ਕੇਂਦਰ ਦੇ 'ਆਫ਼ਰ' ਮਗਰੋਂ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹਾਇਤਾ ਲਈ, ਡਾਕਟਰ ਸਵੈਮਾਨ ਨੇ ਕੀ ਸਵਾਲ ਚੁੱਕੇ

ਡਾਕਟਰ ਸਵੈਮਾਨ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੂੰ ਗੁਮਰਾਹ ਕੀਤਾ ਹੈ।

ਤਸਵੀਰ ਸਰੋਤ, BBC/Dr Swaiman Singh

ਤਸਵੀਰ ਕੈਪਸ਼ਨ, ਡਾਕਟਰ ਸਵੈਮਾਨ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੂੰ ਗੁਮਰਾਹ ਕੀਤਾ ਹੈ।

ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ।

ਹਲਾਂਕਿ ਅਮਰੀਕੀ ਡਾਕਟਰ ਸਵੈਮਾਨ ਸਿੰਘ ਨੇ ਦਾਅਵਾ ਕੀਤਾ ਹੈ ਕਿ 14 ਫਰਵਰੀ ਦੀ ਕਿਸਾਨ ਅਤੇ ਕੇਂਦਰ ਸਰਕਾਰ ਦੀ ਬੈਠਕ ਤੱਕ ਜਗਜੀਤ ਸਿੰਘ ਨੂੰ ਨਿਰੋਲ ਦਵਾਈਆਂ ਨਾਲ ਜਿਊਂਦਾ ਨਹੀਂ ਰੱਖਿਆ ਜਾ ਸਕਦਾ।

ਸਵੈਮਾਨ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੂੰ ਗੁਮਰਾਹ ਕੀਤਾ ਹੈ।

ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਨੂੰ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਗੱਲਬਾਤ ਲਈ ਭੇਜੇ ਲਿਖ਼ਤੀ ਸੱਦੇ ਤੋਂ ਬਾਅਦ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਲਈ ਰਾਜੀ ਹੋਏ ਹਨ।

ਡੱਲੇਵਾਲ ਦੇ ਹੱਕ ਵਿੱਚ 121 ਹੋਰ ਕਿਸਾਨ ਵੀ ਪਿਛਲੇ ਚਾਰ ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਹਨ। ਕੇਂਦਰੀ ਵਫ਼ਦ ਨੇ ਜਦੋਂ ਕਿਸਾਨਾਂ ਨਾਲ ਬੈਠਕ ਦੌਰਾਨ ਗੱਲਬਾਤ ਦਾ ਲਿਖਤੀ ਸੱਦਾ ਸੌਪਿਆਂ ਅਤੇ ਅਪੀਲ ਕੀਤੀ ਕਿ ਡੱਲੇਵਾਲ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦੇਣ।

ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ।

ਤਸਵੀਰ ਸਰੋਤ, BBC/Kulveer Singh

ਤਸਵੀਰ ਕੈਪਸ਼ਨ, ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ।

ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈਣ ਬਾਰੇ ਫੈਸਲਾ ਮਰਨ ਵਰਤ ਉੱਤੇ ਬੈਠੇ ਦੂਜੇ ਕਿਸਾਨਾਂ ਅਤੇ ਹੋਰ ਆਗੂਆਂ ਉੱਤੇ ਛੱਡਿਆ। ਜਿਨ੍ਹਾਂ ਨੇ ਕੇਂਦਰੀ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਫੈਸਲਾ ਮੈਡੀਕਲ ਸਹਾਇਤਾ ਲੈਣ ਦਾ ਐਲਾਨ ਕੀਤਾ।

ਸਰਕਾਰੀ ਵਫ਼ਦ ਨੇ ਸ਼ਨੀਵਾਰ ਸ਼ਾਮੀ 7 ਵਜੇ ਦੇ ਕਰੀਬ ਲਿਖਤੀ ਸੱਦਾ ਪੇਸ਼ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਕਾਤ ਕੀਤੀ।

ਜਿਸ ਤੋਂ ਬਾਅਦ ਡੱਲੇਵਾਲ ਨੇ ਫ਼ੈਸਲਾ ਦੂਜੇ ਕਿਸਾਨ ਆਗੂਆਂ ਉੱਤੇ ਛੱਡ ਦਿੱਤਾ।

ਕਿਸਾਨ ਆਗੂਆਂ ਨੇ ਦੱਸਿਆ ਕਿ ਡੱਲੇਵਾਲ ਦੀ ਨਾਜ਼ੁਕ ਸਿਹਤ ਨੂੰ ਦੇਖਦਿਆਂ ਦੂਜੇ ਕਿਸਾਨਾਂ ਨੇ ਸਰਕਾਰ ਨਾਲ ਗੱਲਬਾਤ ਦਾ ਰਾਹ ਖੁੱਲ੍ਹਣ ਉੱਤੇ ਮੈਡੀਕਲ ਸਹਾਇਤਾ ਲੈਣ ਦਾ ਫੈਸਲਾ ਕੀਤਾ।

ਪਰ ਨਾਲ ਹੀ ਉਨ੍ਹਾਂ ਸਾਫ਼ ਕੀਤਾ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਦੂਜੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਮਰਨ ਵਰਤ ਖ਼ਤਮ ਕੀਤਾ ਜਾਵੇਗਾ।

ਕਿਸਾਨਾਂ ਨਾਲ ਗੱਲਬਾਤ ਕਰਨ ਵਾਲੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਜੁਆਇੰਟ ਸਕੱਤਰ ਪ੍ਰਿਆ ਰੰਜਨ ਦੀ ਅਗਵਾਈ ਵਿੱਚ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਸਾਬਕਾ ਏਡੀਜੀਪੀ ਜਸਕਰਨ ਸਿੰਘ ਅਤੇ ਨਰਿੰਦਰ ਭਾਰਗਵ ਮੌਜੂਦ ਸਨ।

ਕਿਸਾਨ ਆਗੂਆਂ ਵੱਲੋਂ ਅਭਿਮੰਨਿਊ ਕੋਹਾੜ ਅਤੇ ਕਾਕਾ ਸਿੰਘ ਕੋਟੜਾ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਨੁਮਾਇੰਦੇ ਮੌਜੂਦ ਸਨ।

ਇੰਝ ਬਣੀ ਸਹਿਮਤੀ

ਕੇਂਦਰੀ ਖੇਤੀ ਤੇ ਕਿਸਾਨ ਭਲਾਈ ਵਿਭਾਗ ਦੇ ਜਾਇੇੰਟ ਸਕੱਤਰ ਪ੍ਰਿਆ ਰੰਜਨ ਨੇ ਮੀਡੀਆ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ 14 ਫਰਬਰੀ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਲਈ ਬੈਠਕ ਲਈ ਲਿਖਤੀ ਸੱਦਾ ਪੱਤਰ ਭੇਜਿਆ ਹੈ।

ਦਿੱਲੀ ਵਿੱਚ ਚੋਣ ਜ਼ਾਬਤਾ ਹੋਣ ਕਾਰਨ ਇਹ ਬੈਠਕ ਚੰਡੀਗੜ੍ਹ ਦੇ ਗਾਂਧੀ ਭਵਨ ਵਿੱਚ ਹੋਵੇਗੀ।ਇਸ ਬੈਠਕ ਵਿੱਚ ਕੇਂਦਰੀ ਤੇ ਪੰਜਾਬ ਦੇ ਮੰਤਰੀ ਸ਼ਾਮਲ ਹੋਣਗੇ ਅਤੇ ਬੈਠਕ ਦਾ ਸਮਾਂ ਸ਼ਾਮੀ ਪੰਜ ਵਜੇ ਤੈਅ ਕੀਤਾ ਗਿਆ ਹੈ।

ਬੈਠਕ ਦੇਰੀ ਨਾਲ ਰੱਖੇ ਜਾਣ ਬਾਰੇ ਕਿਸਾਨ ਆਗੂ ਸੁਖਦੇਵ ਸਿੰਘ ਹਰਦੋਆਣਾ ਨੇ ਦੱਸਿਆ ਕਿ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਡੱਲੇਵਾਲ ਸਿਹਤਯਾਬ ਹੋਣਗੇ ਅਤੇ ਬੈਠਕ ਵਿੱਚ ਸ਼ਾਮਲ ਹੋਣਗੇ।

ਸਰਕਾਰ ਵੀ ਜਗਜੀਤ ਸਿੰਘ ਡੱਲੇਵਾਲ ਦੀ ਹਾਜ਼ਰੀ ਵਿੱਚ ਬੈਠਕ ਕਰਨਾ ਚਾਹੁੰਦੀ ਹੈ, ਇਸੇ ਲਈ ਦੇਰੀ ਨਾਲ ਬੈਠਕ ਕਰਨ ਦਾ ਫੈਸਲਾ ਮੰਨਿਆ ਗਿਆ ਹੈ।

ਕੇਂਦਰ ਸਰਕਾਰ ਦਾ ਵਫਦ ਡੱਲੇਵਾਲ ਨੂੰ ਮਿਲਿਆ

ਤਸਵੀਰ ਸਰੋਤ, kulveer singh/bbc

ਪ੍ਰਿਆ ਰੰਜਨ ਨੇ ਕਿਹਾ ਕਿ ਇਹ ਮੀਟਿੰਗ ਫ਼ਰਵਰੀ 2024 ਨੂੰ ਚੰਡੀਗੜ੍ਹ ਵਿੱਚ ਮੀਟਿੰਗ ਤੋਂ ਬਾਅਦ ਉਸੇ ਲੜੀ ਵਿੱਚ ਅੱਜ ਦੀ ਮੀਟਿੰਗ ਹੋਈ ਹੈ।

ਇਸ ਤੋਂ ਬਾਅਦ 14 ਫ਼ਰਵਰੀ 2025 ਨੂੰ ਸ਼ਾਮ ਪੰਜ ਵਜੇ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਮੀਟਿੰਗ ਲਈ ਬੁਲਾਇਆ ਹੈ। ਇਹ ਮੀਟਿੰਗ ਚੰਡੀਗੜ੍ਹ ਵਿੱਚ ਰੱਖੀ ਗਈ ਹੈੇ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਿਸਾਨਾਂ ਨੇ ਡੱਲੇਵਾਲ ਨੂੰ ਕੀਤੀ ਅਪੀਲ

ਕੇਂਦਰ ਸਰਕਾਰ ਦੇ ਨੁਮਾਇੰਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਜੁਆਇੰਟ ਸਕੱਤਰ ਪ੍ਰਿਆ ਰੰਜਨ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ

ਤਸਵੀਰ ਸਰੋਤ, Jagjit Singh Dallewal/FB

ਤਸਵੀਰ ਕੈਪਸ਼ਨ, ਕੇਂਦਰ ਸਰਕਾਰ ਦੇ ਨੁਮਾਇੰਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਜੁਆਇੰਟ ਸਕੱਤਰ ਪ੍ਰਿਆ ਰੰਜਨ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ

ਬੈਠਕ ਹੋਣ ਤੋਂ ਬਾਅਦ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਖਨੌਰੀ ਬਾਰਡਰ ਉੱਤੇ ਬਣੀ ਸਟੇਜ ਤੋਂ ਸਾਰੇ ਕਿਸਾਨਾਂ ਅੱਗੇ ਗੱਲਬਾਤ ਦੌਰਾਨ ਵਿਚਾਰੇ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ।

ਅਭਿਮੰਨਿਊ ਕੋਹਾੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਸਟੈਂਡ ਗੱਲਬਾਤ ਲਈ ਤਿਆਰ ਕਰ ਦਿੱਤਾ ਹੈ।

ਕੋਹਾੜ ਨੇ ਕਿਹਾ ਸੀ, "ਅੱਜ ਦੀ ਮੀਟਿੰਗ ਵਿੱਚ ਇਹ ਵੀ ਚਰਚਾ ਹੋਈ ਕਿ ਅਗਲੀ ਮੀਟਿੰਗ 14 ਜਨਵਰੀ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਪਰ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਵਿੱਚ 9 ਤਾਰੀਕ ਤੱਕ ਚੋਣ ਜਾਬਤਾ ਲੱਗਿਆ ਹੋਵੇਗਾ ਅਤੇ ਉਸ ਸਮੇਂ ਸਰਕਾਰ ਕੋਈ ਵੀ ਐਲਾਨ ਨਹੀਂ ਕਰ ਸਕੇਗੀ।"

"ਕੇਂਦਰ ਸਰਕਾਰ ਚਾਹੁੰਦੀ ਹੈ ਕਿ ਦੋਵਾਂ ਪੱਖਾਂ ਦਰਮਿਆਨ ਜੋ ਵੀ ਗੱਲ ਹੋਵੇ ਉਸ ਸਮੇਂ ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ ਮੌਜੂਦ ਹੋਣ।"

ਉਨ੍ਹਾਂ ਕਿਹਾ, "ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕੇ ਸਾਡੇ ਸਾਰਿਆਂ ਵਿੱਚੋਂ ਕੋਈ ਵੀ ਡੱਲੇਵਾਲ ਸਾਹਿਬ ਜਿੰਨਾ ਤਜ਼ਰਬੇਕਾਰ ਨਹੀਂ ਅਤੇ ਉਨ੍ਹਾਂ ਦੀ ਗੱਲਬਾਤ ਵਿੱਚ ਮੌਜੂਦਗੀ ਯਕੀਨੀ ਬਣਾਉਣ ਲਈ ਡੱਲੇਵਾਲ ਸਾਹਿਬ ਨੂੰ ਮੈਡੀਕਲ ਸਹਾਇਤਾ ਦੀ ਅਪੀਲ ਕਰਦੇ ਹਾਂ।"

"ਡਾਕਟਰਾਂ ਮੁਤਾਬਕ ਡੱਲੇਵਾਲ ਦੀ ਬੀਤੇ ਤਿੰਨ ਦਿਨਾਂ ਤੋਂ ਉਲਟੀਆਂ ਦੇ ਚਲਦਿਆਂ ਸਿਹਤ ਨਾਜ਼ੁਕ ਬਣੀ ਹੋਈ ਹੈ।"

ਕੋਹਾੜ ਨੇ ਕਿਹਾ, "ਮੈਂ ਦੋਵਾਂ ਫ਼ੋਰਮਾਂ ਵੱਲੋਂ ਕਹਿ ਰਿਹਾ ਹਾਂ, ਅੱਜ ਤੱਕ ਡੱਲੇਵਾਲ ਦੇ ਕਹੇ ਸਾਰੇ ਹੁਕਮ ਅਸੀਂ ਸਾਰਿਆਂ ਨੇ ਮੰਨੇ ਹਨ। ਸਾਡੀ ਸਾਰਿਆਂ ਦੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਗੱਲਬਾਤ ਦੌਰਾਨ ਤੁਹਾਡੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ

ਤੁਸੀਂ ਮੈਡੀਕਲ ਏਡ ਲੈਣਾ ਸ਼ੁਰੂ ਕਰ ਦਿਓ।"

ਉਨ੍ਹਾਂ ਡੱਲੇਵਾਲ ਨੂੰ ਸੰਬੋਧਿਤ ਹੁੰਦਿਆਂ ਕਿਹਾ, "ਪ੍ਰਧਾਨ ਜੀ ਜੋ ਤੁਸੀਂ ਹੁਕਮ ਦਿੱਤੇ ਅਸੀਂ ਸਾਰਿਆਂ ਨੇ ਮੰਨੇ। ਹੁਣ ਤੁਸੀਂ ਸਾਡੀ ਬੇਨਤੀ ਪੂਰੀ ਕਰੋ। ਨਹੀਂ ਤਾਂ ਅਸੀਂ ਸਾਰੇ ਵੀ ਤੁਹਾਡੀ ਟਰਾਲੀ ਦੇ ਬਾਹਰ ਬੈਠਾਂਗੇ ਅਤੇ ਖਾਣਾ-ਪੀਣਾ ਛੱਡ ਦੇਵਾਂਗੇ। ਪਾਣੀ ਵੀ ਨਹੀਂ ਪੀਵਾਂਗੇ। "

ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ, "ਅਸੀਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਮੈਡੀਕਲ ਸਹਾਇਤਾ ਲੈਣ ਨੂੰ ਰਾਜ਼ੀ ਹੋ ਜਾਣ।"

"ਡੱਲੇਵਾਲ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਤੱਕ ਐੱਮਐੱਸਪੀ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਨਹੀਂ ਖਾਵਾਂਗਾ। ਅਸੀਂ ਇਸ ਗੱਲ ਨੂੰ ਮੰਨਦੇ ਹਾਂ ਪਰ ਨਾਲ ਹੀ ਸਾਡੀ ਬੇਨਤੀ ਹੈ ਕਿ ਮੈਡੀਕਲ ਸਹਾਇਤਾ ਜ਼ਰੂਰ ਲੈਣ।"

"ਕੇਂਦਰ ਸਰਕਾਰ ਮੰਗਾਂ ਬਾਰੇ ਗੱਲਬਾਤ ਕਰਨ ਨੂੰ ਤਿਆਰ ਹੈ। "

ਕਾਕਾ ਕੋਟੜਾ ਨੇ ਕਿਹਾ, "121 ਲੋਕ ਜਿਹੜੇ ਮਰਨ ਵਰਤ ਉੱਤੇ ਬੈਠੇ ਹਨ। ਉਨ੍ਹਾਂ ਨੂੰ ਵੀ ਮਰਨ ਵਰਤ ਉੱਤੇ ਬੈਠਿਆਂ 4 ਦਿਨ ਹੋ ਗਏ ਹਨ ਅਤੇ ਉਨ੍ਹਾਂ ਬਾਰੇ ਫ਼ੈਸਲਾ ਐਤਵਾਰ ਨੂੰ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।"

ਡਾਕਟਰ ਸਵੈਮਾਨ ਨੇ ਕੀ ਸਵਾਲ ਚੁੱਕੇ

ਅਮਰੀਕੀ ਡਾਕਟਰ ਸਵੈਮਾਨ ਸਿੰਘ ਨੇ ਦਾਅਵਾ ਕੀਤਾ ਹੈ ਕਿ 14 ਫਰਵਰੀ ਦੀ ਕਿਸਾਨ ਅਤੇ ਕੇਂਦਰ ਸਰਕਾਰ ਦੀ ਬੈਠਕ ਤੱਕ ਜਗਜੀਤ ਸਿੰਘ ਨੂੰ ਨਿਰੋਲ ਦਵਾਈਆਂ ਨਾਲ ਜਿਊਂਦਾ ਨਹੀਂ ਰੱਖਿਆ ਜਾ ਸਕਦਾ।

ਡਾਕਟਰ ਸਵੈਮਾਨ ਸਿੰਘ ਦੀ ਟੀਮ ਮਰਨ ਵਰਤ ਦੇ ਸ਼ੁਰੂ ਤੋਂ ਹੀ ਜਗਜੀਤ ਸਿੰਘ ਡੱਲੇਵਾਲ ਦੀ ਨਿਗਰਾਨੀ ਕਰ ਰਹੇ ਹਨ।

ਉਹ ਦਿੱਲੀ ਬਾਰਡਰਾਂ ਉੱਤੇ 2020-21 ਵਿੱਚ ਲੜੇ ਗਏ ਕਿਸਾਨੀ ਅੰਦੋਲਨ ਦੌਰਾਨ ਵੀ ਪੂਰਾ ਸਾਲ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦਿੰਦੇ ਰਹੇ ਹਨ।

ਡਾਕਟਰ ਸਵੈਮਾਨ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ 14 ਫਰਵਰੀ ਨੂੰ ਸਰਕਾਰ ਤੇ ਕਿਸਾਨਾਂ ਦੀ ਬੈਠਕ ਦੇ ਸਮੇਂ ਉੱਤੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਕਿਹਾ, ''ਮੈਡੀਕਲ ਸਾਇੰਸ ਮੁਤਾਬਕ ਭੁੱਖੇ ਰੱਖ ਕੇ ਕਿਸੇ ਵੀ ਵਿਅਕਤੀ ਨੂੰ 70 ਦਿਨਾਂ ਤੋਂ ਵੱਧ ਜਿਊਂਦਾ ਨਹੀਂ ਰੱਖਿਆ ਜਾ ਸਕਦਾ। ਦਵਾਈਆਂ ਦੇ ਨਾਲ ਕਿਸੇ ਨੂੰ ਜਿਊਂਦਾ ਨਹੀਂ ਰੱਖਿਆ ਜਾ ਸਕਦਾ। ਇਸ ਲ਼ਈ 14 ਫਰਵਰੀ ਦੀ ਬਜਾਇ ਗੱਲਬਾਤ ਤੁਰੰਤ ਸ਼ੁਰੂ ਹੋਣੀ ਚਾਹੀਦੀ ਹੈ।''

ਸਵੈਮਾਨ ਸਿੰਘ ਨੇ ਕਿਹਾ ਕਿ ਜਿਸ ਵੇਲ਼ੇ ਕੇਂਦਰੀ ਅਧਿਕਾਰੀਆਂ ਤੇ ਕਿਸਾਨਾਂ ਨਾਲ ਬੈਠਕ ਹੋਈ ਉਸ ਵੇਲੇ ਉਨ੍ਹਾਂ ਦੀ ਟੀਮ ਇਸ ਵਿੱਚ ਸ਼ਾਮਲ ਨਹੀਂ ਸੀ। ਉਹ ਨਹੀਂ ਜਾਣਦੇ ਕਿ ਕੇਂਦਰੀ ਦੀ ਟੀਮ ਦੇ ਨਾਲ ਕਿਹੜੇ ਡਾਕਟਰ ਆਏ ਸਨ ਅਤੇ ਉਨ੍ਹਾਂ ਦੇ ਕਿਹੜੇ ਅਜਿਹੇ ਟੈਸਟ ਕੀਤੇ ਗਏ ਜਿਸ ਦੇ ਅਧਾਰ ਉੱਤੇ ਕਿਸਾਨਾਂ ਨੂੰ ਇਹ ਭਰੋਸਾ ਦੁਆਇਆ ਗਿਆ ਕਿ ਡੱਲੇਵਾਲ 14 ਫਰਵਰੀ ਤੱਕ ਕਾਇਮ (ਤੰਦਰੁਸਤ) ਹੋ ਜਾਣਗੇ।

ਸਵੈਮਾਨ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੂੰ ਗੁਮਰਾਹ ਕੀਤਾ ਹੈ। ਕਿਸਾਨ ਆਗੂ ਡਾਕਟਰ ਨਹੀਂ ਹਨ. ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਿਹੜੀ ਮੈਡੀਕਲ ਏਡ ਡੱਲੇਵਾਲ ਨੂੰ ਦਿੱਤੀ ਜਾ ਰਹੀ ਹੈ, ਉਸ ਨਾਲ ਉਹ ਠੀਕ ਹੋਣਗੇ।

ਸਵੈਮਾਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਗੇਮ ਖੇਡੀ ਹੈ, ਜਿਸ ਦੇ ਨਤੀਜੇ ਖ਼ਤਰਨਾਕ ਹੋ ਸਕਦੇ ਹਨ। ਹੁਣ ਸਰਕਾਰੀ ਡਾਕਟਰਾਂ ਟੀਮ ਹਰ ਵੇਲੇ ਡੱਲੇਵਾਲ ਦੀ ਨਿਗਰਾਨੀ ਕਰੇ। ਹਰ 6 ਘੰਟੇ ਬਾਅਦ ਉਨ੍ਹਾਂ ਦੇ ਟੈਸਟ ਹੋਣੇ ਚਾਹੀਦੇ ਹਨ।

ਸਵੈਮਾਨ ਸਿੰਘ ਦਾ ਕਹਿਣਾ ਹੈ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਅਖਵਾਉਣ ਵਾਲੇ ਮੁਲਕ ਵਿੱਚ ਕਿਸਾਨਾਂ ਨਾਲ ਅਜਿਹਾ ਕੋਝਾ ਮਜਾਕ ਕਿਵੇਂ ਕੀਤਾ ਜਾ ਸਕਦਾ ਹੈ। ''ਚੋਣ ਜਾਬਤੇ ਦੇ ਨਾਂ ਉੱਤੇ ਕਿਵੇਂ ਬੈਠਕ ਦਾ ਸਮਾਂ ਲਟਕਾ ਕੇ ਡੱਲੇਵਾਲ ਦੀ ਜਾਨ ਖ਼ਤਰੇ ਵਿੱਚ ਪਾਈ ਜਾ ਰਹੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)