ਲੋਕ ਸਭਾ ਚੋਣਾਂ 'ਚ ਨਿੱਤਰੇ ਲੱਖਾ ਸਿਧਾਣਾ ਦਾ ਹੁਣ ਤੱਕ ਕੀ ਰਿਹਾ ਹੈ ਸਿਆਸੀ ਰਿਕਾਰਡ

ਤਸਵੀਰ ਸਰੋਤ, lakha singh sidhana/fb
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿੱਚ ਵੱਖ-ਵੱਖ ਮਾਮਲਿਆਂ ਕਰਕੇ ਚਰਚਾ ਵਿੱਚ ਰਹੇ ਲਖਬੀਰ ਸਿੰਘ ਸਰਾਂ ਉਰਫ਼ ਲੱਖਾ ਸਿੰਘ ਸਿਧਾਣਾ ਨੂੰ ਬਠਿੰਡਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ।
ਬਠਿੰਡਾ ਲੋਕ ਸਭਾ ਹਲਕੇ ਨੂੰ ਪੰਜਾਬ ਦੀ 'ਸਿਆਸੀ ਹੌਟ ਸੀਟ' ਕਿਹਾ ਜਾਂਦਾ ਹੈ, ਇਹ ਹਲਕਾ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਲੱਖਾ ਸਿਧਾਣਾ ਕਿਸਾਨ ਜਥੇਬੰਦੀਆਂ ਦੇ ਸਮਰਥਨ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੌੜ ਹਲਕੇ ਤੋਂ ਚੋਣਾਂ ਵੀ ਲੜ ਚੁੱਕੇ ਹਨ, ਪਰ ਉਹ ਹਾਰ ਗਏ ਸਨ।

ਤਸਵੀਰ ਸਰੋਤ, Lakha Sidhana
ਕਿਸਾਨ ਜਥੇਬੰਦੀਆਂ ਵੱਲੋਂ ਬਣਾਈ ਗਈ ਪਾਰਟੀ ਸੰਯੁਕਤ ਸਮਾਜ ਮੋਰਚਾ ਨੂੰ ਮਾਨਤਾ ਮਿਲਣ ਵਿੱਚ ਦੇਰੀ ਹੋਣ ਕਾਰਨ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ।
ਇਸ ਤੋਂ ਪਹਿਲਾਂ ਲੱਖਾਂ ਸਿਧਾਣਾ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਵੀ ਸਾਲ 2012 ਵਿੱਚ ਚੋਣਾਂ ਲੜ ਚੁੱਕੇ ਹਨ ਪਰ ਕੋਈ ਖ਼ਾਸ ਮਾਅਰਕਾ ਨਹੀਂ ਮਾਰ ਸਕੇ ਸਨ।

ਤਸਵੀਰ ਸਰੋਤ, Getty Images
ਕਿਸੇ ਵੇਲੇ ਅਪਰਾਧ ਦੀ ਦੁਨੀਆਂ ਵਿੱਚ ਸਰਗਰਮ ਰਹੇ ਲੱਖਾ ਸਿਧਾਣਾ ਪਿਛਲੇ ਕਈ ਸਾਲਾਂ ਤੋਂ ਸਮਾਜਿਕ ਅਤੇ ਸਿਆਸੀ ਕਾਰਕੁਨ ਵਜੋਂ ਵਿਚਰ ਰਹੇ ਹਨ ਅਤੇ ਵੱਖ-ਵੱਖ ਮੌਕਿਆਂ ਉੱਤੇ ਚਰਚਾ ਵਿੱਚ ਆਉਂਦੇ ਰਹੇ ਹਨ।
ਸਿਮਰਜਨੀਤ ਸਿੰਘ ਮਾਨ ਦੀ ਅਗਵਾਈ ਹੇਠਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅ) ਸਿੱਖਾਂ ਲਈ ਵੱਖਰੇ ਮੁਲਕ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਦੀ ਹੈ।

ਸਿਮਰਨਜੀਤ ਸਿੰਘ ਮਾਨ ਸਾਲ 2022 ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਬਣੇ ਸਨ।
ਮਾਰਚ 2024 ਵਿੱਚ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਬਦਲੀ ਕੀਤੇ ਜਾਣ ਦੀ ਮੰਗ ਲਈ ਅੰਮ੍ਰਿਤਸਰ ਵਿੱਚ ਲੱਗੇ ਧਰਨੇ ਵਿੱਚ ਸ਼ਮੂਲੀਅਤ ਕਰਨ ਜਾਣ ਸਮੇਂ ਵਿੱਚ ਲੱਖਾ ਸਿਧਾਣਾ ਨੂੰ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ।
ਲੱਖਾ ਸਿਧਾਣਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਲੱਖਾਂ ਲੋਕ ਦੇਖਦੇ ਹਨ, ਉਨ੍ਹਾਂ ਦਾ ਫੇਸਬੁੱਕ ਪੇਜ ਵੀ ਵੱਖ-ਵੱਖ ਕਾਰਨਾਂ ਕਰਕੇ ਬੰਦ ਕੀਤਾ ਜਾ ਚੁੱਕਾ ਹੈ।
ਲੱਖਾ ਸਿਧਾਣਾ ਦੇ ਇੰਸਟਾਗ੍ਰਾਮ ਉੱਤੇ 1.85 ਲੱਖ ਫੋਲੋਅਰਜ਼ ਹਨ।
ਲੱਖਾ ਸਿਧਾਣਾ ਨਾਲ ਕਿਹੜੇ ਵਿਵਾਦ ਜੁੜੇ ਰਹੇ

ਤਸਵੀਰ ਸਰੋਤ, Getty Images
ਪਿਛਲੇ ਕੁਝ ਸਾਲਾਂ ਤੋਂ ਲੱਖਾ ਸਿਧਾਣਾ ਦੀ ਪਛਾਣ ਇੱਕ ਅਜਿਹੇ 'ਸਾਬਕਾ ਗੈਂਗਸਟਰ' ਵਜੋਂ ਹੁੰਦੀ ਰਹੀ ਹੈ ਜੋ ਪਹਿਲਾਂ ਸਿਆਸਤ ਵਿੱਚ ਆਇਆ ਤੇ ਫਿਰ ਸਮਾਜਿਕ ਕਾਰਜਾਂ ਵਿੱਚ ਸਰਗਰਮ ਹੋ ਗਏ ਸੀ।
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਕਿਸਾਨ ਅੰਦੋਲਨ ਵਿੱਚ ਉਹ ਸ਼ੁਰੂ ਤੋਂ ਹੀ ਸੁਰਖ਼ੀਆਂ ਵਿੱਚ ਰਹੇ ਸੀ।
ਲੱਖਾ ਸਿਧਾਣਾ ਉਰਫ਼ ਲਖ਼ਬੀਰ ਸਿੰਘ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਿਧਾਣਾ ਪਿੰਡ ਨਾਲ ਸਬੰਧ ਰੱਖਦਾ ਹੈ।
ਇੱਕ ਸਮੇਂ ਪੰਜਾਬ ਦੇ ਗੈਂਗਸਟਰਾਂ ਵਿੱਚ ਸ਼ੁਮਾਰ, ਲੱਖਾ ਸਿਧਾਣਾ ਖ਼ਿਲਾਫ਼ ਬੂਥਾਂ 'ਤੇ ਕਬਜ਼ਾ ਕਰਨ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਦੀ ਉਲੰਘਣਾ ਸਮੇਤ ਕਈ ਮਾਮਲੇ ਦਰਜ ਕੀਤੇ ਗਏ ਹਨ।
ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ਉਹ ਵਿਦਿਆਰਥੀ ਆਗੂ ਵਜੋਂ ਛੋਟੇ ਝਗੜਿਆਂ ਵਿੱਚ ਸ਼ਾਮਲ ਸੀ ਪਰ ਬਾਅਦ ਵਿੱਚ ਵੱਡੇ ਮਾਮਲਿਆਂ ਵਿਚ ਉਲਝ ਗਿਆ ਅਤੇ ਫਿਰ ਇੱਕ ਗੈਂਗਸਟਰ ਬਣ ਗਿਆ।
ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਉੱਤੇ ਹਮਲਾ ਵੀ ਹੋਇਆ ਸੀ। ਕਈ ਵਾਰ ਉਹ ਜੇਲ੍ਹ ਵੀ ਗਿਆ ਪਰ ਉਸ ਨੇ ਦਾਅਵਾ ਕੀਤਾ ਸੀ ਕਿ ਫਿਰ ਉਸ ਨੇ ਅਪਰਾਧ ਦੀ ਦੁਨੀਆਂ ਨੂੰ ਛੱਡ ਦਿੱਤਾ ਸੀ।
ਇੱਥੇ ਅਸੀਂ ਉਨ੍ਹਾਂ ਨਾਲ ਜੁੜੇ ਕੁਝ ਵਿਵਾਦਾਂ ਬਾਰੇ ਗੱਲ ਕਰਾਂਗੇ -

ਤਸਵੀਰ ਸਰੋਤ, Sukhcharanpreet/BBC
ਕੌਮੀ ਰਾਜਮਾਰਗਾਂ ਉੱਤੇ ਸਾਈਨ ਬੋਰਡਾਂ ਉੱਤੇ ਕਾਲਖ਼ ਲਗਾਉਣਾ
ਕਬੱਡੀ ਨਾਲ ਵੀ ਜੁੜੇ ਰਹੇ ਲੱਖਾ ਸਿਧਾਣਾ ਨੇ ਪਿਛਲੇ ਸਾਲਾਂ ਦੌਰਾਨ ਪੰਜਾਬੀ ਸਤਿਕਾਰ ਕਮੇਟੀ ਵਿੱਚ ਵੀ ਸ਼ਾਮਲ ਹੋਏ ਸਨ।
ਸਾਲ 2017 ਵਿੱਚ ਨੈਸ਼ਨਲ ਹਾਈਵੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ 'ਤੇ ਲਿਖੇ ਜਾਣ ਜਾਂ ਨਾ ਲਿਖੇ ਜਾਣ ਕਾਰਨ ਅੰਗਰੇਜ਼ੀ ਤੇ ਹਿੰਦੀ ਅੱਖਰਾਂ 'ਤੇ ਕਾਲਖ਼ ਪੋਤਣ ਦੀ ਮੁਹਿੰਮ ਵੀ ਲੱਖਾ ਸਿਧਾਣਾ ਨੇ ਹੀ ਚਲਾਈ ਸੀ ।
ਲੱਖਾ ਸਿਧਾਣਾ ਦੀ ਇਸ ਪੋਚਾਮਾਰ ਮੁਹਿੰਮ ਕਾਫ਼ੀ ਚਰਚਾ ਵਿਚ ਰਹੀ ਸੀ।
ਜਿਸ ਦੌਰਾਨ ਉਨ੍ਹਾਂ ਉੱਤੇ ਕਈ ਮਾਮਲੇ ਵੀ ਦਰਜ ਹੋਏ ਅਤੇ ਆਮ ਲੋਕਾਂ ਵਿੱਚ ਉਨ੍ਹਾਂ ਨੂੰ ਮਕਬੂਲੀਅਤ ਵੀ ਹਾਸਲ ਹੋਈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਹਰ ਦੁਕਾਨ ਅਤੇ ਅਦਾਰੇ ਨੂੰ ਸਾਇਨ ਬੋਰਡ ਪੰਜਾਬੀ ਵਿੱਚ ਲਿਖ ਕੇ ਲਾਉਣਾ ਲਾਜ਼ਮੀ ਕੀਤਾ ਹੋਇਆ ਹੈ।
ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਘਟਨਾ

ਤਸਵੀਰ ਸਰੋਤ, Getty Images
26 ਜਨਵਰੀ 2022 ਨੂੰ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਦਿੱਲੀ ਵਿਚ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ਉੱਤੇ ਹਿੰਸਾ ਦੀ ਘਟਨਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਨੂੰ ਨਾਮਜ਼ਦ ਕੀਤਾ ਸੀ।
ਉਨ੍ਹਾਂ ਉੱਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।
ਉਨ੍ਹਾਂ ਨੇ ਕਥਿਤ ਤੌਰ 'ਤੇ ਹਿੰਸਾ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ ਮੰਚ ਤੋਂ ਭਾਸ਼ਣ ਦਿੱਤਾ ਸੀ ਕਿ ਨੌਜਵਾਨ ਜਿੱਥੋਂ ਵੀ ਪਰੇਡ ਕਰਨਾ ਚਾਹੁੰਦੇ ਹਨ, ਪਰੇਡ ਉੱਥੋਂ ਹੀ ਨਿਕਲੇਗੀ।
ਪੁਲਿਸ ਨੇ ਉਨ੍ਹਾਂ 'ਤੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੇ ਲਾਲ ਕਿਲੇ ਉੱਤੇ ਜਾਣ ਲਈ ਲੋਕਾਂ ਨੂੰ ਭੜਕਾਇਆ ਸੀ।
ਉਨ੍ਹਾਂ ਨੇ ਫਰਵਰੀ 2021 ਵਿੱਚ ਬਠਿੰਡਾ ਦੇ ਮਹਿਰਾਜ ਪਿੰਡ ਵਿੱਚ ਵੱਡੀ ਰੈਲੀ ਕੀਤੀ ਸੀ।
ਸਕੂਲ ਪ੍ਰਬੰਧਕਾਂ ਨਾਲ ਵਿਵਾਦ

ਤਸਵੀਰ ਸਰੋਤ, Lakha Sidhana/FB
ਸਾਲ 2023 ਦੇ ਨਵੰਬਰ ਮਹੀਨੇ ਵਿੱਚ ਲੱਖਾ ਸਿਧਾਣਾ ਨੇ ਰਾਮਪੁਰਾ ਸ਼ਹਿਰ ਵਿਚ ਚੱਲ ਰਹੇ ਇੱਕ ਸਕੂਲ ਵਿਚ ਪੰਜਾਬੀ ਬੋਲਣ ਨੂੰ ਲੈ ਕੇ ਮੁੱਦਾ ਸਕੂਲ ਪ੍ਰਬੰਧਕਾਂ ਕੋਲ ਚੁੱਕਿਆ ਸੀ।
ਦਰਅਸਲ, ਲੱਖਾ ਸਿਧਾਣਾ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਕਸਬਾ ਰਾਮਪੁਰਾ ਫੂਲ ਵਿਚ ਚੱਲ ਰਹੇ ਸਰਵ ਹਿੱਤਕਾਰੀ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਆਪਣੇ ਸਮਰਥਕਾਂ ਸਮੇਤ ਸਕੂਲ ਦੇ ਸਾਹਮਣੇ ਇਕੱਠੇ ਹੋਏ ਸਨ।
ਲੱਖਾ ਸਿਧਾਣਾ ਨੇ ਕਿਹਾ ਸੀ ਕਿ ਉਹ ਇਸ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈੇ ਸਕੂਲ ਵਿਰੁੱਧ ਪ੍ਰਦਰਸ਼ਨ ਕਰਨਗੇ।
ਜਿਵੇਂ ਹੀ ਲੱਖਾ ਸਿਧਾਣਾ ਤੇ ਉਨ੍ਹਾਂ ਦੇ ਸਮਰਥਕ ਸਕੂਲ ਨੇੜੇ ਇਕੱਠੇ ਹੋਏ ਤਾਂ ਪੁਲਿਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਵਿਚ ਲੈ ਲਿਆ ਸੀ, ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ
ਸਕੂਲ ਪ੍ਰਬੰਧਕਾਂ ਨੇ ਆਪਣੇ ਪੱਖ ਵਿੱਚ ਕਿਹਾ ਸੀ ਕਿ ਬੱਚਿਆਂ ਨੂੰ ਸੀਬੀਐੱਸਈ ਦੇ ਸਿਲੇਬਸ ਮੁਤਾਬਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਲਾਜ਼ਮੀ ਵਿਸ਼ੇ ਵਜੋਂ ਕਰਵਾਈ ਜਾ ਰਹੀ ਹੈ।












