ਪੰਜਾਬ ਪੁਲਿਸ ਨੇ ਕੇਜਰੀਵਾਲ ਦੀ ਸੁਰੱਖਿਆ 'ਚੋਂ ਜਵਾਨ ਕਿਉਂ ਹਟਾਏ, 'ਆਪ' ਤੇ ਭਾਜਪਾ ਵਿਚਾਲੇ ਹੋਈ ਤਿੱਖੀ ਬਿਆਨਬਾਜ਼ੀ

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਟਾ ਲਿਆ ਗਿਆ ਹੈ।
ਹਾਲਾਂਕਿ, ਦਿੱਲੀ ਪੁਲਿਸ ਵੱਲੋਂ ਉਹਨਾਂ ਦੀ Z+ m ਸੁਰੱਖਿਆ ਜਾਰੀ ਰੱਖੀ ਜਾਵੇਗੀ।
ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਪਟਿਆਲਾ ਵਿੱਚ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਫੈਸਲੇ ਨੂੰ ਲੈ ਕੇ ਰੋਸ ਪ੍ਰਗਟਾਇਆ ਹੈ ਤੇ ਕਿਹਾ ਹੈ ਇਸ ਨਾਲ ਕੇਜਰੀਵਾਲ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਵਿਅਕਤੀਗਤ ਸੁਰੱਖਿਆ ਨੂੰ ਸਿਆਸਤ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਭਾਜਪਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਨਾ ਕਰਨ ਕਰਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡੀਜੀਪੀ ਨੇ ਕੀ ਦੱਸਿਆ

ਤਸਵੀਰ ਸਰੋਤ, @DGPPunjabPolice
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, "ਸਮੇਂ-ਸਮੇਂ 'ਤੇ, ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਧਮਕੀਆਂ ਦੀਆਂ ਰਿਪੋਰਟਾਂ ਮਿਲਦੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਸਬੰਧਤ ਏਜੰਸੀਆਂ ਨਾਲ ਸਾਂਝਾ ਕਰਦੇ ਹਾਂ।''
ਉਨ੍ਹਾਂ ਅੱਗੇ ਕਿਹਾ, "ਅੱਜ ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਅਸੀਂ ਕੇਜਰੀਵਾਲ ਦੀ ਸੁਰੱਖਿਆ ਵਿੱਚ ਸ਼ਾਮਲ ਪੰਜਾਬ ਪੁਲਿਸ ਨੂੰ ਹਟਾ ਲਿਆ ਹੈ। ਅਸੀਂ ਆਪਣੇ ਇਨਪੁਟਸ ਦਿੱਲੀ ਪੁਲਿਸ ਨਾਲ ਸਾਂਝਾ ਕਰਦੇ ਰਹਾਂਗੇ।”
ਪੰਜਾਬ ਦੇ ਏਡੀਜੀਪੀ ਸੁਰੱਖਿਆ ਐੱਸਐੱਸ ਸ਼੍ਰੀਵਾਸਤਵ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੰਜਾਬ ਪੁਲਿਸ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ, ਪਰ ਹੁਣ ਪੰਜਾਬ ਪੁਲਿਸ ਨੂੰ ਹਟਾ ਲਿਆ ਗਿਆ ਹੈ।
ਮੋਦੀ-ਸ਼ਾਹ ਕੇਜਰੀਵਾਲ ਦੀ ਜ਼ਿੰਦਗੀ ਨਾਲ ਖੇਡ ਰਹੇ - ਆਤਿਸ਼ੀ

ਤਸਵੀਰ ਸਰੋਤ, @AtishiAAP
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕੇਜਰੀਵਾਲ ਦੀ ਸੁਰੱਖਿਆ 'ਚੋਂ ਪੰਜਾਬ ਪੁਲਿਸ ਨੂੰ ਹਟਾਏ ਜਾਣ ਨੂੰ ਲੈ ਕੇ ਰੋਸ ਜਤਾਇਆ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ, ਆਤਿਸ਼ੀ ਨੇ ਇਸ ਪੂਰੇ ਮਾਮਲੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਬਕਾ ਮੁੱਖ ਮੰਤਰੀ ਦੇ 'ਜੀਵਨ ਨਾਲ ਖੇਡ ਰਹੇ ਹਨ'।
ਇਸ ਦੇ ਨਾਲ ਹੀ ਉਨ੍ਹਾਂ ਚੋਣ ਕਮਿਸ਼ਨ 'ਤੇ ਵੀ ਸਵਾਲ ਚੁੱਕੇ ਕਿ ਕੇਜਰੀਵਾਲ 'ਤੇ 'ਵਾਰ-ਵਾਰ ਹੁੰਦੇ ਹਮਲਿਆਂ' ਦੇ ਬਾਵਜੂਦ ਕਮਿਸ਼ਨ ਚੁੱਪ ਕਿਉਂ ਹੈ।

ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਉਨ੍ਹਾਂ ਲਿਖਿਆ, ''ਅਮਿਤ ਸ਼ਾਹ ਜੀ ਦੇ ਇਸ਼ਾਰਿਆਂ ਉੱਤੇ ਅੱਜ ਦਿੱਲੀ ਪੁਲਿਸ ਨੇ ਜ਼ਬਰਦਸਤੀ ਕੇਜਰੀਵਾਲ ਦੀ ਪੰਜਾਬ ਪੁਲਿਸ ਸੁਰੱਖਿਆ ਹਟਵਾ ਦਿੱਤੀ।''
''ਕੀ ਮੋਦੀ-ਸ਼ਾਹ ਕੇਜਰੀਵਾਲ ਦੀ ਜਾਨ ਨਾਲ ਖਿਲਵਾੜ ਕਰਨਾ ਚਾਹੁੰਦੇ ਹਨ? ''
''ਚੋਣ ਕਮਿਸ਼ਨ ਕਦੋਂ ਤੱਕ ਮੂਕਦਰਸ਼ਕ ਬਣਿਆ ਰਹੇਗਾ? ਇੱਕ ਕੌਮੀ ਪਾਰਟੀ ਦੇ ਨੇਤਾ 'ਤੇ ਵਾਰ-ਵਾਰ ਹੋ ਰਹੇ ਹਮਲੇ 'ਤੇ ਚੁੱਪੀ ਕਿਉਂ?''
ਗੁੰਡੇ ਇੱਥੇ ਡੰਡੇ ਲੈ ਕੇ ਘੁੰਮ ਰਹੇ ਹਨ - ਸੰਜੇ ਸਿੰਘ

ਤਸਵੀਰ ਸਰੋਤ, @AAP
ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਵੀ ਇਸ ਬਾਰੇ ਐਕਸ 'ਤੇ ਸਵਾਲ ਕਰਦਿਆਂ ਲਿਖਿਆ, ''ਅੱਜ ਹੀ, ਦਿੱਲੀ ਪੁਲਿਸ ਨੇ ਅਰਵਿੰਦ ਕੇਜਰੀਵਾਲ ਲਈ ਪੰਜਾਬ ਪੁਲਿਸ ਦੀ ਸੁਰੱਖਿਆ ਹਟਾ ਦਿੱਤੀ ਅਤੇ ਅੱਜ ਹੀ, ਗੁੰਡੇ ਇੱਥੇ ਡੰਡੇ ਲੈ ਕੇ ਘੁੰਮ ਰਹੇ ਹਨ।''
''ਅਸੀਂ ਸ਼ਿਕਾਇਤ ਕਰ ਰਹੇ ਹਾਂ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।''
ਭਾਜਪਾ ਨੇ ਕੀਤਾ ਪਲਟਵਾਰ
ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਨਾ ਕਰਨ ਕਰਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਅਤੇ ਆਪ ਸਰਕਾਰ ਦੇ ਵਿਚਕਾਰ ਦਾ ਮਸਲਾ ਹੈ।
ਅਰਵਿੰਦ ਕੇਜਰੀਵਾਲ ਦੇ ਖਿਲਾਫ ਚੋਣ ਲੜ ਰਹੇ ਭਾਜਪਾ ਆਗੂ ਪਰਵੇਸ਼ ਵਰਮਾ ਨੇ ਇਸ ਪੂਰੇ ਮਸਲੇ ਨੂੰ ਡਰਾਮਾ ਕਰਾਰ ਦਿੱਤਾ ਹੈ ਤੇ ਕਿਹਾ ਕਿ ਕੇਜਰੀਵਾਲ ਅੱਗੇ ਇਸ ਮੁੱਦੇ ਉੱਤੇ ਹਮਦਰਦੀ ਲੈਣ ਦੀ ਕੋਸ਼ਿਸ਼ ਕਰਨਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












