ਪੰਜਾਬੀ ਜੋੜਾ ਜਿਸ ਨੇ ਆਪਣੇ ਮ੍ਰਿਤਕ ਪੁੱਤ ਦੇ ਸ਼ੁਕਰਾਣੂਆਂ ਨੂੰ ਹਾਸਲ ਕਰਨ ਲਈ ਚਾਰ ਸਾਲ ਕਾਨੂੰਨੀ ਲੜਾਈ ਲੜੀ

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਨਿਊਜ਼

“ਅਸੀਂ ਬਹੁਤ ਬਦਕਿਸਮਤ ਸੀ, ਅਸੀਂ ਆਪਣਾ ਪੁੱਤਰ ਗੁਆ ਦਿੱਤਾ। ਪਰ ਅਦਾਲਤ ਨੇ ਸਾਨੂੰ ਬਹੁਤ ਕੀਮਤੀ ਤੋਹਫ਼ਾ ਦਿੱਤਾ ਹੈ। ਅਸੀਂ ਹੁਣ ਆਪਣੇ ਬੇਟੇ ਨੂੰ ਵਾਪਸ ਲਿਆਉਣ ਦੇ ਯੋਗ ਹੋਵਾਂਗੇ।”

ਇਹ ਬੋਲ ਹਰਬੀਰ ਕੌਰ ਦੇ ਹਨ। ਉਹ ਅਤੇ ਉਨ੍ਹਾਂ ਦੇ ਪਤੀ ਗੁਰਵਿੰਦਰ ਸਿੰਘ ਦਿੱਲੀ ਹਾਈ ਕੋਰਟ ਦੇ ਹੁਕਮ ਕਾਰਨ ਕਾਫੀ ਸਕੂਨ ਮਹਿਸੂਸ ਕਰ ਰਹੇ ਹਨ।

ਇਹ ਫੈਸਲਾ ਇਨ੍ਹਾਂ ਦੇ ਮਰਹੂਮ ਪੁੱਤਰ ਪ੍ਰੀਤ ਇੰਦਰ ਸਿੰਘ ਬਾਰੇ ਹੈ ਜਿਨ੍ਹਾਂ ਦੀ ਮੌਤ ਚਾਰ ਸਾਲ ਪਹਿਲਾਂ ਹੋਈ ਹੈ।

ਅਦਾਲਤ ਨੇ ਦਿੱਲੀ ਦੇ ਇੱਕ ਹਸਪਤਾਲ ਨੂੰ ਉਨ੍ਹਾਂ ਦੇ ਮ੍ਰਿਤਕ ਪੁੱਤਰ ਦੇ ਫਰੋਜ਼ਨ ਸਪਰਮ ਸੈਂਪਲ ਯਾਨੀ ਸ਼ੁਕਰਾਣੂ ਨੂੰ ਉਨ੍ਹਾਂ ਨੂੰ ਸੌਂਪਣ ਦਾ ਆਦੇਸ਼ ਦਿੱਤਾ ਤਾਂ ਜੋ ਉਹ ਸਰੋਗੇਸੀ ਰਾਹੀਂ ਪੋਤਾ-ਪੋਤੀ ਪੈਦਾ ਕਰ ਸਕਣ।

ਦਿੱਲੀ ਹਾਈ ਕੋਰਟ ਦਾ ਇਹ ਫੈਸਲਾ ਚਾਰ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਇਆ ਹੈ।

ਕੀ ਹੈ ਪੂਰਾ ਮਾਮਲਾ ?

ਦਸੰਬਰ 2020 ਵਿੱਚ ਦਿੱਲੀ ਦੇ ਗੰਗਾ ਰਾਮ ਹਸਪਤਾਲ ਨੇ ਹਰਬੀਰ ਕੌਰ ਅਤੇ ਉਨ੍ਹਾਂ ਦੇ ਪਤੀ ਗੁਰਵਿੰਦਰ ਸਿੰਘ ਨੂੰ ਉਨ੍ਹਾਂ ਦੇ ਪੁੱਤਰ ਦਾ ਫਰੋਜ਼ਨ ਸਪਰਮ ਸੈਂਪਲ ਸੌਂਪਣ ਤੋਂ ਇਨਕਾਰ ਕਰ ਦਿੱਤਾ।

ਜਣਨ ਪ੍ਰਯੋਗਸ਼ਾਲਾ ਵਿੱਚ ਸਟੋਰ ਕੀਤੇ ਇਹ ਸੈਂਪਲ ਨੂੰ ਪਾਉਣ ਲਈ ਜੋੜੇ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ।

ਇਸ ਜੋੜੇ ਦੇ 30 ਸਾਲਾ ਪੁੱਤਰ ਪ੍ਰੀਤ ਇੰਦਰ ਸਿੰਘ ਨੂੰ ਜੂਨ 2020 ਵਿੱਚ ਨਾਨ-ਹੌਡਕਿਨਜ਼ ਲਿੰਫੋਮਾ - ਬਲੱਡ ਕੈਂਸਰ ਦਾ ਇੱਕ ਰੂਪ ਨਾਲ ਪੀੜਤ ਹੋਣ ਬਾਰੇ ਪਤਾ ਚਲਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਗੁਰਵਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਕੀਮੋਥੈਰੇਪੀ ਸ਼ੁਰੂ ਕਰਨ ਤੋਂ ਪਹਿਲਾਂ, ਹਸਪਤਾਲ ਨੇ ਉਸ ਨੂੰ ਆਪਣਾ ਵੀਰਜ ਸਟੋਰ ਕਰਨ ਦੀ ਸਲਾਹ ਦਿੱਤੀ ਕਿਉਂਕਿ ਇਲਾਜ ਉਸਦੇ ਸ਼ੁਕਰਾਣੂ ਦੀ ਗੁਣਵੱਤਾ 'ਤੇ ਮਾੜਾ ਅਸਰ ਪਾ ਸਕਦਾ ਸੀ।"

ਪ੍ਰੀਤ ਇੰਦਰ, ਜੋ ਕਿ ਅਣਵਿਆਹਿਆ ਸੀ, ਇਸ ਲਈ ਸਹਿਮਤ ਹੋ ਗਿਆ।

27 ਜੂਨ 2020 ਨੂੰ ਉਨ੍ਹਾਂ ਦਾ ਵੀਰਜ ਸੈਂਪਲ ਫ੍ਰੀਜ਼ ਕਰ ਦਿੱਤਾ ਗਿਆ।

ਸਤੰਬਰ ਦੇ ਸ਼ੁਰੂ ਵਿੱਚ ਉਸਦੀ ਮੌਤ ਹੋ ਗਈ।

ਕੁਝ ਮਹੀਨਿਆਂ ਬਾਅਦ, ਜਦੋਂ ਦੁਖੀ ਮਾਪਿਆਂ ਨੇ ਆਪਣੇ ਪੁੱਤਰ ਦੇ ਸ਼ੁਕਰਾਣੂਆਂ ਦੀ ਮੰਗ ਕੀਤੀ, ਤਾਂ ਹਸਪਤਾਲ ਨੇ ਉਨ੍ਹਾਂ ਦੀ ਬੇਨਤੀ ਨੂੰ ਠੁਕਰਾ ਦਿੱਤਾ। ਇਸ ਤੋਂ ਬਾਅਦ ਜੋੜੇ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ।

ਕੌਣ ਕਰੇਗਾ ਬੱਚੇ ਦਾ ਪਾਲਣ-ਪੋਸ਼ਣ ?

60 ਸਾਲਾਂ ਦੇ ਇਸ ਜੋੜੇ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣੇ ਬੇਟੇ ਦੇ ਵੀਰਜ ਦੇ ਨਮੂਨੇ ਦੀ ਵਰਤੋਂ ਕਰਕੇ ਪੈਦਾ ਹੋਏ ਬੱਚੇ ਦਾ ਪਾਲਣ-ਪੋਸ਼ਣ ਕਰਨਗੇ।

ਉਨ੍ਹਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀਆਂ ਦੋ ਬੇਟੀਆਂ ਨੇ ਅਦਾਲਤ ਵਿੱਚ ਇਹ ਵਾਅਦਾ ਕੀਤਾ ਹੈ ਕਿ ਉਹ ਬੱਚੇ ਦੀ ਪੂਰੀ ਜ਼ਿੰਮੇਵਾਰੀ ਲੈਣਗੀਆਂ।

ਪਿਛਲੇ ਹਫ਼ਤੇ ਆਪਣੇ ਆਦੇਸ਼ ਵਿੱਚ, ਜਸਟਿਸ ਪ੍ਰਤਿਬਾ ਸਿੰਘ ਨੇ ਕਿਹਾ ਕਿ "ਭਾਰਤੀ ਕਾਨੂੰਨ ਦੇ ਤਹਿਤ, ਮਰਨ ਤੋਂ ਬਾਅਦ ਪ੍ਰਜਨਨ 'ਤੇ ਕੋਈ ਪਾਬੰਦੀ ਨਹੀਂ ਹੈ" ਜੇਕਰ ਸ਼ੁਕਰਾਣੂ ਦੇ ਮਾਲਕ ਨੇ ਸਹਿਮਤੀ ਦਿੱਤੀ ਸੀ।

ਉਨ੍ਹਾਂ ਅੱਗੇ ਕਿਹਾ ਕਿ ਮਾਤਾ-ਪਿਤਾ ਨਮੂਨੇ ਦੇ ਹੱਕਦਾਰ ਸਨ ਕਿਉਂਕਿ ਪਤੀ ਜਾਂ ਪਤਨੀ ਜਾਂ ਬੱਚਿਆਂ ਦੀ ਗੈਰਹਾਜ਼ਰੀ ਵਿੱਚ, ਉਹ ਹਿੰਦੂ ਉਤਰਾਧਿਕਾਰੀ ਐਕਟ ਦੇ ਤਹਿਤ ਕਾਨੂੰਨੀ ਵਾਰਸ ਬਣ ਗਏ ਸਨ।

ਮ੍ਰਿਤਕ ਦੀ ਭੈਣ ਨੇ ਦਿੱਤੀ ਸੈਰੋਗੇਟ ਬਣਨ ਦੀ ਸਹਿਮਤੀ

ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਕਿਉਂਕਿ ਉਹ ਆਪਣੇ ਪੁੱਤਰ ਦੀ "ਵਿਰਾਸਤ" ਨੂੰ ਜਾਰੀ ਰੱਖਣਾ ਚਾਹੁੰਦੇ ਹਨ।

ਪਰਿਵਾਰ ਦਾ ਕਹਿਣਾ ਹੈ ਕਿ ਇਹ ਆਦੇਸ਼ ਉਨ੍ਹਾਂ ਨੂੰ ਪੁੱਤ ਨਾਲ ਰਿਸ਼ਤਾ ਕਾਇਮ ਰੱਖਣ ਅਤੇ ਉਨ੍ਹਾਂ ਦੇ ਪਰਿਵਾਰ ਦਾ ਨਾਮ ਜਾਰੀ ਰੱਖਣ ਵਿੱਚ ਮਦਦ ਕਰੇਗਾ।

ਪ੍ਰੀਤ ਇੰਦਰ ਦੀ ਮਾਤਾ ਨੇ ਕਿਹਾ “ਉਹ ਆਪਣੀਆਂ ਭੈਣਾਂ ਨੂੰ ਪਿਆਰ ਕਰਦਾ ਸੀ ਅਤੇ ਉਸਦੇ ਦੋਸਤਾਂ ਦੁਆਰਾ ਉਸਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ।"

"ਉਹ ਮੇਰੇ ਫ਼ੋਨ ਦਾ ਸਕਰੀਨਸੇਵਰ ਹੈ। ਮੈਂ ਹਰ ਰੋਜ਼ ਸਵੇਰੇ ਉਸਦਾ ਚਿਹਰਾ ਦੇਖ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੀ ਹਾਂ”

ਪਰਿਵਾਰਕ ਮੇਂਬਰਾਂ ਨੇ ਗੋਪਨੀਯਤਾ ਦੀਆਂ ਚਿੰਤਾਵਾਂ ਨੂੰ ਲੈ ਕੇ ਬੀਬੀਸੀ ਨਾਲ ਉਸਦੀ ਫੋਟੋ ਸਾਂਝੀ ਨਹੀਂ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਸਰੋਗੇਸੀ ਵਿੱਚ ਉਸ ਦੇ ਸ਼ੁਕਰਾਣੂ ਦੀ ਵਰਤੋਂ ਕਰਨ 'ਤੇ ਵਿਚਾਰ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਇੱਕ ਧੀ ਨੇ ਸੈਰੋਗੇਟ ਬਣਨ ਲਈ ਸਹਿਮਤੀ ਦਿੱਤੀ ਹੈ।

ਹਰਬੀਰ ਕੌਰ ਕਹਿੰਦੇ ਹਨ "ਅਸੀਂ ਇਸਨੂੰ ਪਰਿਵਾਰ ਵਿੱਚ ਰੱਖਾਂਗੇ"

ਕੀ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ?

ਪਰਿਵਾਰ ਦੇ ਵਕੀਲ ਸੁਰੂਚੀ ਅਗਰਵਾਲ ਨੇ ਬੀਬੀਸੀ ਨੂੰ ਦੱਸਿਆ ਕਿ ਭਾਵੇਂ ਅਜਿਹੇ ਕੇਸ ਬਹੁਤ ਘੱਟ ਹਨ, ਪਰ ਇਸ ਤਰ੍ਹਾਂ ਦੀਆ ਮਿਸਾਲਾਂ ਮੌਜੂਦ ਹਨ।

ਅਦਾਲਤ ਵਿੱਚ, ਉਨ੍ਹਾਂ ਨੇ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ 48 ਸਾਲਾ ਔਰਤ ਦੇ 2018 ਦੇ ਕੇਸ ਦਾ ਹਵਾਲਾ ਦਿੱਤਾ ਜਿਸ ਨੇ ਆਪਣੇ 27 ਸਾਲਾ ਪੁੱਤਰ, ਜਿਸਦੀ ਜਰਮਨੀ ਵਿੱਚ ਦਿਮਾਗ ਦੇ ਕੈਂਸਰ ਨਾਲ ਮੌਤ ਹੋ ਗਈ ਸੀ, ਦੇ ਵੀਰਜ ਦੀ ਵਰਤੋਂ ਕਰਕੇ ਸਰੋਗੇਸੀ ਰਾਹੀਂ ਜੁੜਵਾਂ ਪੋਤੇ-ਪੋਤੀਆਂ ਨੂੰ ਜਨਮ ਦਿੱਤਾ ਸੀ।

ਉਨ੍ਹਾਂ ਦਾ ਪੁੱਤਰ, ਜੋ ਕਿ ਅਣਵਿਆਹਿਆ ਸੀ, ਨੇ ਉਸਦੀ ਮੌਤ ਤੋਂ ਬਾਅਦ ਉਸਦੀ ਮਾਂ ਅਤੇ ਭੈਣ ਨੂੰ ਉਸਦੇ ਵੀਰਜ ਦੀ ਵਰਤੋਂ ਕਰਨ ਦਾ ਅਧਿਕਾਰ ਦਿੱਤਾ ਸੀ ਅਤੇ ਜਰਮਨੀ ਦੇ ਹਸਪਤਾਲ ਨੇ ਉਸਦਾ ਸੈਂਪਲ ਉਨ੍ਹਾਂ ਨੂੰ ਸੌਂਪ ਦਿੱਤਾ ਸੀ।

ਵਕੀਲ ਸੁਰੂਚੀ ਅਗਰਵਾਲ ਨੇ 2019 ਦੇ ਇੱਕ ਕੇਸ ਦਾ ਉਦਾਹਰਨ ਵੀ ਦਿੱਤਾ ਜਿੱਥੇ ਨਿਊਯਾਰਕ ਦੀ ਸੁਪਰੀਮ ਕੋਰਟ ਨੇ ਸਕੀਇੰਗ ਦੁਰਘਟਨਾ ਵਿੱਚ ਮਾਰੇ ਗਏ ਇੱਕ 21 ਸਾਲਾ ਫੌਜੀ ਕੈਡੇਟ ਦੇ ਮਾਤਾ-ਪਿਤਾ ਨੂੰ ਫਰੋਜ਼ਨ ਸਪਰਮ ਦੀ ਵਰਤੋਂ ਨਾਲ ਪੋਤੇ-ਪੋਤੀ ਪੈਦਾ ਕਰਨ ਦੀ ਇਜਾਜ਼ਤ ਦਿੱਤੀ।

ਆਪਣੇ ਆਦੇਸ਼ ਵਿੱਚ, ਜਸਟਿਸ ਸਿੰਘ ਨੇ ਮਰਨ ਉਪਰੰਤ ਪ੍ਰਜਨਨ ਦੇ ਕਈ ਮਾਮਲਿਆਂ ਦਾ ਵੀ ਹਵਾਲਾ ਦਿੱਤਾ।

ਇਸ ਵਿੱਚ ਇਜ਼ਰਾਈਲ ਦਾ 2002 ਦਾ ਕੇਸ ਵੀ ਸ਼ਾਮਲ ਹੈ ਜਿੱਥੇ ਗਾਜ਼ਾ ਵਿੱਚ ਮਾਰੇ ਗਏ ਇੱਕ 19 ਸਾਲਾ ਫੌਜੀ ਦੇ ਮਾਪਿਆਂ ਨੇ ਇੱਕ ਸਰੋਗੇਟ ਮਾਂ ਰਾਹੀਂ ਬੱਚੇ ਪੈਦਾ ਕਰਨ ਲਈ ਆਪਣੇ ਪੁੱਤਰ ਦੇ ਸ਼ੁਕਰਾਣੂ ਦੀ ਵਰਤੋਂ ਕਰਨ ਦੀ ਕਾਨੂੰਨੀ ਇਜਾਜ਼ਤ ਪ੍ਰਾਪਤ ਕੀਤੀ ਸੀ।

ਹਸਪਤਾਲ ਨੇ ਮਾਪਿਆਂ ਦੀ ਬੇਨਤੀ ਕਿਉਂ ਠੁਕਰਾਈ ?

ਜੇਕਰ ਇਹ ਪਹਿਲਾ ਵੀ ਹੋ ਚੁੱਕਾ ਹੈ, ਤਾਂ ਹਸਪਤਾਲ ਨੇ ਜੋੜੇ ਦੀ ਬੇਨਤੀ ਨੂੰ ਕਿਉਂ ਠੁਕਰਾ ਦਿੱਤਾ?

ਜਿਵੇਂ ਕਿ ਜਸਟਿਸ ਸਿੰਘ ਨੇ ਆਪਣੇ ਆਦੇਸ਼ ਵਿੱਚ ਨੋਟ ਕੀਤਾ ਹੈ, ਇਸ ਮੁੱਦੇ 'ਤੇ ਕੋਈ ਅੰਤਰਰਾਸ਼ਟਰੀ ਸਹਿਮਤੀ ਨਹੀਂ ਹੈ।

ਅਮਰੀਕਾ, ਯੂਕੇ, ਜਾਪਾਨ, ਚੈੱਕ ਗਣਰਾਜ ਅਤੇ ਕੁਝ ਹੋਰ ਦੇਸ਼ ਲਿਖਤੀ ਸਹਿਮਤੀ ਨਾਲ ਮਰਨ ਉਪਰੰਤ ਪ੍ਰਜਨਨ ਦੀ ਆਗਿਆ ਦਿੰਦੇ ਹਨ।

ਆਸਟ੍ਰੇਲੀਆ ਮੌਤ ਤੋਂ ਬਾਅਦ ਅਜਿਹਾ ਮਾਮਲਿਆਂ 'ਚ ਇੱਕ ਸਾਲ ਦੇ ਇੰਤਜ਼ਾਰ ਦੀ ਮਿਆਦ ਦੀ ਸ਼ਰਤ ਲਗਾਉਂਦਾ ਹੈ ਤਾਂ ਜੋ ਭਾਵਨਾਵਾਂ ਨਾਲ ਨਿਪਟਣ ਲਈ ਸਮਾਂ ਦਿੱਤਾ ਜਾ ਸਕੇ।

ਇਟਲੀ, ਸਵੀਡਨ, ਸਵਿਟਜ਼ਰਲੈਂਡ, ਫਰਾਂਸ, ਮਲੇਸ਼ੀਆ, ਪਾਕਿਸਤਾਨ, ਹੰਗਰੀ ਅਤੇ ਸਲੋਵੇਨੀਆ ਵਰਗੇ ਕਈ ਦੇਸ਼ਾਂ ਵਿੱਚ ਇਸ ਦੀ ਮਨਾਹੀ ਹੈ।

ਹਾਲਾਂਕਿ ਭਾਰਤ ਅਤੇ ਜ਼ਿਆਦਾਤਰ ਦੱਖਣੀ ਏਸ਼ੀਆਈ ਗੁਆਂਢੀ - ਸ਼੍ਰੀਲੰਕਾ, ਨੇਪਾਲ, ਭੂਟਾਨ ਅਤੇ ਬੰਗਲਾਦੇਸ਼ - ਵਿੱਚ ਕੋਈ ਦਿਸ਼ਾ-ਨਿਰਦੇਸ਼ ਨਹੀਂ ਹਨ।

ਇੱਥੋਂ ਤੱਕ ਕਿ ਜਿਨ੍ਹਾਂ ਦੇਸ਼ਾਂ ਵਿੱਚ ਮਰਨ ਉਪਰੰਤ ਪ੍ਰਜਨਨ ਬਾਰੇ ਕਾਨੂੰਨ ਹਨ, ਉਥੇ ਵੀ ਜ਼ਿਆਦਾਤਰ ਮਾਮਲਿਆਂ ਵਿੱਚ ਇੱਕ ਜੀਵਨ ਸਾਥੀ ਸ਼ਾਮਲ ਹੁੰਦਾ ਹੈ ਜੋ ਗਰਭ ਧਾਰਨ ਕਰਨ ਲਈ ਜੰਮੇ ਹੋਏ ਅੰਡੇ ਜਾਂ ਸ਼ੁਕਰਾਣੂ ਦੀ ਵਰਤੋਂ ਕਰਨਾ ਚਾਹੁੰਦਾ ਹੈ।

ਇਜ਼ਰਾਈਲ ਵਿੱਚ ਆਪਣੇ ਪੁੱਤਰਾਂ ਦੇ ਸ਼ੁਕਰਾਣੂਆਂ ਦੀ ਮੰਗ ਕਰਨ ਵਾਲੇ ਦੁਖੀ ਮਾਪਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਰੂਸ ਨਾਲ ਟਕਰਾਅ ਵੱਧਣ ਤੋਂ ਬਾਅਦ ਹੁਣ ਯੂਕਰੇਨ ਵਿੱਚ ਸੈਨਿਕਾਂ ਦੇ ਵੀਰਜ ਨੂੰ ਕ੍ਰਾਇਓਪ੍ਰੀਜ਼ਰਵੇਸ਼ਨ ਮੁਫਤ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਪਰ ਭਾਰਤ ਵਿੱਚ, ਇਹ ਅਜੇ ਵੀ ਮੁਕਾਬਲਤਨ ਦੁਰਲੱਭ ਹੈ।

ਅਦਾਲਤ ਵਿੱਚ, ਗੰਗਾ ਰਾਮ ਹਸਪਤਾਲ ਨੇ ਕਿਹਾ ਕਿ ਕਾਨੂੰਨੀ ਤੌਰ 'ਤੇ ਉਹ ਸਿਰਫ ਨਮੂਨਾ ਜੀਵਨ ਸਾਥੀ ਨੂੰ ਜਾਰੀ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਕੋਈ ਸਪੱਸ਼ਟ ਕਾਨੂੰਨ ਜਾਂ ਦਿਸ਼ਾ-ਨਿਰਦੇਸ਼ ਨਹੀਂ ਹਨ ਜੋ ਕਿਸੇ ਅਣਵਿਆਹੇ ਮ੍ਰਿਤਕ ਪੁਰਸ਼ ਦੇ ਵੀਰਜ ਦੇ ਨਮੂਨੇ ਉਸਦੇ ਮਾਪਿਆਂ ਜਾਂ ਕਾਨੂੰਨੀ ਵਾਰਸਾਂ ਨੂੰ ਜਾਰੀ ਕਰਨ ਨੂੰ ਕਹਿੰਦੇ ਹੋਣ।

ਭਾਰਤ ਸਰਕਾਰ ਨੇ ਪਟੀਸ਼ਨ ਦਾ ਵਿਰੋਧ ਕਿਉਂ ਕੀਤਾ

ਭਾਰਤ ਸਰਕਾਰ ਨੇ ਵੀ ਜੋੜੇ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਸਰੋਗੇਸੀ ਕਾਨੂੰਨ ਬਾਂਝ ਜੋੜਿਆਂ ਜਾਂ ਔਰਤਾਂ ਦੀ ਸਹਾਇਤਾ ਲਈ ਹੈ, ਨਾ ਕਿ ਉਨ੍ਹਾਂ ਲੋਕਾਂ ਲਈ ਜੋ ਪੋਤਾ-ਪੋਤੀ ਪੈਦਾ ਕਰਨਾ ਚਾਹੁੰਦੇ ਹਨ।

ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪ੍ਰੀਤ ਇੰਦਰ ਅਣਵਿਆਹਿਆ ਸੀ - ਭਾਰਤ ਦਾ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ (ਏਆਰਟੀ) ਐਕਟ 2021 ਸਿੰਗਲ ਲੋਕਾਂ ਨੂੰ ਸਰੋਗੇਸੀ ਰਾਹੀਂ ਬੱਚੇ ਪੈਦਾ ਕਰਨ ਤੋਂ ਰੋਕਦਾ ਹੈ - ਅਤੇ ਉਸਨੇ ਆਪਣੇ ਜੰਮੇ ਹੋਏ ਸ਼ੁਕਰਾਣੂਆਂ ਦੀ ਵਰਤੋਂ ਲਈ ਕੋਈ ਲਿਖਤੀ ਜਾਂ ਜ਼ੁਬਾਨੀ ਸਹਿਮਤੀ ਨਹੀਂ ਛੱਡੀ ਸੀ.

ਇਸ ਕਰਕੇ ਉਸਦੇ ਮਾਤਾ-ਪਿਤਾ ਇਸ ਨੂੰ ਇਹ ਸੈਂਪਲ ਵਰਤਣ ਦਾ ਕੋਈ ਆਟੋਮੈਟਿਕ ਅਧਿਕਾਰ ਨਹੀਂ ਸੀ।

ਚਾਰ ਸਾਲ ਚਲੀ ਇਹ ਕਾਨੂੰਨੀ ਲੜਾਈ

ਜੋੜੇ ਦੇ ਵਕੀਲ ਸੁਰੁਚੀ ਅਗਰਵਾਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪ੍ਰੀਤ ਇੰਦਰ ਨੇ ਆਪਣੇ ਵੀਰਜ ਨੂੰ ਸਟੋਰ ਕਰਨ ਲਈ ਫਾਰਮ ਭਰਦੇ ਸਮੇਂ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਇਹ ਆਈਵੀਐਫ ਦੇ ਉਦੇਸ਼ ਲਈ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਫਾਰਮ ਵਿੱਚ ਪਿਤਾ ਅਤੇ ਪੁੱਤਰ ਦੋਵਾਂ ਦੇ ਮੋਬਾਈਲ ਨੰਬਰ ਸਨ, ਜਿਸ ਵਿੱਚ ਸਹਿਮਤੀ ਸੀ।

ਉਹ ਦੱਸਦੇ ਹਨ ਕਿ ਮ੍ਰਿਤਕ ਦੇ ਪਿਤਾ ਹੀ ਨਮੂਨੇ ਨੂੰ ਸੁਰੱਖਿਅਤ ਰੱਖਣ ਲਈ ਲੈਬ ਨੂੰ ਭੁਗਤਾਨ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਏਆਰਟੀ ਐਕਟ, ਸਰੋਗੇਸੀ ਦੀ ਵਪਾਰਕ ਵਰਤੋਂ ਨੂੰ ਰੋਕਣ, ਕਲੀਨਿਕਾਂ ਨੂੰ ਨਿਯਮਤ ਕਰਨ ਅਤੇ ਨਿਗਰਾਨੀ ਕਰਨ ਲਈ ਪੇਸ਼ ਕੀਤਾ ਗਿਆ ਸੀ, ਨਾ ਕਿ ਦੁਖੀ ਮਾਪਿਆਂ ਦੀ ਨਿੱਜੀ ਆਜ਼ਾਦੀ 'ਤੇ ਰੁਕਾਵਟ ਪਾਉਣ ਲਈ।

ਜਸਟਿਸ ਸਿੰਘ ਨੇ ਅਗਰਵਾਲ ਦੀ ਦਲੀਲ ਨਾਲ ਸਹਿਮਤੀ ਪ੍ਰਗਟਾਈ ਕਿ ਪ੍ਰੀਤ ਇੰਦਰ ਨੇ ਬੱਚੇ ਪੈਦਾ ਕਰਨ ਦੇ ਉਦੇਸ਼ ਲਈ ਆਪਣੇ ਸਪਰਮ ਦੀ ਵਰਤੋਂ ਕਰਨ ਲਈ ਸਹਿਮਤੀ ਦਿੱਤੀ ਸੀ।

ਉਨ੍ਹਾਂ ਕਿਹਾ, “ਉਹ ਵਿਆਹਿਆ ਨਹੀਂ ਸੀ ਅਤੇ ਉਸਦਾ ਕੋਈ ਸਾਥੀ ਨਹੀਂ ਸੀ। ਉਸਦਾ ਇਰਾਦਾ ਸੀ ਕਿ ਬੱਚੇ ਨੂੰ ਜਨਮ ਦੇਣ ਲਈ ਨਮੂਨੇ ਦੀ ਵਰਤੋਂ ਕੀਤੀ ਜਾਵੇ। ਜਦੋਂ ਉਸਦਾ ਦੇਹਾਂਤ ਹੋ ਗਿਆ, ਮਾਤਾ-ਪਿਤਾ ਮ੍ਰਿਤਕ ਦੇ ਵਾਰਸ ਹਨ, ਅਤੇ ਵੀਰਜ ਦੇ ਨਮੂਨੇ -ਜੈਨੇਟਿਕ ਸਮੱਗਰੀ ਅਧੀਨ ਇੱਕ ਸੰਪਤੀ ਬਣਦੇ ਹਨ, ਮਾਤਾ-ਪਿਤਾ ਇਸ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਹਨ।"

ਇਨ੍ਹਾਂ ਹਾਲਾਤ ਵਿੱਚ, ਅਦਾਲਤ ਨੇ ਕਿਹਾ ਕਿ ਉਹ ਜੋੜੇ ਨੂੰ ਆਪਣੇ ਪੁੱਤਰ ਦੇ ਵੀਰਜ ਦੇ ਨਮੂਨੇ ਤੱਕ ਪਹੁੰਚ ਕਰਨ ਤੋਂ ਰੋਕ ਨਹੀਂ ਸਕਦੇ।

ਮਾਂ ਹਰਬੀਰ ਕੌਰ ਦਾ ਕਹਿਣਾ ਹੈ ਅਦਾਲਤ ਦੇ ਹੁਕਮ ਨੇ ਉਨ੍ਹਾਂ ਨੂੰ "ਆਸ ਦੀ ਕਿਰਨ, ਇੱਕ ਰੋਸ਼ਨੀ" ਦਿੱਤੀ ਹੈ ਅਤੇ ਕਿਹਾ ਕਿ "ਅਸੀਂ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਦੇ ਯੋਗ ਹੋਵਾਂਗੇ"।

“ਮੈਂ ਆਪਣੇ ਬੱਚੇ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਹਰ ਰੋਜ਼ ਪ੍ਰਾਰਥਨਾ ਕੀਤੀ ਹੈ। ਇਸ ਨੂੰ ਚਾਰ ਸਾਲ ਲੱਗ ਗਏ, ਪਰ ਮੇਰੀਆਂ ਅਰਦਾਸਾ ਦਾ ਜਵਾਬ ਮਿਲਿਆ ਹੈ। "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)