ਕੀ ਹੈ ਇਹ ਲਗਜ਼ਰੀ ਪਾਣੀ ਜਿਸ ਦੀ ਇੱਕ ਬੋਤਲ ਲਈ ਅਮੀਰ ਲੋਕ ਹਜ਼ਾਰਾਂ ਰੁਪਏ ਖਰਚ ਕਰਨ ਲਈ ਤਿਆਰ ਹਨ

ਤਸਵੀਰ ਸਰੋਤ, Milin Patel
- ਲੇਖਕ, ਸੁਨੇਥ ਪਰੇਰਾ
- ਰੋਲ, ਬੀਬੀਸੀ ਪੱਤਰਕਾਰ
ਕੀ ਤੁਸੀਂ ਕਦੇ ਅਜਿਹੇ ਰੈਸਟੋਰੈਂਟ ਬਾਰੇ ਸੁਣਿਆ ਹੈ ਜੋ ਵਧੀਆ ਵਾਈਨ ਦੀ ਬਜਾਏ ਲਗਜ਼ਰੀ ਪਾਣੀ ਲਈ ਦੀ ਪੇਸ਼ਕਸ਼ ਕਰਦਾ ਹੈ, ਜਾਂ ਇੱਕ ਵਿਆਹ ਵੇਲੇ ਜੋੜੇ ਸਾਹਮਣੇ ਸ਼ੈਂਪੇਨ ਜਾਂ ਫਲਾਂ ਦੇ ਜੂਸ ਦੀ ਬਜਾਏ ਫੈਂਸੀ H2O ਰੱਖਦਾ ਹੈ?
ਦਰਅਸਲ, ਇਹ ਪਾਣੀ ਮਿਆਰੀ ਖਣਿਜ ਜਾਂ ਪਾਣੀ ਦੀਆਂ ਕਿਸਮਾਂ ਨਾਲੋਂ ਕਿਤੇ ਵੱਧ ਦਾ ਵਾਅਦਾ ਕਰਦਾ ਹੈ ਅਤੇ ਇੱਕ ਬੋਤਲ ਲਈ ਤੁਹਾਨੂੰ ਹਜ਼ਾਰਾਂ ਰੁਪਏ ਖਰਚਣੇ ਪੈ ਸਕਦੇ ਹਨ।
ਇਹ ਉੱਚ-ਕੀਮਤ ਵਾਲੇ ਪੀਣ ਵਾਲੇ ਪਦਾਰਥਾਂ ਨੂੰ ਵਧੀਆ ਪਾਣੀ ਕਿਹਾ ਜਾਂਦਾ ਹੈ ਅਤੇ ਇਹ ਕੁਦਰਤੀ ਸਰੋਤਾਂ ਜਿਵੇਂ ਕਿ ਜਵਾਲਾਮੁਖੀ ਚੱਟਾਨਾਂ, ਗਲੇਸ਼ੀਅਰਾਂ ਤੋਂ ਪਿਘਲਦੀ ਬਰਫ਼, ਜਾਂ ਧੁੰਦ ਦੀਆਂ ਬੂੰਦਾਂ ਤੋਂ ਆਉਂਦੇ ਹਨ। ਇਸ ਨੂੰ ਸਿੱਧਾ ਬੱਦਲਾਂ ਤੋਂ ਵੀ ਕੱਢਿਆ ਜਾ ਸਕਦਾ ਹੈ।
ਹਰੇਕ ਪਾਣੀ ਵਿੱਚ ਉਸ ਥਾਂ ਦੀਆਂ ਵਿਸ਼ੇਸ਼ਤਾਵਾਂ ਹੋਣਗੀਆਂ ਜਿੱਥੇ ਉਹ ਆਉਂਦਾ ਹੈ ਅਤੇ ਆਮ ਬੋਤਲਬੰਦ ਪਾਣੀ ਦੇ ਉਲਟ, ਪੂਰੀ ਤਰ੍ਹਾਂ ਗ਼ੈਰ-ਪ੍ਰੋਸੈਸਡ ਹੁੰਦਾ ਹੈ।
ਦੁਨੀਆ ਭਰ ਵਿੱਚ ਹੁਣ ਸੈਂਕੜੇ ਵਧੀਆ ਪਾਣੀ ਦੇ ਬ੍ਰਾਂਡ ਹਨ ਅਤੇ ਮਾਹਰ ਵੀ ਹਨ ਜੋ ਤੁਹਾਨੂੰ ਉਨ੍ਹਾਂ ਬਾਰੇ ਸਲਾਹ ਦੇ ਸਕਦੇ ਹਨ।

ਤਸਵੀਰ ਸਰੋਤ, Milin Patel
ਕੀ ਪਾਣੀ ਦਾ ਸਵਾਦ ਹੈ?
ਵਾਈਨ ਦੇ ਸਵਾਦ ਚੱਖਣ ਵਾਲਿਆਂ ਵਾਂਗ ਇੱਥੇ ਵਾਟਰ ਸੋਮਲੀਅਰ (ਸਵਾਦ ਚੱਖਣ ਵਾਲੇ) ਵੀ ਹੁੰਦੇ ਹਨ ਜਿਨ੍ਹਾਂ ਦਾ ਕੰਮ ਹਰੇਕ ਉਤਪਾਦ ਦਾ ਮੁਲਾਂਕਣ ਕਰਨਾ ਅਤੇ ਇਸ ਨੂੰ ਖਣਿਜਾਂ, ਸੁਆਦ ਅਤੇ ਮੂੰਹ ਵਿਚਲੇ ਸਵਾਦ ਮੁਤਾਬਕ ਵੱਖ-ਵੱਖ ਕਰਨਾ ਹੁੰਦਾ ਹੈ।
ਲੰਡਨ ਵਿੱਚ ਇੱਕ ਪੌਪ-ਅੱਪ ਸਟੋਰ ਚਲਾਉਣ ਵਾਲੇ ਜਲ ਸਲਾਹਕਾਰ ਅਤੇ ਸੋਮਲੀਅਰ ਮਿਲਿਨ ਪਟੇਲ ਦਾ ਕਹਿਣਾ ਹੈ, "ਪਾਣੀ ਸਿਰਫ਼ ਪਾਣੀ ਹੀ ਨਹੀਂ ਹੈ। ਸਾਡੀ ਦੁਨੀਆਂ ਵਿੱਚ ਹਰੇਕ ਪਾਣੀ ਵੱਖਰਾ ਹੈ ਅਤੇ ਇਸ ਦਾ ਸੁਆਦ ਵੀ ਵੱਖਰਾ ਹੁੰਦਾ ਹੈ।"
ਉਹ ਪਾਣੀ ਦੀ ਖੋਜ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਟੂਟੀ ਅਤੇ ਬੋਤਲਬੰਦ ਪਾਣੀ ਦੀਆਂ ਕਿਸਮਾਂ ਨੂੰ ਚੱਖਣ ਦੇ ਸੈਸ਼ਨ ਚਲਾਉਂਦੇ ਹਨ।
ਪਟੇਲ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਲੋਕਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਪਾਣੀ ਦੀਆਂ ਵੱਖ-ਵੱਖ ਕਿਸਮਾਂ ਅਤੇ ਉਨ੍ਹਾਂ ਦੇ ਸਵਾਦਾਂ ਬਾਰੇ ਜਾਗਰੂਕ ਕਰਨ ਦੇ ਮਿਸ਼ਨ 'ਤੇ ਹਨ।
ਉਹ ਅੱਗੇ ਕਹਿੰਦੇ ਹਨ, "ਸਕੂਲ ਵਿੱਚ ਅਸੀਂ ਕੁਦਰਤੀ ਹਾਈਡ੍ਰੋਲੋਜੀਕਲ ਚੱਕ, ਭਾਫੀਕਰਨ ਸੰਘਣਾਪਣ ਅਤੇ ਵਰਖਾ ਬਾਰੇ ਪੜ੍ਹਦੇ ਹਾਂ। ਹਾਲਾਂਕਿ, ਅਸੀਂ ਇੱਕ ਬਿੰਦੂ ਤੋਂ ਖੁੰਝ ਗਏ ਅਤੇ ਉਹ ਹੈ ਰੀਮਿਨਰਲਾਈਜ਼ੇਸ਼ਨ।"
"ਇਸ ਲਈ, ਜਦੋਂ ਮੀਂਹ ਜ਼ਮੀਨ 'ਤੇ ਪੈਂਦਾ ਹੈ, ਇਹ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਸਿਲਿਕਾ, ਆਦਿ ਵਰਗੇ ਖਣਿਜ ਪ੍ਰਦਾਨ ਕਰਨ ਲਈ ਵੱਖ-ਵੱਖ ਚੱਟਾਨਾਂ ਅਤੇ ਮਿੱਟੀ ਵਿੱਚ ਜਜ਼ਬ ਹੋ ਜਾਂਦਾ ਹੈ ਅਤੇ ਫਿਰ ਪ੍ਰਵੇਸ਼ ਕਰਦਾ ਹੈ। ਇਹੀ ਪ੍ਰਕਿਰਿਆ ਪਾਣੀ ਨੂੰ ਖਣਿਜਾਂ ਦਾ ਸੁਆਦ ਦਿੰਦੀ ਹੈ।"

ਤਸਵੀਰ ਸਰੋਤ, Getty Images
ਕੁਦਰਤੀ ਤੌਰ 'ਤੇ ਜ਼ਮੀਨ ਵਿੱਚੋਂ ਨਾ ਗੁਜ਼ਰਨ ਵਾਲੇ ਆਈਸਬਰਗ ਜਾਂ ਮੀਂਹ ਵਰਗੇ ਸਰੋਤਾਂ ਤੋਂ ਮਿਲੇ ਪਾਣੀ ਵਿੱਚ ਆਮ ਤੌਰ 'ਤੇ ਚਸ਼ਮੇ ਅਤੇ ਖੂਹਾਂ ਦੇ ਪਾਣੀ ਦੀ ਤੁਲਨਾ ਵਿੱਚ ਕੁੱਲ ਘੁਲਣਸ਼ੀਲ ਠੋਸ ਪਦਾਰਥ (ਟੀਡੀਐੱਸ) ਦਾ ਪੱਧਰ ਘੱਟ ਹੁੰਦਾ ਹੈ।
ਪਟੇਲ ਕੋਲ ਦੁਨੀਆਂ ਭਰ ਦੇ ਵੱਖ-ਵੱਖ ਪਾਣੀਆਂ ਦਾ ਸੰਗ੍ਰਹਿ ਹੈ, ਜਿਸ ਵਿੱਚ ਟੂਟੀ ਦੇ ਪਾਣੀ ਤੋਂ ਲੈ ਕੇ ਵਧੀਆ ਪਾਣੀ ਤੱਕ ਹੈ ਜਿਸ ਦੀ ਕੀਮਤ ਇੱਕ ਬੋਤਲ 318 ਅਮਰੀਕੀ ਡਾਲਰ ਤੱਕ ਹੈ।
ਉਨ੍ਹਾਂ ਦੇ ਸੈਸ਼ਨਾਂ ਵਿੱਚ ਉਨ੍ਹਾਂ ਦਾ ਸੁਆਦ ਚੱਖਣ ਤੋਂ ਬਾਅਦ, ਲੋਕ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਹਰੇਕ ਪਾਣੀ ਦਾ ਸੁਆਦ ਕਿਵੇਂ ਵੱਖਰਾ ਹੁੰਦਾ ਹੈ।
ਪਟੇਲ ਨੇ ਸਮਝਾਉਂਦੇ ਹਨ, "ਅਸੀਂ ਲੋਕਾਂ ਨੂੰ ਬਿਨਾਂ ਸਵਾਦ ਵਾਲਾ ਪਾਣੀ ਦੇਖਣ ਦਾ ਮੌਕਾ ਦਿੰਦੇ ਹਾਂ। ਜਦੋਂ ਤੁਸੀਂ ਪਾਣੀ ਦੀ ਖੋਜ ਕਰਨਾ ਅਤੇ ਸੋਚ-ਸਮਝ ਕੇ ਪੀਣਾ ਸ਼ੁਰੂ ਕਰਦੇ ਹੋ, ਤਾਂ ਤੁਸੀਂ ਇਸ ਦੀ ਸ਼ਬਦਾਵਲੀ ਨੂੰ ਦੇਖ ਕੇ ਹੈਰਾਨ ਹੋ ਸਕਦੇ ਹੋ।"
"ਸਾਨੂੰ ਉਸ ਵੇਲੇ ਸੁਣਨ ਨੂੰ ਮਿਲਣ ਵਾਲੀ ਸ਼ਬਦਾਵਲੀ ਵਿੱਚ, ਨਰਮ, ਮਲਾਈਦਾਰ, ਟਿੰਗਲੀ, ਮਖਮਲੀ, ਕੌੜਾ ਅਤੇ ਕਦੇ-ਕਦੇ ਖੱਟਾ, ਮਿਲਦਾ ਹੈ। ਮੈਂ ਇਸ ਨੂੰ ਐਕੁਆਟੈਸਟੋਲੋਜੀ ਕਹਿੰਦਾ ਹਾਂ।"
ਉਹ ਅੱਗੇ ਦੱਸਦੇ ਹਨ, "ਬਹੁਤ ਸਾਰੇ ਲੋਕ ਅਕਸਰ ਕਹਿੰਦੇ ਹਨ 'ਓ, ਇਹ ਮੈਨੂੰ ਮੇਰੀ ਜਵਾਨੀ ਦੀ ਯਾਦ ਦਿਵਾਉਂਦਾ ਹੈ', 'ਇਹ ਮੈਨੂੰ ਛੁੱਟੀਆਂ ਦੀ ਯਾਦ ਦਿਵਾਉਂਦਾ ਹੈ' ਜਾਂ 'ਇਹ ਮੈਨੂੰ ਮੇਰੇ ਦਾਦਾ-ਦਾਦੀ ਦੇ ਘਰ ਦੀ ਯਾਦ ਦਿਵਾਉਂਦਾ ਹੈ'।"

ਤਸਵੀਰ ਸਰੋਤ, Getty Images
ਪਾਣੀ ਦਾ ਸਵਾਦ ਚੱਖਣ ਦਾ ਮੁਕਾਬਲਾ
ਫਾਈਨ ਵਾਟਰ ਸੁਸਇਟੀ ਹਰ ਸਾਲ ਦੁਨੀਆ ਭਰ ਦੇ ਵਧੀਆ ਪਾਣੀ ਉਤਪਾਦਕਾਂ ਨੂੰ ਇਕੱਠਾ ਕਰ ਕੇ ਅੰਤਰਰਾਸ਼ਟਰੀ ਸਵਾਦ ਮੁਕਾਬਲਿਆਂ ਦੀ ਮੇਜ਼ਬਾਨੀ ਕਰਦੀ ਹੈ, ਜਿਨ੍ਹਾਂ ਵਿੱਚ ਭੂਟਾਨ ਤੋਂ ਇਕਵਾਡੋਰ ਤੱਕ ਦੇਸ਼ ਸ਼ਾਮਲ ਹੁੰਦੇ ਹੈ।
ਸਾਲਾਨਾ ਸੰਮੇਲਨ ਵਿਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਲੋਕ ਦੂਰ-ਦੁਰਾਡੇ ਦੇ ਖੇਤਰਾਂ ਤੋਂ ਪਾਣੀ ਪੈਦਾ ਕਰਨ ਵਾਲੇ ਪਰਿਵਾਰਕ ਕਾਰੋਬਾਰਾਂ ਨਾਲ ਸਬੰਧਤ ਹੁੰਦੇ ਹਨ।
ਫਾਈਨ ਵਾਟਰ ਸੁਸਾਇਟੀ ਅਤੇ ਫਾਈਨ ਵਾਟਰ ਅਕੈਡਮੀ ਦੇ ਸਹਿ-ਸੰਸਥਾਪਕ, ਡਾਕਟਰ ਮਾਈਕਲ ਮਾਸਚਾ ਕਹਿੰਦੇ ਹਨ, "ਸ਼ੁਰੂਆਤ ਵਿੱਚ ਪਾਣੀ ਨੂੰ ਚੱਖਣਾ, ਇੱਕ ਬਹੁਤ ਹੀ ਹਾਸੋਹੀਣਾ ਵਿਚਾਰ ਮੰਨਿਆ ਜਾਂਦਾ ਸੀ।"
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਂ ਇਹ ਸਾਰੀ ਪ੍ਰਕਿਰਿਆ ਲਗਭਗ 20 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਜਦੋਂ ਮੈਂ ਸ਼ਰਾਬ ਪੀਣੀ ਬੰਦ ਕਰ ਦਿੱਤੀ।"
"ਜਦੋਂ ਵਾਈਨ ਨੂੰ ਅਚਾਨਕ ਹਟਾ ਦਿੱਤਾ ਤਾਂ ਮੈਂ ਮੇਜ਼ ਦੇ ਆਲੇ ਦੁਆਲੇ ਦੇਖਿਆ ਅਤੇ ਉੱਥੇ ਅਚਾਨਕ ਇੱਕ ਹੋਰ ਬੋਤਲ ਸੀ ਜੋ ਮੈਂ ਪਹਿਲਾਂ ਨਹੀਂ ਦੇਖੀ ਸੀ, ਉਹ ਸੀ ਪਾਣੀ ਦੀ ਬੋਤਲ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਆਪਣੀ ਐਪੀਕਿਊਰੀਅਨ (ਕਿਸੇ ਚੀਜ਼ ਦੇ ਸਵਾਦ ਦੀ) ਉਤਸੁਕਤਾ ਦੀ ਵਰਤੋਂ ਕਰ ਸਕਦਾ ਹਾਂ ਅਤੇ ਇਸ ਨੂੰ ਵਾਈਨ ਦੀ ਬਜਾਏ ਪਾਣੀ ਵਿੱਚ ਲਗਾ ਸਕਦਾ ਹਾਂ।"
ਉਹ ਮੰਨਦੇ ਹਨ ਕਿ ਫਾਈਨ ਪਾਣੀ ਹਾਈਡ੍ਰੇਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਪ੍ਰਦਾਨ ਕਰਦਾ ਹੈ।
ਇਹ ਲੋਕਾਂ ਲਈ ਵਿਲੱਖਣ ਚੀਜ਼ ਦੀ ਖੋਜ ਕਰਨ, ਸਾਂਝਾ ਕਰਨ ਅਤੇ ਆਨੰਦ ਲੈਣ ਦਾ ਇੱਕ ਮੌਕਾ ਦਿੰਦੇ ਹਨ ਅਤੇ ਤੁਸੀਂ ਬੱਚਿਆਂ ਦੇ ਨਾਲ ਵੀ ਅਜਿਹਾ ਕਰ ਸਕਦੇ ਹੋ, ਅਜਿਹਾ ਜੋ ਵਾਈਨ ਨਾਲ ਨਹੀਂ ਕੀਤਾ ਜਾ ਸਕਦਾ।
ਡਾ. ਮਾਸਚਾ ਦਾ ਦਾਅਵਾ ਹੈ ਕਿ ਹੁਣ ਵਧੀਆ ਪਾਣੀ ਦੀ ਮੰਗ ਵਧ ਰਹੀ ਹੈ ਅਤੇ ਉਹ ਮੰਨਦੇ ਹਨ ਕਿ ਇਹ ਘੱਟ ਅਲਕੋਹਲ ਅਤੇ ਕਾਰਬੋਨੇਟਿਡ ਸਾਫਟ ਡ੍ਰਿੰਕਜ਼ ਪੀਣ ਦੇ ਰੁਝਾਨ ਨਾਲ ਚਲਾਇਆ ਜਾਂਦਾ ਹੈ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ, ਜੋ ਸਿਹਤਮੰਦ ਜੀਵਨ ਸ਼ੈਲੀ ਵਿੱਚ ਜ਼ਿਆਦਾ ਵਿਸ਼ਵਾਸ਼ ਰੱਖਦੀ ਹੈ।
ਇਸ ਤੋਂ ਇਲਾਵਾ, ਇਹ ਦੁਰਲੱਭ, ਗ਼ੈਰ-ਪ੍ਰੋਸੈਸ ਕੀਤੇ ਪਾਣੀਆਂ ਨੂੰ ਵਿੰਟੇਜ ਵਾਈਨ ਵਾਲੀ ਪਿੱਠਭੂਮੀ ਵਾਲੀ ਕਹਾਣੀ ਵਾਂਗ ਹੀ ਨਾਲ ਪ੍ਰਚਾਰਿਆ ਜਾ ਸਕਦਾ ਹੈ, ਜੋ ਉਨ੍ਹਾਂ ਨੂੰ ਹੋਰ ਆਕਰਸ਼ਕ ਬਣਾਉਣ ਵਿੱਚ ਮਦਦ ਕਰਦੀ ਹੈ।

ਤਸਵੀਰ ਸਰੋਤ, Getty/BBC
ਪਾਣੀ ਅਤੇ ਭੋਜਨ
ਸਪੇਨ ਅਤੇ ਸੰਯੁਕਤ ਰਾਜ ਵਰਗੇ ਦੇਸ਼ਾਂ ਵਿੱਚ ਕੁਝ ਰੈਸਟੋਰੈਂਟ ਹੁਣ ਮੀਨੂ ਵਿੱਚ ਉਨ੍ਹਾਂ ਦੇ ਖ਼ਾਸ ਪਕਵਾਨਾਂ ਨਾਲ ਖ਼ਾਸ ਕਿਸਮ ਦੇ ਵਧੀਆ ਪਾਣੀ ਦੀ ਪੇਸ਼ਕਸ਼ ਕਰਦੇ ਹਨ।
ਡਾ. ਮਾਸਚਾ ਆਖਦੇ ਹਨ, "ਮੈਂ ਅੱਜ ਕੱਲ੍ਹ ਅਮਰੀਕਾ ਦੇ ਇੱਕ ਤਿੰਨ-ਸਿਤਾਰਾ ਮਿਸ਼ੇਲਿਨ ਰੈਸਟੋਰੈਂਟ ਲਈ ਵਾਟਰ ਮੀਨੂ ਬਣਾ ਰਿਹਾ ਹਾਂ। ਅਸੀਂ 12 ਤੋਂ 15 ਧਿਆਨ ਨਾਲ ਕਿਉਰੇਟ ਕੀਤੇ ਪਾਣੀ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਾਂ ਜੋ ਭੋਜਨ ਅਤੇ ਮਾਹੌਲ ਦੇ ਪੂਰਕ ਹਨ।"
"ਜਦੋਂ ਤੁਸੀਂ ਮੱਛੀ ਖਾਂਦੇ ਹੋ ਤਾਂ ਤੁਹਾਨੂੰ ਕਬਾਬ ਨਾਲ ਦਿੱਤੇ ਜਾਣ ਵਾਲੇ ਪਾਣੀ ਮੁਕਾਬਲੇ ਇੱਕ ਵੱਖਰਾ ਪਾਣੀ ਦਿੱਤਾ ਜਾਵੇਗਾ। ਮੱਛੀ ਵਿੱਚ ਦਖ਼ਲਅੰਦਾਜ਼ੀ ਤੋਂ ਬਚਣ ਲਈ ਇਸ ਵਿੱਚ ਘੱਟ ਖਣਿਜ ਹੋਣੇ ਚਾਹੀਦੇ ਹਨ।"
ਡਾਕਟਰ ਮਾਸਚਾ ਸੁਪਰ-ਲਗਜ਼ਰੀ ਹਾਊਸਿੰਗ ਅਤੇ ਅਪਾਰਟਮੈਂਟ ਪ੍ਰੋਜੈਕਟਾਂ ਨਾਲ ਵੀ ਕੰਮ ਕਰਦੇ ਹਨ ਜੋ ਵਾਈਨ ਸੈਲਰਾਂ ਦੀ ਬਜਾਏ 'ਵਾਟਰ ਐਕਸਪੀਰੀਅੰਸ ਰੂਮ' ਦੀ ਵਿਸ਼ੇਸ਼ਤਾ ਪ੍ਰਦਾਨ ਕਰਦੇ ਹਨ।
ਡਾ. ਮਾਸਚਾ ਇਹ ਵੀ ਧਿਆਨ ਦਿਵਾਉਂਦੇ ਹਨ ਕਿ ਧਾਰਮਿਕ ਕਾਰਨਾਂ ਕਰਕੇ ਸ਼ਰਾਬ ਤੋਂ ਪਰਹੇਜ਼ ਕਰਨ ਵਾਲੇ ਸੱਭਿਆਚਾਰਾਂ ਵਿੱਚ ਵਧੀਆ ਪਾਣੀ ਵੀ ਪ੍ਰਸਿੱਧ ਹੈ, ਖ਼ਾਸ ਕਰਕੇ ਵਿਆਹਾਂ ਵਿੱਚ। ਉਹ ਦਾਅਵਾ ਕਰਦੇ ਹਨ ਕਿ ਇਹ ਮਹਿੰਗੀ ਸ਼ੈਂਪੇਨ ਨੂੰ ਬਦਲਣ ਲਈ ਇੱਕ ਵਧੀਆ ਬਦਲਵਾ ਤੋਹਫ਼ਾ ਵੀ ਹੋ ਸਕਦਾ ਹੈ।
ਰੁਝਾਨ ਹੋਣਦੇ ਨਾਲ-ਨਾਲ ਇਸ ਦੇ ਆਲੋਚਕ ਵੀ ਹਨ।

ਤਸਵੀਰ ਸਰੋਤ, Getty Images
'ਨੈਤਿਕ ਤੌਰ 'ਤੇ ਗ਼ਲਤ'
ਦੁਨੀਆਂ ਭਰ ਵਿੱਚ ਲੱਖਾਂ ਲੋਕ ਹਨ ਜੋ ਸਾਫ਼ ਪਾਣੀ ਤੱਕ ਪਹੁੰਚਣ ਲਈ ਵੀ ਸੰਘਰਸ਼ ਕਰ ਰਹੇ ਹਨ, ਅਤੇ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਸਭ ਤੋਂ ਬੁਨਿਆਦੀ ਲੋੜਾਂ ਦਾ ਮੁਦਰੀਕਰਨ ਕਰਨ ਦੇ ਵਿਚਾਰ 'ਤੇ ਜ਼ੋਰ ਦਿੰਦੇ ਹਨ।
ਸੰਯੁਕਤ ਰਾਸ਼ਟਰ ਮੁਤਾਬਕ, 2022 ਵਿੱਚ, 220 ਕਰੋੜ ਲੋਕਾਂ ਕੋਲ ਅਜੇ ਵੀ ਸੁਰੱਖਿਅਤ ਢੰਗ ਨਾਲ ਪ੍ਰਬੰਧਿਤ ਪੀਣ ਵਾਲੇ ਪਾਣੀ ਦੀ ਘਾਟ ਹੈ, ਜਿਸ ਵਿੱਚ 70.3 ਕਰੋੜ ਵੀ ਇੱਕ ਬੁਨਿਆਦੀ ਪਾਣੀ ਤੋਂ ਬਿਨਾਂ ਰਹਿ ਰਹੇ ਹਨ।
ਕਈ ਆਲੋਚਕ ਇਹ ਦਲੀਲ ਦਿੰਦੇ ਹਨ ਕਿ ਇਹ ਫੈਸ਼ਨ ਸਿਰਫ਼ ਇੱਕ ਛਲਾਵਾ ਹੈ, ਪਾਣੀ ਸਿਰਫ਼ ਪਾਣੀ ਹੈ ਅਤੇ ਇਸ ਦੀ ਕੀਮਤ ਤੋਂ ਇਲਾਵਾ ਪੀਣਯੋਗ ਟੂਟੀ ਦੇ ਪਾਣੀ, ਬੋਤਲਬੰਦ ਪਾਣੀ ਅਤੇ ਅਖੌਤੀ ਵਧੀਆ ਪਾਣੀ ਵਿੱਚ ਕੋਈ ਫਰਕ ਨਹੀਂ ਹੈ।
ਜਦਕਿ ਵਾਤਾਵਰਣ ਵਿਗਿਆਨੀ ਦੱਸਦੇ ਹਨ ਕਿ ਕਿਸੇ ਵੀ ਕਿਸਮ ਦਾ ਬੋਤਲਬੰਦ ਪਾਣੀ ਸਾਡੀ ਧਰਤੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਉਹ ਕੂੜੇ ਦੇ ਰੂਪ ਵਿੱਚ ਜਾਂ ਟੋਇਆ ਦੇ ਭਰਨ ਵਜੋਂ ਖ਼ਤਮ ਹੁੰਦੇ ਹਨ।

ਤਸਵੀਰ ਸਰੋਤ, Getty Images
ਲੰਡਨ ਵਿੱਚ ਗ੍ਰੇਸ਼ਮ ਕਾਲਜ ਦੀ ਵਾਤਾਵਰਣ ਦੀ ਪ੍ਰੋਫੈਸਰ ਐਮਰੀਟਾ ਕੈਰੋਲਿਨ ਰੌਬਰਟਸ, ਦਾ ਮੰਨਣਾ ਹੈ ਕਿ ਪਾਣੀ ਦੀ ਇੱਕ ਬੋਤਲ ਲਈ ਸੈਂਕੜੇ ਡਾਲਰ ਖਰਚ ਕਰਨਾ ਅਨੈਤਿਕ ਹੈ, ਜਦਕਿ ਲੱਖਾਂ ਲੋਕ ਸਾਫ਼ ਪਾਣੀ ਲਈ ਸੰਘਰਸ਼ ਕਰਦੇ ਹਨ।
ਉਹ ਬੀਬੀਸੀ ਨੂੰ ਦੱਸਦੇ ਹਨ, "ਇਹ ਰਾਤ ਦੇ ਖਾਣੇ 'ਤੇ ਗਏ ਲੋਕਾਂ ਸਾਹਮਣੇ ਲਗਭਗ ਆਪਣੀ ਦੌਲਤ ਦਾ ਦਿਖਾਵਾ ਕਰਨ ਦੇ ਵਾਂਗ ਹੈ। ਜਦੋਂ ਤੁਸੀਂ ਕਹਿੰਦੇ ਹੋ, 'ਠੀਕ ਹੈ, ਮੈਂ ਪਾਣੀ ਦੀ ਇਸ ਸ਼ਾਨਦਾਰ ਬੋਤਲ ਲਈ ਭੁਗਤਾਨ ਕਰ ਰਿਹਾ ਹਾਂ ਜੋ ਅੰਟਾਰਕਟਿਕਾ ਜਾਂ ਹਵਾਈ ਵਿੱਚੋਂ ਕਿਤਿਓਂ ਆਇਆ ਹੈ ਤਾਂ ਲੋਕਾਂ ਨੂੰ ਚੰਗਾ ਲੱਗਦਾ। ਪਰ, ਅਸਲ ਵਿੱਚ, ਕਿਸੇ ਨੂੰ ਇਸਦਾ ਕੋਈ ਲਾਭ ਨਹੀਂ ਹੁੰਦਾ ਹੈ, ਇਹ ਸਭ ਪੈਸੇ ਦੇ ਦਿਖਾਵੇ ਵਰਗਾ ਹੈ।"
"ਸਭ ਤੋਂ ਮਹੱਤਵਪੂਰਨ, ਇਹ ਵਾਤਾਵਰਣ ਲਈ ਬਹੁਤ ਨੁਕਸਾਨਦਾਇਕ ਵੀ ਹੈ। ਭਾਵੇਂ ਇਹ ਪਲਾਸਟਿਕ ਹੈ ਜੋ ਮਾਈਕ੍ਰੋਪਲਾਸਟਿਕਸ ਵਿੱਚ ਘਟਦੀ ਹੈ, ਉਤਪਾਦਨ ਲਈ ਜੈਵਿਕ ਈਂਧਨ ਦੀ ਲੋੜ ਹੁੰਦੀ ਹੈ, ਜਾਂ ਕੱਚ ਜੋ ਬਹੁਤ ਭਾਰੀ ਹੁੰਦਾ ਹੈ ਅਤੇ ਇਸ ਨੂੰ ਦੂਰ-ਦੁਰਾਡੇ ਖੇਤਰਾਂ ਤੋਂ ਹਜ਼ਾਰਾਂ ਮੀਲ ਦੂਰ ਲੈ ਕੇ ਜਾਣ ਦੀ ਲੋੜ ਪੈਂਦੀ ਹੈ, ਜਿਸ ਨਾਲ ਕਾਰਬਨ ਨਿਕਾਸੀ ਨਾਲ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ।"
"ਇਸ ਲਈ, ਇਹ ਸਿਰਫ਼ ਪੈਸੇ ਦੀ ਗੱਲ ਨਹੀਂ ਹੈ। ਇਹ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਬਾਰੇ ਵੀ ਹੈ ਜੋ ਇਨ੍ਹਾਂ ਅਖੌਤੀ ਵਧੀਆ ਪਾਣੀਆਂ ਦਾ ਕਾਰਨ ਬਣਦਾ ਹੈ।"

ਤਸਵੀਰ ਸਰੋਤ, Getty Images
ਪਰ ਡਾ. ਮਾਸਚਾ ਦਲੀਲ ਦਿੰਦੇ ਹਨ ਕਿ ਵਧੀਆ ਪਾਣੀ ਸਿਰਫ਼ ਅਮੀਰਾਂ ਲਈ ਹੀ ਪੈਦਾ ਨਹੀਂ ਕੀਤੇ ਜਾਂਦੇ ਹਨ ਕਿਉਂਕਿ ਇੱਥੇ ਕੁਝ ਗੁਣਵੱਤਾ ਵਾਲੇ ਵਧੀਆ ਪਾਣੀ ਹਨ ਜਿਨ੍ਹਾਂ ਦੀ ਕੀਮਤ ਸਿਰਫ਼ 2 ਅਮਰੀਕੀ ਡਾਲਰ ਹੈ ।
ਇਹ ਕੁਦਰਤੀ ਵਧੀਆ ਪਾਣੀ ਅਤੇ ਪ੍ਰੋਸੈਸਡ ਪਾਣੀ ਦੇ ਵਿਚਕਾਰ ਇੱਕ ਫਰਕ ਦਰਸਾਉਂਦੇ ਹੈ, ਜਿਸ ਨਾਲ ਵਾਤਾਵਰਣ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ।
"ਸਥਿਰਤਾ ਦੇ ਦ੍ਰਿਸ਼ਟੀਕੋਣ ਤੋਂ, ਪਲਾਸਟਿਕ ਦੀ ਬੋਤਲ ਵਿੱਚ ਪ੍ਰੋਸੈਸਡ ਟੂਟੀ ਦੇ ਪਾਣੀ ਨੂੰ ਪਾਉਣ ਦਾ ਕੋਈ ਮਤਲਬ ਨਹੀਂ ਹੈ। ਤੁਸੀਂ ਆਪਣੀ ਐੱਸਯੂਵੀ ਨਾਲ ਸੁਪਰਮਾਰਕੀਟ ਵਿੱਚ ਜਾਂਦੇ ਹੋ, ਪਲਾਸਟਿਕ ਦੀਆਂ ਬੋਤਲਾਂ ਨੂੰ ਘਰ ਲੈ ਆਉਂਦੇ ਹੋ, ਇਸਨੂੰ ਪੀਂਦੇ ਹੋ ਅਤੇ ਬੋਤਲ ਨੂੰ ਸੁੱਟ ਦਿੰਦੇ ਹੋ। ਇਹ ਬਿਲਕੁਲ ਬੇਕਾਰ ਹੈ।"
ਪ੍ਰੋਸੈਸਡ ਬੋਤਲਬੰਦ ਪਾਣੀ ਦੀ ਵਰਤੋਂ ਕਰਨ ਦੀ ਬਜਾਇ, ਉਹ ਹਾਈਡਰੇਸ਼ਨ ਲਈ ਟੂਟੀ ਦੇ ਪਾਣੀ ਦੀ ਵਰਤੋਂ ਕਰਨ ਦਾ ਸੁਝਾਅ ਦਿੰਦੇ ਹਨ।
ਉਹ ਸਿੱਟਾ ਕੱਢਦੇ ਹਨ, "ਅਸੀਂ ਅਕਸਰ ਇਹ ਭੁੱਲ ਜਾਂਦੇ ਹਾਂ ਕਿ ਪੀਣ ਯੋਗ ਟੂਟੀ ਦਾ ਪਾਣੀ ਅਸਲ ਵਿੱਚ ਇੱਕ ਖ਼ਾਸ ਅਧਿਕਾਰ ਹੈ ਜੋ ਦੁਨੀਆ ਭਰ ਵਿੱਚ ਬਹੁਤੇ ਲੋਕਾਂ ਕੋਲ ਨਹੀਂ ਹੈ।"












