ਸਮਾਰਟ ਫੋਨ ਦੀ ਵਰਤੋਂ ਬੰਦ ਕਰਨ ਵਾਲੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ’ਚ ਇਹ ਸਕਾਰਾਤਮਕ ਬਦਲਾਅ ਆਏ

    • ਲੇਖਕ, ਸੁਜ਼ੈਨ ਬੇਰਨੇ
    • ਰੋਲ, ਬੀਬੀਸੀ ਪੱਤਰਕਾਰ

ਅੱਜ ਦੀ ਦੁਨੀਆਂ ਵਿੱਚ ਜਿੱਥੇ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਪਣੇ-ਆਪਣੇ ਸਮਾਰਟਫ਼ੋਨਾਂ ਨਾਲ ਚਿਪਕੇ ਰਹਿੰਦੇ ਹਨ, ਡੁਲਸੀ ਕਾਉਲਿੰਗ ਹੋਰਾਂ ਨਾਲੋਂ ਵੱਖਰੇ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਸਮਾਰਟਫੋਨ ਤੋਂ ਛੁਟਕਾਰਾ ਪਾ ਲਿਆ ਹੈ।

36 ਸਾਲਾ ਡੁਲਸੀ ਨੇ ਸੋਚਿਆ ਕਿ ਸਮਾਰਟਫੋਨ ਛੱਡਣ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ 'ਚ ਸੁਧਾਰ ਹੋਵੇਗਾ ਅਤੇ ਇਹੀ ਸੋਚ ਕੇ ਉਨ੍ਹਾਂ ਨੇ ਲੰਘੇ ਸਾਲ ਦੇ ਅਖੀਰ ਵਿੱਚ ਆਪਣੇ ਸਮਾਰਟਫੋਨ ਨੂੰ ਛੱਡਣ ਦਾ ਫੈਸਲਾ ਕੀਤਾ।

ਕ੍ਰਿਸਮਿਸ 'ਤੇ, ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸਿਆ ਕਿ ਉਹ ਆਪਣੇ ਸਮਾਰਟਫੋਨ ਦੀ ਬਜਾਏ ਨੋਕੀਆ ਦੇ ਇੱਕ ਪੁਰਾਣੇ ਫੋਨ ਨੂੰ ਇਸਤੇਮਾਲ ਕਰਨਗੇ ਜਿਸ ਨਾਲ ਉਹ ਸਿਰਫ਼ ਕਾਲਾਂ ਅਤੇ ਟੈਕਸਟ ਸੁਨੇਹੇ ਹੀ ਭੇਜ ਅਤੇ ਪ੍ਰਾਪਤ ਕਰ ਸਕਦੇ ਹੋਣ।

ਉਹ ਉਸ ਦਿਨ ਨੂੰ ਯਾਦ ਕਰਦੇ ਹਨ, ਜਦੋਂ ਉਹ ਇੱਕ ਪਾਰਕ ਵਿੱਚ ਆਪਣੇ 6 ਅਤੇ 3 ਸਾਲਾਂ ਦੇ ਦੋ ਬੱਚਿਆਂ ਨਾਲ ਸਨ ਅਤੇ ਉਨ੍ਹਾਂ ਦੇ ਜੀਵਨ 'ਚ ਉਹ ਮਹੱਤਵਪੂਰਨ ਪਲ ਆਇਆ ਜਦੋਂ ਉਨ੍ਹਾਂ ਨੇ ਇਹ ਫੈਸਲਾ ਲੈਣ ਬਾਰੇ ਸੋਚਿਆ।

ਉਹ ਕਹਿੰਦੇ ਹਨ, "ਮੈਂ ਬੱਚਿਆਂ ਨਾਲ ਪਾਰਕ ਵਿੱਚ ਸੀ ਅਤੇ ਆਪਣੇ ਮੋਬਾਈਲ 'ਚ ਦੇਖ ਰਹੀ ਸੀ। ਜਦੋਂ ਮੈਂ ਉੱਪਰ ਵੱਲ ਵੇਖਿਆ, ਤਾਂ 20 ਦੇ ਕਰੀਬ ਸਾਰੇ ਹੀ ਮਾਤਾ-ਪਿਤਾ ਆਪਣੇ ਫੋਨਾਂ ਵੱਲ ਦੇਖ ਰਹੇ ਸਨ ਅਤੇ ਸਕ੍ਰੀਨ 'ਤੇ ਆਪਣੀਆਂ ਉਂਗਲਾਂ ਨੂੰ ਲਗਾਤਾਰ ਚਲਾ ਰਹੇ ਸਨ।''

ਇਹ ਵੀ ਪੜ੍ਹੋ:

'ਕੋਵਿਡ ਤਾਲਾਬੰਦੀ ਦੌਰਾਨ ਹੋਇਆ ਅਹਿਸਾਸ'

ਲੰਡਨ-ਅਧਾਰਿਤ ਵਿਗਿਆਪਨ ਏਜੰਸੀ ਹੈਲ ਯੇਹ! ਦੇ ਕ੍ਰਿਏਟਿਵ ਡਾਇਰੈਕਟਰ ਕਾਉਲਿੰਗ ਕਹਿੰਦੇ ਹਨ ਕਿ ਕੋਵਿਡ-ਮਹਾਂਮਾਰੀ ਦੌਰਾਨ ਤਾਲਾਬੰਦੀ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਮਨ 'ਚ ਇਹ ਵਿਚਾਰ ਵਿਕਸਿਤ ਹੁੰਦਾ ਗਿਆ ਕਿ ਸਮਾਰਟਫੋਨ ਨੂੰ ਛੱਡਿਆ ਜਾਵੇ।

ਉਹ ਕਹਿੰਦੇ ਹਨ, "ਮੈਂ ਸੋਚਿਆ ਕਿ ਮੈਂ ਆਪਣੀ ਜ਼ਿੰਦਗੀ ਦਾ ਕਿੰਨਾ ਹਿੱਸਾ ਆਪਣੇ ਫ਼ੋਨ ਨੂੰ ਦੇਖਦੇ ਹੋਏ ਬਿਤਾਉਂਦੀ ਹਾਂ ਅਤੇ ਮੈਂ ਹੋਰ ਕੀ ਕਰ ਸਕਦਾ ਹਾਂ? ਬਹੁਤ ਸਾਰੀਆਂ ਸੇਵਾਵਾਂ ਨਾਲ ਲਗਾਤਾਰ ਜੁੜੇ ਰਹਿਣ ਨਾਲ ਬਹੁਤ ਸਾਰੀ ਭਟਕਣਾ ਪੈਦਾ ਹੁੰਦੀ ਹੈ ਅਤੇ ਦਿਮਾਗੀ ਪ੍ਰਕਿਰਿਆ ਲਈ ਵੀ ਬਹੁਤ ਕੁਝ ਹੁੰਦਾ ਹੈ।"

ਸੋ ਉਨ੍ਹਾਂ ਨੇ ਫੈਸਲਾ ਕੀਤਾ ਕਿ ਸਮਾਰਟਫ਼ੋਨ ਨੂੰ ਛੱਡਣ ਨਾਲ ਜੋ ਸਮਾਂ ਉਨ੍ਹਾਂ ਕੋਲ ਬਚੇਗਾ, ਉਸ ਨੂੰ ਉਹ ਪੜ੍ਹਨ ਅਤੇ ਵਧੇਰੇ ਸੌਣ ਲਈ ਵਰਤਣਗੇ।

ਯੂਕੇ ਵਿੱਚ 10 ਲੋਕਾਂ 'ਚੋਂ ਲਗਭਗ 9 ਲੋਕਾਂ ਕੋਲ ਇੱਕ ਸਮਾਰਟਫ਼ੋਨ ਹੈ, ਅਤੇ ਇਹ ਅੰਕੜੇ ਸਾਰੇ ਹੀ ਵਿਕਸਤ ਸੰਸਾਰ ਵਿੱਚ ਵਿਆਪਕ ਤੌਰ 'ਤੇ ਵੇਖੇ ਜਾ ਸਕਦੇ ਹਨ।

ਇੱਕ ਤਰੀਕਾ ਨਾਮ ਅਸੀਂ ਉਨ੍ਹਾਂ ਨਾਲ ਚਿਪਕੇ ਹੋਏ ਹਾਂ। ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਔਸਤ ਵਿਅਕਤੀ ਇੱਕ ਦਿਨ ਵਿੱਚ 4.8 ਘੰਟੇ ਆਪਣੇ ਫ਼ੋਨ 'ਤੇ ਬਿਤਾਉਂਦਾ ਹੈ।

'ਸਮਾਰਟਫੋਨ ਛੱਡਣ ਤੋਂ ਬਾਅਦ ਜੀਵਨ ਵਧੇਰੇ ਖੁਸ਼ਹਾਲ'

ਅਲੈਕਸ ਡੁਨੇਡਿਨ ਨੇ ਦੋ ਸਾਲ ਪਹਿਲਾਂ ਆਪਣਾ ਸਮਾਰਟਫੋਨ ਕਬਾੜ ਵਿੱਚ ਸੁੱਟ ਦਿੱਤਾ ਸੀ।

ਅਲੈਕਸ ਇੱਕ ਵਿੱਦਿਅਕ ਖੋਜਕਰਤਾ ਅਤੇ ਤਕਨੀਕ ਮਾਹਰ ਹਨ। ਉਹ ਕਹਿੰਦੇ ਹਨ, "ਸੱਭਿਆਚਾਰਕ ਤੌਰ 'ਤੇ ਅਸੀਂ ਇਨ੍ਹਾਂ ਸਾਧਨਾਂ ਦੇ ਆਦੀ ਹੋ ਗਏ ਹਾਂ। ਉਹ ਬੋਧ ਸ਼ਕਤੀ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਰਚਨਾਤਮਕਤਾ ਵਿੱਚ ਰੁਕਾਵਟ ਪਾ ਰਹੇ ਹਨ।"

ਸਕਾਟਲੈਂਡ ਵਿੱਚ ਰਹਿਣ ਅਤੇ ਕੰਮ ਕਰਨ ਵਾਲੇ ਡੁਨੇਡਿਨ ਕਹਿੰਦੇ ਹਨ ਕਿ ਉਨ੍ਹਾਂ ਦੇ ਫੈਸਲੇ ਪਿੱਛੇ ਇੱਕ ਹੋਰ ਕਾਰਨ ਵਾਤਾਵਰਣ ਸੰਬੰਧੀ ਚਿੰਤਾਵਾਂ ਸਨ।

ਉਹ ਕਹਿੰਦੇ ਹਨ, "ਅਸੀਂ ਤੇਜ਼ੀ ਨਾਲ ਊਰਜਾ ਦੀ ਮਾਤਰਾ ਨੂੰ ਬਰਬਾਦ ਕਰ ਰਹੇ ਹਾਂ ਅਤੇ ਤੇਜ਼ੀ ਨਾਲ CO2 ਦਾ ਨਿਕਾਸ ਕਰ ਰਹੇ ਹਾਂ।''

ਅਲੈਕਸ ਅਨੁਸਾਰ, ਜਦੋਂ ਤੋਂ ਉਨ੍ਹਾਂ ਨੇ ਆਪਣੇ ਸਮਾਰਟਫੋਨ ਦੀ ਵਰਤੋਂ ਬੰਦ ਕਰ ਦਿੱਤੀ ਹੈ, ਉਹ ਵਧੇਰੇ ਖੁਸ਼ ਅਤੇ ਰਚਨਾਤਮਕ ਹੋ ਗਏ ਹਨ। ਉਨ੍ਹਾਂ ਨੇ ਇਸ ਦੇ ਬਦਲੇ ਪੁਰਾਣਾ ਸੈੱਲ ਫੋਨ ਵੀ ਨਹੀਂ ਰੱਖਿਆ ਅਤੇ ਉਨ੍ਹਾਂ ਕੋਲ ਲੈਂਡਲਾਈਨ ਵੀ ਨਹੀਂ ਹੈ। ਉਨ੍ਹਾਂ ਨਾਲ ਸਿਰਫ਼ ਈਮੇਲਾਂ ਰਾਹੀਂ ਹੀ ਸੰਪਰਕ ਕੀਤਾ ਜਾ ਸਕਦਾ ਹੈ ਜੋ ਉਨ੍ਹਾਂ ਦੇ ਘਰ ਦੇ ਕੰਪਿਊਟਰ 'ਤੇ ਆਉਂਦੀਆਂ ਹਨ।

ਉਹ ਕਹਿੰਦੇ ਹਨ, "ਮੇਰੀ ਜ਼ਿੰਦਗੀ ਵਿੱਚ ਸੁਧਾਰ ਹੋਇਆ ਹੈ। ਮੈਂ ਆਪਣੇ ਵਿਚਾਰਾਂ ਨੂੰ ਇੱਕ ਮਸ਼ੀਨ ਨਾਲ ਲਗਾਤਾਰ ਬੋਧਾਤਮਕ ਤੌਰ 'ਤੇ ਜੁੜੇ ਰਹਿਣ ਤੋਂ ਮੁਕਤ ਕਰ ਦਿੱਤਾ ਹੈ, ਉਹ ਮਸ਼ੀਨ ਜਿਸ 'ਚ ਮੈਨੂੰ ਊਰਜਾ ਅਤੇ ਪੈਸੇ ਲਗਾਉਣੇ ਪੈਂਦੇ ਹਨ। ਮੈਨੂੰ ਲੱਗਦਾ ਹੈ ਕਿ ਤਕਨੀਕਾਂ ਦਾ ਖ਼ਤਰਾ ਇਹ ਹੈ ਕਿ ਉਹ ਸਾਡੀ ਜ਼ਿੰਦਗੀ ਨੂੰ ਵਹਾ ਲੈ ਜਾ ਰਹੀਆਂ ਹਨ।"

'ਇਹ ਇੱਕ ਨਸ਼ੇ ਵਾਂਗ ਜਾਪਦਾ ਹੈ'

ਬਰਮਿੰਘਮ, ਕੇਂਦਰੀ ਇੰਗਲੈਂਡ ਤੋਂ ਇੱਕ 53 ਸਾਲਾ ਅਧਿਆਪਕ ਅਤੇ ਲੇਖਕਾ ਲੀਨੇ ਵੋਇਸ, ਕੁਝ ਵੱਖਰਾ ਹੀ ਕਰ ਰਹੇ ਹਨ। ਉਨ੍ਹਾਂ ਨੇ ਛੇ ਸਾਲਾਂ ਤੱਕ ਆਪਣੇ ਸਮਾਰਟ ਫੋਨ ਨੂੰ ਨਹੀਂ ਵਰਤਿਆ ਅਤੇ ਹੁਣ ਲੰਘੇ ਅਗਸਤ ਵਿੱਚ ਦੁਬਾਰਾ ਉਨ੍ਹਾਂ ਨੇ ਸਮਾਰਟਫ਼ੋਨ ਦੀ ਵਰਤੋਂ ਸ਼ੁਰੂ ਕਰ ਦਿੱਤੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਰੈਸਟੋਰੈਂਟਾਂ ਵਿੱਚ ਕਿਊ ਆਰ ਕੋਡਾਂ ਅਤੇ ਕੋਵਿਡ (ਡਿਜੀਟਲ) ਪਾਸਪੋਰਟਾਂ ਆਦਿ ਨਾਲ ਨਜਿੱਠਣ ਦੇ ਨਾਲ-ਨਾਲ, ਪੈਰਿਸ ਵਿੱਚ ਰਹਿਣ ਵਾਲੀ ਉਨ੍ਹਾਂ ਇੱਕ ਧੀ ਨਾਲ ਸੰਪਰਕ ਕਰਨ ਲਈ ਇਸ ਦੀ ਜ਼ਰੂਰਤ ਸੀ।

ਪਰ ਜੇ ਉਹ ਕਰ ਸਕਣ ਤਾਂ ਉਹ ਦੁਬਾਰਾ ਇਸਨੂੰ ਛੱਡਣ ਦੀ ਯੋਜਨਾ ਬਣਾ ਰਹੇ ਹਨ। "ਮਹਾਂਮਾਰੀ ਤੋਂ ਬਾਅਦ ਅਤੇ ਜਦੋਂ ਐਲਾ [ਉਨ੍ਹਾਂ ਦੀ ਵੱਡੀ ਧੀ] ਵਿਦੇਸ਼ ਵਿੱਚ ਨਹੀਂ ਰਹੇਗੀ, ਤਾਂ ਮੈਂ ਦੁਬਾਰਾ ਇਸਨੂੰ ਛੱਡਣ ਦੀ ਕੋਸ਼ਿਸ਼ ਕਰ ਸਕਦੀ ਹਾਂ। ਇਹ ਇੱਕ ਨਸ਼ੇ ਵਾਂਗ ਜਾਪਦਾ ਹੈ, ਹੈ ਨਾ?"

ਜਦੋਂ ਵੋਇਸ ਨੇ 2016 ਵਿੱਚ ਪਹਿਲੀ ਵਾਰ ਆਪਣਾ ਸਮਾਰਟਫ਼ੋਨ ਛੱਡਿਆ ਸੀ, ਤਾਂ ਇਸ ਨਾਲ ਉਹ ਆਪਣੀਆਂ ਧੀਆਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਸਨ ਜੋ ਆਪਣੇ ਸਮਾਰਟਫ਼ੋਨਾਂ ਵਿੱਚ ਰੁੱਝੀਆਂ ਰਹਿੰਦੀਆਂ ਸਨ।

"ਉਹ ਆਪਣੇ ਸੈੱਲ ਫੋਨਾਂ ਨਾਲ ਚਿਪਕ ਗਏ ਸਨ। ਮੈਂ ਸੋਚਿਆ ਕਿ ਇਸ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਕਿ ਮੈਂ ਆਪਣਾ ਫੋਨ ਛੱਡ ਦੇਵਾਂ। ਅਤੇ ਇਸ ਨਾਲ ਵਾਕਈ ਫਰਕ ਆਇਆ।''

"ਉਦਾਹਰਣ ਵਜੋਂ, ਅਸੀਂ ਇੱਕ ਰੈਸਟੋਰੈਂਟ ਵਿੱਚ ਜਾਂਦੇ ਸੀ ਤਾਂ ਹੁਣ ਉਹ ਉੱਥੇ ਮੈਨੂੰ ਫ਼ੋਨ ਚੁੱਕਦੇ ਹੋਏ ਨਹੀਂ ਦੇਖਦੇ ਸਨ।"

ਉਹ ਕਹਿੰਦੇ ਹਨ, ਸਮਾਰਟਫੋਨ ਨਾ ਰੱਖਣ ਨਾਲ ''ਮੇਰੇ 'ਤੇ ਦਬਾਅ ਬਹੁਤ ਘੱਟ ਹੋ ਗਿਆ ਸੀ। ਮੈਨੂੰ ਹੁਣ ਇਹ ਮਹਿਸੂਸ ਨਹੀਂ ਕਰਦੀ ਸੀ ਕਿ ਮੈਨੂੰ ਤੁਰੰਤ ਜਵਾਬ ਦੇਣਾ ਪਏਗਾ ਜਾਂ ਜਦੋਂ ਮੈਂ ਬਾਹਰ ਹੋਵਾਂ ਤਾਂ ਉਪਲੱਭਧ ਰਹਿਣਾ ਪਏਗਾ।"

ਹਾਲਾਂਕਿ, ਕੁਝ ਲੋਕ ਇਸ ਗੱਲ ਦੀ ਚਿੰਤਾ ਕਰਦੇ ਹਨ ਕਿ ਉਹ ਆਪਣੇ ਫ਼ੋਨ 'ਤੇ ਕਿੰਨਾ ਸਮਾਂ ਬਿਤਾਉਂਦੇ ਹਨ, ਪਰ ਲੱਖਾਂ ਲੋਕਾਂ ਲਈ ਇਹ ਪ੍ਰਮਾਤਮਾ ਦੀ ਦੇਣ ਵਰਗਾ ਹੈ।

ਯੂਕੇ ਵਿੱਚ ਵੋਡਾਫੋਨ ਮੋਬਾਈਲ ਨੈੱਟਵਰਕ ਦੇ ਇੱਕ ਬੁਲਾਰੇ ਕਹਿੰਦੇ ਹਨ, "ਸਿਹਤ ਸੰਭਾਲ, ਸਿੱਖਿਆ, ਸਮਾਜਿਕ ਸੇਵਾਵਾਂ, ਸਾਡੇ ਦੋਸਤ ਅਤੇ ਪਰਿਵਾਰ ਤੱਕ ਪਹੁੰਚ ਹੁਣ ਪਹਿਲਾਂ ਤੋਂ ਵਧੇਰੇ ਡਿਜੀਟਲ ਹੈ। ਸਮਾਰਟਫੋਨ ਲੋਕਾਂ ਲਈ ਇੱਕ ਜ਼ਰੂਰੀ ਲਾਈਫ਼ਲਾਈਨ ਹੈ।"

"ਅਸੀਂ ਲੋਕਾਂ ਨੂੰ ਉਹਨਾਂ ਦੀ ਤਕਨਾਲੋਜੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਵਿੱਚ ਮਦਦ ਕਰਨ ਲਈ ਅਤੇ ਜਦੋਂ ਉਹ ਔਨਲਾਈਨ ਹੁੰਦੇ ਹਨ ਤਾਂ ਸੁਰੱਖਿਅਤ ਰਹਿਣ ਲਈ ਸਰੋਤ ਵੀ ਬਣਾਏ ਹਨ। ਇਹ ਬਹੁਤ ਮਹੱਤਵਪੂਰਨ ਹੈ।"

ਕੀ ਕਹਿੰਦੇ ਹਨ ਮਨੋ-ਚਿਕਿਤਸਕ

ਹਿਲਡਾ ਬਰਕ, ਇੱਕ ਮਨੋ-ਚਿਕਿਤਸਕ ਹਨ ਅਤੇ 'ਦਿ ਫ਼ੋਨ ਐਡਿਕਸ਼ਨ ਵਰਕਬੁੱਕ' ਦੇ ਲੇਖਕਾ ਵੀ ਹਨ। ਉਹ ਕਹਿੰਦੇ ਹਨ ਕਿ ਰਿਸ਼ਤਿਆਂ ਵਿੱਚ ਸਮੱਸਿਆਵਾਂ, ਨੀਂਦ ਦੀ ਗੁਣਵੱਤਾ, ਟਿਊਨ ਆਊਟ ਕਰਨ ਅਤੇ ਆਰਾਮ ਕਰਨ ਦੀ ਸਾਡੀ ਯੋਗਤਾ ਅਤੇ ਇਕਾਗਰਤਾ ਆਦਿ ਉਪਕਰਣਾਂ ਦੀ ਵਰਤੋਂ ਕਰਨ ਨਾਲ ਮਜ਼ਬੂਤੀ ਨਾਲ ਸਬੰਧਿਤ ਹਨ।

ਉਹ ਕਹਿੰਦੇ ਹਨ, "ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਡਿਵਾਈਸ ਰਾਹੀਂ ਲਗਾਤਾਰ ਬੇਨਤੀਆਂ ਆਉਂਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਬਹੁਤੀਆਂ ਤਾਂ ਜ਼ਰੂਰੀ ਵੀ ਨਹੀਂ ਹੁੰਦੀਆਂ।''

"ਉਹ ਸੀਮਾਵਾਂ ਨਿਰਧਾਰਤ ਕਰਨ ਵਿੱਚ ਅਸਮਰੱਥ ਮਹਿਸੂਸ ਕਰਦੇ ਹਨ, ਨਤੀਜੇ ਵਜੋਂ ਉਹ ਆਪਣੇ ਈਮੇਲਾਂ ਅਤੇ ਸੰਦੇਸ਼ਾਂ ਨੂੰ ਦੇਰ ਰਾਤ ਅਤੇ ਸਵੇਰੇ ਸਭ ਤੋਂ ਪਹਿਲਾਂ ਚੈੱਕ ਕਰਨ ਲਈ ਮਜਬੂਰ ਮਹਿਸੂਸ ਕਰਦੇ ਹਨ।"

ਜੇਕਰ ਤੁਹਾਨੂੰ ਸਮਾਰਟਫੋਨ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਿਆਦਾ ਲੱਗਦਾ ਹੈ, ਪਰ ਤੁਸੀਂ ਇਸ 'ਤੇ ਬਹੁਤ ਜ਼ਿਆਦਾ ਸਮਾਂ ਬਿਤਾਉਣ ਬਾਰੇ ਵੀ ਚਿੰਤਤ ਹੋ, ਤਾਂ ਇਸਦੀ ਵਰਤੋਂ ਨੂੰ ਘਟਾਉਣ ਲਈ ਤੁਸੀਂ ਕੁਝ ਹੋਰ ਕਦਮ ਚੁੱਕ ਸਕਦੇ ਹੋ।

ਹਾਲਾਂਕਿ ਪਹਿਲਾਂ ਇਹ ਵਿਰੋਧਾਭਾਸੀ ਜਾਪਦਾ ਹੈ, ਪਰ ਅਜਿਹੀਆਂ ਬਹੁਤ ਸਾਰੀਆਂ ਐਪਸ ਹਨ ਜੋ ਬੇਲੋੜੀ ਬ੍ਰਾਊਜ਼ਿੰਗ ਨੂੰ ਘਟਾਉਂਦੀਆਂ ਹਨ।

ਮਿਸਾਲ ਵਜੋਂ, 'ਫਰੀਡਮ' ਤੁਹਾਨੂੰ ਅਸਥਾਈ ਤੌਰ 'ਤੇ ਐਪਾਂ ਅਤੇ ਵੈੱਬਸਾਈਟਾਂ ਨੂੰ ਬਲੌਕ ਕਰਨ ਦਿੰਦੀ ਹੈ ਤਾਂ ਜੋ ਤੁਸੀਂ ਹੋਰ ਇਕਾਗਰਤਾ ਲਿਆ ਸਕੋ। ਇਸੇ ਤਰ੍ਹਾਂ 'ਆਫ ਦਿ ਗਰਿੱਡ' ਤੁਹਾਨੂੰ ਇੱਕ ਨਿਰਧਾਰਤ ਸਮੇਂ ਲਈ ਆਪਣੇ ਫ਼ੋਨ ਨੂੰ ਲੌਕ ਕਰਨ ਦੀ ਇਜਾਜ਼ਤ ਦਿੰਦੀ ਹੈ।

ਬਰਕ ਦਾ ਕਹਿਣਾ ਹੈ ਕਿ ਇਹ ਵਧੇਰੇ ਮਦਦਗਾਰ ਹੋਵੇਗਾ ਜੇਕਰ ਜ਼ਿਆਦਾਤਰ ਲੋਕ ਇਸ ਗੱਲ 'ਤੇ ਨਜ਼ਰ ਰੱਖਣ ਕਿ ਉਹ ਆਪਣੇ ਸਮਾਰਟਫੋਨ 'ਤੇ ਕਿੰਨਾ ਸਮਾਂ ਬਿਤਾਉਂਦੇ ਹਨ।

"ਇਹ ਅਹਿਸਾਸ ਕਰਨਾ ਸ਼ੁਰੂ ਕਰਨਾ ਕਿ ਤੁਸੀਂ ਹਰ ਰੋਜ਼ ਆਪਣੇ ਫ਼ੋਨ 'ਤੇ ਕਿੰਨਾ ਸਮਾਂ ਬਰਬਾਦ ਕਰਦੇ ਹੋ, ਤੁਹਾਡੀਆਂ ਅੱਖਾਂ ਖੋਲ੍ਹ ਸਕਦਾ ਹੈ ਅਤੇ ਬਦਲਾਅ ਲਈ ਪ੍ਰੇਰਕ ਹੋ ਸਕਦਾ ਹੈ।"

ਉਹ ਇਹ ਵੀ ਸੁਝਾਉਂਦੇ ਹਨ ਕਿ ਆਪਣੇ ਫ਼ੋਨ ਨੂੰ ਕੁਝ ਸਮੇਂ ਲਈ ਬੰਦ ਜਾਂ ਸਵਿੱਚ ਆਫ ਕਰਨਾ ਜਾਂ ਇਸ ਨੂੰ ਥੋੜ੍ਹੇ ਸਮੇਂ ਲਈ ਘਰ ਵਿੱਚ ਛੱਡ ਦੇਣਾ ਮਦਦ ਕਰ ਸਕਦਾ ਹੈ ਅਤੇ ਹੌਲੀ-ਹੌਲੀ ਤੁਸੀਂ ਇਸਦਾ ਸਮਾਂ ਵਧਾ ਵੀ ਸਕਦੇ ਹੋ।

ਅੰਤ ਵਿੱਚ, ਉਹ ਸੁਝਾਅ ਦਿੰਦੇ ਹਨ ਕਿ ਆਪਣੇ ਸੈੱਲ ਫੋਨ 'ਤੇ ਕੋਈ ਅਜਿਹਾ ਵਾਲਪੇਪਰ, ਚਿੱਤਰ ਜਾਂ ਇੱਕ ਸ਼ਬਦ (ਤਸਵੀਰ) ਲਗਾਓ ਜੋ ਤੁਹਾਨੂੰ ਇਹ ਯਾਦ ਕਰਵਾਏ ਕਿ ਵਾਧੂ ਸਮੇਂ 'ਚ ਤੁਸੀਂ ਹੋਰ ਕੀ ਚੰਗਾ ਕਰ ਸਕਦੇ ਹੋ ਜਾਂ ਕਰਨਾ ਪਸੰਦ ਕਰੋਗੇ।

ਉਹ ਕਹਿੰਦੇ ਹਨ, "ਇਸ ਗੱਲ ਨੂੰ ਦੇਖਦੇ ਹੋਏ ਕਿ ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਫ਼ੋਨ ਨੂੰ ਦਿਨ ਵਿੱਚ 55 ਵਾਰ ਅਤੇ ਕੁਝ ਤਾਂ 100 ਵਾਰ ਵੀ ਚੈੱਕ ਕਰਦੇ ਹਨ, ਸਮਾਂ ਬਿਤਾਉਣ ਦੇ ਹੋਰ ਲਾਭਦਾਇਕ ਤਰੀਕੇ ਨੂੰ ਯਾਦ ਕਰਵਾਉਣ ਲਈ ਇਹ ਇੱਕ ਸ਼ਾਨਦਾਰ ਵਿਜ਼ੂਅਲ ਰੀਮਾਈਂਡਰ ਹੈ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)