ਜ਼ੀਰੋ ਬਜਟ ਖੇਤੀ ਕੀ ਹੈ ਜਿਸ ਦਾ ਜ਼ਿਕਰ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ

ਦੇਸ ਦੀ ਪਹਿਲੀ ਫੁੱਲ ਟਾਈਮ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ, 5 ਜੁਲਾਈ ਨੂੰ ਸੰਸਦ ਵਿੱਚ ਸਾਲ 2019-20 ਲਈ ਬਜਟ ਪੇਸ਼ ਕੀਤਾ। ਬਜਟ ਵਿੱਚ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਅਤੇ ਟੀਚੇ ਤੈਅ ਕੀਤੇ ਗਏ।

ਬਜਟ ਪੇਸ਼ ਕਰ ਰਹੇ ਨਿਰਮਲਾ ਸੀਤਾਰਮਨ ਜਦੋਂ ਕਿਸਾਨ ਅਤੇ ਕਿਸਾਨੀ ਦੇ ਮੁੱਦੇ 'ਤੇ ਆਏ ਤਾਂ ਉਨ੍ਹਾਂ ਨੇ ਇੱਕ ਵਾਰ ਫਿਰ 'ਮੂਲ' ਵੱਲ ਪਰਤਣ 'ਤੇ ਜ਼ੋਰ ਦਿੱਤਾ।

ਆਪਣੇ ਬਜਟ ਭਾਸ਼ਣ ਦੌਰਾਨ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਨੂੰ ਇੱਕ ਵਾਰ ਫਿਰ ਜ਼ੀਰੋ ਬਜਟ ਖੇਤੀ ਵੱਲ ਪਰਤਨ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਵਿਧੀ ਨੂੰ ਪੂਰੇ ਦੇਸ ਵਿੱਚ ਲਾਗੂ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ:

ਕੀ ਹੈ ਜ਼ੀਰੋ ਬਜਟ ਖੇਤੀ?

ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਜ਼ੀਰੋ ਬਜਟ ਖੇਤੀ ਦਾ ਮਤਲਬ ਹੈ ਕਿ ਉਹ ਖੇਤੀ ਜਿਸ ਨੂੰ ਕਰਨ ਲਈ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਕਰਜ਼ਾ ਨਾ ਲੈਣਾ ਪਏ।

ਇਸ ਤਰ੍ਹਾਂ ਦੀ ਖੇਤੀ ਵਿੱਚ ਕੀੜੇਮਾਰ ਦਵਾਈਆਂ, ਪੈਸਟੀਸਾਈਡ ਅਤੇ ਆਧੁਨਿਕ ਤਰੀਕਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਇਹ ਖੇਤੀ ਪੂਰੀ ਤਰ੍ਹਾਂ ਕੁਦਰਤੀ ਸਾਧਨਾ 'ਤੇ ਨਿਰਭਰ ਹੁੰਦੀ ਹੈ।

ਰਸਾਇਣਿਕ ਖਾਦ ਦੀ ਥਾਂ ਇਸ ਵਿੱਚ ਦੇਸੀ ਖਾਦ ਅਤੇ ਕੁਦਰਤੀ ਚੀਜ਼ਾਂ ਤੋਂ ਬਣੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ।

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰਿਯਾ ਦੇਵ ਵਰਤ ਉਹਨਾਂ ਲੋਕਾਂ ਵਿੱਚੋਂ ਇੱਕ ਹਨ ਜੋ ਜ਼ੀਰੋ-ਬਜਟ ਕੁਦਰਤੀ ਖੇਤੀਬਾੜੀ ਦੇ ਸਮਰਥਕ ਹਨ।

ਅਖੀਰ ਕੀ ਹੈ ਜ਼ੀਰੋ ਬਜਟ ਖੇਤੀ ਅਤੇ ਇਸ ਨੂੰ ਅਪਣਾਉਣਾ ਜ਼ਰੂਰੀ ਕਿਉਂ ਹੈ। ਇਹੀ ਜਾਣਨ ਲਈ ਬੀਬੀਸੀ ਪੱਤਰਕਾਰ ਸਰਵਪ੍ਰਿਆ ਸਾਂਗਵਾਨ ਨੇ ਅਚਾਰੀਆ ਦੇਵ ਵਰਤ ਨਾਲ ਗੱਲਬਾਤ ਕੀਤੀ।

ਸਵਾਲ: ਕਿਵੇਂ ਹੁੰਦੀ ਹੈ ਜ਼ੀਰੋ ਬਜਟ ਖੇਤੀ?

ਜਵਾਬ: ਜ਼ੀਰੋ ਬਜਟ ਖੇਤੀ ਕੁਦਰਤੀ ਖੇਤੀ ਹੈ। ਇਹ ਭਾਰਤ ਵਿੱਚ ਰਵਾਇਤੀ ਰੂਪ ਵਿੱਚ ਹਜ਼ਾਰਾਂ ਸਾਲਾਂ ਤੱਕ ਕੀਤੀ ਗਈ ਹੈ। ਇਸ ਵਿੱਚ ਇੱਕ ਦੇਸੀ ਗਾਂ ਤੋਂ ਅਸੀਂ 30 ਏਕੜ ਤੱਕ ਖੇਤੀ ਕਰ ਸਕਦੇ ਹਾਂ।

ਇਸ ਤਰੀਕੇ ਨਾਲ ਉਤਪਾਦਨ ਘੱਟ ਨਹੀਂ ਹੁੰਦਾ। ਜਿੰਨਾ ਉਤਪਾਦਨ ਰਸਾਇਣਿਕ ਖੇਤੀ ਨਾਲ ਹੁੰਦਾ ਹੈ ਓਨਾ ਹੀ ਇਸ ਖੇਤੀ ਨਾਲ ਹੋਵੇਗਾ।

ਰਸਾਇਣਿਕ ਖੇਤੀ ਵਿੱਚ ਲਾਗਤ ਬਹੁਤ ਆਉਂਦੀ ਹੈ, ਜਦੋਂਕਿ ਇਸ ਵਿੱਚ ਲਾਗਤ ਨਾ ਦੇ ਬਰਾਬਰ ਹੈ।

ਇਸ ਵਿੱਚ ਪਲਾਸਿਟਿਕ ਦਾ ਡਰੱਮ ਲੈ ਲਿਆ ਜਾਂਦਾ ਹੈ। ਉਸ ਵਿੱਚ 180 ਲੀਟਰ ਪਾਣੀ ਪਾਇਆ ਜਾਂਦਾ ਹੈ। ਦੇਸੀ ਗਾਂ ਰਾਤ ਅਤੇ ਦਿਨ ਵਿੱਚ ਅੱਠ ਕਿਲੋਗਰਾਮ ਤੱਕ ਗੋਹਾ ਦਿੰਦੀ ਹੈ ਅਤੇ ਇੰਨਾ ਹੀ ਗਊਮੂਤਰ ਵੀ।

ਉਸ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ। ਡੇਢ ਤੋਂ ਦੋ ਕਿੱਲੋ ਗੁੜ, ਡੇਢ ਤੋਂ ਦੋ ਕਿੱਲੋ ਦਾਲ ਦਾ ਵੇਸਨ ਅਤੇ ਇੱਕ ਮੁੱਠੀ ਮਿੱਟੀ। ਇਹ ਸਭ ਚੀਜ਼ਾਂ ਕਿਸਾਨ ਹੀ ਪੈਦਾ ਕਰਦਾ ਹੈ। ਇਨ੍ਹਾਂ ਸਾਰਿਆਂ ਦਾ ਘੋਲ ਬਣਾਇਆ ਜਾਂਦਾ ਹੈ। ਪੰਜ ਦਿਨ ਇਸ ਨੂੰ ਰੱਖਿਆ ਜਾਂਦਾ ਹੈ। ਪੰਜਵੇਂ ਦਿਨ ਇੱਕ ਏਕੜ ਲਈ ਖਾਦ ਤਿਆਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ:

ਸਵਾਲ: ਕੁਦਰਤੀ ਖੇਤੀ ਕਰਨ ਦਾ ਕੀ ਲਾਭ ਹਨ?

ਜਵਾਬ: ਅੱਜ ਦੇ ਸਮੇਂ ਵਿੱਚ ਗਲੋਬਲ ਵਾਰਮਿੰਗ ਇੱਕ ਵੱਡੀ ਮੁਸ਼ਕਿਲ ਬਣੀ ਹੋਈ ਹੈ। ਇਸ ਨੂੰ ਵਧਾਉਣ ਵਿੱਚ ਰਸਾਇਣਿਕ ਖੇਤੀ ਦਾ ਵੱਡਾ ਯੋਗਦਾਨ ਰਿਹਾ ਹੈ।

ਅਜਿਹੇ ਵਿੱਚ ਕੁਦਰਤੀ ਖੇਤੀ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ। 60 ਤੋਂ 70 ਫੀਸਦੀ ਤੱਕ ਪਾਣੀ ਵੀ ਬਚਾਇਆ ਜਾਵੇਗਾ।

ਰਸਾਇਣਿਕ ਖੇਤੀ ਕਰਨ ਤੋਂ ਪਹਿਲਾਂ ਦੇਸ ਵਿਚ ਕੈਂਸਰ ਅਤੇ ਸ਼ੂਗਰ ਦੇ ਮਾਮਲੇ ਵੱਧ ਨਹੀਂ ਸੀ। ਰਸਾਇਣਿਕ ਖੇਤੀ ਕਾਰਨ ਅਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਈਆਂ ਹਨ। ਸਾਡੇ ਖਾਣ-ਪਾਣ ਵਿੱਚ ਅਜਿਹੇ ਰਸਾਇਣ ਅਤੇ ਕੀਟਨਾਸ਼ਕ ਸ਼ਾਮਿਲ ਹੋ ਗਏ ਹਨ ਜੋ ਸਿੱਧਾ ਸਾਡੀ ਸਿਹਤ ਉੱਤੇ ਅਸਰ ਪਾਉਂਦੇ ਹਨ।

ਸਵਾਲ: ਇਸ ਖੇਤੀ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ?

ਜਵਾਬ: ਹਾਲਾਂਕਿ ਇਹ ਵਿਧੀ ਹਾਲੇ ਵੀ ਦੇਸ ਦੇ ਕਈ ਕਿਸਾਨਾਂ ਵਿੱਚ ਮਸ਼ਹੂਰ ਹੈ।

ਲੱਖਾਂ ਕਿਸਾਨ ਇਸ ਵਿਧੀ ਨਾਲ ਹੀ ਖੇਤੀ ਕਰਦੇ ਹਨ ਪਰ ਸਰਕਾਰ ਅਤੇ ਯੂਨੀਵਰਸਿਟੀਆਂ ਰਾਹੀਂ ਰਸਾਇਣਿਕ ਖੇਤੀ ਦਾ ਪ੍ਰਚਾਰ ਹੁੰਦਾ ਹੈ। ਹੁਣ ਭਾਰਤ ਸਰਕਾਰ ਨੇ ਇਸ ਵਿਧੀ ਨੂੰ ਸਵੀਕਾਰ ਕਰ ਲਿਆ ਹੈ ਤੇ ਤੇਜ਼ੀ ਨਾਲ ਇਸ ਦਾ ਪ੍ਰਚਾਰ ਵਧੇਗਾ।

ਭਾਰਤ ਵਿੱਚ ਅਜਿਹੀ ਖੇਤੀ ਕਰਨਾ ਸੌਖਾ ਹੈ।

ਅਸੀਂ ਹਿਮਾਚਲ ਪ੍ਰਦੇਸ਼ ਨੂੰ 2022 ਤੱਕ ਕੁਦਰਤੀ ਖੇਤੀ ਵਾਲਾ ਸੂਬਾ ਐਲਾਨ ਕਰਨਾ ਚਾਹੁੰਦੇ ਹਾਂ।

ਪਿਛਲੇ ਸਾਲ ਅਸੀਂ 500 ਕਿਸਾਨਾਂ ਨੂੰ ਜੋੜਿਆ ਤਾਂ ਤਿੰਨ ਹਜ਼ਾਰ ਲੋਕ ਆ ਗਏ। ਇਸ ਸਾਲ ਅਸੀਂ 50 ਹਜ਼ਾਰ ਕਿਸਾਨਾਂ ਨੂੰ ਜੋੜਾਂਗੇ।

ਸਾਡਾ ਆਪਣਾ ਖੇਤ ਹੈ ਗੁਰੂਕੁਲ ਕੁਰੂਕਸ਼ੇਤਰ ਵਿੱਚ ਜੋ ਕਿ 200 ਸੌ ਏਕੜ ਵਿੱਚ ਹੈ।

ਇਸ ਵਿੱਚ ਪਿਛਲੇ 9 ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਾਂ। ਇਹ ਇਸੇ ਢੰਗ ਨਾਲ ਕੀਤੀ ਜਾਂਦੀ ਹੈ।

ਭਾਰਤ ਦੇ ਕਈ ਮੰਤਰੀ ਇਸ ਨੂੰ ਦੇਖ ਚੁੱਕੇ ਹਨ। ਸਤੰਬਰ ਵਿੱਚ ਖੇਤੀਬਾੜੀ ਮੰਤਰੀ ਵੀ ਇਸ ਮਾਡਲ ਨੂੰ ਦੇਖਣ ਲਈ ਆ ਰਹੇ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)