You’re viewing a text-only version of this website that uses less data. View the main version of the website including all images and videos.
ਗੱਡੀਆਂ ਦੀ ਹਾਈ ਸਿਕਿਓਰਿਟੀ ਨੰਬਰ ਪਲੇਟ ਲਈ ਕਿਵੇਂ ਅਪਲਾਈ ਕਰਨਾ ਹੈ ਤੇ ਕਿੰਨੀ ਫੀਸ ਦੇਣੀ ਪੈਣੀ ਹੈ
ਪੰਜਾਬ ਵਿੱਚ ਹਾਈ ਸਿਕਿਓਰਿਟੀ ਰਜਿਸਟਰੇਸ਼ਨ ਪਲੇਟਸ (ਨੰਬਰ ਪਲੇਟ) ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਅੰਤਿਮ ਤਾਖੀਰ ਲੰਘ ਚੁੱਕੀ ਹੈ। ਹੁਣ ਜਿਸ ਵਾਹਨ 'ਤੇ ਵੀ ਹਾਈ ਸਿਕਿਓਰਿਟੀ ਨੰਬਰ ਪਲੇਟ ਨਹੀਂ ਹੋਵੇਗੀ, ਉਸ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ।
ਇਸ ਦੇ ਲਈ ਪਹਿਲੀ ਵਾਰ 2000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਜਦਕਿ ਦੂਸਰੀ ਵਾਰ ਇਹ 3000 ਹੋ ਜਾਵੇਗਾ।
ਸਟੇਟ ਟ੍ਰਾਂਸਪੋਰਟ ਕਮਿਸ਼ਨਰ, ਪੰਜਾਬ ਵੱਲੋਂ ਆਪਣੇ ਵਾਹਨ ਦੀ ਪਲੇਟ ਬਦਲਵਾਉਣ ਲਈ 30 ਜੂਨ, 2023 ਤੱਕ ਦਾ ਸਮਾਂ ਦਿੱਤਾ ਸੀ।
ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਸਾਰੇ ਪ੍ਰਕਾਰ ਦੇ ਵਾਹਨਾਂ (ਦੋ ਪਹੀਆ, ਤਿੰਨ ਪਹੀਆ, ਲਾਈਟ ਮੋਟਰ ਵਾਹਨ, ਪੈਸੇਂਜਰ ਕਾਰ, ਭਾਰੀ ਕਮਰਸ਼ੀਅਲ ਵਾਹਨ, ਟਰੈਕਟਰ ਆਦਿ) ਲਈ ਹੁਣ ਐਚਐਸਆਰਪੀ (ਹਾਈ ਸਿਕਿਓਰਿਟੀ ਰਜਿਸਟਰੇਸ਼ਨ ਪਲੇਟ) ਲਗਵਾਉਣੀ ਜ਼ਰੂਰੀ ਹੋਵੇਗੀ।
ਪੰਜਾਬ ਵਿੱਚ ਨਵੀਆਂ ਗੱਡੀਆਂ ਖਰੀਦਣ ਵੇਲੇ ਹਾਈ ਸਿਕਿਓਰਿਟੀ ਨੰਬਰ ਪਲੇਟ ਤਾਂ ਪਹਿਲਾਂ ਹੀ ਲੱਗੀ ਹੋਈ ਮਿਲ ਰਹੀ ਸੀ ਪਰ ਕਈ ਪੁਰਾਣੀਆਂ ਗੱਡੀਆਂ ਉੱਤੇ ਨਵੀਆਂ ਪਲੇਟਾਂ ਨਹੀਂ ਲਗੀਆਂ ਹੋਈਆਂ ਹਨ। ਇਸੇ ਕਾਰਨ ਪੰਜਾਬ ਸਰਕਾਰ ਨੇ 30 ਜੂਨ ਦੀ ਤਰੀਖ ਤੈਅ ਕੀਤੀ ਸੀ।
ਕੀ ਹੁੰਦੀ ਹੈ ਹਾਈ ਸਿਕਿਓਰਿਟੀ ਨੰਬਰ ਪਲੇਟ
ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ), ਵਾਹਨਾਂ ਲਈ ਇੱਕ ਨੰਬਰ ਪਲੇਟ ਹੈ ਜਿਸ ਨੂੰ ਸਾਲ 2001 ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਸੀ।
ਇਹ ਪਲੇਟ 1 ਮਿਲੀਮੀਟਰ ਦੀ ਵਿਸ਼ੇਸ਼ ਗ੍ਰੇਡ ਵਾਲੀ ਐਲੂਮੀਨੀਅਮ ਦੀ ਬਣੀ ਹੁੰਦੀ ਹੈ ਅਤੇ ਅਤੇ ਚਿੱਟੇ/ਪੀਲੇ ਰਿਫਲੈਕਟਿਵ ਸ਼ੀਟਾਂ ਨਾਲ ਲੈਮੀਨੇਟ ਕੀਤੀ ਗਈ ਹੁੰਦੀ ਹੈ। ਇਸ ਵਿੱਚ ਲਿਖੇ ਅੱਖਰ ਤੇ ਨੰਬਰ ਉੱਭਰੇ ਹੋਏ ਹੁੰਦੇ ਹਨ, ਜਿਨ੍ਹਾਂ ਉੱਤੇ ਸੁਰੱਖਿਆ ਕੋਡ ਹੁੰਦੇ ਹਨ।
ਇਸ ਨੰਬਰ ਪਲੇਟ ਵਿੱਚ ਕੀ ਖਾਸ ਹੈ, ਇਸ ਨੂੰ ਕਿਵੇਂ ਲਗਵਾਇਆ ਜਾ ਸਕਦਾ ਹੈ, ਇਸ 'ਤੇ ਕਿੰਨਾ ਖ਼ਰਚ ਆਵੇਗਾ ਆਦਿ ਕਈ ਸਵਾਲਾਂ ਦੇ ਜਵਾਬ ਜਾਣੋ ਇਸ ਰਿਪੋਰਟ ਵਿੱਚ...
ਇਸ ਪਲੇਟ ਵਿੱਚ ਕੀ ਹੈ ਖ਼ਾਸ
ਸਟੇਟ ਟ੍ਰਾਂਸਪੋਰਟ ਕਮਿਸ਼ਨਰ, ਪੰਜਾਬ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ ਇਸ ਪਲੇਟ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਤਿਆਰ ਕੀਤਾ ਗਿਆ ਹੈ।
ਇਸ ਉੱਤੇ ਇੱਕ ਵਾਹਨ ਦੇ ਭਾਰਤੀ ਹੋਣ ਦੀ ਪਛਾਣ ਲਈ ਆਈਐਨਡੀ ਦਾ ਨਿਸ਼ਾਨ ਹੁੰਦਾ ਹੈ ਤੇ ਇਸ ਦੇ ਨਾਲ ਇੱਕ ਵਿਸ਼ੇਸ਼ ਹੋਲੋਗ੍ਰਾਮ ਬਣਿਆ ਹੁੰਦਾ ਹੈ। ਇਸ ਹੋਲੋਗ੍ਰਾਮ ਨਾਲ ਵਾਹਨ ਜਾਂ ਨੰਬਰ ਪਲੇਟ ਦੀ ਦੋਹਰੀ ਰਜਿਸਟਰੇਸ਼ਨ ਦਾ ਖਤਰਾ ਘਟ ਜਾਂਦਾ ਹੈ।
ਸੌਖੇ ਸ਼ਬਦਾਂ ਵਿੱਚ, ਕਿਸੇ ਇੱਕ ਨੰਬਰ ਪਲੇਟ ਦੀ ਫਰਜ਼ੀ ਪਲੇਟ ਬਣਾਉਣਾ ਔਖਾ ਹੋ ਜਾਂਦਾ ਹੈ।
ਇਸ ਦੇ ਨਾਲ ਹੀ ਇਸ ਉੱਤੇ ਇੱਕ ਲੇਜ਼ਰ ਇਚਡ ਡਿਜੀਟਲ ਕੋਡ ਹੁੰਦਾ ਹੈ। ਇਹ ਇੱਕ ਕੋਡ ਦੇਸ਼ ਭਰ ਵਿੱਚ ਕੇਵਲ ਇੱਕ ਵਾਹਨ ਕੋਲ ਹੁੰਦਾ ਹੈ ਅਤੇ ਇਸ ਨੂੰ ਮਿਟਾਇਆ ਨਹੀਂ ਜਾ ਸਕਦਾ।
ਪਲੇਟ ਦੇ ਨੰਬਰਾਂ ਅਤੇ ਬਾਰਡਰ ਆਦਿ 'ਤੇ ਖਾਸ ਸੁਰੱਖਿਆ ਕੋਡ ਛਪੇ ਹੁੰਦੇ ਹਨ।
ਪਲੇਟ 'ਤੇ ਨੰਬਰ ਉੱਕਰੇ ਹੋਏ ਹੁੰਦੇ ਹਨ ਤਾਂ ਜੋ ਇਨ੍ਹਾਂ ਨੂੰ ਸੌਖਿਆਂ ਪੜ੍ਹਿਆ ਜਾ ਸਕੇ।
ਹੋਰ ਸੁਰੱਖਿਆ ਦੇਣ ਲਈ, ਪਲੇਟ ਨੂੰ ਸਨੈਪ ਲੌਕ ਨਾਲ ਫਿੱਟ ਕੀਤਾ ਜਾਂਦਾ ਹੈ, ਇਨ੍ਹਾਂ ਨੂੰ ਨਾ ਤਾਂ ਉਤਾਰਿਆ ਜਾ ਸਕਦਾ ਅਤੇ ਨਾ ਹੀ ਇਨ੍ਹਾਂ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਖ਼ਾਸ ਨੰਬਰ ਪਲੇਟ ਇਸ ਤਰ੍ਹਾਂ ਨਾਲ ਬਣਾਈ ਜਾਂਦੀ ਹੈ ਅਤੇ ਕਿ ਇਹ ਹਰ ਪ੍ਰਕਾਰ ਦੀ ਰੌਸ਼ਨੀ ਵਿੱਚ ਸਾਫ਼ ਨਜ਼ਰ ਆਉਂਦੀ ਹੈ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਘਟਦੀ ਹੈ।
ਐਚਐਸਆਰਪੀ ਦੀ ਲੋੜ ਕਿਉਂ ਪਈ
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ, ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਰਜਿਸਟ੍ਰੇਸ਼ਨ ਨੰਬਰਾਂ ਨੂੰ ਪ੍ਰਦਰਸ਼ਿਤ ਕੀਤੇ ਜਾਣ ਦੇ ਢੰਗ ਅਤੇ ਇਸ ਸਬੰਧੀ ਫਾਰਮ ਨੂੰ ਮਿਆਰੀ ਬਣਾਉਣ ਲਈ ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਨਿਯਮ 50 ਵਿੱਚ ਸੋਧ ਕੀਤੀ ਸੀ।
ਕਈ ਲੋਕ ਆਪਣੇ ਹਿਸਾਬ ਨਾਲ ਨੰਬਰ ਪਲੇਟਾਂ ਨੂੰ ਡਿਜ਼ਾਈਨ ਆਦਿ ਕਰਵਾ ਲੈਂਦੇ ਸਨ। ਇਸ ਨਾਲ ਇੱਕ ਤਾਂ ਉਨ੍ਹਾਂ ਦੀ ਪਛਾਣ ਔਖੀ ਹੋ ਜਾਂਦੀ ਸੀ ਦੂਜਾ ਨਕਲੀ ਪਲੇਟਾਂ ਬਣਾਉਣਾ ਵੀ ਬਹੁਤ ਸੌਖਾ ਹੈ।
ਅਜਿਹੇ ਵਿੱਚ ਨਕਲੀ ਨੰਬਰ ਪਲੇਟਾਂ ਦਾ ਇਸਤੇਮਾਲ ਕਰਕੇ ਕਈ ਪ੍ਰਕਾਰ ਦੇ ਜੁਰਮਾਂ ਨੂੰ ਵੀ ਅੰਜਾਮ ਦਿੱਤੇ ਜਾਣ ਦੇ ਖਦਸ਼ੇ ਬਣੇ ਰਹਿੰਦੇ ਹਨ।
ਧੋਖੇਬਾਜ਼/ਫੈਂਸੀ ਰਜਿਸਟ੍ਰੇਸ਼ਨ ਪਲੇਟਾਂ ਸੜਕ ਆਧਾਰਿਤ ਜੁਰਮਾਂ, ਰੋਡ ਰੇਜ ਅਤੇ/ਜਾਂ ਹਿੱਟ ਐਂਡ ਰਨ ਕੇਸਾਂ ਵਿੱਚ ਵਾਹਨਾਂ ਦੀ ਪਛਾਣ ਕਰਨ ਵਿੱਚ ਵੀ ਬਹੁਤ ਅਸੁਵਿਧਾ ਪੈਦਾ ਕਰਦੀਆਂ ਹਨ।
ਇਸ ਦੇ ਨਾਲ ਹੀ, ਮੌਜੂਦਾ ਸਿਸਟਮ ਦੇ ਤਹਿਤ, ਖੇਤਰੀ ਟਰਾਂਸਪੋਰਟ ਦਫ਼ਤਰਾਂ/ਜ਼ਿਲ੍ਹਾ ਟਰਾਂਸਪੋਰਟ ਦਫ਼ਤਰਾਂ ਵਿੱਚ ਸਾਰੇ ਰਿਕਾਰਡ ਹੱਥੀਂ ਸਟੋਰ ਕੀਤੇ ਜਾਂਦੇ ਸਨ, ਜਿਸ ਨਾਲ ਐਮਰਜੈਂਸੀ ਵਿੱਚ ਲੋੜ ਪੈਣ 'ਤੇ ਰਿਕਾਰਡ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ।
ਐਚਐਸਆਰਪੀ ਸਕੀਮ ਦੇ ਲਾਗੂ ਹੋਣ ਦੇ ਨਾਲ, ਰਜਿਸਟ੍ਰੇਸ਼ਨ ਨੰਬਰਾਂ ਦੇ ਨਾਲ ਵਾਹਨ ਮਾਲਕਾਂ ਨਾਲ ਸਬੰਧਤ ਸਾਰੇ ਰਿਕਾਰਡ ਡਿਜੀਟਾਈਜ਼ ਕੀਤੇ ਜਾਂਦੇ ਹਨ।
ਪੁਰਾਣੇ ਸਿਸਟਮ ਵਿੱਚ, ਰਜਿਸਟ੍ਰੇਸ਼ਨ ਪਲੇਟਾਂ ਸੜਕ ਕਿਨਾਰੇ ਵਿਕਰੇਤਾਵਾਂ ਦੁਆਰਾ ਫਿੱਟ ਕੀਤੀਆਂ ਜਾਂਦੀਆਂ ਹਨ, ਜੋ ਨਾ ਤਾਂ ਨਿਯਮਾਂ ਅਨੁਸਾਰ ਹੁੰਦੀਆਂ ਹਨ ਅਤੇ ਨਾ ਹੀ ਉਨ੍ਹਾਂ ਦੀ ਗੁਣਵੱਤਾ ਚੰਗੀ ਹੁੰਦੀ ਹੈ।
ਹਾਈ ਸਿਕਿਓਰਿਟੀ ਰਜਿਸਟਰੇਸ਼ਨ ਪਲੇਟ ਲਈ ਕਿਵੇਂ ਕਰੀਏ ਅਪਲਾਈ
ਹਾਈ ਸਿਕਿਓਰਿਟੀ ਰਜਿਸਟਰੇਸ਼ਨ ਪਲੇਟ ਲਗਵਾਉਣ ਲਈ ਤੁਸੀਂ www.punjabhsrp.in ਵੈੱਬਸਾਈਟ 'ਤੇ ਆਨਲਾਈਨ ਅਪਲਾਈ ਕਰ ਸਕਦੇ ਹੋ।
ਵੈੱਬਸਾਈਟ 'ਤੇ ਇਸ ਦੇ ਲਈ ਫਾਰਮ ਦਿੱਤਾ ਗਿਆ ਹੈ, ਜਿਸ ਵਿੱਚ ਆਪਣੇ ਵਾਹਨ ਸਬੰਧੀ ਮੰਗੀ ਗਈ ਜਾਣਕਾਰੀ ਭਰਨੀ ਹੁੰਦੀ ਹੈ।
ਫੀਸ ਦਾ ਭੁਗਤਾਨ ਵੀ ਆਨਲਾਈਨ ਹੀ ਕੀਤਾ ਜਾ ਸਕਦਾ ਹੈ।
ਇਸ ਮਗਰੋਂ ਤੁਹਾਨੂੰ ਇੱਕ ਮਿਤੀ ਦਿੱਤੀ ਜਾਂਦੀ ਹੈ, ਜਿਸ 'ਤੇ ਸਬੰਧਿਤ ਅਫਸਰ ਅੱਗੇ ਪੇਸ਼ ਹੋਣਾ ਹੁੰਦਾ ਹੈ।
ਜੇਕਰ ਤੁਸੀਂ ਕਿਸੇ ਕਾਰਨ ਉਸ ਮਿਤੀ 'ਤੇ ਜਾਣ ਦੇ ਯੋਗ ਨਹੀਂ ਹੋ ਤਾਂ ਤੁਸੀਂ ਆਪਣੀ ਸੁਵਿਧਾ ਅਨੁਸਾਰ ਇਸ ਵਿੱਚ ਬਦਲਾਅ ਵੀ ਕਰ ਸਕਦੇ ਹੋ।
ਇਸ ਨਵੀਂ ਪਲੇਟ ਲਈ ਤੁਹਾਨੂੰ ਕਿੰਨੇ ਪੈਸੇ ਦੇਣੇ ਪੈਣਗੇ
ਵੱਖ-ਵੱਖ ਵਾਹਨਾਂ ਮੁਤਾਬਕ, ਪਲੇਟਾਂ ਦੀ ਫੀਸ ਵੀ ਵੱਖੋ-ਵੱਖਰੀ ਰੱਖੀ ਗਈ ਹੈ।
ਸਟੇਟ ਟ੍ਰਾਂਸਪੋਰਟ ਕਮਿਸ਼ਨਰ, ਪੰਜਾਬ ਦੀ ਵੈੱਬਸਾਈਟ 'ਤੇ ਇਸ ਸਬੰਧੀ ਸੂਚੀ ਦਿੱਤੀ ਹੈ। ਇਸ ਦੇ ਮੁਤਾਬਕ ਵਾਹਨਾਂ ਲਈ ਪਲੇਟਾਂ ਦੀ ਫੀਸ ਇਸ ਪ੍ਰਕਾਰ ਹੈ:
- ਦੋ ਪਹੀਆ ਵਾਹਨ - 191.16 ਰੁਪਏ
- ਤਿੰਨ ਪਹੀਆ ਵਾਹਨ (ਪੈਸੇਂਜਰ ਅਤੇ ਮਾਲ ਵਾਹਕ) - 257.24 ਰੁਪਏ
- ਹਲਕੇ ਵਾਹਨ/ਪੈਸੇਂਜਰ ਕਾਰ - 566.4 ਰੁਪਏ
- ਟਰੈਕਟਰ - 19.16 ਰੁਪਏ
- ਮੱਧਮ ਟ੍ਰਾਂਸਪੋਰਟ ਕਮਰਸ਼ੀਅਲ ਵਾਹਨ/ਭਾਰੀ ਟ੍ਰਾਂਸਪੋਰਟ ਕਮਰਸ਼ੀਅਲ ਵਾਹਨ ਅਤੇ ਟਰੇਲਰ ਕੰਬੀਨੇਸ਼ਨ - 604.16 ਰੁਪਏ
ਇਸ ਦੇ ਨਾਲ ਹੀ, ਜੇਕਰ ਤੁਸੀਂ ਪਹਿਲਾਂ ਹੀ ਇਹ ਪਲੇਟਾਂ ਲਗਵਾ ਚੁੱਕੇ ਹੋ ਪਰ ਕਿਸੇ ਕਾਰਨ ਤੁਹਾਡੇ ਵਾਹਨ ਦੀ ਇੱਕ ਜਾਂ ਦੋਵੇਂ ਪਲੇਟਾਂ ਨੁਕਸਾਨੀਆਂ ਗਈਆਂ ਹਨ ਤਾਂ ਉਨ੍ਹਾਂ ਨੂੰ ਬਦਲਵਾਉਣ ਲਈ ਵੀ ਵਾਹਨਾਂ ਮੁਤਾਬਕ ਵੱਖਰੀ-ਵੱਖਰੀ ਫੀਸ ਹੈ।
ਇਸ ਦੀ ਜਾਣਕਾਰੀ ਤੁਹਾਨੂੰ ਪੰਜਾਬ ਦੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਦੀ ਵੈੱਬਸਾਈਟ 'ਤੇ ਮਿਲ ਜਾਵੇਗੀ।
ਇਸ ਦੇ ਕੀ-ਕੀ ਲਾਭ ਹੋਣਗੇ
ਸਰਕਾਰ ਨੇ ਇਸ ਸਕੀਮ ਨੂੰ ਹੇਠ ਲਿਖੇ ਫਾਇਦਿਆਂ ਦਾ ਹਵਾਲਾ ਦਿੰਦੇ ਹੋਏ ਸ਼ੁਰੂ ਕੀਤਾ ਸੀ:
ਦੇਸ਼ ਭਰ ਵਿੱਚ ਨੰਬਰ ਪਲੇਟ ਡਿਸਪਲੇ ਫਾਰਮੈਟ ਦਾ ਮਾਨਕੀਕਰਨ
- ਇੱਕ ਯੂਨੀਫਾਈਡ ਸੈਂਟਰਲ ਬਾਡੀ ਦੇ ਅਧੀਨ ਸਾਰੇ ਵਾਹਨਾਂ ਦੇ ਡੇਟਾ ਨੂੰ ਡਿਜੀਟਾਈਜ਼ ਕੀਤਾ ਜਾਵੇਗਾ
- ਵਾਹਨਾਂ ਦੀਆਂ ਚੋਰੀਆਂ ਅਤੇ ਵਾਹਨਾਂ ਨਾਲ ਹੋਣ ਵਾਲੇ ਅਪਰਾਧਾਂ ਨੂੰ ਰੋਕਣ 'ਚ ਮਦਦ ਮਿਲੇਗੀ ਕਿਉਂਕਿ ਐਚਐਸਆਰਪੀ ਕੇਵਲ ਸਥਾਨਕ ਰਜਿਸਟ੍ਰੇਸ਼ਨ ਅਥਾਰਟੀ ਦੁਆਰਾ ਤਸਦੀਕ ਤੋਂ ਬਾਅਦ ਹੀ ਜਾਰੀ ਕੀਤੇ ਜਾ ਸਕਦੇ ਹਨ
- ਰਜਿਸਟ੍ਰੇਸ਼ਨ ਪਲੇਟਾਂ ਜਾਰੀ ਕਰਨ ਨੂੰ ਨਿਯਮਤ ਕੀਤਾ ਜਾਵੇਗਾ ਤਾਂ ਜੋ ਗੈਰ ਕਾਨੂੰਨੀ ਪਲੇਟਾਂ ਨੂੰ ਸ਼ਰਾਰਤੀ ਅਨਸਰਾਂ ਦੁਆਰਾ ਵੇਚਿਆ ਅਤੇ ਵੰਡਿਆ ਨਾ ਜਾ ਸਕੇ।
- ਸੜਕੀ ਹਾਦਸਿਆਂ/ਜੁਰਮਾਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ