ਜੇ ਤੁਸੀਂ ਵੀ ਆਪਣੇ ਪਰਿਵਾਰ ਦੇ ਵਟਸਐਪ ਗਰੁੱਪ ਵਿੱਚ ਫਸਿਆ ਮਹਿਸੂਸ ਕਰਦੇ ਹੋ, ਤਾਂ ਇਹ ਕਰਕੇ ਦੇਖੋ

    • ਲੇਖਕ, ਨਤਾਸ਼ਾ ਬਧਵਾਰ
    • ਰੋਲ, ਬੀਬੀਸੀ ਲਈ

ਜੋ ਲੋਕ ਆਪਣੇ ਪਰਿਵਾਰ ਦੇ ਵਟਸਐਪ ਗਰੁੱਪਾਂ 'ਚ ਆਪਣੇ ਰਿਸ਼ਤੇਦਾਰਾਂ ਦੇ ਕਟੱੜ, ਬੇਕਾਰ, ਗੈਰ-ਵਿਗਿਆਨਕ, ਤਰਕਹੀਣ ਅਤੇ ਔਰਤ ਵਿਰੋਧੀ ਪੋਸਟਾਂ ਕਾਰਨ ਭਿਆਨਕ ਜਾਂ ਗੰਭੀਰ ਤਣਾਅ ਦਾ ਸ਼ਿਕਾਰ ਹੋ ਰਹੇ ਹਨ, ਮੈਂ ਉਨ੍ਹਾਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ।

ਤੁਹਾਡੇ 'ਚੋਂ ਕੁਝ ਲੋਕ ਤਾਂ ਹੁਣ ਤੱਕ ਐਨੇ ਪਰੇਸ਼ਾਨ ਹੋ ਚੁੱਕੇ ਹਨ ਕਿ ਯੋਗਾ, ਧਿਆਨ, ਆਯੁਰਵੇਦ ਅਤੇ ਹਰਬਲ ਚਾਹ (herbal tea) ਦੀ ਵਡਿਆਈ ਕਰਨ ਵਾਲੀਆਂ ਪੋਸਟਾਂ ਨੂੰ ਅਗਾਂਹ ਭੇਜਣ ਨਾਲ ਵੀ ਤੁਹਾਡੇ ਹੱਥ-ਪੈਰ ਢਿੱਲੇ ਪੈਣ ਲੱਗ ਜਾਂਦੇ ਹਨ। ਕਿਰਪਾ ਕਰਕੇ ਉਸ ਗਰੁੱਪ ਨੂੰ ਛੱਡ ਦਿਓ। ਸੈਟਿੰਗ 'ਤੇ ਜਾਓ ਅਤੇ ਐਗਜ਼ਿਟ ਦਬਾਓ।

ਤੁਹਾਡੇ ਕੋਲ ਜਿਹੜਾ ਵੀ ਸਮਾਰਟਫੋਨ ਹੈ, ਉਸ 'ਚ ਕਿਸੇ ਵੀ ਵਟਸਐਪ ਗਰੁੱਪ ਤੋਂ ਐਗਜ਼ਿਟ ਹੋਣ ਲਈ ਤੁਹਾਨੂੰ ਵੱਧ ਤੋਂ ਵੱਧ ਇੱਕ ਉਂਗਲੀ ਦੇ ਦੋ ਜਾਂ ਤਿੰਨ ਹਲਕੇ ਟੈਪ ਦੀ ਲੋੜ ਹੈ।

ਯਕੀਨ ਕਰੋ, ਜਿਸ ਤਰ੍ਹਾਂ ਦਾ ਗੁੱਸਾ ਅਤੇ ਉਲਝਣ ਤੁਹਾਨੂੰ ਮਹਿਸੂਸ ਹੋ ਰਹੀ ਹੈ, ਉਸ 'ਚ ਤੁਹਾਡੀ ਕੋਈ ਗ਼ਲਤੀ ਨਹੀਂ ਹੈ।

ਗ਼ਲਤੀ ਤਾਂ ਉਨ੍ਹਾਂ ਦੀ ਵੀ ਨਹੀਂ ਹੈ, ਜੋ ਚੀਜ਼ਾਂ ਨੂੰ ਪੜ੍ਹੇ ਬਿਨਾਂ ਹੀ ਅੱਗੇ ਭੇਜ ਦਿੰਦੇ ਹਨ। ਹਵਾ ਹੀ ਖਰਾਬ ਹੈ।

ਤੁਸੀਂ ਕਹੋਗੇ, "ਨਹੀਂ, ਨਹੀਂ, ਫੈਮਿਲੀ ਗਰੁੱਪ ਛੱਡਣਾ ਸੰਭਵ ਨਹੀਂ ਹੈ। ਰਿਸ਼ਤੇਦਾਰਾਂ ਦਾ ਦਿਲ ਦੁਖੀ ਹੋਵੇਗਾ।"

ਆਪਣੇ ਪਰਿਵਾਰ 'ਚ ਭਰੋਸਾ ਰੱਖੋ। ਆਪਣੇ ਖ਼ਾਨਦਾਨ 'ਤੇ ਭਰੋਸਾ ਰੱਖੋ। ਤੁਸੀਂ ਭਾਵੇਂ ਹੀ ਫੈਮਿਲੀ ਗਰੁੱਪ ਛੱਡ ਦਿਓ ਪਰ ਪਰਿਵਾਰ ਤੁਹਾਨੂੰ ਕਦੇ ਵੀ ਨਹੀਂ ਛੱਡੇਗਾ।

ਉਹ ਤੁਹਾਡੇ ਬਾਰੇ 'ਚ ਪਹਿਲਾਂ ਤੋਂ ਵੀ ਵੱਧ ਸੋਚਣਗੇ। ਜੋ ਸੰਦੇਸ਼ ਤੁਹਾਡੇ ਲਈ ਲਾਭਦਾਇਕ ਹਨ, ਉਹ ਤੁਹਾਨੂੰ ਵੱਖਰੇ ਤੌਰ 'ਤੇ ਭੇਜਣਗੇ।

ਆਪਣੇ ਦਿਲ ਨੂੰ ਮਜ਼ਬੂਤ ਕਰੋ, ਉਹ ਤੁਹਾਨੂੰ ਫੋਨ ਵੀ ਕਰ ਸਕਦੇ ਹਨ। ਵਿਆਹ, ਜਨਮਦਿਨ, ਪਿਕਨਿਕ ਅਤੇ ਹੋਰ ਸਮਾਗਮਾਂ ਲਈ ਉਹ ਤੁਹਾਨੂੰ ਸੱਦਾ ਭੇਜਣਾ ਵੀ ਕਦੇ ਨਹੀਂ ਭੁੱਲਣਗੇ।

ਭਾਵੇਂ ਤੁਸੀਂ ਇਨ੍ਹਾਂ ਮੌਕਿਆਂ 'ਤੇ ਕਿਸੇ ਕਾਰਨ ਹਾਜ਼ਰ ਨਾ ਹੋ ਸਕੋ ਤਾਂ ਵੀ ਉਹ ਤੁਹਾਡੇ ਲਈ ਮਠਿਆਈ ਦਾ ਡੱਬਾ ਜ਼ਰੂਰ ਭੇਜਣਗੇ।

ਤੁਹਾਡੀ ਮਾਂ ਤੁਹਾਨੂੰ ਦੱਸੇਗੀ ਕਿ ਤੁਹਾਡੀ ਗੈਰਹਾਜ਼ਰੀ 'ਚ ਉਨ੍ਹਾਂ 'ਚੋਂ ਹਰ ਕੋਈ ਤੁਹਾਡੇ ਬਾਰੇ ਕੀ-ਕੀ ਕਹਿ ਰਿਹਾ ਸੀ। ਇਨ੍ਹਾਂ 'ਚੋਂ ਕੁਝ ਗੱਲਾਂ ਤੁਹਾਨੂੰ ਚੰਗੀਆਂ ਵੀ ਲੱਗਣਗੀਆਂ।

ਇਹ ਵੀ ਪੜ੍ਹੋ:

ਰਿਸ਼ਤਿਆਂ ਨੂੰ ਜਿਉਂਦਾ ਰੱਖਣਾ ਆਪਣੇ ਹੱਥ 'ਚ ਹੁੰਦਾ ਹੈ

ਇੱਕ ਵਾਰ ਜਦੋਂ ਤੁਸੀਂ ਆਪਣੇ ਪਰਿਵਾਰ ਵੱਲੋਂ ਫਾਰਵਰਡ ਕੀਤੇ ਵਟਸਐਪ ਸੁਨੇਹਿਆਂ ਤੋਂ ਆਪਣਾ ਹੱਥ ਪਿੱਛੇ ਕਰ ਲਵੋਗੇ ਤਾਂ ਇਹ ਤੁਹਾਡੇ ਹੱਥ 'ਚ ਹੀ ਹੋਵੇਗਾ ਕਿ ਤੁਸੀਂ ਆਪਣੇ ਵੱਖੋ-ਵੱਖਰੇ ਰਿਸ਼ਤੇਦਾਰਾਂ ਨਾਲ ਆਪਣੇ ਸਬੰਧਾਂ ਨੂੰ ਮੁੜ ਕਿਵੇਂ ਸੁਰਜੀਤ ਕਰਦੇ ਹੋ।

ਪਰਿਵਾਰ ਦੇ ਵਿਗਿਆਨੀ ਵੱਲੋਂ ਭੇਜੀ ਗਈ ਇੱਕ ਗੈਰ ਵਿਗਿਆਨਕ ਪੋਸਟ, ਜਿਸ 'ਚ ਮੋਮਬੱਤੀਆਂ ਦੀ ਸਮੂਹਿਕ ਊਰਜਾ ਨਾਲ ਕੋਰੋਨਾ ਵਾਇਰਸ ਨੂੰ ਹਰਾਇਆ ਜਾ ਸਕਦਾ ਹੈ, ਦੀ ਗੱਲ ਲਿਖੀ ਹੋਵੇ, ਤੁਸੀਂ ਉਸ ਨੂੰ ਵੀ ਭੁੱਲ ਜਾਓਗੇ।

ਆਪਣੇ ਭਰਾ-ਭੈਣ ਵੱਲੋਂ ਫਾਰਵਰਡ ਕੀਤੀ ਗਈ ਨਫ਼ਰਤ ਨਾਲ ਭਰੀ ਪੋਸਟ ਨੂੰ ਯਾਦ ਰੱਖਣਾ ਵੀ ਤੁਹਾਡੇ ਲਈ ਜ਼ਰੂਰੀ ਨਹੀਂ ਰਹਿ ਜਾਵੇਗਾ।

ਹੌਲੀ-ਹੌਲੀ ਤੁਸੀਂ ਇਹ ਵੀ ਭੁੱਲ ਜਾਵੋਗੇ ਕਿ ਤੁਹਾਡੇ ਚਾਚਾ, ਮਾਮਾ ,ਮਾਸੜ ਜੋ ਤੁਹਾਡੇ ਅਸਲ ਹੀਰੋ ਹੁੰਦੇ ਸਨ, ਉਨ੍ਹਾਂ ਨੂੰ ਹੀ ਆਪਣੇ ਝਾਂਸੇ 'ਚ ਲੈਣਾ ਕਿੰਨਾ ਸੌਖਾ ਹੈ।

ਇਹ ਵੀ ਸੰਭਵ ਹੈ ਕਿ ਤੁਹਾਡੇ ਪਿਤਾ ਜੀ ਨੇ ਅਮਿਤਾਭ ਬੱਚਨ ਵੱਲੋਂ ਟਵਿੱਟਰ 'ਤੇ ਪਾਈ ਕੋਈ ਜਾਅਲੀ ਵਿਗਿਆਨਕ ਪੋਸਟ ਸਾਂਝੀ ਕੀਤੀ ਹੋਵੇ। ਪਰ ਜਿਸ ਤਰ੍ਹਾਂ ਨਾਲ ਅਸੀਂ ਕਿਸੇ ਧੁੰਦਲੇ ਪੈ ਚੁੱਕੇ ਸੁਪਰਸਟਾਰ ਨੂੰ ਮਾਫ਼ ਕਰ ਦਿੰਦੇ ਹਾਂ, ਉਸੇ ਤਰ੍ਹਾਂ ਅਸੀਂ ਇਹ ਵੀ ਭੁੱਲ ਜਾਵਾਂਗੇ।

ਜੇਕਰ ਕੋਈ ਜਨਤਕ ਤੌਰ 'ਤੇ ਆਪਣਾ ਮਜ਼ਾਕ ਉਡਾ ਰਿਹਾ ਹੁੰਦਾ ਹੈ ਤਾਂ ਤੁਸੀਂ ਉਸ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦੇ ਹੋ। ਉਸ ਦੇ ਫਿਸਲਣ ਲਈ ਤੁਸੀਂ ਉਸ ਨੂੰ ਮੁਲਜ਼ਮ ਨਹੀਂ ਠਹਿਰਾਉਣਾ ਚਾਹੁੰਦੇ ਹੋ ਅਤੇ ਨਾ ਹੀ ਹਰ ਸਮੇਂ ਗੁੱਸੇ 'ਚ ਲਾਲ-ਪੀਲਾ ਹੋਣਾ ਚਾਹੁੰਦੇ ਹੋ। ਇਹੀ ਰਿਸ਼ਤੇਦਾਰ ਜੇਕਰ ਫੇਸਬੁੱਕ 'ਤੇ ਹੋਵੇ ਤਾਂ ਉਸ ਨੂੰ ਅਨਫ੍ਰੈਂਡ ਕਰ ਦਿਓ।

ਤੁਸੀਂ ਕੁਝ ਰਿਸ਼ਤੇਦਾਰਾਂ ਨੂੰ ਬਲਾਕ ਵੀ ਕਰ ਸਕਦੇ ਹੋ। ਉਹ ਕਦੇ ਵੀ ਇਸ ਦਾ ਵਿਰੋਧ ਕਰਨ ਲਈ ਨਹੀਂ ਆਉਣਗੇ। ਮੇਰੇ 'ਤੇ ਭਰੋਸਾ ਕਰੋ। ਮੈਂ ਆਪਣੇ ਤਜਰਬੇ ਤੋਂ ਕਹਿ ਰਹੀ ਹਾਂ। ਮੈਂ ਤਾਂ ਕਈਆਂ ਨੂੰ ਬਲਾਕ ਕੀਤਾ ਹੋਇਆ ਹੈ।

ਜਾਅਲੀ ਖ਼ਬਰਾਂ ਦਾ ਦੌਰ

ਸਾਡੇ ਆਲੇ ਦੁਆਲੇ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਰਹੇ ਹਾਂ, ਜਿਨ੍ਹਾਂ ਦੀ ਇੱਜ਼ਤ ਕਰਦੇ ਰਹੇ ਹਾਂ ਅਤੇ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਵੀ ਹੈ, ਗਲਤ ਸੂਚਨਾ ਦੇ ਇਸ ਯੁੱਗ ਨੇ ਉਨ੍ਹਾਂ ਨੂੰ ਵਿਗਾੜ ਦਿੱਤਾ ਹੈ।

ਉਨ੍ਹਾਂ ਨੇ ਜਾਅਲੀ ਖ਼ਬਰਾਂ ਅਤੇ ਨਫ਼ਰਤ ਭਰਪੂਰ ਪੋਸਟਾਂ ਦੀ ਸੁਨਾਮੀ ਨੂੰ ਆਪਣੀ ਕਲਪਨਾ ਦੇ ਨਾਲ ਅੱਤਿਆਚਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਪਰਿਵਾਰਕ ਵਟਸਐਪ ਗਰੁੱਪ ਨੂੰ ਛੱਡਣਾ ਪਿਆਰ 'ਚ ਕੀਤਾ ਜਾਣ ਵਾਲਾ ਕੰਮ ਹੈ।

ਮੈਂ ਹੁਣੇ-ਹੁਣੇ ਆਪਣੇ ਆਖਰੀ ਪਰਿਵਾਰਕ ਗਰੁੱਪਾਂ ਵਿੱਚੋਂ ਇੱਕ ਨੂੰ ਅਲਵਿਦਾ ਕਿਹਾ ਹੈ ਅਤੇ ਇਸ ਬਾਰੇ ਵਿੱਚ ਮੈਂ ਆਪਣੀਆਂ ਰਲੀਆਂ-ਮਿਲੀਆਂ ਭਾਵਨਾਵਾਂ ਨੂੰ ਸਮੇਟਣ ਦਾ ਯਤਨ ਕਰ ਰਹੀ ਹਾਂ।

ਅੰਕਲ ਲੋਕ ਥੋੜ੍ਹੀ-ਥੋੜ੍ਹੀ ਦੇਰ ਵਿੱਚ ਕਿਹੜੀਆਂ ਚੀਜ਼ਾਂ ਫਾਰਵਰਡ ਕਰ ਰਹੇ ਹਨ ਅਤੇ ਕੀ ਸਲਾਹ ਦੇ ਰਹੇ ਹਨ, ਇਸ ਗੱਲ ਨੇ ਮੈਨੂੰ ਇਸ ਗਰੁੱਪ ਵਿੱਚ ਘੱਟ ਪਰੇਸ਼ਾਨ ਕੀਤਾ, ਪਰ ਬਾਕੀ ਸਾਰਿਆਂ ਦੀ ਚੁੱਪ ਨੇ ਮੈਨੂੰ ਵਧੇਰੇ ਤਬਾਹ ਕੀਤਾ।

ਇਹ ਵੀ ਪੜ੍ਹੋ:

ਇੱਕ ਅਜਿਹੇ ਸਮੇਂ ਵਿੱਚ ਜਦੋਂ ਸਾਡੀ ਹਰ ਚੋਣ ਸਿਆਸੀ ਹੁੰਦੀ ਹੈ, ਉਸ ਸਮੇਂ ਆਪਣੇ ਆਪ ਨੂੰ ਗੈਰ-ਸਿਆਸੀ ਦਰਸਾਉਣ ਦਾ ਪਖੰਡ, ਇੱਕ ਦੂਜੇ ਦੀ ਕੱਟੜਤਾ, ਧਰਮ ਦਾ ਜ਼ਿਕਰ ਕਰਨ 'ਚ ਡਰਪੋਕ ਬਣੇ ਰਹਿਣਾ, ਆਪਣੇ ਆਲੇ-ਦੁਆਲੇ ਦੇ ਕਰੋੜ ਲੋਕਾਂ ਦਾ ਜੀਵਨ ਜਦੋਂ ਬਰਬਾਦ ਕਰ ਦਿੱਤਾ ਗਿਆ ਹੋਵੇ ਉਸ ਸਮੇਂ ਆਪਣੇ ਵਰਗ ਅਤੇ ਜਾਤੀ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦੀ ਆੜ 'ਚ ਚੈਨ ਮਹਿਸੂਸ ਕਰਦਿਆਂ ਆਕੜ ਕੇ ਚੱਲਣਾ।

ਖ਼ੈਰ ਇਸ ਗਰੁੱਪ ਨੂੰ ਮੈਂ ਬਹੁਤ ਹੀ ਆਰਾਮ ਨਾਲ ਛੱਡਿਆ। ਹੁਣ ਮੈਨੂੰ ਗੁੱਸਾ ਨਹੀਂ ਆ ਰਿਹਾ ਹੈ। ਛੱਡਣ ਦਾ ਮਤਲਬ ਹੈ ਕਿ ਮੈਂ ਆਪਣੇ ਰਿਸ਼ਤਿਆਂ ਦੀ ਚੋਣ ਕਰਨ ਦੇ ਯੋਗ ਹਾਂ ਅਤੇ ਆਪਣੀਆਂ ਭਾਵਨਾਵਾਂ ਨੂੰ ਕਿਸੇ 'ਤੇ ਮੜ੍ਹੇ ਬਿਨ੍ਹਾਂ ਉਨ੍ਹਾਂ ਨੂੰ ਮਹਿਸੂਸ ਕਰ ਸਕਦੀ ਹਾਂ।

ਇਸ ਦਾ ਮਤਲਬ ਇਹ ਹੈ ਕਿ ਮੈਂ ਆਪਣੇ ਲਈ ਜਗ੍ਹਾ (ਸਪੇਸ) ਬਣਾ ਰਹੀ ਹਾਂ। ਆਪਣੀ ਨਿਰਾਸ਼ਾ , ਗੁੱਸੇ ਨੂੰ ਆਪਣੇ ਹੀ ਲੋਕਾਂ ਦੇ ਖਿਲਾਫ ਗੁੱਸੇ ਵਿੱਚ ਬਦਲਣ ਦੇ ਸੁਭਾਵਕ ਵਰਤਾਰੇ ਤੋਂ ਮੈਂ ਆਪਣੇ ਆਪ ਨੂੰ ਬਚਾ ਲਿਆ ਹੈ। ਆਪਣੀ ਊਰਜਾ ਨੂੰ ਅਜਿਹੀਆਂ ਥਾਵਾਂ 'ਤੇ ਖਿੰਡਣ ਤੋਂ ਬਚਾ ਲਿਆ ਹੈ, ਜਿੱਥੇ ਇਹ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰੇਗੀ, ਪਰ ਕੁਝ ਬੇਕਾਰ ਦੇ ਮਸਲੇ ਜ਼ਰੂਰ ਖੜੇ ਕਰ ਦੇਵੇਗੀ।

ਸੋਸ਼ਲ ਮੀਡੀਆ ਨਾਲ ਚਿੰਬੜੇ ਰਹਿਣ ਦੀ ਆਦਤ

ਮੇਰਾ ਅਜਿਹਾ ਕਰਨਾ ਸਹੀ ਸੀ, ਕਿਉਂਕਿ ਲੋਕ ਉਸ ਚੀਜ਼ ਤੋਂ ਕਿਤੇ ਵਧੇਰੇ ਵੱਡੇ ਹਨ, ਜਿਸ ਨੂੰ ਕਿ ਉਹ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ।

ਇੱਕ ਮਾਧਿਅਮ ਵੱਜੋਂ ਵਟਸਐਪ ਤੁਹਾਡੇ ਨਾਲ ਕਿਵੇਂ ਜੁੜ ਜਾਂਦਾ ਹੈ, ਇਹ ਵੇਖ ਕੇ ਮੈਂ ਹੈਰਾਨ ਹਾਂ। ਅਸੀਂ ਇਸ ਦੀ ਸ਼ਿਕਾਇਤ ਤਾਂ ਕਰਦੇ ਹਾਂ ਪਰ ਗਰੁੱਪ ਨਹੀਂ ਛੱਡਦੇ।

ਸਾਡੇ ਜ਼ਿਆਦਾਤਰ ਬਜ਼ੁਰਗ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਖਾਰਜ ਵੀ ਨਹੀਂ ਕਰਦੇ।

ਗਰੁੱਪ ਐਡਮਿਨ ਕਿਸੇ ਗਰੁੱਪ ਦਾ ਸ਼ੁਰੂਆਤੀ ਮਕਸਦ ਪੂਰਾ ਹੋਣ ਤੋਂ ਬਾਅਦ ਵੀ ਉਸ ਗਰੁੱਪ ਨੂੰ ਡਿਲੀਟ ਨਹੀਂ ਕਰਦੇ ਹਨ। ਵਰਚੁਅਲ ਦੁਨੀਆ ਵਿੱਚ ਅਸੀਂ ਇਸ ਤਰ੍ਹਾਂ ਨਾਲ ਇੱਕ ਦੂਜੇ ਨਾਲ ਕਿਉਂ ਲਟਕੇ ਹੋਏ ਹਾਂ?

ਐਨੀ ਸਾਰੀ ਖੁੱਲ੍ਹੀ ਥਾਂ ਮੌਜੂਦ ਹੈ, ਪਰ ਫਿਰ ਵੀ ਅਸੀਂ ਬੰਦ ਕਮਰਿਆਂ 'ਚ ਜਕੜੇ ਪਏ ਹਾਂ।

ਮਹਾਂਮਾਰੀ ਦੌਰਾਨ ਸਾਡੇ ਤਜਰਬਿਆਂ ਨੇ ਸਾਨੂੰ ਚੇਤੇ ਕਰਵਾਇਆ ਹੈ ਕਿ ਜ਼ਿੰਦਗੀ ਬਹੁਤ ਹੀ ਛੋਟੀ ਹੈ।

ਸੰਗੀਤ ਸਿੱਖਣਾ ਹੈ, ਤੇਜ਼ ਸੈਰ ਕਰਨਾ ਹੈ, ਪੌਦਿਆਂ ਦੀ ਦੇਖਭਾਲ ਕਰਨੀ ਹੈ, ਜਾਨਵਰਾਂ ਨੂੰ ਭੋਜਨ ਖੁਆਉਣਾ ਹੈ।

ਕਵਿਤਾਵਾਂ ਦੀ ਤਹਿ 'ਚ ਜਾਣਾ ਹੈ। ਕੰਧਾਂ 'ਤੇ ਨਾਅਰੇ ਲਿਖਣੇ ਹਨ ਅਤੇ ਮਹੱਤਵਪੂਰਨ ਕੰਮਾਂ ਲਈ ਚੰਦਾ ਇੱਕਠਾ ਕਰਨਾ ਹੈ। ਜਿੰਨ੍ਹਾਂ ਚੀਜ਼ਾਂ ਨਾਲ ਤੁਹਾਨੂੰ ਲਗਾਅ ਹੈ ਉਨ੍ਹਾਂ ਦੀ ਤਰਜੀਹੀ ਸੂਚੀ ਬਣਾਓ ਅਤੇ ਉਨ੍ਹਾਂ ਗੱਲਾਂ ਨਾਲ ਦੋਸਤੀ ਕਰੋ, ਜੋ ਤੁਹਾਨੂੰ ਚੰਗੀਆਂ ਲੱਗਦੀਆਂ ਹਨ।

ਪਰਿਵਾਰਕ ਵਟਸਐਪ ਗਰੁੱਪਾਂ ਦੇ ਝਾਂਸੇ 'ਚ ਨਾ ਫਸੋ। ਅਸਲ ਜ਼ਿੰਦਗੀ 'ਚ ਆਪਣਾ ਰਸਤਾ ਖੁਦ ਬਣਾਉਣ ਲਈ ਤੁਸੀਂ ਸਖ਼ਤ ਮਿਹਨਤ ਕੀਤੀ ਹੈ। ਇਸ ਖੋਖਲੇ ਨਵੇਂ ਮਾਧਿਅਮ ਅੱਗੇ ਆਪਣੇ ਗੋਡੇ ਨਾ ਟੇਕੋ, ਜੋ ਕਿ ਹਰ ਮਾਅਨੇ 'ਚ ਸਾਂਝੇ/ਵੱਡੇ ਪਰਿਵਾਰਾਂ ਦੇ ਉਦਾਸ, ਜ਼ਹਿਰੀਲੇ ਅਹੁਦਿਆਂ ਦੀ ਨਕਲ ਕਰਦਾ ਹੈ।

ਇਸ ਤੋਂ ਬਾਹਰ ਨਿਕਲੋ, ਹੁਣੇ ਨਿਕਲੋ।

ਅਸੀਂ ਅਜਿਹੇ ਸਮੇਂ 'ਚ ਰਹਿ ਰਹੇ ਹਾਂ ਜਿੱਥੇ ਤੁਹਾਡਾ ਜ਼ਿੰਦਾ ਰਹਿਣਾ ਸਿਰਫ ਤੁਹਾਡੇ ਵੱਖ ਹੋਣ 'ਤੇ ਹੀ ਨਿਰਭਰ ਕਰਦਾ ਹੈ। ਨਾਕਾਮੀ ਅਤੇ ਨਾਮਨਜ਼ੂਰੀ ਤੋਂ ਨਾ ਡਰੋ।

ਇੰਨ੍ਹਾਂ ਦੋਵਾਂ ਚੀਜ਼ਾਂ ਦੀ ਲੋੜ ਸਾਨੂੰ ਭਾਰੀ ਮਾਤਰਾ 'ਚ ਹੈ। ਇੰਨ੍ਹਾਂ 'ਚੋਂ ਕੁਝ ਵੀ ਸਥਾਈ ਨਹੀਂ ਹੈ। ਇਹ ਉਹ ਮੌਕੇ ਹਨ ਜੋ ਸਾਨੂੰ ਸੋਚਣ ਅਤੇ ਜੀਉਣ ਦੇ ਨਵੇਂ ਤਰੀਕੇ ਵੱਲ ਲੈ ਜਾ ਸਕਦੇ ਹਨ। ਅਜਿਹੀ ਮਿਸਾਲ ਬਣੋ, ਜਿਸ ਨੂੰ ਵੇਖਣ ਦੀ ਲੋੜ ਹਰ ਕਿਸੇ ਨੂੰ ਹੈ।

ਆਪਣੀ ਉਸ ਉਂਗਲੀ ਦੀ ਵਰਤੋਂ ਕਰੋ। ਵਟਸਐਪ ਗਰੁੱਪ 'ਚੋਂ ਬਾਹਰ ਆਉਣ ਵਾਲੇ ਪਹਿਲੇ ਵਿਅਕਤੀ ਬਣੋ। ਇੰਝ ਹੀ ਹਰ ਗਰੁੱਪ ਤੋਂ ਬਾਹਰ ਆ ਜਾਵੋ, ਜੋ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ।

ਤੁਸੀਂ ਵੇਖੋਗੇ ਕਿ ਲੰਮੇ ਸਮੇਂ 'ਚ ਤੁਸੀਂ ਕੁਝ ਵੀ ਨਹੀਂ ਗੁਆਇਆ ਹੈ। ਤੁਸੀਂ ਤਾਂ ਆਪਣਾ ਸਕੂਨ ਹਾਸਲ ਕੀਤਾ ਹੈ।

(ਨਤਾਸ਼ਾ ਬਧਵਾਰ 'ਮਾਈ ਡਾਟਰਜ਼ ਮੋਮ' ਅਤੇ 'ਇਮਾਰਟਲ ਫ਼ਾਰ ਏ ਮੂਮੈਂਟ' ਦੀ ਲੇਖਿਕਾ ਹੈ। ਉਹ ਫ਼ਿਲਮ ਮੇਕਰ, ਟੀਚਰ ਅਤੇ ਤਿੰਨ ਬੇਟੀਆਂ ਦੀ ਮਾਂ ਹੈ।)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)