ਝੋਨੇ ਲੁਆਈ 'ਤੇ ਸਮਾਂ ਤੇ ਖਰਚ ਘਟਾਉਣ ਅਤੇ ਝਾੜ ਵਧਾਊਣ ਵਾਲੀ ਨਵੀਂ ਤਕਨੀਕ - ਖੇਤੀ ਮਾਹਰ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

''ਝੋਨਾ ਲਾਉਣ ਲਈ ਪਰਵਾਸੀ ਮਜ਼ਦੂਰਾਂ ਨੇ ਪੰਜਾਬ ਆਉਣਾ ਘਟਾ ਦਿੱਤਾ ਹੈ। ਪੰਜਾਬੀ ਮਜ਼ਦੂਰ ਝੋਨੇ ਦੀ ਲਵਾਈ ਵੱਧ ਮੰਗਦੇ ਸਨ।"

"ਮੈਂ 2013 'ਚ ਮਸ਼ੀਨ ਨਾਲ ਝੋਨਾ ਲਾਇਆ ਸੀ ਪਰ ਕਈ ਤਰ੍ਹਾਂ ਦੀਆਂ ਔਕੜਾਂ ਆਇਆ। ਹੁਣ ਪੈਡੀ ਟਰਾਂਸਪਲਾਂਟਰ ਨਾਂ ਦੀ ਨਵੀਂ ਤਕਨੀਕ ਆ ਗਈ ਹੈ। ਮੇਰੇ ਪਿੰਡ ਦੇ ਅੱਧੇ ਤੋਂ ਵੱਧ ਕਿਸਾਨਾਂ ਨੇ ਇਸੇ ਤਕਨੀਕ ਨਾਲ ਝੋਨਾ ਲਾਇਆ ਹੈ ਤੇ ਖ਼ਰਚਾ ਵੀ ਮਾਮੂਲੀ ਆਇਆ।''

ਇਸ ਸ਼ਬਦ ਹਨ ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਬੱਡੂਵਾਲ ਦੇ 62 ਸਾਲਾਂ ਦੇ ਕਿਸਾਨ ਗੁਰਜੰਟ ਸਿੰਘ ਦੇ।

ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਝੋਨਾ ਲਾਉਣ ਲਈ ਪੰਜਾਬ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਹਰ ਸਾਲ ਘਟ ਰਹੀ ਹੈ।

ਇਹੀ ਕਾਰਨ ਹੈ ਕਿ ਝੋਨੇ ਦੀ ਲਵਾਈ 1500 ਰੁਪਏ ਪ੍ਰਤੀ ਏਕੜ ਤੋਂ ਵਧ ਕੇ ਇਸ ਸਾਲ 4000 ਰੁਪਏ ਪ੍ਰਤੀ ਏਕੜ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ:

ਝੋਨੇ ਦੀ ਲਵਾਈ ਮਹਿੰਗੀ ਹੋਣ ਮਗਰੋਂ ਪੰਜਾਬ ਦੇ ਅਨੇਕਾਂ ਅਗਾਂਹਵਧੂ ਕਿਸਾਨਾਂ ਨੇ ਇਸ ਵਾਰ ਝੋਨਾ ਲਾਉਣ ਲਈ ਪੈਡੀ ਟਰਾਂਸਪਲਾਂਟਰ ਤਕਨੀਕ ਨੂੰ ਅਪਣਾਇਆ ਹੈ।

ਪੰਜਾਬ ਖੇਤੀਬਾੜੀ ਵਿਭਾਗ ਦੀ ਖੋਜ ਦਸਦੀ ਹੈ ਕਿ ਪਹਿਲਾਂ ਹਰ ਸਾਲ 4 ਤੋਂ 5 ਲੱਖ ਦੇ ਦਰਮਿਆਨ ਪਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਪੰਜਾਬ ਆਉਂਦੇ ਸਨ ਤੇ ਹੁਣ ਇਹ ਗਿਣਤੀ ਘੱਟ ਕੇ ਕਰੀਬ ਅਧੀ ਰਹਿ ਗਈ ਹੈ।

ਗੁਰਜੰਟ ਸਿੰਘ ਨੇ ਕਿਹਾ ਕਿ ਪੈਡੀ ਟਰਾਂਸਪਲਾਂਟਰ ਤਕਨੀਕ ਨਾਲ ਪੈਟਰੋਲ, ਮਜ਼ਦੂਰੀ, ਝੋਨੇ ਦੀ ਪਨੀਰੀ ਅਤੇ ਬਿਜਾਈ ਦੇ ਹੋਰ ਬਹੁਤ ਸਾਰੇ ਖ਼ਰਚਿਆਂ ਨੂੰ ਮਿਲਾ ਕੇ ਝੋਨੇ ਦੀ ਪ੍ਰਤੀ ਏਕੜ ਬਿਜਾਈ ਕੇਵਲ 700 ਰੁਪਏ ਰਹਿ ਜਾਂਦੀ ਹੈ।

''ਪੰਜਾਬ ਵਿੱਚ ਮਜ਼ਦੂਰਾਂ ਦੀ ਘਾਟ ਤੋਂ ਬਾਅਦ ਝੋਨਾ ਲਾਉਣ 'ਤੇ ਮਜ਼ਦੂਰੀ ਦੇ ਰੂਪ 'ਚ ਖ਼ਰਚ ਹੁੰਦੀ ਮੋਟੀ ਰਕਮ ਨੂੰ ਦੇਖਦੇ ਹੋਏ ਕਿਸਾਨਾਂ ਦਾ ਰੁਝਾਨ ਪੈਡੀ ਟਰਾਂਸਪਲਾਂਟਰ ਤਕਨੀਕ ਵੱਲ ਵਧਿਆ ਹੈ।"

"ਪਿੰਡ ਬੱਡੂਵਾਲ ਦੇ 17 ਹੋਰ ਕਿਸਾਨਾਂ ਨੇ ਕਰੀਬ 800 ਏਕੜ ਰਕਬੇ ਵਿੱਚ ਇਸੇ ਵਿਧੀ ਨਾਲ ਝੋਨਾ ਲਾਇਆ ਹੈ। ਸਾਡਾ ਪ੍ਰਤੀ ਏਕੜ ਖ਼ਰਚਾ ਬਹੁਤ ਘਟਿਆ ਹੈ, ਜਦੋਂ ਕਿ ਪੰਜਾਬੀ ਮਜ਼ਦੂਰ 3500 ਤੋਂ 4000 ਤੱਕ ਮਿਹਨਤਾਨਾ ਮੰਗਦੇ ਸਨ।''

  • ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਹਰ ਜ਼ਿਲ੍ਹੇ ਦੇ ਖੇਤੀਬਾੜੀ ਦਫ਼ਤਰ ਵਿੱਚ ਇਕ 'ਖੇਤੀਬਾੜੀ ਅਫ਼ਸਰ (ਪਲਾਂਟ ਪ੍ਰੋਡਕਸ਼ਨ)' ਨਿਯੁਕਤ ਕੀਤਾ ਗਿਆ ਹੈ।
  • ਪੈਡੀ ਪਲਾਂਟਰ ਨਾਲ 2 ਘੰਟਿਆਂ 'ਚ ਇੱਕ ਏਕੜ ਜ਼ਮੀਨ 'ਚ ਝੋਨਾ ਲਾਇਆ ਜਾ ਸਕਦਾ ਹੈ।
  • ਦਿਨ ਵਿੱਚ 5 ਏਕੜ ਰਕਬੇ 'ਚ ਝੋਨਾ ਲਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਂਦਾ ਹੈ।
  • ਪੈਡੀ ਪਲਾਂਟਰ ਨਾਲ ਪ੍ਰਤੀ ਵਰਗ ਮੀਟਰ ਵਿੱਚ 33 ਬੂਟਿਆਂ ਤੱਕ ਦੀ ਬਿਜਾਈ ਹੁੰਦੀ ਹੈ ਇਸ ਦੇ ਉਲਟ ਹੱਥਾਂ ਨਾਲ 17-18 ਬੂਟੇ ਹੀ ਲਗਦੇ ਹਨ।
  • ਪਲਾਂਟਰ ਨਾਲ ਝੋਨਾ ਲਾਉਣ 'ਤੇ ਪ੍ਰਤੀ ਏਕੜ ਖ਼ਰਚਾ 700 ਰੁਪਏ ਹੈ।
  • ਮਾਹਰਾਂ ਮੁਤਾਬਕ ਇਸ ਨਾਲ ਲਾਏ ਝੋਨੇ ਦਾ ਝਾੜ ਵੀ 4 ਤੋਂ 5 ਕੁਇੰਟਲ ਤੱਕ ਵੱਧ ਨਿਕਲਦਾ ਹੈ।
  • ਇਸ ਪਲਾਂਟਰ ਲਈ ਪੰਜਾਬ ਖੇਤੀਬਾੜੀ ਵਿਭਾਗ ਦੀ ਸ਼ਿਫਾਰਸ਼ 'ਤੇ ਸਬੰਧਤ ਕਿਸਾਨ ਨੂੰ 40 ਫੀਸਦੀ ਸਬਬਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ।

ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ 'ਚ 2 ਲੱਖ ਹੈਕਟੇਅਰ ਰਕਬੇ 'ਚ ਕਿਸਾਨਾਂ ਨੇ ਮਸ਼ੀਨ ਨਾਲ ਝੋਨਾ ਲਾਇਆ ਹੈ ਜਿਸ ਦਾ ਕਾਰਨ ਮਜ਼ਦੂਰਾਂ ਦੀ ਕਮੀ ਹੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਰ ਡਾ. ਐੱਮਐੱਸ ਸਿਧੂ ਦਾ ਕਹਿਣਾ ਹੈ, ''ਇਸ ਵਾਰ ਪੰਜਾਬ ਵਿੱਚ 30 ਲੱਖ ਹੈਕਟੇਅਰ ਰਕਬੇ 'ਚ ਝੋਨਾ ਲਾਇਆ ਗਿਆ ਹੈ।"

"ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵੱਲ ਆਮਦ ਘਟਣ ਸਦਕਾ ਝੋਨੇ ਦੀ ਲਵਾਈ ਲੇਟ ਹੁੰਦੀ ਦੇਖ ਕੇ ਕਿਸਾਨਾਂ ਨੇ ਪੈਡੀ ਟਰਾਂਸਪਲਾਂਟਰ ਤਕਨੀਕ ਦਾ ਸਹਾਰਾ ਲਿਆ ਹੈ। ਇਹ ਤਕਨੀਕ ਸਸਤੀ ਵੀ ਹੈ।''

ਇਹ ਵੀ ਪੜ੍ਹੋ:

ਸਟੇਟ ਐਵਾਰਡ ਜੇਤੂ ਖੇਤੀਬਾੜੀ ਅਫ਼ਸਰ (ਪਲਾਂਟ ਪ੍ਰੋਡਕਸ਼ਨ) ਡਾ. ਜਸਵਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਇੱਕ ਦਿਨ ਵਿੱਚ 5 ਤੋਂ 7 ਏਕੜ ਤੱਕ ਜ਼ਮੀਨ 'ਚ ਝੋਨਾ ਲਾਇਆ ਜਾ ਸਕਦਾ ਹੈ।

ਉਨਾਂ ਦੱਸਿਆ ਕਿ ਪੈਡੀ ਟਰਾਂਸਪਲਾਂਟਰ ਤਕਨੀਕ ਨਾਲ ਪ੍ਰਤੀ ਵਰਗ ਮੀਟਰ ਵਿੱਚ 33 ਬੂਟਿਆਂ ਤੱਕ ਦੀ ਬਿਜਾਈ ਹੁੰਦੀ ਹੈ, ਜਿਸ ਨਾਲ ਝੋਨੇ ਦਾ ਝਾੜ ਵੀ ਵਧਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਹੱਥੀਂ ਲਾਏ ਗਏ ਝੋਨੇ ਨਾਲ ਪ੍ਰਤੀ ਵਰਗਮੀਟਰ ਕੇਵਲ 17-18 ਬੂਟੇ ਹੀ ਲਗਦੇ ਹਨ, ਜਿਹੜਾ ਘਾਟੇ ਦਾ ਸੌਦਾ ਹੈ।

''ਇਸ ਵਾਰ ਮੋਗਾ ਜ਼ਿਲ੍ਹੇ 'ਚ 1 ਲੱਖ 77 ਹਜ਼ਾਰ ਹੈਕਟੇਅਰ ਰਕਬੇ 'ਚ ਝੋਨਾ ਲਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਐਤਕੀਂ 10 ਹਜ਼ਾਰ ਹੈਕਟੇਅਰ ਰਕਬੇ 'ਚ ਪੈਡੀ ਟਰਾਂਸਪਲਾਂਟਰ ਵਿਧੀ ਨਾਲ ਝੋਨਾ ਲੱਗਿਆ ਹੈ।"

"ਇਸ ਵਿਧੀ ਨਾਲ ਝਾੜ ਵੀ ਵਧਦਾ ਹੈ ਤੇ ਖਾਦ ਤੇ ਕੀਟਨਾਸ਼ਕਾਂ ਦਾ ਸਪਰੇਅ ਵੀ ਘੱਟ ਕਰਨਾ ਪੈਂਦਾ ਹੈ। ਖੇਤੀਬਾੜੀ ਵਿਭਾਗ ਦਾ ਟੀਚਾ ਹੈ ਕਿ ਵੱਧ ਤੋਂ ਵੱਧ ਕਿਸਾਨ ਅਗਲੇ ਸਾਲ ਇਸ ਵਿਧੀ ਨਾਲ ਝੋਨਾ ਲਾਉਣ। ਕਿਸਾਨਾਂ ਦਾ ਸਮਾਂ ਵੀ ਬਚੇਗਾ ਤੇ ਪੈਸਾ ਵੀ।''

ਪਿੰਡ ਸੰਗਤਪੁਰਾ ਦੇ ਕਿਸਾਨ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਘਾਟ ਤਾਂ ਪਿਛਲੇ ਤਿੰਨ ਸਾਲਾਂ ਤੋਂ ਹੀ ਰੜਕ ਰਹੀ ਹੈ ਤੇ ਫਿਰ ਮਸ਼ੀਨ ਨਾਲ ਬਿਜਾਈ ਕਰਨ 'ਚ ਕੀ ਹਰਜ਼ ਹੈ।

''ਮੈਂ 15 ਏਕੜ ਜ਼ਮੀਨ 'ਚ ਖੇਤੀ ਕਰਦਾ ਹਾਂ। ਦੋ ਸਾਲ ਪਹਿਲਾਂ ਝੋਨੇ ਦੀ ਲਵਾਈ ਦਾ ਕੰਮ ਪਰਵਾਸੀ ਮਜ਼ਦੂਰ ਕਰਦੇ ਸਨ ਤੇ ਮੇਰੇ 40 ਹਜ਼ਾਰ ਰੁਪਏ ਮਜ਼ਦੂਰੀ ਦੇ ਰੂਪ 'ਚ ਖ਼ਰਚ ਹੋ ਜਾਂਦੇ ਸਨ। ਹੁਣ ਪੈਡੀ ਟਰਾਂਸਪਲਾਂਟਰ ਤਕਨੀਕ ਨਾਲ ਝੋਨਾ ਲਾਉਣ ਨਾਲ ਮੇਰਾ ਖ਼ਰਚਾ ਘਟ ਕੇ 15 ਹਜ਼ਾਰ ਰੁਪਏ ਰਹਿ ਗਿਆ ਹੈ।''

ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਹੈ ਕਿ ਪੈਡੀ ਟਰਾਂਸਪਲਾਂਟਰ ਤਕਨੀਕ ਨਾਲ ਲਾਏ ਗਏ ਝੋਨੇ ਦਾ ਝਾੜ ਹੱਥੀਂ ਲਾਏ ਗਏ ਝੋਨੇ ਦੇ ਮੁਕਾਬਲੇ 4 ਤੋਂ 5 ਕੁਇੰਟਲ ਤੱਕ ਵੱਧ ਨਿਕਲਦਾ ਹੈ।

''ਪੰਜਾਬ ਦੇ ਕਿਸਾਨਾਂ ਨੂੰ ਪੈਡੀ ਟਰਾਂਸਪਲਾਂਟਰ ਤਕਨੀਕ ਵੱਲ ਪ੍ਰੇਰਿਤ ਕਰਨ ਲਈ ਖੇਤੀਬਾੜੀ ਵਿਭਾਗ ਦੀਆਂ ਸ਼ਿਫਾਰਸ਼ਾਂ 'ਤੇ ਪੰਜਾਬ ਸਰਕਾਰ ਨੇ ਇਹ ਮਸ਼ੀਨ ਖਰੀਦਣ ਲਈ 1.40 ਲੱਖ ਰੁਪਏ ਦੀ ਸਬਸਿਡੀ ਦਾ ਐਲਾਨ ਕੀਤਾ ਹੈ। ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਨੂੰ ਇਹ ਤਕਨੀਕ ਹੀ ਅਪਨਾਉਣੀ ਚਾਹੀਦੀ ਹੈ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)