ਵਿਗਿਆਨੀ ਇਨ੍ਹਾਂ ਨਤੀਜਿਆਂ ਦਾ ਕਾਰਨ ਅਤੇ ਖਾਣ ਦੇ ਸਮੇਂ ਤੇ ਬੌਡੀ ਕਲੌਕ ਵਿਚਾਲੇ ਸਬੰਧ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਤੁਸੀਂ ਕਦੋਂ-ਕਦੋਂ ਖਾਂਦੇ ਹੋ
ਤੁਹਾਨੂੰ ਲੱਗਦਾ ਹੈ ਕਿ ਸਾਡਾ ਬੌਡੀ ਕਲੌਕ ਸਿਰਫ਼ ਸਾਡੀ ਨੀਂਦ ਨੂੰ ਹੀ ਨਿਰਧਾਰਿਤ ਕਰਦਾ ਹੈ। ਪਰ ਅਸਲ ਵਿੱਚ ਸਾਡੇ ਸਰੀਰ ਦੀ ਹਰ ਕੋਸ਼ਿਕਾ ਦੀ ਆਪਣੀ ਜੈਵਿਕ ਘੜੀ ਹੁੰਦੀ ਹੈ।
ਇਹ ਸਾਡੇ ਰੋਜ਼ਾਨਾ ਦੇ ਕੰਮਾਂ ਨੂੰ ਤੈਅ ਕਰਦੀ ਹੈ। ਜਿਵੇਂ ਸਵੇਰੇ ਉੱਠਣਾ, ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਣਾ, ਸਰੀਰ ਦੇ ਤਾਪਮਾਨ ਅਤੇ ਹਾਰਮੋਨ ਦੇ ਪੱਧਰ ਨੂੰ ਸਹੀ ਰੱਖਣਾ ਆਦਿ।
ਹੁਣ ਮਾਹਿਰ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਾਡੇ ਖਾਣੇ ਦੀ ਆਦਤ - ਜਿਵੇਂ ਗ਼ਲਤ ਸਮੇਂ ਖਾਣਾ ਜਾਂ ਰਾਤ ਦਾ ਖਾਣਾ ਬਹੁਤ ਦੇਰੀ ਨਾਲ ਖਾਣ ਕਾਰਨ ਸਾਡੇ ਸ਼ਰੀਰ 'ਤੇ ਕੀ ਅਸਰ ਹੁੰਦਾ ਹੈ।
ਕ੍ਰੋਨੋ ਨਿਊਟਰੀਸ਼ਨ ਜਾਂ ਬੌਡੀ ਕਲੌਕ ਅਤੇ ਨਿਊਟਰੀਸ਼ਨ 'ਤੇ ਖੋਜ ਕਰ ਰਹੇ ਡਾ. ਪੌਟ ਕਹਿੰਦੇ ਹਨ, ''ਸਾਡੇ ਸਰੀਰ ਦੀ ਆਪਣੀ ਇੱਕ ਜੈਵਿਕ ਘੜੀ ਹੁੰਦੀ ਹੈ ਜੋ ਤੈਅ ਕਰਦੀ ਹੈ ਕਿ ਸਰੀਰ ਦੀਆਂ ਮੈਟਾਬੌਲਿਕ ਕਿਰਿਆਵਾਂ ਕਦੋਂ-ਕਦੋਂ ਹੋਣੀਆਂ ਚਾਹੀਦੀਆਂ ਹਨ।''
''ਇਸ ਨਾਲ ਪਤਾ ਲਗਦਾ ਹੈ ਕਿ ਰਾਤ ਦਾ ਭਾਰੀ ਖਾਣਾ ਅਸਲ ਵਿੱਚ ਪਾਚਨ ਦੀ ਦ੍ਰਿਸ਼ਟੀ ਨਾਲ ਸਹੀ ਨਹੀਂ ਹੈ ਕਿਉਂਕਿ ਇਸ ਸਮੇਂ ਸਰੀਰ ਆਪਣੇ ਆਪ ਨੂੰ ਸੌਣ ਲਈ ਤਿਆਰ ਨਹੀਂ ਕਰ ਰਿਹਾ ਹੁੰਦਾ।''
ਯੂਨੀਵਰਸਟੀ ਆਫ਼ ਸਰੇ ਵਿੱਚ ਕ੍ਰੋਨੋਬਾਇਓਲੋਜੀ ਅਤੇ ਇੰਟੀਗ੍ਰੇਟਿਵ ਫੀਜ਼ੀਓਲੋਜੀ ਵਿੱਚ ਰੀਡਰ ਡਾ. ਜੋਨਾਥਨ ਜੌਨਸਟਨ ਕਹਿੰਦੇ ਹਨ, ''ਖੋਜ ਤੋਂ ਪਤਾ ਲੱਗਿਆ ਹੈ ਕਿ ਸਾਡਾ ਸਰੀਰ ਰਾਤ ਦੇ ਸਮੇਂ ਸਹੀ ਤਰ੍ਹਾਂ ਪਚਾ ਨਹੀਂ ਸਕਦਾ, ਹਾਲਾਂਕਿ ਅਜੇ ਅਸੀਂ ਇਹ ਸਮਝ ਨਹੀਂ ਸਕੇ ਕਿ ਅਜਿਹਾ ਕਿਉਂ ਹੈ।''
ਇੱਕ ਥਿਊਰੀ ਇਹ ਹੈ ਕਿ ਇਹ ਸਰੀਰ ਦੀ ਊਰਜੀ ਖਰਚ ਕਰਨ ਦੀ ਸਮਰੱਥਾ ਨਾਲ ਜੁੜਿਆ ਹੈ।
''ਸ਼ੁਰੂਆਤੀ ਸਬੂਤ ਇਹ ਦਰਸਾਉਂਦੇ ਹਨ ਕਿ ਭੋਜਨ ਪਚਾਉਣ ਵਿੱਚ ਜੋ ਊਰਜਾ ਤੁਸੀਂ ਖਰਚ ਕਰਦੇ ਹੋ ਉਹ ਸ਼ਾਮ ਦੇ ਮੁਕਾਬਲੇ ਸਵੇਰੇ ਵਧੇਰੇ ਹੁੰਦੀ ਹੈ।''
ਸ਼ਿਫਟਾਂ ਵਿੱਚ ਕੰਮ ਕਰਨ ਦਾ ਅਸਰ
ਡਾ. ਜੌਨਸਟਨ ਕਹਿੰਦੇ ਹਨ ਕਿ ਅਸੀਂ ਕਦੋਂ ਖਾਂਦੇ ਹਾਂ ਅਤੇ ਇਸ ਨਾਲ ਸਾਡੀ ਸਿਹਤ 'ਤੇ ਹੋਣ ਵਾਲੇ ਅਸਰ ਨੂੰ ਸਹੀ ਤਰ੍ਹਾਂ ਸਮਝਣਾ ਮਹੱਤਵਪੂਰਨ ਹੈ ਕਿਉਂਕਿ ਇਸਦਾ ਮੋਟਾਪੇ ਨਾਲ ਨਿਪਟਣ 'ਤੇ ਵੀ ਵੱਡਾ ਅਸਰ ਹੋ ਸਕਦਾ ਹੈ।
ਉਹ ਕਹਿੰਦੇ ਹਨ, ''ਜੇਕਰ ਅਸੀਂ ਕੋਈ ਸੁਝਾਅ ਦੇਣਾ ਹੈ ਤਾਂ ਅਸੀਂ ਕਹਾਂਗੇ ਕਿ ਤੁਸੀਂ ਕੀ ਖਾਂਦੇ ਹੋ ਤੁਹਾਨੂੰ ਉਹ ਬਦਲਣ ਦੀ ਬਹੁਤ ਜ਼ਿਆਦਾ ਲੋੜ ਨਹੀਂ ਹੈ, ਪਰ ਜੇਕਰ ਤੁਸੀਂ ਸਿਰਫ਼ ਖਾਣ ਦਾ ਸਮਾਂ ਹੀ ਬਦਲ ਲੈਂਦੇ ਹੋ ਤਾਂ ਇਹ ਮਾਮੂਲੀ ਜਿਹਾ ਬਦਲਾਅ ਵੀ ਸਾਡੇ ਸਮਾਜ ਵਿੱਚ ਸਿਹਤ ਨੂੰ ਬਿਹਤਰ ਕਰਨ ਦੀ ਦਿਸ਼ਾ ਵਿੱਚ ਬਹੁਤ ਮਹੱਤਵਪੂਰਨ ਹੋ ਸਕਦਾ ਹੈ।''
ਇਸ ਤੋਂ ਇਲਾਵਾ ਸਾਡੇ ਖਾਣੇ ਦੇ ਸਮਾਂ ਦਾ ਅਸਰ ਉਨ੍ਹਾਂ ਲੋਕਾਂ 'ਤੇ ਵੀ ਹੋ ਸਕਦਾ ਹੈ ਜਿਨ੍ਹਾਂ ਦਾ ਬਾਡੀ ਕੌਲਕ ਗੜਬੜ ਰਹਿੰਦਾ ਹੈ। ਜਿਵੇਂ ਕਿ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਲੋਕ। ਇੱਕ ਅਨੁਮਾਨ ਮੁਤਾਬਕ 20 ਫ਼ੀਸਦ ਲੋਕ ਸ਼ਿਫਟਾਂ ਵਿੱਚ ਕੰਮ ਕਰਦੇ ਹਨ।
ਜਾਨਵਰਾਂ 'ਤੇ ਕੀਤੇ ਗਏ ਅਧਿਐਨ ਦੱਸਦੇ ਹਨ ਕਿ ਖ਼ਾਸ ਸਮੇਂ 'ਤੇ ਖਾਣ ਨਾਲ ਸਿਕਰਾਡੀਅਨ ਲੈਅ (ਸਰੀਰ ਵਿੱਚ ਕੁਦਰਤੀ ਰੂਪ ਨਾਲ ਚੱਲਣ ਵਾਲੀਆਂ ਪ੍ਰਤੀਕੀਰਿਆਵਾਂ) ਮੁੜ ਤੋਂ ਤੈਅ ਹੋ ਸਕਦੀਆਂ ਹਨ। ਨਵੀਂ ਖੋਜ ਵਿੱਚ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਸਦਾ ਅਸਰ ਮਨੁੱਖਾਂ 'ਤੇ ਵੀ ਹੁੰਦਾ ਹੈ।
ਦਸ ਆਦਮੀਆਂ 'ਤੇ ਕੀਤੀ ਗਈ ਇੱਕ ਰਿਸਰਚ ਤੋਂ ਡਾ. ਜੌਨਸਟਨ ਨੇ ਪਤਾ ਲਗਾਇਆ ਕਿ ਖਾਣੇ ਦੇ ਸਮੇਂ ਨੂੰ ਪੰਜ ਘੰਟੇ ਅੱਗੇ ਵਧਾ ਦੇਣ ਦਾ ਅਸਰ ਉਨ੍ਹਾਂ ਦੇ ਬਾਡੀ ਕੌਲਕ 'ਤੇ ਵੀ ਪਿਆ।
ਹਾਲਾਂਕਿ ਇਹ ਰਿਸਰਚ ਬਹੁਤ ਛੋਟੀ ਸੀ, ਪਰ ਇਸ ਨਾਲ ਇਹ ਪਤਾ ਲੱਗਿਆ ਕਿ ਤੈਅ ਸਮੇਂ 'ਤੇ ਖਾਣ ਨਾਲ ਬਾਡੀ ਕਲੌਕ ਵਿੱਚ ਗੜਬੜੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮਦਦ ਮਿਲ ਸਕਦੀ ਹੈ ਬਾਡੀ ਕਲੌਕ ਦਾ ਗੜਬੜ ਕਰਨਾ ਸਿਹਤ 'ਤੇ ਗੰਭੀਰ ਅਸਰ ਕਰਦਾ ਹੈ।
ਹੋਰ ਵਧੇਰੇ ਸਵਾਲ
ਤਾਂ ਕੀ ਸਾਨੂੰ ਦਿਨ ਵਿੱਚ ਪਹਿਲਾਂ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ?
ਉਦਾਹਰਣ ਦੇ ਤੌਰ 'ਤੇ ਖਾਣ ਦਾ ਸਹੀ ਸਮਾਂ ਕੀ ਹੈ ਅਤੇ ਕਿਹੜੇ ਸਮੇਂ ਨਹੀਂ ਖਾਣਾ ਚਾਹੀਦਾ ?
ਇਹ ਸਾਡੇ ਵਿਅਕਤੀਗਤ ਬਾਡੀ ਕੌਲਕ ਤੋਂ ਕਿਵੇਂ ਪ੍ਰਭਾਵਿਤ ਹੁੰਦੀ ਹੈ-ਜਿਵੇਂ ਸਵੇਰੇ ਜਲਦੀ ਉੱਠਣ ਵਾਲੇ ਲੋਕ ਜਾਂ ਰਾਤ ਨੂੰ ਬਹੁਤ ਦੇਰ ਨਾਲ ਸੌਣ ਵਾਲੇ ਲੋਕ ਜਾਂ ਉਨ੍ਹਾਂ ਦੋਵਾਂ ਦੇ ਵਿਚਾਲੇ ਵਾਲੇ ਲੋਕ?
ਕੀ ਕੁਝ ਅਜਿਹੇ ਭੋਜਨ ਹਨ ਜਿਨ੍ਹਾਂ ਨੂੰ ਕਿਸੇ ਖਾਸ ਸਮੇਂ 'ਤੇ ਨਹੀਂ ਖਾਣਾ ਚਾਹੀਦਾ?
ਡਾ. ਪੌਟ ਅਤੇ ਡਾ. ਜੌਨਸਟਨ ਦੋਵੇਂ ਮੰਨਦੇ ਹਨ ਕਿ ਸਾਨੂੰ ਦਿਨ ਦੀ ਸ਼ੁਰੂਆਤ ਵਿੱਚ ਭਾਰੀ ਖਾਣ ਜਾਂ ਵੱਧ ਕੈਲਰੀ ਵਾਲਾ ਭੋਜਨ ਖਾਣਾ ਚਾਹੀਦਾ ਹੈ ਅਤੇ ਆਪਣੇ ਲੰਚ ਨੂੰ ਦਿਨ ਦਾ ਸਭ ਤੋਂ ਵੱਡਾ ਮੀਲ ਬਣਾਉਣਾ ਚਾਹੀਦਾ ਹੈ।
ਹਾਲਾਂਕਿ ਕ੍ਰੋਨੋ-ਨਿਊਟਰੀਸ਼ਨ ਦੇ ਖੇਤਰ ਵਿੱਚ ਖੋਜ ਕਰ ਰਹੀ ਪ੍ਰੋਫੈਸਰ ਅਲੈਗਜ਼ੈਂਡਰਾ ਇਸ ਨੂੰ ਲੈ ਕੇ ਥੋੜ੍ਹੀ ਸੁਚੇਤ ਹੈ।
ਉਹ ਕਹਿੰਦੀ ਹੈ ਕਿ ਕੁਝ ਅਧਿਐਨ ਦੱਸ ਰਹੇ ਹਨ ਕਿ ਜਲਦੀ ਖਾਣ ਨਾਲ ਸਿਹਤ ਨੂੰ ਫਾਇਦਾ ਮਿਲੇਗਾ ਪਰ ਉਹ ਇਸਦੇ ਸਪੱਸ਼ਟ ਸਬੂਤ ਦੇਖਣਾ ਚਾਹੁੰਦੀ ਹੈ।
ਉਨ੍ਹਾਂ ਨੂੰ ਉਮੀਦ ਹੈ ਕਿ ਇਸ ਖੇਤਰ ਵਿੱਚ ਹੋ ਰਹੀਆਂ ਖੋਜਾਂ ਤੋਂ ਸਪੱਸ਼ਟ ਜਾਣਕਾਰੀਆਂ ਮਿਲ ਸਕਣਗੀਆਂ ਅਤੇ ਫਿਰ ਲੋਕਾਂ ਨੂੰ ਸਹੀ ਸਲਾਹ ਦਿੱਤੀ ਜਾ ਸਕੇਗੀ ਕਿ ਉਨ੍ਹਾਂ ਨੂੰ ਕਦੋਂ ਕੀ ਖਾਣਾ ਚਾਹੀਦਾ ਹੈ।