ਬਿਗ ਬੌਸ 'ਚ ਪੁੱਜੇ ਤਜਿੰਦਰਪਾਲ ਬੱਗਾ ਕੌਣ ਹਨ ਜਿਨ੍ਹਾਂ ਦੇ ਸਲਮਾਨ ਖਾਨ ਖ਼ਿਲਾਫ਼ ਪੁਰਾਣੇ ਟਵੀਟ ਤੋਂ ਵਿਵਾਦ ਛਿੜਿਆ ਹੈ

ਤਸਵੀਰ ਸਰੋਤ, TajinderBagga/FB
ਭਾਜਪਾ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਰਿਐਲਿਟੀ ਟੀਵੀ ਸ਼ੋਅ ਬਿਗ ਬੌਸ ਦੇ ਅਠਾਰਵੇਂ ਸੀਜ਼ਨ ਵਿੱਚ ਨਜ਼ਰ ਆਉਣ ਤੋਂ ਬਾਅਦ ਸੁਰਖੀਆਂ 'ਚ ਹਨ।
6 ਅਕਤੂਬਰ ਨੂੰ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਅਦਾਕਾਰ ਸਲਮਾਨ ਖਾਨ ਨੇ ਬੱਗਾ ਨੂੰ ਸ਼ੋਅ ਦੇ ਪੰਜਵੇਂ ਪ੍ਰਤੀਯੋਗੀ ਵਜੋਂ ਪੇਸ਼ ਕੀਤਾ।
ਬੱਗਾ, ਜਿਨ੍ਹਾਂ ਨੇ 2020 ਵਿੱਚ ਦਿੱਲੀ ਵਿਧਾਨ ਸਭਾ ਚੋਣ ਲੜੀ ਸੀ, ਆਪਣੇ ਵਿਵਾਦਪੂਰਨ ਸਿਆਸੀ ਬਿਆਨਾਂ ਕਰਕੇ ਵਿਆਪਕ ਤੌਰ 'ਤੇ ਜਾਣੇ ਜਾਂਦੇ ਹਨ।
ਪ੍ਰੀਮੀਅਰ ਐਪੀਸੋਡ ਦੌਰਾਨ, ਤਜਿੰਦਰ ਨੇ ਦੱਸਿਆ ਕਿ ਉਹ ਚਾਰ ਸਾਲ ਦੀ ਉਮਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵਿੱਚ ਸ਼ਾਮਲ ਹੋਏ ਸੀ ਅਤੇ 14 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਜੇਲ੍ਹ ਗਏ ਸਨ।

ਬੱਗਾ ਦੇ ਪੁਰਾਣੇ ਟਵੀਟ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਛਿੜੀ ਬਹਿਸ

ਤਸਵੀਰ ਸਰੋਤ, TajinderBagga/X
ਭਾਜਪਾ ਦੇ ਬੁਲਾਰੇ ਦਾ ਨਾਮ ਬਿਗ ਬੌਸ ਵਿੱਚ ਪ੍ਰਤੀਯੋਗੀ ਵਜੋਂ ਸਾਹਮਣੇ ਆਉਂਦਿਆਂ ਹੀ ਉਹ ਟਵਿੱਟਰ 'ਤੇ ਚਰਚਾ ਦਾ ਵਿਸ਼ਾ ਬਣ ਗਏ।
ਉਨ੍ਹਾਂ ਵਲੋਂ ਪਹਿਲਾਂ ਕੀਤੇ ਗਏ ਵਿਵਾਦਿਤ ਟਵੀਟ ਅਤੇ ਟਿੱਪਣੀਆਂ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਹਨ। ਕੁੱਝ ਲੋਕਾਂ ਨੇ ਟਵੀਟ ਕਰ ਲਿਖਿਆ ਕਿ ਬਿਗ ਬੌਸ 'ਚ ਭਾਗ ਲੈ ਰਹੇ ਬੱਗਾ ਨੇ ਜੋ ਸਲਮਾਨ ਖਾਨ ਦੇ ਖਿਲਾਫ ਆਲੋਚਨਾਤਮਕ ਟਵੀਟ ਕੀਤੇ ਸੀ, ਉਹ ਹੁਣ ਉਨ੍ਹਾਂ ਵਲੋਂ ਡਿਲੀਟ ਕਰ ਦਿੱਤੇ ਗਏ ਹਨ।

ਤਸਵੀਰ ਸਰੋਤ, X
ਟਵਿੱਟਰ ਯੂਜ਼ਰ ਅੰਬਾਲੀਕਾ ਸਿੰਘ ਲਿਖਦੀ ਹੈ, "ਬੀਜੇਪੀ ਵਰਕਰ ਤਜਿੰਦਰ ਬੱਗਾ ਸਲਮਾਨ ਖਾਨ ਵੱਲੋਂ ਹੋਸਟ ਕੀਤੇ ਜਾਣ ਵਾਲੇ ਰਿਐਲਟੀ ਸ਼ੋਅ ਬਿਗ ਬੌਸ 18 ਵਿੱਚ ਜਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਚੁੱਪਚਾਪ ਉਹ ਸਾਰੇ ਟਵੀਟ ਡਿਲੀਟ ਕਰ ਦਿੱਤੇ ਹਨ, ਜਿੱਥੇ ਉਨ੍ਹਾਂ ਨੇ ਸਲਮਾਨ ਖਾਨ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਉਨ੍ਹਾਂ ਨੂੰ ਐਂਟੀ ਨੈਸ਼ਨਲ ਕਿਹਾ ਸੀ। "
ਇਹ ਹੋਰ ਟਵਿੱਟਰ ਯੂਜ਼ਰ ਡਾਕਟਰ ਅਹਿਮਦ ਰੇਹਾਨ ਖਾਨ ਲਿਖਦੇ ਹਨ, "ਕੀ ਇਹ ਉਹੀ ਭਾਜਪਾ ਆਗੂ ਨਹੀਂ ਜਿਸ ਨੇ ਸਲਮਾਨ ਖਾਨ 'ਤੇ ਭਾਰਤ ਵਿਰੋਧੀ ਗੁਪਤ ਏਜੰਟ ਹੋਣ ਦਾ ਇਲਜ਼ਾਮ ਲਾਇਆ ਸੀ। ਹੁਣ ਉਹ ਹੀ ਬਿੱਗ ਬੌਸ 'ਚ ਉਨ੍ਹਾਂ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।"

ਤਸਵੀਰ ਸਰੋਤ, X
ਕਾਨੂੰਨੀ ਸਮੱਸਿਆਵਾਂ ਅਤੇ ਵਿਵਾਦ
ਆਪਣੇ ਪੂਰੇ ਸਿਆਸੀ ਜੀਵਨ ਦੌਰਾਨ, ਬੱਗਾ ਕਈ ਕਾਨੂੰਨੀ ਲੜਾਈਆਂ ਅਤੇ ਵਿਵਾਦਾਂ ਵਿੱਚ ਉਲਝੇ ਰਹੇ ਹਨ।
2022 ਵਿੱਚ, ਉਨ੍ਹਾਂ ਨੂੰ ਪੰਜਾਬ ਪੁਲਿਸ ਦੁਆਰਾ ਭੜਕਾਊ ਸੋਸ਼ਲ ਮੀਡੀਆ ਪੋਸਟਾਂ ਨਾਲ ਸਬੰਧਤ ਇਲਜ਼ਾਮਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਗ੍ਰਿਫਤਾਰੀ ਇੱਕ 'ਆਪ' ਆਗੂ ਵੱਲੋਂ ਦਾਇਰ ਸ਼ਿਕਾਇਤ 'ਤੇ ਕੀਤੀ ਗਈ ਸੀ, ਜਿਸ ਨੇ ਇਲਜ਼ਾਮ ਲਾਇਆ ਸੀ ਕਿ ਬੱਗਾ ਨੇ ਭੜਕਾਊ ਬਿਆਨ ਦਿੱਤੇ, ਅਫਵਾਹਾਂ ਫੈਲਾਈਆਂ ਅਤੇ ਧਾਰਮਿਕ ਅਤੇ ਫਿਰਕੂ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਇੱਕ ਪ੍ਰਦਰਸ਼ਨ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਸੀ।
ਭਾਜਪਾ ਨੇ ਆਮ ਆਦਮੀ ਪਾਰਟੀ (ਆਪ) 'ਤੇ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲਾਏ, ਉਨ੍ਹਾਂ ਦੀ ਗ੍ਰਿਫਤਾਰੀ ਨਾਲ ਸਿਆਸੀ ਤੂਫਾਨ ਆ ਗਿਆ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਦੀ 2011 ਵਿੱਚ ਜਨਤਕ ਤੌਰ ਉੱਤੇ ਕੁੱਟਮਾਰ ਤੋਂ ਬਾਅਦ ਬੱਗਾ ਚਰਚਾ ਵਿੱਚ ਆਏ ਸਨ। ਪ੍ਰਸ਼ਾਂਤ ਭੂਸ਼ਨ ਅੰਨਾ ਹਜ਼ਾਰੇ ਦੀ ਟੀਮ ਦਾ ਹਿੱਸਾ ਰਹੇ ਸਨ ਅਤੇ ਕਸ਼ਮੀਰ ਉੱਪਰ ਰੈਫਰੈਂਡਮ ਦੀ ਟਿੱਪਣੀ ਤੋਂ ਬਾਅਦ ਬੱਗਾ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸੀ।
2019 ਵਿੱਚ ਲੋਕ ਸਭਾ ਚੋਣਾਂ ਪ੍ਰਚਾਰ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੰਗਾਲ ਵਿੱਚ ਰੈਲੀ ਤੋਂ ਬਾਅਦ ਵੀ ਬੱਗਾ ਚਰਚਾ ਵਿੱਚ ਆਏ ਸਨ। ਬੰਗਾਲ ਪੁਲੀਸ ਵੱਲੋਂ ਬੱਗਾ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਟੀਐੱਮਸੀ ਅਤੇ ਬੀਜੇਪੀ ਕਾਰਕੁਨਾਂ ਵਿੱਚ ਝੜਪਾਂ ਤੋਂ ਬਾਅਦ ਬੱਗਾ ਉਪਰ ਕੇਸ ਦਰਜ ਕੀਤਾ ਗਿਆ ਸੀ ਅਤੇ ਹਿਰਾਸਤ ਵਿੱਚ ਲਿਆ ਸੀ।
ਕੌਣ ਹਨ ਤਜਿੰਦਰਪਾਲ ਸਿੰਘ ਬੱਗਾ
39 ਸਾਲਾ ਤਜਿੰਦਰ ਪਾਲ ਸਿੰਘ ਬੱਗਾ ਦਿੱਲੀ ਦੇ ਹਰੀ ਨਗਰ ਤੋਂ 2020 ਵਿੱਚ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਅਤੇ ਭਾਰਤੀ ਜਨਤਾ ਪਾਰਟੀ ਦਿੱਲੀ ਯੂਨਿਟ ਦੇ ਬੁਲਾਰੇ ਹਨ। ਉਹ ਕੇਜਰੀਵਾਲ 'ਤੇ ਟਿੱਪਣੀ ਕਰਨ ਵਾਲੇ ਵਿਵਾਦ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਰਹੇ ਹਨ।
ਸੋਸ਼ਲ ਮੀਡੀਆ ਉੱਪਰ ਤਜਿੰਦਰ ਪਾਲ ਸਿੰਘ ਬੱਗਾ ਦੇ ਵੱਡੀ ਗਿਣਤੀ ਵਿੱਚ ਫਾਲੋਅਰਸ ਹਨ ਅਤੇ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਨਿਵਾਸ 'ਤੇ ਕੀਤੀ ਸੋਸ਼ਲ ਮੀਡੀਆ ਇੰਫਲੂਐਂਸਰਜ਼ ਦੀ ਬੈਠਕ ਵਿੱਚ ਵੀ ਬੱਗਾ ਸ਼ਾਮਲ ਸਨ।

ਤਸਵੀਰ ਸਰੋਤ, Getty Images
2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਬੱਗਾ ਨੂੰ ਟਿਕਟ ਨਹੀਂ ਦਿੱਤੀ ਗਈ ਸੀ। ਨਾਗਰਿਕਤਾ ਕਾਨੂੰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਬੰਧਨ ਵਿੱਚ ਚੋਣਾਂ ਲੜਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਹਰੀਨਗਰ ਤੋਂ ਭਾਜਪਾ ਨੇ ਬਾਅਦ ਵਿੱਚ ਬੱਗਾ ਨੂੰ ਉਮੀਦਵਾਰ ਘੋਸ਼ਿਤ ਕੀਤਾ ਸੀ।
2020 ਦੀਆਂ ਚੋਣਾਂ ਸਮੇਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਉਪਰ ਤਿੰਨ ਐਫਆਈਆਰਜ਼ ਦਰਜ ਸਨ।
ਇਨ੍ਹਾਂ ਵਿੱਚੋਂ ਇੱਕ ਪ੍ਰਸ਼ਾਂਤ ਭੂਸ਼ਨ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀ ਜਦੋਂ ਕਿ ਦੋ ਵਿਰੋਧ ਪ੍ਰਦਰਸ਼ਨ ਕਾਰਨ ਦਰਜ ਹੋਈਆਂ ਸਨ। ਇਕ ਵਿਰੋਧ ਪ੍ਰਦਰਸ਼ਨ ਕਾਂਗਰਸ ਦਫ਼ਤਰ ਦੇ ਬਾਹਰ ਕੀਤਾ ਗਿਆ ਸੀ ਜਦੋਂ ਕਿ ਦੂਜਾ ਪ੍ਰਦਰਸ਼ਨ ਕਸ਼ਮੀਰ ਵਿੱਚ ਧਾਰਾ 370 ਦੇ ਮਾਮਲੇ ਵਿੱਚ ਸੀ।
2017 ਵਿੱਚ ਉਨ੍ਹਾਂ ਨੂੰ ਦਿੱਲੀ ਭਾਜਪਾ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ।
ਬਿੱਗ ਬੌਸ 'ਚ ਨਜ਼ਰ ਆਉਣਗੇ ਇਹ ਚਿਹਰੇ

ਤਸਵੀਰ ਸਰੋਤ, X/Bigg Boss 18 live
ਸਲਮਾਨ ਖਾਨ ਵੱਲੋਂ ਹੋਸਟ ਕੀਤੇ ਜਾ ਰਹੇ ਪ੍ਰਸਿੱਧ ਰਿਐਲਿਟੀ ਸ਼ੋਅ ਬਿਗ ਬੌਸ ਦਾ ਗ੍ਰੈੰਡ ਪ੍ਰੀਮੀਅਰ 6 ਅਕਤੂਬਰ ਨੂੰ ਕੀਤਾ ਗਿਆ ਸੀ।
ਪ੍ਰੀਮੀਅਰ ਵਿੱਚ ਅਧਿਆਤਮਿਕ ਆਗੂ ਅਨਿਰੁੱਧਚਾਰੀਆ ਇੱਕ ਮਹਿਮਾਨ ਵਜੋਂ ਹਾਜ਼ਰ ਹੋਏ।
ਪ੍ਰੀਮੀਅਰ ਦੌਰਾਨ ਦੱਸਿਆ ਗਿਆ ਕਿ ਇਸ ਸਾਲ ਸ਼ੋਅ ਦਾ ਥੀਮ 'ਟਾਈਮ ਕਾ ਟੰਡਵ' ਰਹੇਗਾ।
ਬਿਗਬੌਸ ਯੂਕੇ ਦੇ ਮਸ਼ਹੂਰ ਰਿਯਲਿਟੀ ਸ਼ੋਅ ਬਿਗ ਬ੍ਰਦਰ ਦਾ ਭਾਰਤੀ ਰੂਪ ਹੈ। ਸ਼ੋਅ ਵਿੱਚ, 21 ਸ਼ਖਸੀਅਤਾਂ ਨੂੰ ਇੱਕ ਕਸਟਮ-ਬਿਲਟ ਘਰ ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਉਹਨਾਂ ਨੂੰ ਚੌਵੀ ਘੰਟੇ ਫਿਲਮਾਇਆ ਜਾਂਦਾ ਹੈ।
ਹਫਤਾਵਾਰੀ ਦਰਸ਼ਕਾਂ ਦੀਆਂ ਵੋਟਾਂ ਰਾਹੀਂ ਪ੍ਰਤੀਯੋਗੀ ਬਾਹਰ ਕਢੇ ਜਾਂਦੇ ਹਨ ਅਤੇ ਜੋ ਸ਼ੋਅ ਦੇ ਅੰਤ ਤੱਕ ਬਰਕਰਾਰ ਰਹੇ ਉਸ ਨੂੰ ਵਿਜੇਤਾ ਘੋਸ਼ਿਤ ਕੀਤਾ ਜਾਂਦਾ ਹੈ।
ਇਸ ਸਾਲ ਨਾਇਰਾ ਬੈਨਰਜੀ, ਕਰਨ ਵੀਰ ਮਹਿਰਾ, ਅਵਿਨਾਸ਼ ਮਿਸ਼ਰਾ, ਤਜਿੰਦਰ ਬੱਗਾ, ਸ਼ਿਲਪਾ ਸ਼ਿਰੋਡਕਰ, ਸ਼ਰੁਤਿਕਾ, ਚਾਹਤ ਪਾਂਡੇ, ਸ਼ਹਿਜ਼ਾਦਾ ਧਾਮੀ, ਚੁਮ ਦਰੰਗ, ਰਜਤ ਦਲਾਲ, ਮੁਸਕਾਨ ਬਾਮਨੇ, ਅਰਫੀਨ ਖਾਨ, ਸਾਰਾ ਅਰਫੀਨ, ਖਾਨ, ਈਸ਼ਾ ਸਿੰਘ, ਵਿਵਿਅਨ ਭਾਬੇਨਾ, ਐਡਵੋਕੇਟ ਗੁਣਰਤਨਾ ਅਤੇ ਐਲਿਸ ਕੌਸ਼ਿਕ ਬਿਗ ਬੌਸ ਵਿੱਚ ਨਜ਼ਰ ਆਉਣਗੇ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












