ਰਾਮ ਮੰਦਿਰ: ਨੇਪਾਲ ਤੋਂ ਆਈਆਂ 'ਪਵਿੱਤਰ ਚੱਟਾਨਾਂ' ਤੋਂ ਮੂਰਤੀ ਕਿਉਂ ਨਹੀਂ ਬਣਾਈ, ਹੁਣ ਚੱਟਾਨਾਂ ਦਾ ਕੀ ਬਣੇਗਾ

ਤਸਵੀਰ ਸਰੋਤ, RSS
- ਲੇਖਕ, ਵਿਸ਼ਣੂ ਪੋਖ਼ਰੇਲ
- ਰੋਲ, ਬੀਬੀਸੀ ਪੱਤਰਕਾਰ
ਜਿਵੇਂ-ਜਿਵੇਂ ਅਯੁੱਧਿਆ ਵਿੱਚ ਬਣਾਏ ਗਏ ਰਾਮ ਮੰਦਿਰ ਦੀ ਮੂਰਤੀ ਸਥਾਪਨਾ ਦਾ ਦਿਨ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਇਸ ਮੰਦਿਰ ਵਿੱਚ ਰਾਮ ਜੀ ਦੀ ਮੂਰਤੀ ਬਣਾਉਣ ਲਈ ਨੇਪਾਲ ਤੋਂ ਆਈਆਂ ਚੱਟਾਨਾਂ ਨੂੰ ਲੈ ਕੇ ਦਿਲਚਸਪੀ ਵੱਧਦੀ ਜਾ ਰਹੀ ਹੈ।
ਰਾਮ ਮੰਦਿਰ ਬਣਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਫਰਵਰੀ ਵਿੱਚ ਨੇਪਾਲ ਦੇ ਕਾਲੀਗੰਡਕੀ ਕਿਨਾਰੇ ਤੋਂ ਦੋ ਵੱਡੇ ਆਕਾਰ ਦੇ ਪੱਥਰ ਅਯੁੱਧਿਆ ਲਿਆਂਦੇ ਗਏ ਸਨ।
ਇੱਕ ਪੱਥਰ ਦਾ ਭਾਰ 14 ਟਨ ਸੀ ਜਦਕਿ ਦੂਜੇ ਦਾ 27 ਟਨ। ਕਾਲੀ ਨਦੀ ਦੇ ਕਿਨਾਰੇ ਤੋਂ ਲਿਆਂਦੀਆਂ ਗਈਆਂ ਇਨ੍ਹਾਂ ਚੱਟਾਨਾਂ ਨੂੰ ਜਨਕਪੁਰ ਦੇ ਜਾਨਕੀ ਮੰਦਿਰ ਦੇ ਰਾਹੀਂ ਅਯੁੱਧਿਆ ਭੇਜਿਆ ਗਿਆ ਸੀ।
ਸ਼ੁਰੂਆਤ ਵਿੱਚ ਇਨ੍ਹਾਂ ਚੱਟਾਨਾਂ ਤੋਂ ਰਾਮ ਜੀ ਦੀ ਮੂਰਤੀ ਬਣਾਏ ਜਾਣ ਦੀ ਗੱਲ ਸਾਹਮਣੇ ਆਈ ਸੀ।
ਪਰ ਬਾਅਦ ਵਿੱਚ ਪਤਾ ਲੱਗਾ ਕਿ ਇਨ੍ਹਾਂ ਚੱਟਾਨਾਂ ਨੂੰ ਰਾਮ ਜੀ ਦੀ ਮੂਰਤੀ ਬਣਾਉਣ ਲਈ ਠੀਕ ਨਹੀਂ ਸਮਝਿਆ ਗਿਆ ਸੀ।
ਭਾਰਤੀ ਮੀਡੀਆ ਵਿੱਚ ਛਪੀਆਂ ਕੁਝ ਖ਼ਬਰਾਂ ਦੇ ਮੁਤਾਬਕ, ਇਨ੍ਹਾਂ ਚੱਟਾਨਾਂ ਤੋਂ ਮੂਰਤੀ ਨਹੀਂ ਬਣਾਏ ਜਾਣ ਦਾ ਇੱਕ ਕਾਰਨ ਇਹ ਸੀ ਕਿ ਰਾਮ ਮੰਦਿਰ ਨਾਲ ਜੁੜੇ ਸੰਤਾਂ ਨੇ ਇਸ ਬਾਰੇ ਇਤਰਾਜ਼ ਜ਼ਾਹਰ ਕੀਤਾ ਸੀ।
ਖ਼ਬਰਾ ਮੁਤਾਬਕ ਕੁਝ ਸੰਤਾਂ ਦਾ ਇਹ ਮੰਨਣਾ ਸੀ ਕਿ ਇਨ੍ਹਾਂ ਪੱਥਰਾਂ ਨੂੰ ਮੂਰਤੀ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਕਾਲੀਨਦੀ ਦੀਆਂ ਚੱਟਾਨਾਂ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਚੱਟਾਨਾਂ ਸ਼ਾਲੀਗ੍ਰਾਮ ਦੇ ਬਰਾਬਰ ਹਨ।
ਸ਼ਾਲੀਗ੍ਰਾਮ ਨੇਪਾਲ ਦੀ ਗੰਡਕੀ ਨਦੀ ਦੇ ਕਿਨਾਰੇ ਮਿਲਣ ਵਾਲੇ ਅਜਿਹੇ ਪੱਥਰ ਹਨ ਜਿਨ੍ਹਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ।
ਹਾਲਾਂਕਿ ਅਯੁੱਧਿਆ ਪਹੁੰਚੇ ਨੇਪਾਲ ਨੁਮਾਇੰਦਿਆਂ ਦੇ ਮੁਤਾਬਕ, ਇਨ੍ਹਾਂ ਚੱਟਾਨਾਂ ਦੀ ਤਕਨੀਕੀ ਜਾਂਚ ਤੋਂ ਬਾਅਦ ਮੂਰਤੀਘਾੜਿਆਂ ਨੇ ਕਿਹਾ ਕਿ “ਅਜਿਹੀ ਚੱਟਾਨ ਤੋਂ ਮੂਰਤੀ ਬਣਾਉਣਾ ਸੰਭਵ ਨਹੀਂ ਹੈ, ਇਸ ਮਗਰੋਂ ਦੂਜੀਆਂ ਚੱਟਾਨਾਂ ਤੋਂ ਮੂਰਤੀਆਂ ਬਣਾਈਆਂ ਗਈਆਂ।”
ਨੇਪਾਲੀ ਨੁਮਾਇੰਦਿਆਂ ਦੇ ਮੁਤਾਬਕ 27 ਟਨ ਭਾਰ ਵਾਲੀ ਚੱਟਾਨ ਦੀ ਵਿੱਚੋਂ ਮੂਰਤੀ ਤਰਾਸ਼ਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ 14 ਟਨ ਭਾਰ ਵਾਲੀ ਚੱਟਾਨ ਨੂੰ ਸ਼ਾਲੀਗ੍ਰਾਮ ਮੰਨਿਆ ਗਿਆ ਸੀ।
ਪਰ 27 ਟਨ ਭਾਰ ਵਾਲੀ ਚੱਟਾਨ ਵੀ ਜਦੋਂ ਸਹੀ ਨਹੀਂ ਪਾਈ ਗਈ ਤਾਂ ਇਨ੍ਹਾਂ ਦੋਵਾ ਚੱਟਾਨਾਂ ਨੂੰ ਜਿਸ ਥਾਂ ’ਤੇ ਰਾਮ ਮੰਦਿਰ ਬਣਾਇਆ ਜਾ ਰਿਹਾ ਹੈ, ਉਸ ਦੇ ਨੇੜੇ ਰੱਖਿਆ ਗਿਆ ਹੈ।
ਭਾਰਤੀ ਮੀਡੀਆ ਦੇ ਮੁਤਾਬਕ ਰਾਮ ਮੰਦਿਰ ਵਿੱਚ ਮੁੱਖ ਅਸਥਾਨ ’ਤੇ ਰੱਖਿਆ ਜਾਵੇਗਾ।
ਮੂਰਤੀ ਸਥਾਪਨਾ ਕਦੋਂ ਹੋਵੇਗੀ

ਤਸਵੀਰ ਸਰੋਤ, ANI
ਅਯੁੱਧਿਆ ਵਿੱਚ ਉਸਾਰੀ ਅਧੀਨ ਰਾਮ ਮੰਦਿਰ ਦਾ ਕੰਮ ਦੇਖ ਰਹੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟ੍ਰਸਟ ਨੇ ਕਿਹਾ ਹੈ ਕਿ ਮੂਰਤੀ ਸਥਾਪਨਾ ਦਾ ਪ੍ਰੋਗਰਾਮ 22 ਜਨਵਰੀ ਨੂੰ ਹੋਵੇਗਾ।
ਟ੍ਰਸਟ ਨੇ ਇਸ ਦੀ ਤਿਆਰੀ ਦੇ ਲਈ ਮਹਿਮਾਨਾਂ ਨੂੰ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਮੰਦਿਰ ਦਾ ਮੁੱਖ ਅਸਥਾਨ ਬਣਾਏ ਜਾਣ ਦਾ ਕੰਮ 24 ਘੰਟੇ ਚੱਲ ਰਿਹਾ ਹੈ ਅਤੇ ਕੰਮ ਸਮੇਂ ਉੱਤੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੂਰਤੀ ਸਥਾਪਨਾ ਦੇ ਪ੍ਰੋਗਰਾਮ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਦੇਸ਼ ਵਿਦੇਸ਼ ਤੋਂ ਖ਼ਾਸ ਮਹਿਮਾਨ ਅਯੁੱਧਿਆ ਪਹੁੰਚਣਗੇ। ਨਵੇਂ ਮੰਦਿਰ ਦੇ ਲਈ ਪੂਜਾਰੀਆਂ ਦੀ ਚੋਣ ਵੀ ਚੱਲ ਰਹੀ ਹੈ।
ਨੇਪਾਲ ਤੋਂ ਲਿਆਂਦੀਆਂ ਗਈਆਂ ਚੱਟਾਨਾਂ ਕਿੱਥੇ ਹਨ

ਤਸਵੀਰ ਸਰੋਤ, ANI
ਨੇਪਾਲ ਤੋਂ ਭੇਜੀਆਂ ਗਈਆਂ ਚੱਟਾਨਾਂ ਤੋਂ ਮੂਰਤੀਆਂ ਨਾ ਬਣਾਏ ਜਾਣ ਤੋਂ ਬਾਅਦ ਬੀਬੀਸੀ ਨੇ ਨੇਪਾਲ ਅਤੇ ਭਾਰਤੀ ਅਧਿਕਾਰੀਆਂ ਕੋਲੋਂ ਇਹ ਸਮਝਣ ਦੀ ਕਸ਼ਿਸ਼ ਕੀਤੀ ਕਿ ਇਹ ਚੱਟਾਨਾਂ ਕਿੱਥੇ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ।
ਇਹ ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਚੱਟਾਨਾਂ ਦੀ ਸਥਿਤੀ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ ਹੈ।
ਪਰ ਨੇਪਾਲ ਤੋਂ ਇਨ੍ਹਾਂ ਚੱਟਾਨਾਂ ਨੂੰ ਅਯੁੱਧਿਆ ਭੇਜਣ ਦਾ ਪ੍ਰਸਤਾਵ ਲਿਆਉਣ ਵਾਲੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਸਾਬਕਾ ਗ੍ਰਹਿ ਮੰਤਰੀ ਅਤੇ ਨੇਪਾਲੀ ਕਾਂਗਰਸ ਦੇ ਆਗੂ ਬਿਮਲੇਂਦਰ ਨਿਧੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਚੱਟਾਨਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ, “ਉਸ ਚੱਟਾਨ ਤੋਂ ਮੂਰਤੀ ਬਣਾਈ ਜਾਣੀ ਸੰਭਵ ਨਹੀਂ ਸੀ ਇਸ ਲਈ ਮੈਨੂੰ ਜਾਣਕਾਰੀ ਮਿਲੀ ਹੈ ਉਹ ਉਸ ਥਾਂ ਉੱਤੇ ਸੁਰੱਖਿਅਤ ਰੱਖੀ ਗਈ ਹੈ, ਜਿੱਥੇ ਰਾਮ ਮੰਦਿਰ ਬਣਾਇਆ ਜਾ ਰਿਹਾ ਹੈ।”
“ਭਾਵੇਂ ਮੂਰਤੀ ਨਹੀਂ ਬਣੀ, ਪਰ ਕਿਹਾ ਗਿਆ ਹੈ ਕਿ ਇਸ ਪਵਿੱਤਰ ਚੱਟਾਨ ਨੂੰ ਸਨਮਾਨਯੋਗ ਢੰਗ ਨਾਲ ਮੰਦਿਰ ਵਿੱਚ ਸਥਾਪਤ ਕੀਤਾ ਜਾਵੇਗਾ ਤਾਂ ਕਿ ਲੋਕ ਇਸ ਦੀ ਪੂਜਾ ਕਰ ਸਕਣ।”
ਅਯੁੱਧਿਆ ਦੇ ਲੋਕਾਂ ਵਿੱਚ ਵਿਆਹ ਦੇ ਦਿਨ ਜਨਕਪੁਰ ਦੇ ਜਾਨਕੀ ਮੰਦਿਰ ਆਉਣ ਦੀ ਰਵਾਇਤ ਹੈ।
ਇਸੇ ਰਵਾਇਤ ਨੂੰ ਜਾਰੀ ਰੱਖਦਿਆਂ ਸੁਪਰੀਮ ਕੋਰਟ ਨੇ ਭਾਰਤ ਦੇ ਅਯੁੱਧਿਆ ਰਾਮ ਮੰਦਿਰ ਬਣਾਏ ਜਾਣ ਲਈ ਰਸਤਾ ਸਾਫ ਕਰਨ ਤੋਂ ਬਾਅਦ ਨੇਪਾਲ ਨੇ ਕਾਲੀ ਗੰਡਕੀ ਦੀ ਚੱਟਾਨ ਬਣਾਏ ਜਾਣ ਦਾ ਪ੍ਰਸਤਾਵ ਰੱਖਿਆ।
ਬੇਨੀ ਨਗਰ ਪਾਲਿਕਾ, ਜਿਥੋਂ ਚੱਟਾਨਾ ਬਣਾਈਆਂ ਗਈਆਂ ਸਨ, ਦੀ ਮੇਅਰ ਸੂਰਤ ਕੇਸੀ ਦਾ ਕਹਿਣਾ ਹੈ ਕਿ ਇਹ ਚੱਟਾਨਾਂ ਕਾਂਗਰਸੀ ਆਗੂ ਬਿਮਲੇਂਦ੍ਰ ਨਿਧੀ ਦੀ ਪਹਿਲ ਉੱਤੇ ਭੇਜੀਆਂ ਗਈਆਂ ਸਨ।
ਇਨ੍ਹਾਂ ਚੱਟਾਨਾਂ ਨੂੰ ਮੂਰਤੀਆਂ ਬਣਾਉਣ ਲਈ ਨੇਪਾਲ ਤੋਂ ਅਯੁੱਧਿਆ ਲਿਜਾਂਦਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਹੋਇਆ ਕਿ ਮੂਰਤੀਆਂ ਨਹੀਂ ਬਣੀਆਂ ।
ਉਨ੍ਹਾਂ ਨੇ ਕਿਹਾ, “ਮੈਂ ਇਨ੍ਹਾਂ ਚੱਟਾਨਾਂ ਨੂੰ ਭੇਜਣ ਵਾਲਿਆਂ ਨੂੰ ਕਿਹਾ ਹੈ ਕਿ ਜੇਕਰ ਇਨ੍ਹਾਂ ਚੱਟਾਨਾਂ ਤੋਂ ਮੂਰਤੀ ਨਹੀਂ ਬਣੀ ਹੈ ਤਾਂ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ, ਇਨ੍ਹਾਂ ਚੱਟਾਨਾਂ ਤੋਂ ਮੂਰਤੀ ਬਣਾਏ ਜਾਣ ਦਾ ਦਬਾਅ ਹੋਣ ਤੋਂ ਬਾਅਦ ਵੀ ਮੂਰਤੀ ਨਹੀਂ ਬਣੀ।”
“ਸਾਡਾ ਕਹਿਣਾ ਹੈ ਕਿ ਇਨ੍ਹਾਂ ਚੱਟਾਨਾਂ ਨੂੰ ਅਸੀਂ ਜਿਸ ਤਰੀਕੇ ਭੇਜਿਆ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਸਨਮਾਨਯੋਗ ਥਾਂ ਦਿੱਤੀ ਜਾਣੀ ਚਾਹੀਦੀ ਹੈ।”
ਚੱਟਾਨਾਂ ਭੇਜਣ ਦਾ ਫ਼ੈਸਲਾ

ਤਸਵੀਰ ਸਰੋਤ, KULRAJ CHALISE
ਨੇਪਾਲ ਦੇ ਵੱਲੋਂ ਪ੍ਰਸਤਾਵ ਭੇਜੇ ਜਾਣ ਤੋਂ ਬਾਅਦ ਅਯੁੱਧਿਆ ਦੀ ਰਾਮ ਮੰਦਿਰ ਨਿਰਮਾਣ ਕਮੇਟੀ ਨੇ ਜਾਨਕੀ ਮੰਦਿਰ ਨੂੰ ਪੱਤਰ ਲਿਖਕੇ ਚੱਟਾਨਾਂ ਉਪਲਬਧ ਕਰਾਉਣ ਲਈ ਕਿਹਾ।
ਇਸ ਦੇ ਆਧਾਰ ਉੱਤੇ ਹੀ ਨੇਪਾਲ ਸਰਕਾਰ ਨੇ ਇਨ੍ਹਾਂ ਚੱਟਾਨਾਂ ਨੂੰ ਭਾਰਤ ਭੇਜਣ ਦਾ ਰਸਮੀ ਫ਼ੈਸਲਾ ਕੀਤਾ।
ਇਸ ਤੋਂ ਬਾਅਦ ਨੇਪਾਲ ਦੇ ਗੰਡਕੀ ਸੂਬੇ ਦੀ ਸਰਕਾਰ ਨੇ ਜਾਨਕੀ ਮੰਦਿਰ ਪ੍ਰਬੰਧ ਦੇ ਨਾਲ ਤਾਲਮੇਲ ਕਰਕੇ ਇਨ੍ਹਾਂ ਚੱਟਾਨਾਂ ਨੂੰ ਅਯੁੱਧਿਆ ਭੇਜਿਆ।
ਇਸ ਪ੍ਰਕਿਰਿਆ ਵਿੱਚ ਰਾਮ ਮੰਦਿਰ ਬਣਾਉਣ ਦਾ ਕੰਮ ਦੇਖ ਰਹੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟ੍ਰਸਟ ਦੇ ਅਧਿਕਾਰੀ ਵੀ ਨੇਪਾਲ ਆਏ ਅਤੇ ਇਨ੍ਹਾਂ ਚੱਟਾਨਾਂ ਨੂੰ ਅਯੁੱਧਿਆ ਭੇਜਣ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਪਛਾਣ ਕਰਨ ਦੇ ਲਈ ਕੁਝ ਦਿਨਾਂ ਤੱਕ ਰੁਕੇ।
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਚੱਟਾਨਾਂ ਨੂੰ ਅਯੁੱਧਿਆ ਭੇਜਿਆ ਗਿਆ ਸੀ ਥਾਂ ਉਨ੍ਹਾਂ ਦੇ ਨਾਲ ਇੱਕ ਤਾਂਬੇ ਦਾ ਪੱਤਰ(ਤਾਂਬੇ ਦੀ ਸ਼ੀਟ ਉੱਤੇ ਪੱਤਰ ਖੁਣਵਾ ਕੇ) ਵੀ ਭੇਜਿਆ ਗਿਆ ਹੈ।
ਤਾਮ੍ਰਪੱਤਰ ਦੀਆਂ ਕਾਪੀਆਂ ਕੇਂਦਰ ਸਰਕਾਰ, ਗੰਡਕੀ ਸੂਬੇ ਦੀ ਸਰਕਾਰ ਅਤੇ ਜਾਨਕੀ ਮੰਦਿਰ ਨੂੰ ਭੇਜੀ ਗਈ ਹੈ।
ਇਸ ਤਾਮ੍ਰਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਨ੍ਹਾਂ ਚੱਟਾਨਾਂ ਨੂੰ ਮੂਰਤੀ ਬਣਾਉਣ ਲਈ ਭੇਜਿਆ ਗਿਆ ਹੈ।
ਪਿਛਲੇ ਸਾਲ 12 ਜਨਵਰੀ ਦੀ ਤਰੀਕ ਵਾਲੇ ਇਸ ਤਾਮਪੱਤਰ ਵਿੱਚ ਲਿਖਿਆ ਹੈ, “ਨੇਪਾਲ ਸਰਕਾਰ ਦੇ ਸਮਝੌਤੇ ਅਤੇ ਗੰਡਕੀ ਸੂਬੇ ਦੀ ਸਰਕਾਰ ਦੇ ਫ਼ੈਸਲੇ ਦੇ ਮਤਾਬਕ ਕਾਲੀਗੰਡਕੀ ਨਦੀ ਦੇ ਨੇੜਲੇ ਖੇਤਰ ਤੋਂ (ਬੇਨੀ ਨਗਰ ਪਾਲਿਕਾ ਵਾਰਡ ਨੰਬਰ 6 ਠੂਲੋਬਗਰ) ਭਾਰਤ ਵਿੱਚ ਅਯੁੱਧਿਆ ਧਾਮ ਦੀ ਸ਼੍ਰੀ ਰਾਮਲੀਲਾ ਮੂਰਤੀ ਬਣਾਉਣ ਦੇ ਲਈ ਮਿਆਗਦੀਕੀ ਦੇ ਵੱਲੋਂ ਦੋ ਚੱਟਾਨਾਂ ਦਿੱਤੀਆਂ ਜਾਣਗੀਆਂ।
“ਮੁੱਖ ਮੰਤਰੀ ਖਗਰਾਜ ਅਧਿਕਾਰੀ ਦੇ ਵੱਲੋਂ ਜਨਕਪੁਰਧਾਮ ਵਿੱਚ ਜਾਨਕੀ ਮੰਦਿਰ ਨੂੰ ਪ੍ਰਦਾਨ ਕਰਨ ਦਾ ਕਾਰਜ ਵੀ ਪੂਰਾ ਕਰ ਲਿਆ ਗਿਆ ਹੈ।”
ਚੱਟਾਨ ਬਾਰੇ ਸਰਕਾਰੀ ਅਧਿਕਾਰੀ ਕੀ ਕਹਿੰਦੇ ਹਨ

ਤਸਵੀਰ ਸਰੋਤ, KULRAJ CHALISE
ਚੱਟਾਨ ਭੇਜਣ ਵਾਲੀ ਗੰਡਕੀ ਸਰਕਾਰ ਦੀ ਸਮਾਜਿਕ ਵਿਕਾਸ ਮੰਤਰੀ ਸੁਸ਼ੀਲਾ ਸਿੰਖਡਾ ਤੋਂ ਜਦੋਂ ਇਸ ਬਾਰੇ ਵਿੱਚ ਪੁੱਛਿਆ ਗਿਆ ਕਿ ਸ਼ੁਰੂਆਤ ਵਿੱਚ ਮੂਰਤੀ ਬਣਾਉਣ ਦੇ ਲਈ ਭੇਜੀ ਗਈ ਸੀ ਅਤੇ ਤਾਮ੍ਰਪੱਤਰ ਵਿੱਚ ਵੀ ਇਸ ਦਾ ਜ਼ਿਕਰ ਸੀ, ਪਰ ਅਯੁੱਧਿਆ ਪਹੁੰਚਣ ਤੋਂ ਬਾਅਦ ਮੂਰਤੀ ਨਹੀਂ ਬਣੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।
ਉਨ੍ਹਾਂ ਨੇ ਕਿਹਾ, “ਮੈਨੂੰ ਹਾਲੇ ਇਸ ਬਾਰੇ ਜਾਣਕਾਰੀ ਨਹੀਂ ਹੈ, ਮੈਂ ਤੁਹਾਨੂੰ ਬਾਅਦ ਵਿੱਚ ਇਸ ਬਾਰੇ ਜਾਣਕਾਰੀ ਦੇਵਾਂਗੀ।”
ਬੀਬੀਸੀ ਨੇ ਜਨਕਪੁਰ ਦੇ ਜਾਨਕੀ ਮੰਦਿਰ ਦੇ ਪੁਜਾਰੀ ਰਾਮਰੋਸ਼ਨ ਦਾਸ ਨੂੰ ਵੀ ਇਸ ਬਾਰੇ ਪੁੱਛਿਆ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨੇਪਾਲ ਤੋਂ ਲਿਆਂਦੇ ਗਏ ਚੱਟਾਨਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਇਸ ਬਾਰੇ ਨਹੀਂ ਜਾਣਦਾ।
ਚੱਟਾਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ

ਤਸਵੀਰ ਸਰੋਤ, ANI
ਨੇਪਾਲ ਦੇ ਕੁਝ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਚੱਟਾਨਾਂ ਤੋਂ ਭਾਵੇਂ ਮੂਰਤੀ ਨਾ ਬਣਾਈ ਗਈ ਹੋਵੇ ਪਰ ਇਨ੍ਹਾਂ ਨੂੰ ਸ਼ਾਲੀਗ੍ਰਾਮ ਦੇ ਰੂਪ ਵਿੱਚ ਪੂਜਿਆ ਜਾਵੇਗਾ।
ਇਨ੍ਹਾਂ ਚੱਟਾਨਾਂ ਨੂੰ ਭੇਜਣ ਦੀ ਪ੍ਰਕਿਰਿਆ ਨਾਲ ਜੁੜੇ ਰਹੇ ਕੁਲਰਾਜ ਚਾਲੀਸੇ ਦੱਸਦੇ ਹਨ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਚੱਟਾਨਾਂ ਨੂੰ ਮੰਦਿਰ ਵਿੱਚ ਹੀ ਰੱਖਿਆ ਜਾਵੇਗਾ।
ਚਾਲੀਸੇ ਨੂੰ ਸ਼ਾਲੀਗ੍ਰਾਮ ਦਾ ਸਭਿਆਚਾਰਕ ਮਹੱਤਵ ਸਮਝਣ ਵਾਲੇ ਵਿਦਵਾਨਾਂ ਵਿੱਚ ਗਿਣਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਟ੍ਰਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਛੋਟੀ ਚੱਟਾਨ ਨੂੰ ਸ਼ਾਲੀਗ੍ਰਾਮ ਅਤੇ ਵੱਡੀ ਚੱਟਾਨ ਨੂੰ ਉਸ ਦੇ ਅਧਾਰ(ਬੁਨਿਆਦ) ਦੇ ਰੂਪ ਵਿੱਚ ਸਥਾਪਤ ਕੀਤਾ ਜਾਵੇਗਾ।
ਹਾਲਾਂਕਿ ਬੀਬੀਸੀ ਦੀ ਟੀਮ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਦੀ ਪੁਸ਼ਟੀ ਟ੍ਰਸਟ ਦੇ ਅਹੁਦੇਦਾਰਾਂ ਕੋਲੋਂ ਨਹੀਂ ਕਰ ਸਕੀ।
ਬੀਬੀਸੀ ਦੇ ਵੱਲੋਂ ਟ੍ਰਸਟ ਦੇ ਪ੍ਰਧਾਨ ਚੰਪਤ ਰਾਏ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਦਾ ਕੋਈ ਅਸਫ਼ਲ ਰਹੀਆਂ।

ਤਸਵੀਰ ਸਰੋਤ, Getty Images
ਚਾਲੀਸੇ ਦੇ ਮੁਤਾਬਕ ਉਹ ਇੱਕ ਨੇਪਾਲੀ ਭੂਵਿਗਿਆਨੀ ਨਾਲ ਪਿਛਲੀ ਜੂਨ ਵਿੱਚ ਅਯੁੱਧਿਆ ਗਏ ਸਨ, ਜਿੱਥੇ ਉਨ੍ਹਾਂ ਨੇ ਇਸ ਚੱਟਾਨ ਦੀ ਸਥਿਤੀ ਨੂੰ ਦੇਖਿਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮੂਰਤੀਘਾੜਿਆਂ ਨੇ ਵੱਡੀ ਚੱਟਾਨ ਉੱਤੇ ਮੂਰਤੀ ਤਰਾਸ਼ਣ ਦੀ ਕੋਸ਼ਿਸ਼ ਕੀਤੀ ਤਾ ਪਤਾ ਲੱਗਾ ਕਿ ਇਹ ਜ਼ਿਆਦਾ ਸਖ਼ਤ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਇਨ੍ਹਾਂ ਚੱਟਾਨਾਂ ਨੂੰ ਸਨਮਾਨਤ ਢੰਗ ਨਾਲ ਰੱਖਿਆ ਜਾਵੇਗਾ ਪਰ ਜੇਕਰ ਮੂਰਤੀਆਂ ਬਣਾਉਣ ਦੇ ਲਈ ਭੇਜੀਆਂ ਗਈਆਂ ਚੱਟਾਨਾਂ ਨੂੰ ਦੂਜੇ ਢੰਗ ਨਾਲ ਵਰਤਿਆ ਜਾ ਰਿਹਾ ਹੈ ਤਾਂ ਸਰਕਾਰ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ, “ਇਹ ਚੱਟਾਨ ਜਾਨਕੀ ਮੰਦਿਰ ਪ੍ਰਬੰਧਕ ਕਮੇਟੀ ਦੇ ਵੱਲੋਂ ਅਯੁੱਧਿਆ ’ਚ ਸਥਿਤ ਰਾਮ ਮੰਦਿਰ ਨੂੰ ਗੋਧੁਵਾ ਤੋਹਫ਼ੇ ਦੇ ਰੂਪ ਵਿੱਚ ਦਿੱਤਾ ਗਿਆ ਸੀ, ਜਿਸ ਵਿੱਚ ਨੇਪਾਲੀ ਲੋਕਾਂ ਦਾ ਪੈਸਾ ਖਰਚ ਹੋਇਆ ਸੀ। ਧੀ ਨੂੰ ਦਿੱਤਾ ਗਿਆ ਦਾਜ ਵਾਪਸ ਨਹੀਂ ਲਿਆ ਜਾ ਸਕਦਾ। ਪਰ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਉਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।”
ਚਾਲੀਸੇ ਦਾ ਕਹਿਣਾ ਹੈ ਕਿ ਜੇਕਰ ਮੂਰਤੀ ਬਣਾਈ ਜਾਂਦੀ ਹੈ ਤਾਂ ਸਿਰਫ਼ ਮੂਰਤੀ ਬਣਾ ਕੇ ਰਹਿਣ ਨਾਲ ਚੱਟਾਨ ਦੀ ਪਛਾਣ ਮਿਟ ਜਾਂਦੀ ਹੈ, ਪਰ ਇਸ ਨੂੰ ਚੱਟਾਨ ਦੇ ਰੂਪ ਵਿੱਚ ਰੱਖ ਕੇ ਇਸ ਦੀ ਅਹਿਮੀਅਤ ਵੱਧ ਜਾਂਦੀ ਹੈ।
ਉਨ੍ਹਾਂ ਨੇ ਕਿਹਾ, “ਉਨ੍ਹਾਂ ਨੇ ਕਿਹਾ ਹੈ ਦੇਵਸ਼ਿਲਾ(ਚੱਟਾਨ) ਨੂੰ ਉਸੇ ਤਰੀਕੇ ਸਨਮਾਨ ਨਾਲ ਰੱਖਿਆ ਜਾਵੇਗਾ ਜਿਵੇਂ ਉਸ ਨੂੰ ਲਿਆਂਦਾ ਗਿਆ ਹੈ।”
ਰਾਮ ਮੰਦਿਰ ਬਣਨ ਦਾ ਫ਼ੈਸਲਾ

ਤਸਵੀਰ ਸਰੋਤ, ANI
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਗਸਤ 2020 ਨੂੰ ਅਯੁੱਧਿਆਂ ਦੇ ਰਾਮ ਮੰਦਿਰ ਦੀ ਨੀਂਹ ਰੱਖੀ ਸੀ।
ਸਾਲ 1992 ਵਿੱਚ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ, ਜਿਸ ਮਗਰੋਂ ਹਿੰਦੂ ਪੱਖ ਅਤੇ ਮੁਸਲਮਾਨ ਪੱਖ ਵਿਚਾਲੇ ਇਲਾਹਾਬਾਦ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੰਬੀ ਕਾਨੂੰਨੀ ਲੜਾਈ ਚੱਲੀ।
ਇਸ ਮਗਰੋਂ ਨਵੰਬਰ 2019 ਨੂੰ ਇਤਿਹਾਸਕ ਫ਼ੈਸਲਾ ਸੁਣਾਇਆ ਗਿਆ ਅਤੇ ਹੁਕਮ ਦਿੱਤਾ ਗਿਆ ਕਿ ਵਿਵਾਦਤ ਥਾਂ ਉੱਤੇ ਮੰਦਿਰ ਬਣਾਇਆ ਜਾਵੇਗਾ।












