ਮੋਬਾਈਲ ਫੋਨ ਕਾਰਨ ਹੋ ਰਹੀ ਨਵੀਂ ਬਿਮਾਰੀ 'ਇੰਟਰਨੈੱਟ ਡਿਸਆਰਡਰ' ਦੇ ਕੀ ਨੇ ਲੱਛਣ

    • ਲੇਖਕ, ਰਵਿੰਦਰ ਸਿੰਘ ਰੋਬਿਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਪੰਜਾਬ ਵਿੱਚ ਇੰਟਰਨੈੱਟ ਅਡਿਕਸ਼ਨ ਡਿਸਆਰਡਰ ਨਾਂ ਦੀ ਬਿਮਾਰੀ ਨਾਲ ਲੋਕ ਵੱਡੇ ਪੱਧਰ 'ਤੇ ਜੂਝ ਰਹੇ ਹਨ।

ਇੰਟਰਨੈੱਟ ਜ਼ਰੀਏ ਹਰ ਵੇਲੇ ਐਪ 'ਤੇ ਲਾਈਵ ਰਹਿਣਾ ਬਹੁਤ ਸਾਰੇ ਲੋਕਾਂ ਨੂੰ ਇੰਟਰਨੈੱਟ ਅਡਿਕਸ਼ਨ ਡਿਸਆਰਡ ਵੱਲ ਲਿਜਾ ਰਿਹਾ ਹੈ।

ਇਸ ਨਾਲ ਸਿਰਫ਼ ਮਨੋਰੋਗ ਹੀ ਨਹੀਂ ਸਗੋਂ ਹੋਰ ਸਰੀਰਕ ਬਿਮਾਰੀਆਂ ਨਾਲ ਵੀ ਲੋਕ ਪੀੜਤ ਹੋ ਰਹੇ ਹਨ।

ਡਾਕਟਰਾਂ ਮੁਤਾਬਕ ਇਸਦੀ ਸਹੀ ਵਰਤੋਂ ਨਾ ਹੋਣ ਕਾਰਨ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ:

ਡਾਕਟਰ ਰਵਿੰਦਰ ਮਲਹੋਤਰਾ ਜਿਹੜੇ ਇੱਕ ਸਰਜਨ ਹਨ ਉਨ੍ਹਾਂ ਦਾ ਕਹਿਣਾ ਹੈ ਕਿ, ''ਪਿਛਲੇ ਕੁਝ ਸਮੇਂ ਤੋਂ ਇੰਟਰਨੈੱਟ ਡਿਸਆਰਡਰ ਦੇ ਮਰੀਜ਼ਾਂ ਵਿੱਚ ਵਾਧਾ ਹੋਇਆ ਹੈ। ਕੰਪਿਊਟਰ, ਮੋਬਾਈਲ ਜਾਂ ਇੰਟਰਨੈੱਟ ਦੀ ਸਹੀ ਢੰਗ ਨਾਲ ਵਰਤੋਂ ਨਾ ਕਰਨ 'ਤੇ ਬਿਮਾਰੀ ਵਧ ਰਹੀ ਹੈ। ਇਹ ਬਿਮਾਰੀ ਜ਼ਿਆਦਾਤਰ ਬੱਚਿਆਂ ਤੋਂ ਲੈ ਕੇ 40 ਸਾਲ ਦੀ ਉਮਰ ਵਾਲੇ ਲੋਕਾਂ ਵਿੱਚ ਪਾਈ ਜਾ ਰਹੀ ਹੈ।''

''ਉਹ ਕਹਿੰਦੇ ਹਨ ਇਸ ਨਾਲ ਬੱਚਿਆਂ ਨੂੰ ਭੁੱਲਣ ਦੀ ਬਿਮਾਰੀ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ। ਇਸ ਨਾਲ ਉਨ੍ਹਾਂ ਦੀ ਪੜ੍ਹਾਈ 'ਤੇ ਵੀ ਅਸਰ ਪੈ ਰਿਹਾ ਹੈ।''

ਡੀਟੋਕਸੀਕੇਸ਼ਨ ਸੈਂਟਰ

ਹਾਲਾਂਕਿ ਕਈ ਵੱਡੇ ਸ਼ਹਿਰਾਂ ਵਿੱਚ ਇੰਟਰਨੈੱਟ ਡੀਟੋਕਸੀਕੇਸ਼ਨ ਕਲੀਨਿਕ ਵੀ ਖੁੱਲ੍ਹ ਗਏ ਹਨ। ਜਿੱਥੇ ਅਜਿਹੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਪੰਜਾਬ ਵਿੱਚ ਅੰਮ੍ਰਿਤਸਰ ਅਤੇ ਜਲੰਧਰ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਅਜਿਹੇ ਕਲੀਨਿਕ ਹਨ।

ਅੰਮ੍ਰਿਤਸਰ ਦੇ ਡੀਟੋਕਸੀਕੇਸ਼ਨ ਸੈਂਟਰ ਵਿੱਚ ਇਲਾਜ ਕਰਵਾਉਣ ਆਏ ਜਸਪਾਲ ਕਹਿੰਦੇ ਹਨ,''ਮੈਂ ਆਪਣੇ ਮੋਬਾਈਲ ਵਿੱਚ ਸਮਾਂ ਬਤੀਤ ਕਰਨ ਲਈ ਇੱਕ ਗੇਮ ਡਾਊਨਲੋਡ ਕਰ ਲਈ ਅਤੇ ਹਰ ਵੇਲੇ ਉਸੇ ਨੂੰ ਹੀ ਖੇਡਦਾ ਰਹਿੰਦਾ ਸੀ। ਮੈਨੂੰ ਉਸਦੀ ਲਤ ਲੱਗ ਗਈ ਸੀ। ਉਸ ਨਾਲ ਮੇਰੇ ਸਿਰ ਵਿੱਚ ਦਰਦ ਅਤੇ ਅੱਖਾਂ 'ਤੇ ਪ੍ਰੈਸ਼ਰ ਮਹਿਸੂਸ ਹੁੰਦਾ ਸੀ।''

12ਵੀਂ ਕਲਾਸ ਦੀ ਵਿਦਿਆਰਥਣ ਸਾਕਸ਼ੀ ਕਹਿੰਦੀ ਹੈ ਕਿ ਉਨ੍ਹਾਂ ਦੇ ਕੋਲ ਤਾਂ ਮੋਬਾਈਲ ਨਹੀਂ ਹੈ ਪਰ ਉਨ੍ਹਾਂ ਦੀਆਂ ਬਹੁਤ ਸਾਰੀਆਂ ਸਹੇਲੀਆਂ ਨੂੰ ਇੰਟਰਨੈੱਟ ਚਲਾਉਣ ਕਾਰਨ ਚਸ਼ਮਾ ਲੱਗ ਗਿਆ ਹੈ।

'ਮੋਬਾਈਲ ਵੀ ਇੱਕ ਪਰਿਵਾਰਕ ਮੈਂਬਰ'

ਅਨਿਲ ਕਾਲਜ ਵਿੱਚ ਪੜ੍ਹਦੇ ਹਨ ਉਹ ਆਪਣੇ ਪਿਤਾ ਨੂੰ ਹਸਪਤਾਲ ਇਲਾਜ ਲਈ ਲਿਆਏ ਸਨ। ਜਦੋਂ ਤੱਕ ਉਨ੍ਹਾਂ ਦੇ ਪਿਤਾ ਡਾਕਟਰ ਤੋਂ ਚੈੱਕਅਪ ਕਰਵਾ ਰਹੇ ਸਨ ਉਦੋਂ ਤੱਕ ਉਹ ਮੋਬਾਈਲ 'ਤੇ ਕ੍ਰਿਕਟ ਮੈਚ ਵੇਖ ਰਹੇ ਸੀ।

ਅਨਿਲ ਦਾ ਕਹਿਣਾ ਹੈ ਕਿ ਮੋਬਾਈਲ ਸਾਡੀ ਬੁਨਿਆਦੀ ਲੋੜ ਹੈ ਜਿਸ ਜ਼ਰੀਏ ਅਸੀਂ ਸਾਰੇ ਕੰਮ ਆਸਾਨੀ ਨਾਲ ਕਰ ਲੈਂਦੇ ਹਾਂ ਅਤੇ ਇਹ ਵੀ ਇੱਕ ਪਰਿਵਾਰਕ ਮੈਂਬਰ ਬਣ ਚੁੱਕਿਆ ਹੈ।

ਇਹ ਵੀ ਪੜ੍ਹੋ:

ਡਾ. ਅਮਿਤਾਭ ਮੋਹਨ ਜੈਰਤ ਨੇ ਬੀਬੀਸੀ ਨੂੰ ਗੱਲਬਾਤ ਦੌਰਾਨ ਦੱਸਿਆ, ''ਇੰਟਰਨੈੱਟ ਇੱਕ ਗਿਆਨ ਦਾ ਸਾਧਨ ਹੈ ਪਰ ਇਸਦੀ ਵਰਤੋਂ ਹੋਰਨਾਂ ਕੰਮਾਂ ਵਿੱਚ ਵਧ ਗਈ ਹੈ। ਜੋ ਕਿ ਮਰੀਜ਼ ਨੂੰ ਅਸਲੀਅਤ ਤੋਂ ਦੂਰ ਲਿਜਾ ਰਹੀ ਹੈ ਅਤੇ ਇਹ ਦੀਵਾਨਗੀ ਉਸ ਨੂੰ ਹਸਪਤਾਲ ਤੱਕ ਲੈ ਆਉਂਦੀ ਹੈ।''

ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਇੱਕ ਨਸ਼ੇ ਦੀ ਆਦਤ ਵਾਂਗ ਹੁੰਦਾ ਜਾ ਰਿਹਾ ਹੈ। ਅਜਿਹੇ ਬੱਚੇ ਵੀ ਹਨ ਜਿਨ੍ਹਾਂ ਤੋਂ ਜੇਕਰ ਮੋਬਾਈਲ ਲੈ ਲਿਆ ਜਾਵੇ ਤਾਂ ਉਨ੍ਹਾਂ ਦੀ ਜ਼ਿੰਦਗੀ ਵੀ ਉੱਥੇ ਹੀ ਰੁੱਕ ਜਾਂਦੀ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)