You’re viewing a text-only version of this website that uses less data. View the main version of the website including all images and videos.
ਮਹਿਲਾ ਟੀ-20 ਵਿਸ਼ਵ ਕੱਪ: ਹਰਮਨਪ੍ਰੀਤ ਕੌਰ ਦੀ ਧਮਾਕੇਦਾਰ ਪਾਰੀ ਨੇ ਕਿਵੇਂ ਭਾਰਤ ਦੀਆਂ ਸੈਮੀਫ਼ਾਈਨਲ ਲਈ ਆਸਾਂ ਜਗਾਈਆਂ
- ਲੇਖਕ, ਮਨੋਜ ਚਤੁਰਵੇਦੀ
- ਰੋਲ, ਸੀਨੀਅਰ ਖੇਡ ਪੱਤਰਕਾਰ
ਭਾਰਤੀ ਟੀਮ ਦੀਆਂ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਤੱਕ ਪਹੁੰਚਣ ਦੀਆਂ ਸੰਭਾਨਾਵਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ।
ਗਰੁੱਪ ਏ 'ਚ ਸ਼੍ਰੀਲੰਕਾ ਨੂੰ 82 ਦੌੜਾਂ ਨਾਲ ਹਰਾ ਕੇ ਭਾਰਤੀ ਟੀਮ ਚਾਰ ਅੰਕਾਂ ਨਾਲ ਆਸਟ੍ਰੇਲੀਆ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਈ ਹੈ।
ਭਾਰਤ ਦੀ ਇਸ ਸ਼ਾਨਦਾਰ ਜਿੱਤ ਕਾਰਨ ਨੈੱਟ ਰਨ ਰੇਟ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ।
ਹੁਣ ਇਹ ਆਸਟਰੇਲੀਆ ਤੋਂ ਬਾਅਦ ਦੂਜਾ ਸਭ ਤੋਂ ਵਧੀਆ ਨੈੱਟ ਰਨ ਰੇਟ ਰੱਖਣ ਵਿੱਚ ਕਾਮਯਾਬ ਹੋ ਗਈ ਹੈ। ਟੀਮ ਦਾ ਮੌਜੂਦਾ ਰਨ ਰੇਟ ਹੁਣ 0.576 ਹੋ ਗਿਆ ਹੈ।
ਇਸ ਗਰੁੱਪ ਦੀਆਂ ਸਥਿਤੀਆਂ ਨੂੰ ਦੇਖਕੇ ਸੈਮੀਫ਼ਾਈਨਲ ਦੀਆਂ ਟੀਮਾਂ ਦੇ ਫ਼ੈਸਲੇ 'ਚ ਨੈੱਟ ਰਨ ਰੇਟ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਹੁਣ ਭਾਰਤ ਆਖ਼ਰੀ ਅਤੇ ਸਭ ਤੋਂ ਅਹਿਮ ਮੈਚ 13 ਅਕਤੂਬਰ ਨੂੰ ਆਸਟਰੇਲੀਆ ਖ਼ਿਲਾਫ਼ ਖੇਡੇਗਾ।
ਜੇਕਰ ਭਾਰਤ ਇਹ ਮੈਚ ਜਿੱਤ ਗਿਆ ਤਾਂ ਉਸ ਦੀ ਸੈਮੀਫ਼ਾਈਨਲ 'ਚ ਜਗ੍ਹਾ ਪੱਕੀ ਹੋ ਜਾਵੇਗੀ।
ਇਸ ਤੋਂ ਇਲਾਵਾ ਜੇਕਰ ਨਿਊਜ਼ੀਲੈਂਡ ਆਪਣੇ ਆਖਰੀ ਦੋ ਮੈਚਾਂ 'ਚ ਪਾਕਿਸਤਾਨ ਜਾਂ ਸ਼੍ਰੀਲੰਕਾ ਤੋਂ ਹਾਰ ਜਾਂਦਾ ਹੈ ਤਾਂ ਭਾਰਤ ਦਾ ਰਾਹ ਹੋਰ ਆਸਾਨ ਹੋ ਜਾਵੇਗਾ।
ਪਾਵਰਪਲੇਅ ਵਿੱਚ ਹੀ ਤੈਅ ਹੋ ਗਈ ਸੀ ਜਿੱਤ
ਭਾਰਤ ਨੇ ਪਾਵਰਪਲੇ ਦੇ ਛੇ ਓਵਰਾਂ 'ਚ 28 ਦੌੜਾਂ 'ਤੇ ਤਿੰਨ ਵਿਕਟਾਂ ਲੈ ਕੇ ਜਿੱਤ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਸਨ।
ਸ਼੍ਰੀਲੰਕਾ ਦੇ ਜਿਹੜੇ ਖਿਡਾਰੀ ਆਊਟ ਹੋਏ ਉਨ੍ਹਾਂ ਵਿੱਚ ਕਪਤਾਨ ਚਮਾਰੀ ਅਟਾਪੱਟੂ ਅਤੇ ਹਰਸ਼ਿਤਾ ਸਮਰਾਵਿਕਰਮਾ ਦੇ ਵਿਕਟ ਵੀ ਸ਼ਾਮਲ ਹਨ। ਇਹ ਉਹੀ ਖਿਡਾਰੀ ਹਨ ਜਿਨਾਂ ਨੇ ਇਸੇ ਸਾਲ ਜੁਲਾਈ ਮਹੀਨੇ ਹੋਏ ਟੀ20 ਏਸ਼ੀਆ ਕੱਪ ਦੇ ਫ਼ਾਈਨਲ ਵਿੱਚ ਸ਼੍ਰੀਲੰਕਾ ਦੇ ਜਿੱਤ ਦਰਜ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਚਮਾਰੀ ਅਟਾਪੱਟੂ ਨੂੰ ਹਮੇਸ਼ਾ ਹੀ ਭਾਰਤ ਦੇ ਖ਼ਿਲਾਫ਼ ਦੌੜਾਂ ਬਣਾਉਣ ਵਾਲੇ ਖਿਡਾਰੀ ਵਜੋਂ ਜਾਣਿਆ ਜਾਂਦਾ ਹੈ।
ਸ਼੍ਰੇਯੰਕਾ ਪਾਟਿਲ ਨੇ ਗੇਂਦ ਨੂੰ ਘੁੰਮਾਉਣ ਦੇ ਨਾਲ ਅੱਗੇ ਸੁੱਟਣ ਦਾ ਜੋਖ਼ਮ ਚੁੱਕਿਆ ਅਤੇ ਇਸ ਦਾ ਫ਼ਾਇਦਾ ਇਹ ਹੋਇਆ ਕਿ ਚਮਾਰੀ ਅਟਾਪੱਟੂ ਦੀ ਹਿੱਟ ਨੂੰ ਦੀਪਤੀ ਸ਼ਰਮਾ ਨੇ ਕੈਚ ਕਰ ਲਿਆ।
ਸਮਰਵਿਕਰਮਾ ਨੂੰ ਰੇਣੁਕਾ ਠਾਕੁਰ ਨੇ ਵਿਕਟ ਦੇ ਪਿੱਛੇ ਕੈਚ ਕਰਵਾਇਆ। ਉੱਥੇ ਹੀ ਤੀਜੇ ਨੰਬਰ ਉੱਤੇ ਆਊਟ ਹੋਣ ਵਾਲੀ ਖਿਡਾਰਨ ਰਹੀ ਵਿਸ਼ਮੀ ਗੁਣਰਤਨੇ।
ਉਸ ਦੀ ਪਾਰੀ ਦਾ ਅੰਤ ਰੇਣੂਕਾ ਦੀ ਗੇਂਦ 'ਤੇ ਰਾਧਾ ਦੇ ਹੱਥੋਂ ਸ਼ਾਨਦਾਰ ਕੈਚ ਨਾਲ ਹੋਇਆ।
ਇਸ ਮੈਚ ਦੌਰਾਨ ਸ਼੍ਰੀਲੰਕਾ ਸ਼ੁਰੂਆਤੀ ਝਟਕਿਆਂ ਤੋਂ ਉਭਰ ਨਹੀਂ ਸਕਿਆ ਅਤੇ 173 ਦੌੜਾਂ ਦੇ ਟੀਚੇ ਦੇ ਜਵਾਬ 'ਚ ਉਸ ਦੀ ਪਾਰੀ 19.5 ਓਵਰਾਂ 'ਚ 90 ਦੌੜਾਂ 'ਤੇ ਸਿਮਟ ਗਈ।
ਜਿੱਤ ਦਾ ਸਿਹਰਾ ਹਰਮਨਪ੍ਰੀਤ ਦੇ ਚੌਕਿਆਂ ਸਿਰ
ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਦੇ ਚਮਾਰੀ ਦੀਆਂ ਲਗਾਤਾਰ ਦੋ ਗੇਂਦਾਂ ’ਤੇ ਆਊਟ ਹੋਣ ਤੋਂ ਬਾਅਦ ਭਾਰਤ ਕੁਝ ਮੁਸ਼ਕਲਾਂ 'ਚ ਘਿਰਿਆ ਨਜ਼ਰ ਆ ਰਿਹਾ ਸੀ।
ਪਰ ਹਰਮਨਪ੍ਰੀਤ ਕੌਰ ਦੇ ਨਾਲ ਜੇਮਿਮਾ ਰੌਡਰਿਗਜ਼ ਨੇ ਦੌੜਾਂ ਬਣਾਉਣ ਦਾ ਸਿਲਸਿਲਾ ਜਾਰੀ ਰੱਖਕੇ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਨੂੰ ਭਾਰਤੀ ਟੀਮ ਉੱਤੇ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ।
ਹਰਮਨਪ੍ਰੀਤ ਜਦੋਂ ਖੇਡ ਰਹੀ ਸੀ ਤਾਂ ਸ਼੍ਰੀਲੰਕਾ ਗੇਂਦਬਾਜ਼ਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਗੇਂਦ ਕਿੱਥੇ ਸੁੱਟੀ ਜਾਵੇ, ਕਿਉਂਕਿ ਉਹ ਪੂਰਾ ਖੁੱਲ੍ਹ ਕੇ ਸ਼ਾਟ ਖੇਡ ਕੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾ ਰਹੀ ਸੀ।
ਹਰਮਨਪ੍ਰੀਤ ਦੇ ਆਉਣ ਤੋਂ ਪਹਿਲਾਂ ਸ਼੍ਰੀਲੰਕਾ ਦੇ ਫੀਲਡਰਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਚੌਕੇ ਮਾਰਨ ਤੋਂ ਰੋਕੀ ਰੱਖਿਆ ਸੀ।
ਪਰ ਹਰਮਨ ਨੇ ਤੇਜ਼ੀ ਨਾਲ ਸ਼ਾਟ ਖੇਡੇ ਅਤੇ ਫੀਲਡਰਾਂ ਵਿਚਲੀ ਵਿੱਥ ਨੂੰ ਪੂਰੀ ਤਰ੍ਹਾਂ ਇਸਤੇਮਾਲ ਕੀਤਾ।
ਹਰਮਨਪ੍ਰੀਤ ਨੇ ਪਾਰੀ ਦੀ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਇਸ ਅਰਧ ਸੈਂਕੜੇ ਦੀ ਖ਼ੂਬਸੂਰਤੀ ਇਹ ਸੀ ਕਿ ਇਹ ਇੱਕ ਸਹੀ ਸਮੇਂ 'ਤੇ ਪੂਰਾ ਹੋਇਆ ਅਤੇ ਇਹ ਉਹ ਵੀ ਮਹਿਜ਼ 27 ਗੇਂਦਾਂ ਵਿੱਚ।
ਹਰਮਨਪ੍ਰੀਤ ਨੇ 192 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਅਤੇ ਅੱਠ ਚੌਕੇ ਅਤੇ ਇੱਕ ਛੱਕਾ ਲਗਾਇਆ।
ਜੇਮਿਮਾ ਨਾਲ ਹਰਮਨਪ੍ਰੀਤ ਦੀ ਸਾਂਝੇਦਾਰੀ ਸਿਰਫ਼ 30 ਦੌੜਾਂ ਤੱਕ ਸੀਮਤ ਰਹੀ ਪਰ ਇਸ ਸਾਂਝੇਦਾਰੀ ਨੇ ਤੇਜ਼ ਰਫ਼ਤਾਰ ਨੂੰ ਬਣਾਈ ਰੱਖਿਆ।
ਜੇਮਿਮਾ ਨੇ ਸ਼ੁਰੂ ਤੋਂ ਹੀ ਜੋਖਮ ਭਰੇ ਸ਼ਾਟ ਖੇਡੇ, ਜਿਸ ਨਾਲ ਉਨ੍ਹਾਂ ਨੂੰ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ, ਪਰ ਉਹ 10 ਗੇਂਦਾਂ 'ਚ 16 ਦੌੜਾਂ ਬਣਾ ਕੇ ਟੀਮ ਦੀ ਗਤੀ ਬਣਾਉਣ ਵਿੱਚ ਕਾਮਯਾਬ ਹੋਏ।
ਹਰਮਨਪ੍ਰੀਤ ਕੌਰ ਬਾਰੇ ਕੁਝ ਖ਼ਾਸ ਗੱਲਾਂ
- ਹਮਰਨਪ੍ਰੀਤ ਕੌਰ ਦਾ ਜਨਮ 8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਹੋਇਆ ਸੀ
- ਉਨ੍ਹਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਪਸੰਦ ਸੀ ਅਤੇ ਉਨ੍ਹਾਂ ਦੇ ਪਿਤਾ ਵੀ ਕ੍ਰਿਕਟ ਖੇਡਦੇ ਰਹੇ ਹਨ
- ਹਰਮਨ ਇਸ ਵੇਲੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਨ ਅਤੇ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ
- ਜਦੋਂ ਹਰਮਨ ਟੀਮ 'ਚ ਆਏ ਸਨ ਤਾਂ ਉਨ੍ਹਾਂ ਨੂੰ ਮੱਧਮ ਪੇਸ਼ ਦੀ ਗੇਂਦਬਾਜ਼ੀ ਲਈ ਟੀਮ 'ਚ ਥਾਂ ਮਿਲੀ ਸੀ
- ਕ੍ਰਿਕਟ ਤੋਂ ਪਰੇ ਹਰਮਨਪ੍ਰੀਤ ਨੂੰ ਕਾਰਾਂ, ਮੋਬਾਈਲ ਅਤੇ ਪਲੇਅ ਸਟੇਸ਼ਨ ਦਾ ਬਹੁਤ ਸ਼ੌਂਕ ਹੈ
ਸਮ੍ਰਿਤੀ ਅਤੇ ਸ਼ੈਫਾਲੀ ਦੀ ਪਾਰੀ
ਭਾਰਤ ਦੀ ਪਹਿਲੇ ਦੋ ਮੈਚਾਂ ਵਿੱਚ ਮੁੱਖ ਦਿੱਕਤ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦਾ ਲੈਅ ਵਿੱਚ ਨਾ ਖੇਡ ਸਕਣਾ ਸੀ।
ਪਰ ਇਹ ਜੋੜੀ ਇਸ ਮੈਚ 'ਚ ਪੂਰੀ ਰੰਗਤ 'ਚ ਖੇਡਦੀ ਨਜ਼ਰ ਆਈ। ਇਹ ਜੋੜੀ ਦੋ ਦੌੜਾਂ ਨਾਲ ਸੈਂਕੜਾ ਬਣਾਉਣ ਦੀ ਸਾਂਝੇਦਾਰੀ ਤੋਂ ਖੁੰਝ ਗਈ।
ਪਰ ਉਹ ਯਕੀਨੀ ਤੌਰ 'ਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਆਉਣ ਵਿੱਚ ਸਫਲ ਰਹੀ। ਸਮ੍ਰਿਤੀ ਅਤੇ ਸ਼ੈਫਾਲੀ ਦੋਵਾਂ ਨੇ ਬਹੁਤ ਸਾਵਧਾਨੀ ਨਾਲ ਖੇਡ ਦੀ ਸ਼ੁਰੂਆਤ ਕੀਤੀ।
ਪਹਿਲੇ ਦੋ ਓਵਰਾਂ ਵਿੱਚ ਕੋਈ ਵੀ ਜੋਖ਼ਮ ਭਰਿਆ ਸ਼ਾਟ ਖੇਡਣ ਦੀ ਬਜਾਇ ਉਨ੍ਹਾਂ ਨੇ ਪਹਿਲਾਂ ਗੇਂਦ ਉੱਤੇ ਆਪਣੀ ਨਿਗ੍ਹਾ ਜਮਾਉਣ ਦੀ ਕੋਸ਼ਿਸ਼ ਕੀਤੀ।
ਇਸ ਲਈ ਪਹਿਲੇ ਦੋ ਓਵਰਾਂ ਵਿੱਚ 10 ਦੌੜਾਂ ਬਣੀਆਂ।
ਪਹਿਲੇ ਦੋ ਮੈਚਾਂ 'ਚ ਭਾਰਤੀ ਬੱਲੇਬਾਜ਼ਾਂ ਨੇ ਵਿਕਟਾਂ ਦੇ ਵਿਚਕਾਰ ਦੌੜ ਕੇ ਦੌੜਾਂ ਬਣਾਉਣ ਦੀ ਕੋਸ਼ਿਸ਼ ਬੇਹੱਦ ਘੱਟ ਕੀਤੀ ਸੀ।
ਪਰ ਇਸ ਜੋੜੀ ਨੇ ਸ਼ੁਰੂਆਤ ਵਿੱਚ ਹੀ ਦਿਖਾਇਆ ਕਿ ਉਹ ਅਜਿਹਾ ਕਰਨ ਦੇ ਵੀ ਸਮਰੱਥ ਹਨ।
ਸ਼ੈਫਾਲੀ ਨੇ ਜਲਦ ਹੀ ਖੁੱਲ੍ਹ ਕੇ ਖੇਡਣਾ ਸ਼ੁਰੂ ਕਰ ਦਿੱਤਾ ਸੀ ਪਰ ਸਮ੍ਰਿਤੀ ਨੂੰ ਖੁੱਲ੍ਹ ਕੇ ਖੇਡਣਾਂ ਸ਼ੁਰੂ ਕਰਨ 'ਚ ਕੁਝ ਸਮਾਂ ਲੱਗਿਆ।
ਸਮ੍ਰਿਤੀ ਮੰਧਾਨਾ ਨੇ ਪਹਿਲੇ ਪੰਜ ਓਵਰਾਂ ਵਿੱਚ ਭਾਰਤ ਵੱਲੋਂ ਬਣਾਈਆਂ 30 ਦੌੜਾਂ ਵਿੱਚੋਂ ਮਹਿਜ਼ ਛੇ ਦੌੜਾਂ ਬਣਾਈਆਂ ਸਨ।
ਪਰ ਉਸਨੇ ਛੇਵੇਂ ਓਵਰ ਵਿੱਚ ਪਹਿਲਾ ਚੌਕਾ ਜੜਿਆ ਅਤੇ ਅੱਠਵੇਂ ਓਵਰ ਵਿੱਚ ਉਹ 33 ਦੌੜਾਂ ਤੱਕ ਪਹੁੰਚ ਗਈ ਅਤੇ ਸ਼ੈਫਾਲੀ ਨੂੰ ਪਿੱਛੇ ਛੱਡਣ ਵਿੱਚ ਸਫਲ ਰਹੀ।
ਹਾਲਾਂਕਿ ਸ਼ੈਫਾਲੀ 7 ਦੌੜਾਂ ਨਾਲ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਈ।
ਗੇਂਦਬਾਜ਼ਾਂ ਨੇ ਵੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ
ਇਸ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਜਿਸ ਲੈਅ ਨਾਲ ਗੇਂਦਬਾਜ਼ੀ ਕੀਤੀ, ਉਹ ਆਸਟ੍ਰੇਲੀਆ ਖ਼ਿਲਾਫ਼ ਮੈਚ ਲਈ ਸ਼ੁਭ ਸੰਕੇਤ ਹੈ।
ਖ਼ਾਸ ਕਰਕੇ ਲੈੱਗ ਸਪਿਨਰ ਆਸ਼ਾ ਸ਼ੋਭਨਾ ਦਾ ਆਪਣੀ ਅਸਲ ਖੇਡਣਾ ਸ਼ੁਰੂ ਕਰਨਾ ਬਹੁਤ ਮਾਅਨੇ ਰੱਖਦਾ ਹੈ।
ਉਸ ਨੇ ਆਪਣੀ ਗੇਂਦਬਾਜ਼ੀ ਵਿੱਚ ਗੁਗਲੀ ਦਾ ਬਹੁਤ ਵਧੀਆ ਇਸਤੇਮਾਲ ਕੀਤਾ ਅਤੇ 19 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਅਰੁੰਧਤੀ ਰੈੱਡੀ ਨੇ ਲਗਾਤਾਰ ਦੂਜੇ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ ਪਿਛਲੇ ਮੈਚ ਵਾਂਗ ਤਿੰਨ ਵਿਕਟਾਂ ਲਈਆਂ।
ਇਸ ਤੋਂ ਇਲਾਵਾ ਰੇਣੁਕਾ ਠਾਕੁਰ ਅਤੇ ਸ਼੍ਰੇਯੰਕਾ ਪਾਟਿਲ ਲਗਾਤਾਰ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕਰ ਰਹੀਆਂ ਹਨ।
ਹਰਮਨ ਤੋਂ ਆਸਾਂ
ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਆਪਣੇ ਜ਼ੋਰਦਾਰ ਹਿੱਟਸ ਲਈ ਜਾਣੇ ਜਾਂਦੇ ਹਨ।
ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਕਈ ਕਾਮਯਾਬੀਆਂ ਵੀ ਹਾਸਲ ਕੀਤੀਆਂ ਹਨ।
ਹਰਮਨ ਭਾਰਤ ਦੀ ਪਹਿਲੀ ਕ੍ਰਿਕਟ ਖਿਡਾਰਨ ਹੈ ਜਿਨ੍ਹਾਂ ਨੂੰ ਆਸਟਰੇਲੀਆ ਵਿੱਚ ਬਿਗ ਬੈਸ਼ ਲੀਗ ਲਈ ਸਾਈਨ ਕੀਤਾ ਗਿਆ ਸੀ।
ਸਾਲ 2017 ਵਿੱਚ ਇੰਗਲੈਂਡ ਵਿੱਚ ਸੁਪਰ ਲੀਗ ਵਿੱਚ ਚੁਣੀ ਜਾਣ ਵਾਲੀ ਵੀ ਉਹ ਪਹਿਲੀ ਭਾਰਤੀ ਸੀ।
2018 ਦੇ ਟੀ-20 ਵਿਸ਼ਵ ਕੱਪ ਵਿੱਚ ਹਰਮਨ ਨੇ ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਜੜਿਆ, ਜੋ ਕਿ ਇੱਕ ਟੀ-20 ਮੈਚ ਵਿੱਚ ਕਿਸੇ ਭਾਰਤੀ ਔਰਤ ਦਾ ਪਹਿਲਾ ਸੈਂਕੜਾ ਸੀ। ਹਰਮਨਪ੍ਰੀਤ ਦਾ ਲਗਾਤਾਰ 87 ਵਨਡੇਅ ਮੈਚ ਖੇਡਣ ਦਾ ਵੀ ਰਿਕਾਰਡ ਹੈ।
ਗੇਂਦਬਾਜ਼ੀ ਦੇ ਦਮ ਉੱਤੇ ਭਾਰਤੀ ਟੀਮ ਦਾ ਹਿੱਸਾ ਬਣੀ ਹਰਮਨ ਨੂੰ ਉਸ ਦੇ ਰਿਕਾਰਡਾਂ ਲਈ ਵੀ ਜਾਣਿਆਂ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਕ੍ਰਿਕਟ ਮਾਹਰ ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਤੋਂ ਤਾਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰਦੇ ਹਨ, ਨਾਲ ਹੀ ਹਰਮਨ ਵਲੋਂ ਵੀ ਸ਼ਾਨਦਾਰ ਖੇਡ ਦੀ ਆਸ ਕਰਦੇ ਹਨ।
ਹਰਮਨ ਦਾ ਪਿਛੋਕੜ
8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਜੰਮੀ ਹਰਮਨ ਬਚਪਨ ਤੋਂ ਹੀ ਕ੍ਰਿਕਟ ਦੀ ਸ਼ੌਕੀਨ ਸੀ।
ਹਰਮਨ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵੀ ਕ੍ਰਿਕਟ ਖੇਡਦੇ ਸਨ ਅਤੇ ਉਹ ਆਪਣੇ ਪਿਤਾ ਨੂੰ ਚੌਕੇ ਅਤੇ ਛੱਕੇ ਮਾਰਦੇ ਹੋਏ ਵੇਖਦੀ ਸੀ।
ਉਥੋਂ ਹੀ, ਹਰਮਨ ਨੂੰ ਬਾਊਂਡਰੀ ਲਾਉਣ ਦਾ ਚਸਕਾ ਪਿਆ।
ਮੋਗਾ ਵਿੱਚ ਕੁੜੀਆਂ ਖੇਡ ਦੇ ਮੈਦਾਨ ਵਿੱਚ ਘੱਟ ਹੀ ਨਜ਼ਰ ਆਉਂਦੀਆਂ ਸਨ।
ਬੀਬੀਸੀ ਪੱਤਰਕਾਰ ਵੰਦਨਾ ਦੀ 2020 ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਜਦੋਂ ਨਜ਼ਦੀਕੀ ਸਕੂਲ ਦੇ ਕੋਚ ਕਮਲਦੀਪ ਸਿੰਘ ਸੋਢੀ ਨੇ ਹਰਮਨ ਨੂੰ ਮੋਗਾ ਵਿੱਚ ਮੁੰਡਿਆਂ ਨਾਲ ਖੇਡਦੇ ਵੇਖਿਆ ਤਾਂ ਉਹ ਹਰਮਨ ਦੇ ਦਸਵੀਂ ਪਾਸ ਕਰਨ ਤੋਂ ਬਾਅ ਦ ਉਸ ਨੂੰ ਆਪਣੇ ਸਕੂਲ ਲੈ ਗਏ। ਉੱਥੋਂ ਹੀ ਸ਼ੁਰੂ ਹੋਇਆ ਕੋਚਿੰਗ ਅਤੇ ਕ੍ਰਿਕਟ ਦਾ ਨਵਾਂ ਸਫ਼ਰ।
ਗੇਂਦਬਾਜ਼ੀ ਦੇ ਦਮ 'ਤੇ ਟੀਮ 'ਚ ਆਈ
ਅੱਜ ਭਾਵੇਂ ਲੋਕ ਹਰਮਨ ਨੂੰ ਉਸ ਦੀ ਧਾਕੜ ਬੱਲੇਬਾਜ਼ੀ ਲਈ ਜਾਣਦੇ ਹਨ ਪਰ ਜਦੋਂ ਉਹ ਟੀਮ ਵਿੱਚ ਆਈ ਸੀ ਤਾਂ ਪਤਲੀ ਜਿਹੀ ਹਰਮਨਪ੍ਰੀਤ ਨੂੰ ਮੱਧਮ ਪੇਸ ਗੇਂਦਬਾਜ਼ੀ ਲਈ ਟੀਮ ਵਿੱਚ ਜਗ੍ਹਾ ਮਿਲੀ ਸੀ।
ਮੁੰਬਈ ਦੇ ਵੈਸਟਰਨ ਰੇਲਵੇ ਵਿੱਚ ਕੰਮ ਕਰਦੇ ਹੋਏ ਹਰਮਨ ਨੇ ਆਪਣੀ ਬੱਲੇਬਾਜ਼ੀ ਅਤੇ ਤੰਦਰੁਸਤੀ 'ਤੇ ਸ਼ਾਨਦਾਰ ਕੰਮ ਕੀਤਾ।
ਜਿਵੇਂ ਕਿ ਹਰਮਨਪ੍ਰੀਤ ਨੂੰ ਅਹਿਸਾਸ ਹੋ ਗਿਆ ਸੀ ਕਿ ਜੇ ਉਹ ਟੀਮ ਵਿੱਚ ਜਗ੍ਹਾ ਬਣਾਉਣਾ ਚਾਹੁੰਦੀ ਹੈ ਤਾਂ ਕੁਝ ਖ਼ਾਸ ਕਰਨਾ ਜ਼ਰੂਰੀ ਹੈ।
ਜਲਦੀ ਹੀ ਉਹ ਭਾਰਤੀ ਬੱਲੇਬਾਜ਼ੀ ਦੀ ਰੀੜ੍ਹ ਦੀ ਹੱਡੀ ਬਣ ਗਈ। ਸਾਲ 2016 ਵਿੱਚ ਹਰਮਨ ਨੂੰ ਟੀ -20 ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਬਤੌਰ ਕਪਤਾਨ ਅਤੇ ਖਿਡਾਰੀ ਹਰਮਨ ਦਾ ਇਹ ਗੁਣ ਰਿਹਾ ਹੈ ਕਿ ਉਹ ਖ਼ਤਰਾ ਲੈਣ ਤੋਂ ਨਹੀਂ ਡਰਦੇ। ਫ਼ਿਰ ਚਾਹੇ ਉਹ ਕਿਸੇ ਨਵੇਂ ਖਿਡਾਰੀ ਨੂੰ ਮੌਕਾ ਦੇਣ ਦੀ ਗੱਲ ਹੋਵੇ ਤਾਂ ਖ਼ੁਦ ਬੱਲੇਬਾਜ਼ੀ ਕਰਨ ਦੀ।
ਤੁਹਾਨੂੰ 2017 ਵਨਡੇ ਵਰਲਡ ਕੱਪ ਦਾ ਸੈਮੀਫ਼ਾਈਨਲ ਯਾਦ ਹੋਵੇਗਾ ਜਦੋਂ ਭਾਰਤ ਦਾ ਮੁਕਾਬਲਾ ਮਜ਼ਬੂਤ ਮੰਨੀ ਜਾਂਦੀਆਸਟਰੇਲੀਆ ਦੀ ਟੀਮ ਨਾਲ ਸੀ।
ਹਰਮਨਪ੍ਰੀਤ ਨੇ 115 ਗੇਂਦਾਂ ਵਿੱਚ 171 ਦੌੜਾਂ ਬਣਾਈਆਂ ਜਿਸ ਵਿੱਚ ਸੱਤ ਛੱਕੇ ਅਤੇ 20 ਚੌਕੇ ਸ਼ਾਮਲ ਸਨ।
ਲੋਕਾਂ ਨੇ ਉਨ੍ਹਾਂ ਦੀ ਤੁਲਨਾ ਕਪਿਲ ਦੇਵ ਨਾਲ ਕੀਤੀ ਅਤੇ ਹਰਮਨ ਰਾਤੋ-ਰਾਤ ਸਟਾਰ ਬਣ ਗਏ।
ਇਹ ਉਦੋਂ ਹੋਇਆ ਜਦੋਂ ਹਰਮਨ ਜ਼ਖ਼ਮੀ ਹੋ ਗਈ ਸੀ ਅਤੇ ਉਸ ਦੀ ਉਂਗਲੀ, ਗੁੱਟ ਅਤੇ ਮੋਢੇ ਵਿੱਚ ਦਿੱਕਤ ਸੀ।
ਕ੍ਰਿਕਟ ਦੇ ਪਿੱਚ ਤੋਂ ਇਲਾਵਾ ਹਰਮਨ ਨੂੰ ਉਹ ਮੌਕਾ ਮਿਲਿਆ ਜੋ ਮੁੱਠੀ ਭਰ ਮਹਿਲਾ ਕ੍ਰਿਕਟਰਾਂ ਮਿਲ ਸਕਿਆ।
ਕਈ ਵੱਡੇ ਬ੍ਰੈਂਡਜ਼ ਨੇ ਹਰਮਨ ਨੂੰ ਆਪਣਾ ਐਂਬੇਸਡਰ ਬਣਾਇਆ।
ਹਮੇਸ਼ਾਂ ਮਰਦ ਖਿਡਾਰੀਆਂ ਨੂੰ ਲੈਣ ਵਾਲੀ ਸੀਏਟ ਕੰਪਨੀ ਨੇ ਪਹਿਲੀ ਵਾਰੀ 2018 ਵਿੱਚ ਕਿਸੇ ਮਹਿਲਾ ਕ੍ਰਿਕਟਰ ਨੂੰ ਆਪਣਾ ਚਿਹਰਾ ਬਣਾਇਆ ਸੀ।
ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹੁਣ 13 ਅਕਤੂਬਰ ਨੂੰ ਆਸਟ੍ਰੇਲੀਆ ਖ਼ਿਲਾਫ਼ ਭਾਰਤੀ ਪ੍ਰਦਰਸ਼ਨ ’ਤੇ ਟਿਕੀਆਂ ਹੋਈਆਂ ਹਨ। ਉਹ ਹਰਮਨ ਦੀ ਅਗਵਾਈ ਵਿੱਚ ਭਾਰਤੀ ਟੀਮ ਦੇ ਜਿੱਤ ਦਰਜ ਕਰਵਾਉਣ ਦੀਆਂ ਆਸਾਂ ਲਾਈ ਬੈਠੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ