ਲੱਖਾ ਸਿਧਾਣਾ ਨੇ ਪੁਲਿਸ ਹਿਰਾਸਤ ਚੋਂ ਬਾਹਰ ਆਉਂਦਿਆਂ ਹੀ ਨਵੀਂ ਵੀਡੀਓ ਕੀਤੀ ਜਾਰੀ, ਕੀ-ਕੀ ਕਿਹਾ

ਲੱਖਾ ਸਿੰਘ ਸਿਧਾਣਾ

ਤਸਵੀਰ ਸਰੋਤ, Lakha Singh Sidhana/FB

ਮੰਗਲਵਾਰ ਦੇਰ ਸ਼ਾਮ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਲੱਖਾ ਸਿਧਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ 107/51 ਦਾ ਮੁਚੱਲਕਾ ਭਰ ਕੇ ਛੱਡ ਦਿੱਤਾ ਗਿਆ ਹੈ।

ਇੱਕ ਵੀਡੀਓ ਸੰਦੇਸ਼ ਰਾਹੀ ਲੱਖਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਜਿਵੇਂ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਲਹਿਰ ਬਣਾਈ ਉਸ ਦੇ ਦਬਾਅ ਹੇਠ ਆ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ।

ਲੱਖਾ ਨੇ ਦਾਅਵਾ ਕੀਤਾ ਕਿ ਉਹ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਮਾਣ ਦੁਆਉਣ ਦੀ ਲੜਾਈ ਲੜ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਜੋ ਵੀ ਕੁਰਬਾਨੀ ਕਰਨੀ ਪਈ ਉਹ ਕਰਨਗੇ।

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਵੇਂ ਉਹ ਸੋਸ਼ਲ ਮੀਡੀਆ ਉੱਤੇ ਲਹਿਰ ਬਣਾਉਂਦੇ ਹਨ ਉਵੇਂ ਹੀ ਉਨ੍ਹਾਂ ਸਕੂਲਾਂ ਅੱਗੇ ਆ ਕੇ ਸੰਘਰਸ਼ ਕਰਨ ਜੋ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ ਅਤੇ ਪੰਜਾਬੀ ਭਾਸ਼ਾ ਨੂੰ ਅਣਗੌਲ਼ਿਆ ਕਰਦੇ ਹਨ।

ਲੱਖਾ ਨੇ ਕਿਹਾ, ‘‘ਪੰਜਾਬ ਵਿੱਚ ਕਿਸੇ ਵੀ ਵਿਚਾਰਧਾਰਾ ਦੇ ਸਕੂਲ ਹੋਣ, ਹਜ਼ਾਰਾਂ ਸਕੂਲ ਹਨ, ਇਹ ਲਹਿਰ ਉਨ੍ਹਾਂ ਸਕੂਲਾਂ ਅੱਗੇ ਚਾਹੀਦੀ ਹੈ। ਮੈਂ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਵਾਰ-ਵਾਰ ਬੇਨਤੀ ਕਰਦਾਂ ਹਾਂ ਕਿ ਅਸੀਂ ਤਾਂ ਆਪਣੀ ਮਾਂ ਲ਼ਈ ਲੜ ਰਹੇ ਹਾਂ।’’

ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਾਡੇ ਅੱਖਾਂ ਸਾਹਮਣੇ ਇਹ ਗੱਲ ਸਵਿਕਾਰ ਨਹੀਂ ਕਰ ਸਕਦੇ ਕਿ ਕੋਈ ਸਾਡੀ ਮਾਂ ਬੋਲੀ ਨੂੰ ਮਾਰੇ, ਵੈਸੇ ਇਹ ਕੰਮ ਸਰਕਾਰ ਦਾ ਹੈ, ਪਰ ਜੇਕਰ ਸਰਕਾਰ ਇਹ ਕੰਮ ਨਹੀਂ ਕਰੇਗੀ ਤਾਂ ਅਸੀਂ ਚੁੱਪ ਕਰ ਕੇ ਨਹੀਂ ਬੈਠਾਂਗੇ।

ਲੱਖਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕਰਦਿਆਂ ਕਿਹਾ, ‘‘ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਕਾਰਨ ਹੀ ਇੰਨਾ ਵੱਡਾ ਮਾਣ-ਸਨਮਾਨ ਮਿਲਿਆ ਹੈ। ਉਨ੍ਹਾਂ ਦੀ ਸੱਤਾ ਦੇ ਸਵਾ ਤਿੰਨ ਸਾਲ ਬਚੇ ਹਨ, ਉਹ ਪੰਜਾਬੀ ਮਾਂ ਬੋਲੀ ਦਾ ਭਲਾ ਕਰਕੇ ਜਸ ਖੱਟ ਲੈਣ।’’

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਵਾਂਗ ਪੰਜਾਬੀ ਲਈ ਕਦਮ ਚੁੱਕਣੇ ਚਾਹੀਦੇ ਹਨ। ਇਹ ਸੱਤਾ ਸਦਾ ਲਈ ਨਹੀਂ ਰਹਿੰਦੀ, ਜੇਕਰ ਮੁੱਖ ਮੰਤਰੀ ਅਜਿਹੇ ਕਦਮ ਚੁੱਕਣਗੇ ਤਾਂ ਉਨ੍ਹਾਂ ਦਾ ਨਾਂ ਇਤਿਹਾਸ ਵਿੱਚ ਦਰਜ ਹੋਵੇਗੇ।

ਲ਼ੱਖਾ ਸਿਧਾਣਾ

ਤਸਵੀਰ ਸਰੋਤ, Lakha Sidhana

ਮੰਗਲਵਾਰ ਨੂੰ ਹਿਰਾਸਤ ਵਿੱਚ ਲਿਆ ਸੀ

ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਨੂੰ ਮੰਗਲਵਾਰ ਨੂੰ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ ਵਿਚ ਲਿਆ ਸੀ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ ਮੁਤਾਬਕ ਮਾਮਲਾ ਲੰਘੇ ਸੋਮਵਾਰ ਨੂੰ ਉਸ ਵੇਲੇ ਭਖ ਗਿਆ ਸੀ, ਜਦੋਂ ਲੱਖਾ ਸਿਧਾਣਾ ਨੇ ਰਾਮਪੁਰਾ ਸ਼ਹਿਰ ਵਿਚ ਚੱਲ ਰਹੇ ਇੱਕ ਸਕੂਲ ਵਿਚ ਪੰਜਾਬੀ ਬੋਲਣ ਨੂੰ ਲੈ ਕੇ ਮੁੱਦਾ ਸਕੂਲ ਪ੍ਰਬੰਧਕਾਂ ਕੋਲ ਚੁੱਕਿਆ ਸੀ।

ਦਰਅਸਲ, ਲੱਖਾ ਸਿਧਾਣਾ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਕਸਬਾ ਰਾਮਪੁਰਾ ਫੂਲ ਵਿਚ ਚੱਲ ਰਹੇ ਸਰਵ ਹਿੱਤਕਾਰੀ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਆਪਣੇ ਸਮਰਥਕਾਂ ਸਮੇਤ ਸਕੂਲ ਦੇ ਸਾਹਮਣੇ ਇਕੱਠੇ ਹੋਏ ਸਨ।

ਲੱਖਾ ਸਿਧਾਣਾ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਇਸ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਸਕੂਲ ਵਿਰੁੱਧ ਪ੍ਰਦਰਸ਼ਨ ਕਰਨਗੇ।

ਅੱਜ ਜਿਵੇਂ ਹੀ ਲੱਖਾ ਸਿਧਾਣਾ ਤੇ ਉਨ੍ਹਾਂ ਦੇ ਸਮਰਥਕ ਸਕੂਲ ਨੇੜੇ ਇਕੱਠੇ ਹੋਏ ਤਾਂ ਪੁਲਿਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਵਿਚ ਲੈ ਲਿਆ।

ਇਸ ਤੋਂ ਪਹਿਲਾਂ ਅੱਜ ਸਵੇਰੇ ਸਿੱਖਿਆ ਵਿਭਾਗ ਦੇ ਅਫਸਰਾਂ ਨੇ ਲੱਖਾ ਸਿਧਾਣਾ ਤੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਸੀ, ਜੋ ਬੇ-ਸਿੱਟਾ ਰਹੀ ਸੀ।

ਸਕੂਲ ਵਾਲਿਆਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸੀਬੀਐੱਸਈ ਦੇ ਸਿਲੇਬਸ ਮੁਤਾਬਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਲਾਜ਼ਮੀ ਵਿਸ਼ੇ ਵਜੋਂ ਕਰਵਾਈ ਜਾ ਰਹੀ ਹੈ।

ਲੱਖਾ ਸਿਧਾਣਾ

ਲੱਖਾ ਸਿੰਘ ਸਿਧਾਣਾ ਦੇ ਆਪਣੇ ਫੇਸਬੁਕ 'ਤੇ ਬੀਤੇ ਦਿਨ ਸਕੂਲ ਪ੍ਰਸ਼ਾਸਨ ਨਾਲ ਗੱਲ ਕਰਦੇ ਹੋਏ ਇੱਕ ਵੀਡੀਓ ਪਾਈ ਹੈ। ਜਿਸ ਵਿੱਚ ਉਹ ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

ਉਹ ਪ੍ਰਿੰਸੀਪਲ ਦਾ ਜ਼ਿਕਰ ਕਰਦੇ ਹੋਏ ਆਖਦੇ ਸੁਣਾਈ ਦਿੰਦੇ ਹਨ ਕਿ ਉਨ੍ਹਾਂ (ਪ੍ਰਿੰਸੀਪਲ) ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਹੈ ਅਤੇ ਇਸੇ 'ਤੇ ਸਵਾਲ ਚੁੱਕਦਿਆਂ ਹੋਇਆ ਉਹ ਕਹਿੰਦੇ ਹਨ ਅਜਿਹਾ ਕਿਉਂ ਹੈ ਕਿ ਪੰਜਾਬ ਦੇ ਸਕੂਲ ਵਿੱਚ ਲੱਗੇ ਪ੍ਰਿੰਸੀਪਲ ਨੂੰ ਪੰਜਾਬੀ ਨਾ ਆਉਂਦੀ ਹੋਵੇ।

ਉਹ ਅੱਗੇ ਬੱਚਿਆਂ ਨੂੰ ਪੁੱਛਦੇ ਹਨ ਕਿ 'ਤੁਹਾਨੰ ਪੰਜਾਬੀ ਬੋਲਣ ਦਿੱਤੀ ਜਾਂਦੀ ਹੈ ਤਾਂ ਅੱਗੋਂ ਬੱਚੇ ਜਵਾਬ ਦਿੰਦੇ ਹਨ ਕਿ ਨਹੀਂ।'

ਇਸ ਦੌਰਾਨ ਵੀਡੀਓ ਵਿੱਚ ਮਾਮਲਾ ਕਾਫੀ ਭਖਦਾ ਨਜ਼ਰ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਵਾਲ ਇਹ ਚੁੱਕਿਆ ਕਿ ਸਕੂਲ ਵਿੱਚ ਆਰਐੱਸਐੱਸ ਆਗੂਆਂ ਦੀਆਂ ਤਸਵੀਰਾਂ ਕਿਉਂ ਲਗਾਈਆਂ ਗਈਆਂ ਹਨ।

ਸਕੂਲ ਦੇ ਅਧਿਆਪਕਾਂ ਨੂੰ ਲਗਾਈਆਂ ਗਈਆਂ ਵਰਦੀਆਂ ਦੇ ਰੰਗ 'ਤੇ ਵੀ ਸਵਾਲ ਚੁੱਕਦੇ ਨਜ਼ਰ ਆ ਰਹੇ ਹਨ।

ਲੱਖਾ ਸਿੰਘ ਸਿਧਾਣਾ

ਤਸਵੀਰ ਸਰੋਤ, LAKHASIDHANA/FB

ਪੁਲਿਸ ਦਾ ਕੀ ਕਹਿਣਾ ਹੈ

ਇਸ ਦੌਰਾਨ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਲਾਜ਼ਮੀ ਹੈ ਅਤੇ ਬਾਕੀ ਹੋਰ ਵੀ ਪੜ੍ਹਾਈਆਂ ਜਾ ਰਹੀਆਂ ਹਨ। ਮੈਨੇਜੈਂਟ ਬੱਚਿਆਂ ਅਤੇ ਮਾਪਿਆਂ ਦੀ ਗੱਲ ਸੁਣੇਗਾ।"

ਰਾਮਪੁਰਾ ਫੂਲ ਸਬ-ਡਵੀਜ਼ਨ ਦੇ ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਸਕੂਲ ਵਿਚ ਪੰਜਾਬੀ ਬਾਰੇ ਕੀ ਵਿਵਾਦ ਹੈ ਤੇ ਸੀਬੀਐੱਸਈ ਦੇ ਨਿਯਮ ਕੀ ਹਨ, ਇਸ ਬਾਰੇ ਜ਼ਿਲ੍ਹਾ ਬਠਿੰਡਾ ਦਾ ਸਿੱਖਿਆ ਵਿਭਾਗ ਸਾਰੀ ਗੱਲ ਦੱਸ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਾ ਇੱਕ 5 ਮੈਂਬਰੀ ਵਫਦ ਸਕੂਲਦੇ ਪ੍ਰਬੰਧਕਾਂ ਨੂੰ ਮਿਲ ਕੇ ਆਪਣੀ ਸ਼ਿਕਾਇਤ ਲਿਖਤੀ ਰੂਪ ਵਿਚ ਦੱਸ ਸਕਦਾ ਹੈ. ਇਹ ਗੱਲ ਮੰਨਣ ਦੀ ਥਾਂ ਕੁੱਝ ਲੋਕ ਹੰਗਾਮਾ ਕਰਨ ਦੀ ਸਕੀਮ ਵਿਚ ਸਨ. ਸਾਡੀ ਕਰਵਾਈ ਮਾਹੌਲ ਨੂੰ ਸ਼ਾਂਤ ਰੱਖਣ ਲਈ ਹੈ।"

"ਪਰ ਇਸ ਤਰ੍ਹਾਂ ਰੋਡ ਬੰਦ ਕਰ ਕੇ ਲੋਕਾਂ ਨੂੰ ਖੱਜਲ ਖੁਆਰ ਕਰਨਾ ਅਤੇ ਰੌਲ਼ੇ-ਰੱਪੇ ਨਾਲ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ। ਸਾਨੂੰ ਕਈ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਦਾ ਫੋਨ ਆਇਆ ਹੈ।"

ਉਹ ਕਹਿੰਦੇ ਹਨ ਕਿ ਬੱਚਿਆਂ ਅਤੇ ਮਾਪਿਆਂ ਦੀਆਂ ਸ਼ਿਕਾਇਤਾਂ ਹੋਰ ਤਰੀਕੇ ਨਾਲ ਵੀ ਸੁਣੀਆਂ ਜਾ ਸਕਦੀਆਂ ਹਨ।

ਉਧਰ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲ ਕਰਦਿਆਂ ਹੋਇਆ ਮਾਪਿਆਂ ਨੇ ਕਿਹਾ ਕਿ ਬੱਚਿਆਂ ਦੇ ਪੰਜਾਬੀ ਬੋਲਣ 'ਤੇ ਰੋਕ ਲਗਾ ਦਿੱਤੀ ਹੈ। ਕੜੇ ਪਾਉਣ ਤੋਂ ਰੋਕਿਆ ਜਾ ਰਿਹਾ ਹੈ। ਇੱਥੋਂ ਤੱਕ ਪੱਗ ਵੀ ਨਹੀਂ ਬੰਨ੍ਹਣ ਦੇ ਰਹੇ ਹਨ।

ਇਸੇ ਵਿਚਾਲੇ ਕਈਆਂ ਦਾ ਕਹਿਣਾ ਹੈ ਕਿ ਸਕੂਲ ਦੇ ਇਸ ਤੋਂ ਪਹਿਲੇ ਪ੍ਰਿੰਸੀਪਲ ਦਾ ਵੀ ਚਾਰ ਦਿਨਾਂ ਦੇ ਅੰਦਰ-ਅੰਦਰ ਅਸਤੀਫ਼ਾ ਲੈ ਲਿਆ ਗਿਆ ਸੀ। ਉਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਲੱਖਾ ਸਿੰਘ ਸਿਧਾਣਾ

ਤਸਵੀਰ ਸਰੋਤ, LAKHASIDHANA/FB

ਮਾਮਲੇ ਬਾਰੇ ਸਕੂਲ ਦਾ ਪੱਖ਼

ਉਧਰ ਸਕੂਲ ਦਾ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੋਈ ਹੋਰ ਹੀ ਪੱਖ ਸਾਹਮਣੇ ਲਿਆ ਰਿਹਾ ਹੈ।

ਇਹ ਸਕੂਲ ਵਿਦਿਆ ਭਾਰਤੀ ਸੁਸਾਇਟੀ ਚਲਾ ਰਹੀ ਹੈ, ਜਿਸ ਦੇ ਪੰਜਾਬ ਵਿੱਚ ਦਰਜਨਾਂ ਸਕੂਲ ਹਨ। ਇਹ ਸੁਸਾਇਟੀ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜਿਆ ਸੰਗਠਨ ਹੈ।

ਵਿੱਦਿਆ ਭਾਰਤੀ ਦੇ ਪ੍ਰਬੰਧ ਹੇਠ ਚਲਦੇ ਸਰਬ ਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਰਾਮਪੁਰਾ ਫੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਰਿੰਦਰ ਗਰਗ ਕਹਿੰਦੇ ਹਨ ਕਿ ਸਕੂਲ ਵਿਚ ਸੀਬੀਐੱਸਸੀ ਦੇ ਸਿਲੇਬਸ ਮੁਤਾਬਕ ਪੰਜਾਬੀ ਪੜ੍ਹਾਈ ਜਾ ਰਹੀ ਹੈ।

"ਸਵੇਰ ਦੀ ਪ੍ਰਾਰਥਨਾ ਵੇਲੇ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਂਦੇ ਹਨ ਤੇ ਸਿਰ ਉੱਪਰ ਪੱਗ ਬੰਨ੍ਹਣ ਵਾਲੇ ਬੱਚਿਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਬਕਾਇਦਾ ਧਿਆਨ ਰੱਖਿਆ ਜਾਂਦਾ ਹੈ।"

ਉਨ੍ਹਾਂ ਨੇ ਕਿਹਾ, "ਬੱਚਿਆਂ ਦੇ ਪੰਜਾਬੀ ਬੋਲਣ 'ਤੇ ਕੋਈ ਪਾਬੰਦੀ ਨਹੀਂ ਹੈ। ਫਿਰ ਵੀ ਜੇਕਰ ਕਿਸੇ ਬੱਚੇ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੈ ਤਾਂ ਸਕੂਲ ਦੀ ਪ੍ਰਬੰਧਕੀ ਕਮੇਟੀ ਹਰ ਸ਼ਿਕਾਇਤ ਦਾ ਹੱਲ ਕਰਨ ਲਈ ਵਚਨਬੱਧ ਹੈ।"

ਵਰਿੰਦਰ ਗਰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਮਸਲਾ ਅਸਲ ਵਿੱਚ ਚਾਰ ਡੀਪੀਜ਼ (ਡਾਇਰੈਕਟਰ ਆਫ਼ ਸਪੋਰਟਸ) ਦੇ ਅਸਤੀਫੇ ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਸਕੂਲ ਵਿਚ 4 ਡੀਪੀਜ਼ ਕੰਮ ਕਰ ਰਹੇ ਸਨ, ਪਰ ਹੁਣ ਖੇਡਾਂ ਦਾ ਸੀਜ਼ਨ ਖ਼ਤਮ ਹੋਣ ਕਾਰਨ ਉਨ੍ਹਾਂ ਦੀ ਡਿਊਟੀ ਅਨੁਸਾਸ਼ਨ ਲਈ ਬਲਾਕ ਦੇ ਹੋਰ ਸਕੂਲਾਂ ਵਿੱਚ ਲਾਈ ਜਾ ਰਹੀ ਸੀ।

ਜਿਸ ਨੂੰ ਉਹ ਕਰਨ ਲਈ ਤਿਆਰ ਨਹੀਂ ਸਨ, ਪਹਿਲਾਂ ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਹੰਗਾਮਾ ਕੀਤਾ ਅਤੇ ਫੇਰ ਜਦੋਂ ਇਹ ਮਸਲਾ ਪ੍ਰਬੰਧਕੀ ਕਮੇਟੀ ਕੋਲ ਗਿਆ ਤਾਂ ਇਨ੍ਹਾਂ ਡੀਪੀਜ਼ ਨੇ ਆਪਣੇ ਅਸਤੀਫ਼ੇ ਦੇ ਦਿੱਤੇ। ਜਿਨ੍ਹਾਂ ਨੂੰ ਪ੍ਰਬੰਧਕੀ ਕਮੇਟੀ ਨੇ ਸਵਿਕਾਰ ਕਰ ਲਏ।

"ਇਸ ਤੋਂ ਬਾਅਦ ਇਨ੍ਹਾਂ ਡੀਪੀਜ਼ ਨੇ ਕਿਹਾ ਕਿ ਉਹ ਸਕੂਲ ਦਾ ਉਨ੍ਹਾਂ ਕੋਲ ਜੋ ਸਮਾਨ ਹੈ ਉਸਨੂੰ ਵਾਪਸ ਕਰਨ ਲਈ ਸਕੂਲ ਆਉਣਾ ਚਾਹੁੰਦੇ ਹਨ। ਉਹ ਜਦੋਂ ਆਏ ਤਾਂ ਹੋਰ ਕਈ ਜਣਿਆ ਨੂੰ ਨਾਲ ਲੈ ਆਏ ਜਿਨ੍ਹਾਂ ਨੇ ਸਕੂਲ ਵਿੱਚ ਆ ਕੇ ਹੰਗਾਮਾ ਕੀਤਾ।

ਪੰਜਾਬੀ ਬੋਲਣ ਨਾ ਦੇਣ ਅਤੇ ਕੜੇ 'ਤੇ ਪਾਬੰਦੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਹਿੰਦੇ ਹਨ, "ਅਜਿਹੀ ਕੋਈ ਗੱਲ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਬੱਚਿਆਂ ਨੇ ਕੜੇ ਵੀ ਪਾਏ ਹੋਏ ਹਨ ਅਤੇ ਪੰਜਾਬੀ ਵੀ ਬੋਲਦੇ ਹਨ।"

"ਸਕੂਲ ਵਿੱਚ ਪੰਜਾਬੀ ਭਾਸ਼ਾ ਨੂੰ ਰੇਗੂਲਰ ਲਾਜ਼ਮੀ ਭਾਸ਼ਾ ਵਜੋਂ ਪੜ੍ਹਾਇਆ ਜਾਂਦਾ ਹੈ ਅਤੇ ਦੂਜੀਆਂ ਭਾਸ਼ਾਵਾਂ ਵੀ ਪੜ੍ਹਾਈਆਂ ਜਾਂਦੀਆਂ ਹਨ।"

ਲੱਖਾ ਸਿਧਾਣਾ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਗਰਗ ਨੇ ਕਿਹਾ ਕਿ ਉਹ ਪਤਾ ਨਹੀਂ ਅਜਿਹਾ ਕਿਉਂ ਕਰ ਰਿਹਾ ਹੈ ਅਤੇ ਇਸ ਸਬੰਧੀ ਅਸੀਂ ਵਿਦਿਆ ਭਾਰਤੀ ਸੁਸਾਇਟੀ ਨੂੰ ਜਾਣਕਾਰੀ ਦੇ ਦਿੱਤੀ ਹੈ।

ਕੀ ਕਹਿੰਦਾ ਹੈ ਜ਼ਿਲ੍ਹਾ ਸਿੱਖਿਆ ਵਿਭਾਗ

ਇਸ ਮਾਮਲੇ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਨੇ ਕਿਹਾ ਕਿ ਉਪ ਸਿੱਖਿਆ ਅਫ਼ਸਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, "ਬੱਚਿਆਂ ਦੇ ਪੰਜਾਬੀ ਬੋਲਣ 'ਤੇ ਜੇਕਰ ਜੁਰਮਾਨਾ ਲਗਾਇਆ ਜਾਂਦਾ ਹੈ ਤਾਂ ਇਹ ਪੂਰਨ ਤੌਰ 'ਤੇ ਗ਼ਲਤ ਹੈ। ਇਸ ਬਾਬਤ ਜੇਕਰ ਕੋਈ ਲਿਖਤੀ ਸ਼ਿਕਾਇਤ ਮੇਰੇ ਕੋਲ ਆਉਂਦੀ ਹੈ ਤਾਂ ਸਿੱਖਿਆ ਵਿਭਾਗ ਦੇ ਨਿਯਮਾਂ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।"

ਵੀਡੀਓ ਕੈਪਸ਼ਨ, ਕਿਉਂ ਹੈ ਲੱਖਾ ਸਿਧਾਣਾ ਨੂੰ ਆਪਣੇ ਪਿਛੋਕੜ 'ਤੇ ਪਛਤਾਵਾ?

ਕੌਣ ਹੈ ਲੱਖਾ ਸਿਧਾਣਾ

ਪਿਛਲੇ ਕੁਝ ਸਾਲਾਂ ਤੋਂ ਲੱਖਾ ਸਿਧਾਣਾ ਦੀ ਪਛਾਣ ਇੱਕ ਅਜਿਹੇ ਸਾਬਕਾ ਗੈਂਗਸਟਰ ਵਜੋਂ ਹੁੰਦੀ ਰਹੀ ਹੈ ਜੋ ਪਹਿਲਾਂ ਸਿਆਸਤ ਵਿੱਚ ਆਇਆ ਤੇ ਫਿਰ ਸਮਾਜਿਕ ਕਾਰਜਾਂ ਵਿੱਚ ਸਰਗਰਮ ਹੋ ਗਏ ਸੀ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਕਿਸਾਨ ਅੰਦੋਲਨ ਵਿੱਚ ਉਹ ਸ਼ੁਰੂ ਤੋਂ ਹੀ ਸੁਰਖ਼ੀਆਂ ਵਿੱਚ ਰਹੇ ਸੀ।

ਉਸ ਨੇ ਕਿਸਾਨ ਮੋਰਚੇ ਵਲੋਂ ਹਲਕਾ ਰਾਮਪੁਰਾ ਫੂਲ ਤੋਂ 2022 ਦੀ ਵਿਧਾਨ ਸਭਾ ਚੋਣ ਵੀ ਲੜੀ ਪਰ ਉਹ ਹਾਰ ਗਿਆ ਸੀ।

ਕਬੱਡੀ ਨਾਲ ਵੀ ਜੁੜੇ ਰਹੇ ਲੱਖਾ ਸਿਧਾਣਾ ਨੇ ਪਿਛਲੇ ਸਾਲਾਂ ਦੌਰਾਨ ਪੰਜਾਬੀ ਸਤਿਕਾਰ ਕਮੇਟੀ ਵਿੱਚ ਸ਼ਾਮਲ ਹੋ ਕੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸੰਘਰਸ਼ ਵੀ ਕੀਤਾ।

ਨੈਸ਼ਨਲ ਹਾਈਵੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ 'ਤੇ ਲਿਖੇ ਜਾਣ ਜਾਂ ਨਾ ਲਿਖੇ ਜਾਣ ਕਾਰਨ ਅੰਗਰੇਜ਼ੀ ਤੇ ਹਿੰਦੀ ਅੱਖਰਾਂ 'ਤੇ ਕਾਲਖ਼ ਪੋਤਣ ਦੀ ਮੁਹਿੰਮ ਵੀ ਲੱਖਾ ਸਿਧਾਣਾ ਨੇ ਹੀ ਚਲਾਈ ਸੀ । ਉਸ ਦੀ ਇਸ ਪੋਚਾਮਾਰ ਮੁਹਿੰਮ ਕਾਫ਼ੀ ਚਰਚਾ ਵਿਚ ਰਹੀ ਸੀ।

ਲੱਖਾ ਸਿਧਾਣਾ ਉਰਫ਼ ਲਖ਼ਬੀਰ ਸਿੰਘ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਿਧਾਣਾ ਪਿੰਡ ਨਾਲ ਸਬੰਧ ਰੱਖਦਾ ਹੈ। ਇੱਕ ਸਮੇਂ ਪੰਜਾਬ ਦੇ ਗੈਂਗਸਟਰਾਂ ਵਿੱਚ ਸ਼ੁਮਾਰ, ਲੱਖਾ ਸਿਧਾਣਾ ਖ਼ਿਲਾਫ਼ ਬੂਥਾਂ 'ਤੇ ਕਬਜ਼ਾ ਕਰਨ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਦੀ ਉਲੰਘਣਾ ਸਮੇਤ ਕਈ ਮਾਮਲੇ ਦਰਜ ਕੀਤੇ ਗਏ ਹਨ।

ਉਸ ਨੇ ਇੱਕ ਇੰਟਰਵਿਊ ਵਿੱਚ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ਉਹ ਵਿਦਿਆਰਥੀ ਆਗੂ ਵਜੋਂ ਛੋਟੇ ਝਗੜਿਆਂ ਵਿੱਚ ਸ਼ਾਮਲ ਸੀ ਪਰ ਬਾਅਦ ਵਿੱਚ ਵੱਡੇ ਮਾਮਲਿਆਂ ਵਿਚ ਉਲਝ ਗਿਆ ਅਤੇ ਫਿਰ ਇੱਕ ਗੈਂਗਸਟਰ ਬਣ ਗਿਆ।

ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਉੱਤੇ ਹਮਲਾ ਵੀ ਹੋਇਆ ਸੀ। ਕਈ ਵਾਰ ਉਹ ਜੇਲ੍ਹ ਵੀ ਗਿਆ ਪਰ ਉਸ ਨੇ ਦਾਅਵਾ ਕੀਤਾ ਸੀ ਕਿ ਫਿਰ ਉਸ ਨੇ ਅਪਰਾਧ ਦੀ ਦੁਨੀਆਂ ਨੂੰ ਛੱਡ ਦਿੱਤਾ ਸੀ।

ਲੱਖਾ ਸਿਧਾਣਾ ਦਾ ਸਿਆਸੀ ਪਾਰਟੀਆਂ ਨਾਲ ਵੀ ਸੰਬੰਧ ਰਿਹਾ ਹੈ। ਪਿਛਲੇ ਕੁੱਝ ਸਾਲਾਂ ਤੋਂ ਉਹ ਸਮਾਜਿਕ ਕੰਮਾਂ ਵਿੱਚ ਸ਼ਾਮਲ ਰਿਹਾ ਸੀ। ਲੱਖਾ ਸਿਧਾਣਾ ਨੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਪੰਜਾਬ ਪੀਪਲਜ਼ ਪਾਰਟੀ (ਪੀਪੀਪੀ) ਦੀ ਟਿਕਟ 'ਤੇ ਵਿਧਾਨ ਸਭਾ ਚੋਣ ਵੀ ਲੜੀ ਜਿਸ ਵਿੱਚ ਉਹ ਹਾਰ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)