ਪੰਜਾਬ 'ਚ ਰੋਜ਼ਾਨਾ 300 ਲੋਕ ਹੁੰਦੇ ਆਵਾਰਾ ਕੁੱਤਿਆ ਦਾ ਸ਼ਿਕਾਰ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਜ਼ਿਲ੍ਹਾ ਸੰਗਰੂਰ ਦੇ ਪਿੰਡ ਭਿੰਡਰਾਂ ਵਿੱਚ ਆਸ਼ੂ ਨਾਂ ਦੀ ਪੰਜ ਸਾਲਾਂ ਦੀ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਮਾਰ ਦਿੱਤਾ। ਆਸ਼ੂ ਦੇ ਪਿਤਾ ਰਸ਼ਪਾਲ ਸਿੰਘ ਮੁਤਾਬਕ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਜਦੋਂ ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਸੰਗਰੂਰ ਸ਼ਹਿਰ ਦੇ ਆਵਾਰਾ ਕੁੱਤੇ ਜ਼ਿਆਦਾਤਰ ਛੋਟੇ ਬੱਚਿਆਂ ਜਾਂ ਰਾਤ ਸਮੇਂ ਸੁੰਨਸਾਨ ਥਾਂਵਾਂ ਤੋਂ ਲੰਘ ਰਹੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

ਸ਼ਹਿਰ ਵਿੱਚ ਕੁੱਤਿਆਂ ਦੇ ਇਨਸਾਨਾਂ 'ਤੇ ਹਮਲੇ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।

ਇਸ ਘਟਨਾ ਤੋਂ ਅਗਲੇ ਹੀ ਦਿਨ ਮਲੇਰਕੋਟਲਾ ਵਿੱਚ ਆਵਾਰਾ ਕੁੱਤਿਆਂ ਨੇ ਭੇਡਾਂ ਦੇ ਵਾੜੇ 'ਤੇ ਹਮਲਾ ਕਰਕੇ ਦਰਜਨ ਤੋਂ ਵੱਧ ਭੇਡਾਂ ਜ਼ਖਮੀ ਕਰ ਦਿੱਤੀਆਂ ਜਿਨ੍ਹਾਂ ਵਿੱਚੋਂ ਸੱਤ ਮਰ ਗਈਆਂ।

ਸ਼ੰਕਰ ਬਰਨਾਲਾ ਵਿੱਚ ਨਾਈ ਦੀ ਦੁਕਾਨ ਕਰਦੇ ਹਨ। ਦੋ ਮਹੀਨੇ ਪਹਿਲਾਂ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ ਜਦੋਂ ਉਨ੍ਹਾਂ 'ਤੇ ਇੱਕ ਕੁੱਤੇ ਨੇ ਹਮਲਾ ਕਰ ਦਿੱਤਾ। ਸ਼ੰਕਰ ਨੂੰ ਇਸ ਹਾਦਸੇ ਮਗਰੋਂ ਦੋ ਮਹੀਨੇ ਬੈੱਡ ਰੈਸਟ ਕਰਨਾ ਪਿਆ।

ਬਰਨਾਲੇ ਦੀ ਹੀ ਅਨਾਜ ਮੰਡੀ ਦੇ ਇੱਕ ਕਰਿਆਨੇ ਵਾਲੇ ਸੰਦੀਪ ਕੁਮਾਰ ਦੱਸਦੇ ਹਨ, "ਆਵਾਰਾ ਕੁੱਤੇ ਇੱਥੇ ਘੁੰਮਦੇ ਰਹਿੰਦੇ ਹਨ। ਹਮਲੇ ਦੇ ਡਰ ਕਰਕੇ ਰਾਤ ਸਮੇਂ, ਡਰਦਾ ਕੋਈ ਇੱਥੋਂ ਨਹੀਂ ਲੰਘਦਾ। ਬੱਚਿਆਂ ਨੂੰ ਤਾਂ ਦਿਨ ਵੇਲੇ ਵੀ ਖ਼ਤਰਾ ਬਣਿਆ ਰਹਿੰਦਾ ਹੈ।"

ਸਬਜ਼ੀਆਂ ਦੀ ਆੜ੍ਹਤ ਦੀ ਦੁਕਾਨ ਕਰਨ ਵਾਲੇ ਪ੍ਰਦੀਪ ਸਿੰਗਲਾ ਨੇ ਦੱਸਿਆ, "ਸਾਡੇ ਕੋਲ ਕੰਮ ਕਰਦੀ ਲੇਬਰ ਨੂੰ ਤੜਕੇ ਸਵੇਰੇ ਉੱਠਣਾ ਪੈਂਦਾ ਹੈ। ਕਈ ਵਾਰ ਆਵਾਰਾ ਕੁੱਤੇ ਇਨ੍ਹਾਂ 'ਤੇ ਹਮਲਾ ਕਰ ਚੁੱਕੇ ਹਨ।"

ਸਰਕਾਰੀ ਅੰਕੜੇ

ਪਸ਼ੂ ਪਾਲਣ ਵਿਭਾਗ ਦੇ 19ਵੇਂ ਲਾਈਵ ਸਟਾਕ ਸਰਵੇ ਮੁਤਾਬਿਕ ਪੰਜਾਬ ਵਿੱਚ 4,70,558 ਕੁੱਤੇ ਹਨ ਜਿੰਨ੍ਹਾਂ ਵਿੱਚੋਂ 3,05,482 ਕੁੱਤੇ ਆਵਾਰਾ ਹਨ। ਇਨ੍ਹਾਂ ਆਵਾਰਾ ਕੁੱਤਿਆਂ ਵਿੱਚੋਂ ਲਗਭਗ 80 ਫੀਸਦੀ ਕੁੱਤੇ ਪਿੰਡਾਂ ਵਿੱਚ ਪਾਏ ਜਾਂਦੇ ਹਨ।

ਪੰਜਾਬ ਵਿੱਚ ਆਵਾਰਾ ਕੁੱਤਿਆਂ ਵੱਲੋਂ ਇਨਸਾਨਾਂ ਅਤੇ ਪਾਲਤੂ ਜਾਨਵਰਾਂ 'ਤੇ ਹਮਲਾ ਕਰਨ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇੱਕ ਆਰ ਟੀ ਆਈ ਦੇ ਜਵਾਬ ਵਿੱਚ ਦੱਸਿਆ ਕਿ ਪੰਜਾਬ ਵਿੱਚ ਕੁੱਤਿਆਂ ਦੁਆਰਾ ਕੱਟੇ ਜਾਣ ਵਾਲੇ ਮਰੀਜ਼ਾਂ ਦੇ ਸਾਲ 2015 ਵਿੱਚ 4, 719 ਕੇਸ ਸਾਹਮਣੇ ਆਏ ਸਨ, ਜਦਕਿ ਸਾਲ 2016 ਵਿੱਚ ਇਹ ਗਿਣਤੀ ਵਧ ਕੇ 1, 10, 237 ਹੋ ਗਈ।

ਕੁੱਤਿਆਂ ਨੂੰ ਵੀ ਜਿਉਣ ਦਾ ਹੱਕ

ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਕੌਮਾਂਤਰੀ ਜਥੇਬੰਦੀ ਪੇਟਾ ਦੇ ਐਮਰਜੈਂਸੀ ਰਿਸਪੌਂਸ ਕੋਆਰਡੀਨੇਟਰ ਮੀਤ ਅਸ਼ਰ ਇਸ ਮਾਮਲੇ 'ਤੇ ਵੱਖਰੀ ਰਾਏ ਰੱਖਦੇ ਹਨ।

ਉਨ੍ਹਾਂ ਅਨੁਸਾਰ "ਭਾਵੇਂ ਮਨੁੱਖਾਂ ਦੀ ਸੁਰੱਖਿਆ ਜ਼ਿਆਦਾ ਮਹੱਤਵ ਰੱਖਦੀ ਹੈ ਪਰ ਕੁੱਤਿਆਂ ਨੂੰ ਵੀ ਜਿਉਣ ਦਾ ਹੱਕ ਹੈ।"

ਉਨ੍ਹਾਂ ਕਿਹਾ, "ਆਵਾਰਾ ਕੁੱਤਿਆਂ ਨੂੰ ਮਾਰਨ ਦੀ ਬਜਾਏ ਇਨ੍ਹਾਂ ਦੀ ਨਸਬੰਦੀ ਸਰਕਾਰ ਨੂੰ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਪੰਜਾਬ ਵਿੱਚ ਵਧੇਰੇ ਮਾਮਲੇ ਪਾਲਤੂ ਕੁੱਤਿਆਂ ਵੱਲੋਂ ਕੱਟਣ ਦੇ ਆਉਂਦੇ ਹਨ ਨਾ ਕਿ ਆਵਾਰਾ ਕੁੱਤਿਆਂ ਦੇ।"

"ਦੂਜਾ ਪੰਜਾਬ ਵਿੱਚ ਕੁੱਤਿਆਂ ਦੇ ਖ਼ੂਨੀ ਭੇੜ ਕਰਾਏ ਜਾਂਦੇ ਹਨ ਜੋ ਕਿ ਕੁੱਤਿਆਂ 'ਤੇ ਵੀ ਜ਼ੁਲਮ ਹੈ। ਅਜਿਹੀਆਂ ਖੂੰਖਾਰ ਨਸਲਾਂ ਘਰਾਂ ਵਿੱਚ ਪਾਲ਼ੀਆਂ ਜਾਂਦੀਆਂ ਹਨ ਜੋ ਕਿ ਕਈ ਵਾਰ ਆਪਣੇ ਮਾਲਕ 'ਤੇ ਹੀ ਹਮਲਾ ਕਰ ਦਿੰਦੇ ਹਨ। ਅਜਿਹੇ ਕੁੱਤਿਆਂ ਦੀ ਨਸਲ ਅੱਗੇ ਨਹੀਂ ਵਧਾਈ ਜਾਣੀ ਚਾਹੀਦੀ।"

ਪੰਚਾਇਤਾਂ ਜਾਂ ਨਗਰ ਕੌਂਸਲਾਂ ਜਿੰਮੇਵਾਰ

ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ.ਅਮਰਜੀਤ ਸਿੰਘ ਨੇ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਦੇ ਮਾਮਲੇ ਵਿਚ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਨਸਬੰਦੀ ਕਰਵਾਉਣਾ ਅਤੇ ਆਵਾਰਾ ਕੁੱਤਿਆਂ ਦੀ ਸਾਂਭ-ਸੰਭਾਲ ਸਥਾਨਕ ਪੰਚਾਇਤਾਂ ਜਾਂ ਨਗਰ ਕੌਂਸਲਾਂ ਦਾ ਕੰਮ ਹੈ ਅਤੇ ਅਸੀਂ ਸਿਰਫ਼ ਉਨ੍ਹਾਂ ਨੂੰ ਮੈਡੀਕਲ ਸੇਵਾਵਾਂ ਦੇ ਸਕਦੇ ਹਾਂ।"

ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਦਾ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੇ ਜਾਣ ਸਬੰਧੀ ਕਹਿਣਾ ਸੀ, "ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸ ਲਈ ਇਨ੍ਹਾਂ ਦੀ ਆਬਾਦੀ ਵਧ ਰਹੀ ਹੈ। ਸਾਡੇ ਨਸਬੰਦੀ ਪ੍ਰੋਜੈਕਟ ਹਰ ਜ਼ਿਲ੍ਹੇ ਵਿੱਚ ਲਗਾਤਾਰ ਜਾਰੀ ਹਨ, ਇਸ ਨੂੰ ਕੰਟਰੋਲ ਕਰਨ ਲਈ ਸਮਾਂ ਲੱਗੇਗਾ। ਅਸੀਂ ਇਸ ਸਬੰਧੀ ਨਵੀਂ ਯੋਜਨਾਬੰਦੀ ਬਣਾ ਰਹੇ ਹਾਂ।"

ਪੀੜਤਾਂ ਦਾ ਮੁਫ਼ਤ ਟੀਕਾਕਰਨ

ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਸਪਾਲ ਕੌਰ ਮੁਤਾਬਿਕ ਸਾਲ 2017 ਵਿੱਚ 1, 12, 431 ਮਾਮਲੇ ਕੁੱਤਿਆਂ ਦੁਆਰਾ ਕੱਟੇ ਜਾਣ ਦੇ ਸਾਹਮਣੇ ਆਏ ਸਨ।

ਜਨਵਰੀ, 2018 ਤੋਂ ਮਾਰਚ, 2018 ਤੱਕ 25, 834 ਮਾਮਲੇ ਪੂਰੇ ਪੰਜਾਬ ਵਿੱਚ ਉਨ੍ਹਾਂ ਕੋਲ ਆਏ ਹਨ। ਇਹਨਾਂ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਹਰ ਰੋਜ਼ ਲਗਭਗ 300 ਲੋਕ ਕੁੱਤਿਆਂ ਦੇ ਹਮਲਿਆਂ ਦੇ ਸ਼ਿਕਾਰ ਹੋ ਰਹੇ ਹਨ।

ਵਿਭਾਗ ਕੋਲ ਕੁੱਤਿਆਂ ਦੇ ਕੱਟਣ ਨਾਲ ਹੋਈਆਂ ਮੌਤਾਂ ਦਾ ਕੋਈ ਅੰਕੜਾ ਮੌਜੂਦ ਨਹੀਂ ਹੈ।

ਡਾ.ਜਸਪਾਲ ਕੌਰ ਮੁਤਾਬਿਕ, "ਕੁੱਤਿਆਂ ਦੁਆਰਾ ਕੱਟੇ ਜਾਣ ਦੇ ਮਾਮਲੇ ਵਧ ਰਹੇ ਹਨ ਕਿਉਂਕਿ ਆਵਾਰਾ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ।''

"ਕੁੱਤੇ ਦੇ ਕੱਟੇ ਜਾਣ 'ਤੇ ਜ਼ਖਮ ਨੂੰ ਚੰਗੀ ਤਰਾਂ ਸਾਬਣ ਨਾਲ ਧੋ ਕੇ ਲੈਣਾ ਚਾਹੀਦਾ ਹੈ ਤਾਂ ਜੋ ਰੈਬੀਜ਼ ਜ਼ਖਮ ਰਾਹੀਂ ਸਰੀਰ ਵਿੱਚ ਦਾਖਲ ਨਾ ਹੋਣ ਅਤੇ ਜਿੰਨੀ ਜਲਦੀ ਹੋ ਸਕੇ ਐਂਟੀ ਰੈਬੀਜ਼ ਟੀਕਾ ਲਗਵਾ ਲੈਣਾ ਚਾਹੀਦਾ ਹੈ। ਇਹ ਟੀਕੇ ਹਰੇਕ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਲਗਾਏ ਜਾਂਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)