ਹਰਮਨਪ੍ਰੀਤ ਕੌਰ : ਕਿਉਂ ਆਇਆ ਇੰਨਾ ਗੁੱਸਾ ਕਿ ਵਿਕਟਾਂ ਹੀ ਭੰਨ ਦਿੱਤੀਆਂ, ਸੋਸ਼ਲ ਮੀਡੀਆ ਕੀ ਕਹਿ ਰਿਹਾ

ਬੰਗਲਾਦੇਸ਼ ਦੌਰੇ 'ਤੇ ਗਈ ਭਾਰਤੀ ਮਹਿਲਾ ਕ੍ਰਿਕਟ ਟੀਮ ਖਾਸੀ ਚਰਚਾ 'ਚ ਬਣੀ ਹੋਈ ਹੈ।

ਪਹਿਲਾਂ ਤਾਂ ਭਾਰਤੀ ਟੀਮ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਪਹਿਲੇ ਵਨਡੇ 'ਚ ਮਿਲੀ ਸ਼ਰਮਨਾਕ ਹਾਰ ਕਾਰਨ ਸੁਰਖੀਆਂ 'ਚ ਸੀ ਅਤੇ ਹੁਣ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ 'ਗੁੱਸੇ' ਕਾਰਨ ਸੁਰਖੀਆਂ 'ਚ ਹੈ।

ਭਾਰਤ ਅਤੇ ਬੰਗਲਾਦੇਸ਼ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਸ਼ਨੀਵਾਰ ਨੂੰ ਤੀਜਾ ਅਤੇ ਆਖਰੀ ਵੰਨਡੇ ਮੈਚ ਖੇਡਿਆ ਗਿਆ, ਜੋ ਕਿ ਡਰਾਅ ਰਿਹਾ ਅਤੇ ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਵੰਨਡੇ ਸੀਰੀਜ਼ ਵੀ 1-1 ਨਾਲ ਡਰਾਅ ਹੋ ਗਈ।

ਪਰ ਸ਼ੁਰੂ ਤੋਂ ਹੀ ਸੁਰਖੀਆਂ ਵਿੱਚ ਰਹੇ ਇਸ ਦੌਰੇ ਦਾ ਅੰਤ ਵੀ ਸੁਰਖੀਆਂ ਨਾਲ ਹੀ ਹੋਇਆ।

ਦਰਅਸਲ ਬੀਤੇ ਦਿਨ ਜਦੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੀਜੇ ਵੰਨਡੇ 'ਚ ਕੈਚ ਆਊਟ ਹੋਏ ਤਾਂ ਉਨ੍ਹਾਂ ਨੇ ਅੰਪਾਇਰ ਦੇ ਫੈਸਲੇ 'ਤੇ ਇਤਰਾਜ਼ ਜਤਾਇਆ।

ਇਸ ਫੈਸਲੇ ਤੋਂ ਨਾਰਾਜ਼ ਹਰਮਨਪ੍ਰੀਤ ਨੇ ਆਪਣਾ ਬੱਲਾ ਵੀ ਜ਼ੋਰ ਨਾਲ ਵਿਕੇਟ 'ਤੇ ਦੇ ਮਾਰਿਆ।

ਇਸ ਤੋਂ ਬਾਅਦ ਜਦੋਂ ਹਰਮਨਪ੍ਰੀਤ ਪਵੇਲੀਅਨ ਪਰਤ ਰਹੇ ਸਨ ਤਾਂ ਉਨ੍ਹਾਂ ਨੇ ਅੰਪਾਇਰ ਨੂੰ ਕੁਝ ਕਿਹਾ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਗਿਆ ਹੈ।

ਹਾਲਾਂਕਿ, ਇਹ ਕੋਈ ਇਕਲੌਤੀ ਵਜ੍ਹਾ ਨਹੀਂ ਹੈ ਜਿਸ ਕਾਰਨ ਹਰਮਨਪ੍ਰੀਤ ਚਰਚਾ ਆਏ ਹੋਣ, ਬਲਕਿ ਉਨ੍ਹਾਂ ਮੈਚ ਤੋਂ ਬਾਅਦ ਹੋਣ ਵਾਲੇ ਸਮਾਰੋਹ ਦੌਰਾਨ ਵੀ ਕੁਝ ਅਜਿਹਾ ਕਿਹਾ ਜਿਸ ਲਈ ਸੋਸ਼ਲ ਮੀਡੀਆ 'ਤੇ ਕੁਝ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਕੁਝ ਆਲੋਚਨਾ ਕਰ ਰਹੇ ਹਨ।

ਹਰਮਨਪ੍ਰੀਤ ਕੌਰ 'ਤੇ ਲੱਗਿਆ 75 ਫੀਸਦੀ ਮੈਚ ਫੀਸ ਦਾ ਜੁਰਮਾਨਾ

  • 50 ਫੀਸਦੀ ਜੁਰਮਾਨਾ ਵਿਕਟਾਂ ਤੋੜਨ ਲਈ
  • 25 ਫੀਸਦੀ ਜੁਰਮਾਨਾ ਪ੍ਰੈਜ਼ੇਂਟੇਸ਼ਨ ਸਮਾਰੋਹ ਦੌਰਾਨ ਕਹੇ ਸ਼ਬਦਾਂ ਲਈ

ਹਰਮਨਪ੍ਰੀਤ ਨੇ ਕੀ ਕਿਹਾ ਸੀ

ਮੈਚ ਤੋਂ ਬਾਅਦ ਹਰਮਨਪ੍ਰੀਤ ਨੇ ਆਪਣੇ ਆਪ ਨੂੰ ਕੈਚ ਆਊਟ ਦਿੱਤੇ ਜਾਣ ਦੇ ਅੰਪਾਇਰ ਦੇ ਫੈਸਲੇ ਨੂੰ 'ਨਿਰਾਸ਼ਾਜਨਕ' ਦੱਸਿਆ।

ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਖੇਡ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਇੱਥੋਂ ਤੱਕ ਕਿ ਕ੍ਰਿਕਟ ਤੋਂ ਇਲਾਵਾ ਵੀ ਜਿਸ ਤਰ੍ਹਾਂ ਦੀ ਅੰਪਾਇਰਿੰਗ ਹੋਈ ਹੈ, ਉਸ ਤੋਂ ਅਸੀਂ ਹੈਰਾਨ ਹਾਂ।''

''ਅਗਲੀ ਵਾਰ ਜਦੋਂ ਅਸੀਂ ਬੰਗਲਾਦੇਸ਼ ਆਵਾਂਗੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਨੂੰ ਇਸ ਤਰ੍ਹਾਂ ਦੀ ਅੰਪਾਇਰਿੰਗ ਨਾਲ ਨਜਿੱਠਣਾ ਹੋਵੇਗਾ ਅਤੇ ਅਸੀਂ ਉਸ ਮੁਤਾਬਕ ਹੀ ਆਪਣੇ ਆਪ ਨੂੰ ਤਿਆਰ ਕਰਾਂਗੇ।''

ਦੱਸ ਦੇਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੇ 40 ਦੌੜਾਂ ਨਾਲ ਹਰਾਇਆ ਸੀ ਜਦਕਿ ਦੂਜੇ ਮੈਚ ਵਿੱਚ ਭਾਰਤ ਨੇ 108 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

ਸ਼ਨੀਵਾਰ ਨੂੰ ਤੀਜੇ ਵਨਡੇ ਵਿੱਚ ਬੰਗਲਾਦੇਸ਼ ਨੇ ਭਾਰਤ ਦੇ ਸਾਹਮਣੇ 225 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਭਾਰਤੀ ਮਹਿਲਾ ਕ੍ਰਿਕਟ ਟੀਮ 49.3 ਓਵਰਾਂ ਵਿੱਚ 225 ਦੌੜਾਂ ’ਤੇ ਆਲ ਆਊਟ ਹੋ ਗਈ।

ਬੰਗਲਾਦੇਸ਼ ਵੱਲੋਂ ਫਰਗਨਾ ਹੱਕ ਨੇ 107 ਦੌੜਾਂ ਬਣਾਈਆਂ। ਉਹ ਬੰਗਲਾਦੇਸ਼ ਵੱਲੋਂ ਸੈਂਕੜਾ ਲਗਾਉਣ ਵਾਲੀ ਪਹਿਲੀ ਮਹਿਲਾ ਖਿਡਾਰਨ ਹਨ।

'ਅੰਪਾਇਰਾਂ ਦੇ ਕੁਝ ਫੈਸਲਿਆਂ ਤੋਂ ਬਹੁਤ ਨਿਰਾਸ਼'

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਇਹ ਮੈਚ ਹਾਰਨ ਲਈ ਅੰਪਾਇਰਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਉਸ ਦੀ ਟੀਮ ਨੇ ਖੇਡ 'ਤੇ ਪਕੜ ਬਣਾ ਲਈ ਸੀ ਅਤੇ ਚੰਗੀ ਬੱਲੇਬਾਜ਼ੀ ਕਰ ਰਹੀ ਸੀ ਪਰ ਅੰਪਾਇਰਿੰਗ ਕੁਝ ਨਿਰਾਸ਼ਾਜਨਕ ਕੀਤੀ ਗਈ।

ਉਨ੍ਹਾਂ ਕਿਹਾ, "ਅਸੀਂ ਅੰਪਾਇਰਾਂ ਦੇ ਕੁਝ ਫੈਸਲਿਆਂ ਤੋਂ ਬਹੁਤ ਨਿਰਾਸ਼ ਹਾਂ।"

ਹਰਮਨਪ੍ਰੀਤ 14 ਦੌੜਾਂ ਬਣਾ ਕੇ ਨਾਹਿਦਾ ਅਖ਼ਤਰ ਦੇ ਹੱਥੋਂ ਕੈਚ ਆਊਟ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਮੈਦਾਨ 'ਤੇ ਅੰਪਾਇਰਾਂ ਮੁਹੰਮਦ ਕਮਰੁਜ਼ਮਾਨ ਅਤੇ ਤਨਵੀਰ ਅਹਿਮਦ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ।

ਭਾਰਤੀ ਹਾਈ ਕਮਿਸ਼ਨ ਲਈ ਵੀ ਬੋਲੇ ਹਰਮਨਪ੍ਰੀਤ

ਇਸ ਦੇ ਨਾਲ ਹੀ, ਮੈਚ ਤੋਂ ਬਾਅਦ ਸਮਾਗਮ ਦੌਰਾਨ ਹਰਮਨਪ੍ਰੀਤ ਕੌਰ ਨੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਸਟੇਜ 'ਤੇ ਨਾ ਬੁਲਾਏ ਜਾਣ 'ਤੇ ਵੀ ਪ੍ਰਬੰਧਕਾਂ ਦੀ ਖਿਚਾਈ ਕੀਤੀ।

ਉਨ੍ਹਾਂ ਕਿਹਾ ਕਿ ਇਸ ਫੇਰੀ ਦੌਰਾਨ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਭਾਰਤੀ ਹਾਈ ਕਮਿਸ਼ਨ ਵੀ ਇੱਥੇ ਹੈ ਅਤੇ ਉਨ੍ਹਾਂ ਨੂੰ ਤੁਹਾਨੂੰ ਇੱਥੇ (ਮੰਚ) 'ਤੇ ਸੱਦਣਾ ਚਾਹੀਦਾ ਸੀ।

ਉਨ੍ਹਾਂ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦਾ ਮੈਚ ਦੇਖਣ ਲਈ ਆਉਣ ਲਈ ਧੰਨਵਾਦ ਵੀ ਕੀਤਾ।

ਤਸਵੀਰਾਂ ਖਿਚਵਾਉਣ ਵੇਲੇ ਵੀ ਭੜਕੇ ਹਰਮਨ

ਸਪੋਰਟਸ ਕੀੜਾ ਦੀ ਇੱਕ ਰਿਪੋਰਟ ਮੁਤਾਬਕ, ਮੈਚ ਖਤਮ ਹੋਣ ਤੋਂ ਬਾਅਦ ਜਦੋਂ ਦੋਵਾਂ ਟੀਮਾਂ ਦੇ ਖਿਡਾਰੀ ਤਸਵੀਰਾਂ ਖਿਚਵਾਉਣ ਲਈ ਇਕੱਠੇ ਹੋਏ ਤਾਂ ਹਰਮਨ ਨੇ ਉਸ ਵੇਲੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬੰਗਲਾਦੇਸ਼ ਦੀ ਟੀਮ ਦੇ ਆਉਣ 'ਤੇ ਹਰਮਨਪ੍ਰੀਤ ਨੇ ਕਿਹਾ ਕਿ 'ਅੰਪਾਇਰ ਨੂੰ ਲੈ ਆਓ'।

ਜਿਸ ਮਗਰੋਂ ਬੰਗਲਾਦੇਸ਼ ਦੀ ਟੀਮ ਨੇ ਕੋਈ ਤਸਵੀਰ ਨਹੀਂ ਖਿਚਵਾਈ ਅਤੇ ਉਹ ਉੱਥੋਂ ਚਲੇ ਗਏ।

ਹਰਮਨਪ੍ਰੀਤ ਕੌਰ ਬਾਰੇ ਖ਼ਾਸ ਗੱਲਾਂ

  • ਹਮਰਨਪ੍ਰੀਤ ਕੌਰ ਦਾ ਜਨਮ 8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿੱਚ ਹੋਇਆ ਸੀ
  • ਉਨ੍ਹਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਪਸੰਦ ਸੀ ਅਤੇ ਉਨ੍ਹਾਂ ਦੇ ਪਿਤਾ ਵੀ ਕ੍ਰਿਕਟ ਖੇਡਦੇ ਰਹੇ ਹਨ
  • ਹਰਮਨ ਇਸ ਵੇਲੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਨ ਅਤੇ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ
  • ਪਰ ਜਦੋਂ ਉਹ ਟੀਮ 'ਚ ਆਏ ਸਨ ਤਾਂ ਉਨ੍ਹਾਂ ਨੂੰ ਮੱਧਮ ਪੇਸ਼ ਦੀ ਗੇਂਦਬਾਜ਼ੀ ਲਈ ਟੀਮ 'ਚ ਥਾਂ ਮਿਲੀ ਸੀ
  • ਹਰਮਨ ਹੁਣ ਤੱਕ 127 ਵਨਡੇ, 154 ਟੀ-20 ਅਤੇ 3 ਟੈਸਟ ਮੈਚ ਖੇਡ ਚੁੱਕੇ ਹਨ
  • ਕ੍ਰਿਕਟ ਤੋਂ ਪਰੇ ਹਰਮਨਪ੍ਰੀਤ ਨੂੰ ਕਾਰਾਂ, ਮੋਬਾਈਲ ਅਤੇ ਪਲੇਅ ਸਟੇਸ਼ਨ ਦਾ ਬਹੁਤ ਸ਼ੌਂਕ ਹੈ

'ਇਹ ਹਰਮਨਪ੍ਰੀਤ ਦੀ ਆਪਣੀ ਦਿੱਕਤ' - ਬੰਗਲਾਦੇਸ਼ ਦੀ ਕਪਤਾਨ

ਹਰਮਨਪ੍ਰੀਤ ਦੇ ਰਵਈਏ ਅਤੇ ਉਨ੍ਹਾਂ ਜੋ ਅੰਪਾਇਰਿੰਗ ਨੂੰ ਲੈ ਕੇ ਜੋ ਕੁਝ ਵੀ ਕਿਹਾ, ਉਸ ਬਾਰੇ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਨਿਗਾਰ ਸੁਲਤਾਨਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਸਪੋਰਟਸ ਕੀੜਾ ਦੀ ਰਿਪੋਰਟ ਮੁਤਾਬਕ, ਸੁਲਤਾਨਾ ਨੇ ਕਿਹਾ ਕਿ ''ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਸਮੱਸਿਆ ਹੈ। ਮੇਰਾ ਇਸ ਨਾਲ ਕੁਝ ਲੈਣਾ-ਦੇਣਾ ਨਹੀਂ।''

''ਮੈਂ ਨਹੀਂ ਦੱਸ ਸਕਦੀ ਕਿ ਕੀ ਹੋਇਆ, ਪਰ ਮੇਰੀ ਟੀਮ ਨਾ ਉੱਥੇ (ਤਸਵੀਰਾਂ ਖਿੱਚਣ ਵੇਲੇ) ਉਹ ਠੀਕ ਨਹੀਂ ਸੀ। ਉਹ ਸਹੀ ਮੌਕਾ ਨਹੀਂ ਸੀ। ਇਸ ਲਈ ਅਸੀਂ ਵਾਪਸ ਚਲੇ ਗਏ। ਕ੍ਰਿਕਟ ਅਨੁਸ਼ਾਸਨ ਅਤੇ ਸਨਮਾਨ ਦੀ ਖੇਡ ਹੈ।''

ਈਐਸਪੀਐਨ ਦੀ ਇੱਕ ਰਿਪੋਰਟ ਮੁਤਾਬਕ, ਸੁਲਤਾਨਾ ਨੇ ਡਰੈਸਿੰਗ ਰੂਮ ਪਰਤਣ ਤੋਂ ਪਹਿਲਾਂ ਇਸ ਸਬੰਧੀ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਅੰਪਾਇਰਾਂ ਦੇ ਫੈਸਲੇ ਦਾ ਵੀ ਸਮਰਥਨ ਕੀਤਾ ਹੈ।

ਸੋਸ਼ਲ ਮੀਡੀਆ 'ਤੇ ਪ੍ਰਸ਼ੰਸਾ

ਕੁਝ ਲੋਕ ਹਰਮਨਪ੍ਰੀਤ ਕੌਰ ਦੇ ਇਸ ਰਵੱਈਏ ਦੀ ਤਾਰੀਫ ਕਰ ਰਹੇ ਹਨ ਅਤੇ ਕੁਝ ਇਸ ਦੀ ਆਲੋਚਨਾ ਵੀ ਕਰ ਰਹੇ ਹਨ।

ਟਵਿੱਟਰ 'ਤੇ ਇਕ ਯੂਜ਼ਰ ਨੇ ਇਸ ਰਵੱਈਏ ਕਾਰਨ ਹਰਮਨਪ੍ਰੀਤ ਕੌਰ ਨੂੰ ਸਰਵੋਤਮ ਕਪਤਾਨ ਦੱਸਿਆ ਹੈ।

ਦੂਜੇ ਪਾਸੇ ਡਾਕਟਰ ਸਮਰਾ ਅਫਜ਼ਲ ਨਾਂ ਦੇ ਟਵਿੱਟਰ ਹੈਂਡਲ ਤੋਂ ਹਰਮਨਪ੍ਰੀਤ ਕੌਰ ਦੇ ਇਸ ਰਵੱਈਏ ਨੂੰ ਗਲਤ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਕੁੜੀਆਂ ਵਿੱਚ ਗਲਤ ਸੰਦੇਸ਼ ਜਾਵੇਗਾ।

ਇਸ ਪੂਰੇ ਮਾਮਲੇ 'ਤੇ ਬੋਲਦਿਆਂ ਭਾਰਤੀ ਖਿਡਾਰਨ ਸਮ੍ਰਿਤੀ ਮਨਧਾਣਾ ਨੇ ਕਿਹਾ ਕਿ ਕ੍ਰਿਕਟ ਵਿੱਚ ਪਹਿਲਾਂ ਵੀ ਅਜਿਹੀਆਂ ਚੀਜ਼ਾਂ ਹੋ ਚੁੱਕੀਆਂ ਹਨ।

ਈਐਸਪੀਐਨ ਕ੍ਰੀਕ ਇੰਫੋ ਦੇ ਇੱਕ ਵੀਡੀਓ ਮੁਤਾਬਕ, ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਉਹ 'ਹੀਟ ਆਫ਼ ਦੀ ਮੁਮੈਂਟ' ਸੀ ਅਤੇ ਹਰਮਨ ਸਿਰਫ਼ ਆਪਣੀ ਟੀਮ ਨੂੰ ਜਿੱਤਦੇ ਦੇਖਣਾ ਚਾਹੁੰਦੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)