ਅਯੁੱਧਿਆ: ਰਾਮ ਮੰਦਰ ਦੇ ਮੂਰਤੀ ਸਥਾਪਨਾ ਸਮਾਗਮ ’ਚ ਸ਼ੰਕਰਾਚਾਰਿਆ ਕਿਉਂ ਨਹੀਂ ਜਾ ਰਹੇ ?

ਤਸਵੀਰ ਸਰੋਤ, FB/JAGADGURU SHANKARACHARYA SWAMI SHREE NISHCHALANAND SARASWATI
ਅਯੁੱਧਿਆ ਵਿੱਚ ਰਾਮ ਮੰਦਿਰ ਦੀ ਮੂਰਤੀ ਸਥਾਪਨਾ ਦੀ ਤਰੀਕ 22 ਜਨਵਰੀ ਜਿਵੇਂ ਹੀ ਸਾਹਮਣੇ ਆਈ ਤਾਂ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਇਸ ਸਮਾਗਮ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ?
ਹੁਣ ਜਿਵੇਂ-ਜਿਵੇਂ 22 ਜਨਵਰੀ ਨੇੜੇ ਆ ਰਹੀ ਹੈ, ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਇਸ ਵਿੱਚ ਕੌਣ ਭਾਗ ਲਵੇਗਾ ਅਤੇ ਕੌਣ ਨਹੀਂ।
ਕਾਂਗਰਸ ਨੇ ਭਾਜਪਾ 'ਤੇ ਰਾਮ ਮੰਦਿਰ ਨੂੰ ਸਿਆਸੀ ਪ੍ਰਾਜੈਕਟ ਬਣਾਉਣ ਦਾ ਇਲਜ਼ਾਮ ਲਗਾਉਂਦਿਆਂ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਕਾਂਗਰਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਭਗਵਾਨ ਰਾਮ ਦੀ ਪੂਜਾ ਕਰੋੜਾਂ ਭਾਰਤੀ ਕਰਦੇ ਹਨ। ਧਰਮ ਮਨੁੱਖ ਦਾ ਨਿੱਜੀ ਮਾਮਲਾ ਹੈ ਪਰ ਭਾਜਪਾ ਅਤੇ ਆਰਐੱਸਐੱਸ ਨੇ ਸਾਲਾਂ ਤੋਂ ਅਯੁੱਧਿਆ ਵਿੱਚ ਰਾਮ ਮੰਦਿਰ ਨੂੰ ਸਿਆਸੀ ਪ੍ਰਾਜੈਕਟ ਬਣਾ ਦਿੱਤਾ ਹੈ।"
"ਇਸ ਤੋਂ ਸਾਫ਼ ਹੈ ਕਿ ਇੱਕ ਅਧੂਰੇ ਬਣੇ ਮੰਦਿਰ ਦਾ ਉਦਘਾਟਨ ਸਿਰਫ਼ ਚੋਣਾਂ ਦਾ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ।"
ਕਾਂਗਰਸ ਨੇ ਕਿਹਾ, " ਸਾਲ 2019 ਦੇ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਵੀਕਾਰ ਕਰਦੇ ਹੋਏ, ਲੋਕਾਂ ਦੀ ਆਸਥਾ ਦੇ ਸਨਮਾਨ ਵਿੱਚ, ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਭਾਜਪਾ ਅਤੇ ਆਰਐੱਸਐੱਸ ਦੇ ਇਸ ਪ੍ਰਬੰਧ ਨੂੰ ਸਨਮਾਨ ਅਸਵੀਕਾਰ ਕਰਦੇ ਹਾਂ।"
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਪੁਸ਼ਟੀ ਕੀਤੀ ਹੈ ਕਿ ਰਾਮ ਮੰਦਿਰ ਦੀ ਮੂਰਤੀ ਸਥਾਪਨਾ ਸਮਾਗਮ ਵਿੱਚ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ਅਡਵਾਨੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ।
ਕਾਂਗਰਸ ਤੋਂ ਇਲਾਵਾ ਦੋ ਸ਼ੰਕਰਾਚਾਰਿਆ ਨੇ ਵੀ ਰਾਮ ਮੰਦਿਰ ਮੂਰਤੀ ਸਥਾਪਨਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਹਾਲਾਂਕਿ, ਦੋ ਸ਼ੰਕਰਾਚਾਰਿਆ ਨੇ ਬਿਆਨ ਜਾਰੀ ਕਰਕੇ ਸਾਰਿਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ।

ਤਸਵੀਰ ਸਰੋਤ, SHURAIH NIYAZI/BBC
ਸ਼ੰਕਰਾਚਾਰਿਆ ਦੀ ਮਹੱਤਤਾ
ਮਾਨਤਾਵਾਂ ਅਨੁਸਾਰ ਸ਼ੰਕਰਾਚਾਰਿਆ ਹਿੰਦੂ ਧਰਮ ਵਿੱਚ ਸਭ ਤੋਂ ਉੱਚੇ ਧਾਰਮਿਕ ਗੁਰੂ ਦਾ ਅਹੁਦਾ ਹੁੰਦਾ ਹੈ।
ਹਿੰਦੂ ਧਰਮ ਵਿੱਚ ਸ਼ੰਕਰਾਚਾਰਿਆ ਨੂੰ ਸਤਿਕਾਰ ਅਤੇ ਵਿਸ਼ਵਾਸ ਦੀ ਨਜ਼ਰ ਨਾਲ ਦੇਖਿਆ ਗਿਆ ਹੈ।
ਆਦਿ ਸ਼ੰਕਰਾਚਾਰੀਆ ਨੂੰ ਹਿੰਦੂ ਧਰਮ ਦੀ ਦਾਰਸ਼ਨਿਕ ਵਿਆਖਿਆ ਲਈ ਵੀ ਜਾਣਿਆ ਜਾਂਦਾ ਹੈ।
ਆਦਿ ਸ਼ੰਕਰਾਚਾਰਿਆ ਨੇ ਹਿੰਦੂ ਧਰਮ ਦੇ ਪ੍ਰਚਾਰ ਲਈ ਚਾਰ ਮੱਠਾਂ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਮੱਠਾਂ ਦਾ ਕੰਮ ਧਰਮ ਦਾ ਪ੍ਰਚਾਰ ਕਰਨਾ ਸੀ। ਇਹ ਚਾਰ ਮੱਠ ਹਨ-
- ਸ਼੍ਰਿੰਗੇਰੀ ਮਠ, ਰਾਮੇਸ਼ਵਰਮ ਤਾਮਿਲਨਾਡੂ - ਸ਼ੰਕਰਾਚਾਰਿਆ ਭਾਰਤਤੀਰਥ ਮਹਾਰਾਜ
- ਗੋਵਰਧਨ ਮਠ, ਪੁਰੀ ਓਡੀਸ਼ਾ - ਸ਼ੰਕਰਾਚਾਰਿਆ ਨਿਸ਼ਚਲਾਨੰਦ ਸਰਸਵਤੀ ਮਹਾਰਾਜ
- ਸ਼ਾਰਦਾ ਮਠ, ਦਵਾਰਕਾ ਗੁਜਰਾਤ - ਸ਼ੰਕਰਾਚਾਰਿਆ ਸਦਾਨੰਦ ਮਹਾਰਾਜ
- ਜਯੋਤੀਰਮਠ, ਬਦਰੀਕਾ ਉੱਤਰਾਖੰਡ- ਸ਼ੰਕਰਾਚਾਰਿਆ ਅਵਿਮੁਕਤੇਸ਼ਵਰਾਨੰਦ ਮਹਾਰਾਜ
ਹਿੰਦੂ ਧਰਮ ਵਿੱਚ ਇਨ੍ਹਾਂ ਮੱਠਾਂ ਦਾ ਬਹੁਤ ਮਹੱਤਵ ਹੈ।
ਅਜਿਹੇ 'ਚ ਜਦੋਂ ਰਾਮ ਮੰਦਿਰ ਮੂਰਤੀ ਸਥਾਪਨਾ ਪ੍ਰੋਗਰਾਮ ਦੀ ਤਰੀਕ ਤੈਅ ਹੋਈ ਤਾਂ ਸ਼ੰਕਰਾਚਾਰੀਆ ਦਾ ਰਵੱਈਆ ਵੀ ਜਾਣਨ ਦੀਆਂ ਕੋਸ਼ਿਸ਼ਾਂ ਹੋਈਆਂ।

ਤਸਵੀਰ ਸਰੋਤ, Getty Images
ਸ਼ੰਕਰਾਚਾਰੀਆ ਕਿਉਂ ਨਹੀਂ ਜਾ ਰਹੇ ਹਨ?
ਜਯੋਤੀਰਮਥ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਕਿਹਾ ਹੈ ਕਿ ਦੇਸ਼ ਦੇ ਚਾਰੋਂ ਸ਼ੰਕਰਾਚਾਰੀਆ 22 ਜਨਵਰੀ ਨੂੰ ਹੋਣ ਵਾਲੇ ਮੂਰਤੀ ਸਥਾਪਨਾ ਸਮਾਗਮ ਵਿੱਚ ਹਿੱਸਾ ਨਹੀਂ ਲੈਣਗੇ।
ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਮੁਤਾਬਕ ਇਹ ਸਮਾਗਮ ਧਰਮ ਗ੍ਰੰਥਾਂ ਅਨੁਸਾਰ ਨਹੀਂ ਹੋ ਰਿਹਾ ਹੈ।
ਹਾਲਾਂਕਿ, ਸ਼੍ਰਿੰਗੇਰੀ ਮਠ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਸ਼ੰਕਰਾਚਾਰੀਆ ਭਾਰਤੀਤੀਰਥ ਦੀ ਤਸਵੀਰ ਦੇ ਨਾਲ ਸੰਦੇਸ਼ ਪੋਸਟ ਕੀਤਾ ਜਾ ਰਿਹਾ ਹੈ, ਜਿਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਸ਼੍ਰਿੰਗੇਰੀ ਸ਼ੰਕਰਾਚਾਰੀਆ ਮੂਰਤੀ ਸਥਾਪਨਾ ਦਾ ਵਿਰੋਧ ਕਰ ਰਹੇ ਹਨ।
ਪਰ ਸ਼ੰਕਰਾਚਾਰੀਆ ਵੱਲੋਂ ਅਜਿਹਾ ਕੋਈ ਸੰਦੇਸ਼ ਨਹੀਂ ਦਿੱਤਾ ਗਿਆ ਹੈ। ਇਹ ਗ਼ਲਤ ਪ੍ਰਚਾਰ ਹੈ।
ਸ਼੍ਰਿੰਗੇਰੀ ਸ਼ੰਕਰਾਚਾਰੀਆ ਵੱਲੋਂ ਮੂਰਤੀ ਸਥਾਪਨਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਹਾਲਾਂਕਿ, ਸ਼ੰਕਰਾਚਾਰੀਆ ਖ਼ੁਦ ਅਯੁੱਧਿਆ ਜਾ ਕੇ ਹਿੱਸਾ ਲੈਣਗੇ ਜਾਂ ਨਹੀਂ ਇਸ ਬਾਰੇ ਬਿਆਨ 'ਚ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।
ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਿਹਾ ਹੈ।
ਇਸ ਵੀਡੀਓ 'ਚ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਕਹਿੰਦੇ ਨਜ਼ਰ ਆ ਰਹੇ ਹਨ ਕਿ, "ਜੇਕਰ ਇਹ ਰਾਮਾਨੰਦ ਸੰਪਰਦਾ ਦਾ ਮੰਦਿਰ ਹੈ ਤਾਂ ਚੰਪਤ ਰਾਏ ਉੱਥੇ ਕੀ ਕਰ ਰਹੇ ਹਨ ? "
''ਇਹ ਲੋਕ ਉਥੋਂ ਚਲੇ ਜਾਣ। ਉਥੋਂ ਜਾ ਕੇ ਰਾਮਾਨੰਦ ਸੰਪਰਦਾ ਨੂੰ ਸਥਾਪਨਾ ਸੌਂਪਣ। ਅਸੀਂ ਮੋਦੀ ਵਿਰੋਧੀ ਨਹੀਂ ਹਾਂ ਪਰ ਅਸੀਂ ਧਰਮ-ਵਿਰੋਧੀ ਵੀ ਨਹੀਂ ਬਣਨਾ ਚਾਹੁੰਦੇ।''

ਤਸਵੀਰ ਸਰੋਤ, Getty Images
ਸ਼੍ਰੀ ਰਾਮ ਜਨਮ ਭੂਮੀ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਹਾਲ ਹੀ 'ਚ ਕਿਹਾ ਸੀ ਕਿ ਰਾਮ ਮੰਦਿਰ ਰਾਮਾਨੰਦ ਸੰਪਰਦਾ ਦਾ ਹੈ।
ਉਹ ਕਹਿੰਦੇ ਹਨ, "ਚਾਰੇ ਸ਼ੰਕਰਾਚਾਰੀਆ ਕਿਸੇ ਰਾਗ ਜਾਂ ਨਫ਼ਰਤ ਕਾਰਨ ਨਹੀਂ ਹਨ, ਪਰ ਇਹ ਸ਼ੰਕਰਾਚਾਰੀਆ ਦੀ ਜ਼ਿੰਮੇਵਾਰੀ ਹੈ ਕਿ ਉਹ ਧਰਮ-ਗ੍ਰੰਥਾਂ ਦੀ ਪਾਲਣਾ ਕਰਨ ਅਤੇ ਕਰਵਾਉਣ।"
"ਹੁਣ ਉਥੇ ਧਰਮ ਗ੍ਰੰਥਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਮੰਦਿਰ ਅਜੇ ਪੂਰਾ ਨਹੀਂ ਹੋਇਆ ਹੈ ਅਤੇ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ। ਅਜਿਹੀ ਕੋਈ ਸਥਿਤੀ ਨਹੀਂ ਹੈ ਕਿ ਅਚਾਨਕ ਅਜਿਹਾ ਕਰਨਾ ਪਵੇ।"
"ਕਦੇ ਉੱਥੇ ਰਾਤੀਂ ਜਾ ਕੇ ਮੂਰਤੀ ਰੱਖ ਦਿੱਤੀ ਗਈ ਸੀ, ਇਹ ਇੱਕ ਸਥਿਤੀ ਸੀ। 1992 ਵਿੱਚ ਜਦੋਂ ਢਾਂਚਾ ਢਾਹਿਆ ਗਿਆ ਸੀ, ਉਦੋਂ ਕੋਈ ਮਹੂਰਤ ਥੋੜ੍ਹੀ ਦੇਖਿਆ ਜਾ ਰਿਹਾ ਸੀ। ਉਸ ਸਮੇਂ ਕਿਸੇ ਸ਼ੰਕਰਾਚਾਰੀਆ ਨੇ ਸਵਾਲ ਨਹੀਂ ਉਠਾਇਆ ਕਿਉਂਕਿ ਉਸ ਸਮੇਂ ਦੀ ਸਥਿਤੀ ਅਜਿਹੀ ਸੀ।"
ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਨੇ ਕਿਹਾ, “ਅੱਜ ਸਾਡੇ ਕੋਲ ਮੌਕਾ ਹੈ ਕਿ ਅਸੀਂ ਚੰਗੀ ਤਰ੍ਹਾਂ ਬਣਾ ਕੇ ਮੂਰਤੀ ਸਥਾਪਨਾ ਕਰੀਏ। ਇਸ ਲਈ ਅਸੀਂ ਬੋਲ ਰਹੇ ਹਾਂ ਤਾਂ ਸਾਨੂੰ ਮੋਦੀ ਵਿਰੋਧੀ ਕਿਹਾ ਜਾ ਰਿਹਾ ਹੈ।"
"ਅਸੀਂ ਖੁਦ ਧਰਮ ਗ੍ਰੰਥਾਂ ਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਹਾਂ ਅਤੇ ਲੋਕਾਂ ਨੂੰ ਚਲਾਉਣਾ ਚਾਹੁੰਦੇ ਹਾਂ। ਰਾਮ ਹਨ, ਇਹ ਧਰਮ ਸ਼ਾਸਤਰ ਨੇ ਹੀ ਦੱਸਿਆ ਹੈ। ਜਿਸ ਸ਼ਾਸਤਰ ਤੋਂ ਅਸੀਂ ਰਾਮ ਨੂੰ ਜਾਣਦੇ ਹਾਂ, ਉਸੇ ਗ੍ਰੰਥ ਤੋਂ ਅਸੀਂ ਮੂਰਤੀ ਸਥਾਪਨਾ ਨੂੰ ਵੀ ਜਾਣਦੇ ਹਾਂ। ਇਸ ਲਈ ਕੋਈ ਸ਼ੰਕਰਾਚਾਰੀਆ ਉਥੇ ਨਹੀਂ ਜਾ ਰਿਹਾ।"

ਤਸਵੀਰ ਸਰੋਤ, ANI
ਪੁਰੀ ਦੇ ਗੋਵਰਧਨ ਮੱਠ ਦੇ ਸ਼ੰਕਰਾਚਾਰੀਆ ਨੇ ਕੀ ਕਿਹਾ?
ਗੋਵਰਧਨ ਮਠ ਦੇ ਸ਼ੰਕਰਾਚਾਰੀਆ ਨਿਸ਼ਚਲਾਨੰਦ ਸਵਾਮੀ ਨੇ ਇੱਕ ਚੈਨਲ ਨੂੰ ਕਿਹਾ, "ਅਜਿਹਾ ਨਹੀਂ ਹੈ ਕਿ ਜੇਕਰ ਮੈਨੂੰ ਮੂਰਤੀ ਸਥਾਪਨਾ ਲਈ ਬੁਲਾਇਆ ਜਾਵੇ ਤਾਂ ਮੈਨੂੰ ਮਾਣ ਹੋਵੇਗਾ ਅਤੇ ਜੇਕਰ ਸੱਦਾ ਨਹੀਂ ਦਿੱਤਾ ਗਿਆ ਤਾਂ ਮੈਂ ਗੁੱਸੇ ਹੋ ਜਾਵਾਂਗਾ।"
"ਰਾਮ ਜੀ ਸ਼ਾਸਤਰਾਂ ਦੇ ਹਿਸਾਬ ਨਾਲ ਸਥਾਪਨਾ ਹੋਣ, ਇਹ ਜ਼ਰੂਰੀ ਹੈ। ਅਜੇ ਸਥਾਪਨਾ ਸ਼ਾਸਤਰਾਂ ਦੇ ਹਿਸਾਬ ਨਾਲ ਨਹੀਂ ਹੋ ਰਹੀ ਹੈ, ਇਸ ਲਈ ਮੇਰਾ ਇਸ ਵਿੱਚ ਜਾਣਾ ਉਚਿਤ ਨਹੀਂ ਹੈ। ਸੱਦਾ ਆਇਆ ਹੈ ਕਿ ਤੁਸੀਂ ਇੱਕ ਵਿਅਕਤੀ ਨਾਲ ਆ ਸਕਦੇ ਹੋ।"
ਨਿਸ਼ਚਲਾਨੰਦ ਸਵਾਮੀ ਕਹਿੰਦੇ ਹਨ, "ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੌਣ ਮੂਰਤੀ ਨੂੰ ਛੂਹੇ ਅਤੇ ਕੌਣ ਨਹੀਂ। ਪੁਰਾਣਾਂ ਵਿੱਚ ਲਿਖਿਆ ਹੈ ਕਿ ਦੇਵਤਾ (ਮੂਰਤੀ) ਉਦੋਂ ਹੀ ਸਥਾਪਿਤ ਹੁੰਦਾ ਹੈ, ਜੋ ਵਿਧੀ ਅਨੁਸਾਰ ਹੋਣ।"
"ਜੇਕਰ ਇਸ ਨੂੰ ਸਹੀ ਢੰਗ ਨਾਲ ਨਾ ਕੀਤਾ ਜਾਵੇ ਤਾਂ ਦੇਵੀ-ਦੇਵਤੇ ਨਾਰਾਜ਼ ਹੋ ਜਾਂਦੇ ਹਨ। ਇਹ ਮਜ਼ਾਕ ਨਹੀਂ ਹੈ। ਜੇਕਰ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਹੀ ਦੇਵਤੇ ਦੀ ਮਹਿਮਾ ਸਭ ਲਈ ਚੰਗੀ ਹੈ, ਨਹੀਂ ਤਾਂ ਇਹ ਵਿਸਫੋਟਕ ਬਣ ਜਾਂਦੀ ਹੈ।"
ਉਨ੍ਹਾਂ ਨੇ ਕਿਹਾ, "ਮੋਦੀ ਜੀ ਮੂਰਤੀ ਛੂਹਣਗੇ ਅਤੇ ਮੈਂ ਉੱਥੇ ਤਾੜੀਆਂ ਵਜਾ ਕੇ ਜੈ-ਜੈ ਕਰਾਂਗਾ ਕੀ? ਮੈਨੂੰ ਅਹੁਦਾ ਤਾਂ ਸਭ ਤੋਂ ਵੱਡਾ ਮਿਲਿਆ ਹੈ। ਮੈਨੂੰ ਆਪਣੇ ਅਹੁਦੇ ਦਾ ਧਿਆਨ ਰੱਖਣਾ ਚਾਹੀਦਾ ਹੈ।"
"ਮੈਂ ਉੱਥੇ ਗਿਆ ਤਾਂ ਮੋਦੀ ਜੀ ਜ਼ਿਆਦਾ ਤੋਂ ਜ਼ਿਆਦਾ ਨਮਸਕਾਰ ਕਰ ਦੇਣਗੇ। ਮੈਨੂੰ ਅਯੁੱਧਿਆ ਤੋਂ ਪਰਹੇਜ਼ ਨਹੀਂ ਹੈ। ਇਸ ਨਾਲ ਮੇਰਾ ਸਬੰਧ ਨਹੀਂ ਟੁੱਟੇਗਾ। ਇਸ ਮੌਕੇ ਜਾਣਾ ਉਚਿਤ ਨਹੀਂ ਹੈ।"

ਪੀਐੱਮ ਮੋਦੀ ਵੱਲੋਂ ਮੂਰਤੀ ਸਥਾਪਨਾ ਕੀਤੇ ਜਾਣ ਬਾਰੇ ਕਹਿੰਦੇ ਹਨ, "ਜੇਕਰ ਦੋ ਸਾਲ ਬਾਅਦ ਵੀ, ਮੋਦੀ ਜੀ ਮੂਰਤੀ ਸਥਾਪਨਾ ਕਰਦੇ ਤਾਂ ਵੀ ਮੈਂ ਸਵਾਲ ਚੁੱਕਦਾ ਕਿ ਮੂਰਤੀ ਦੀ ਸਹੀ ਤਰੀਕੇ ਨਾਲ ਸਥਾਪਨਾ ਹੋਣੀ ਚਾਹੀਦੀ ਹੈ।"
"ਫਿਲਹਾਲ ਅਯੁੱਧਿਆ ਵਿੱਚ ਧਰਮ ਗ੍ਰੰਥਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਅਤੇ ਹੋਰ ਕੋਈ ਕਾਰਨ ਨਹੀਂ ਹੈ। ਮੈਂ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹਾਂ। ਮੈਂ ਬਿਲਕੁਲ ਨਰਾਜ਼ ਨਹੀਂ ਹੁੰਦਾ।"
ਇਸ ਸਬੰਧੀ ਪੁਰੀ ਦੇ ਸ਼ਾਰਦਾਪੀਠ ਦੇ ਸ਼ੰਕਰਾਚਾਰੀਆ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਵੀ ਸਾਂਝਾ ਕੀਤਾ ਹੈ।
ਇਸ ਬਿਆਨ ਵਿੱਚ ਕਿਹਾ ਗਿਆ ਹੈ, “ਸ਼ੰਕਰਾਚਾਰੀਆ ਸਦਾਨੰਦ ਮਹਾਰਾਜ ਵੱਲੋਂ ਕੋਈ ਬਿਆਨ ਪ੍ਰਸਾਰਿਤ ਨਹੀਂ ਕੀਤਾ ਗਿਆ ਹੈ। ਸਾਡੇ ਗੁਰੂਦੇਵ ਨੇ ਰਾਮ ਮੰਦਿਰ ਲਈ ਬਹੁਤ ਉਪਰਾਲੇ ਕੀਤੇ ਸਨ, ਇਹ ਵਿਵਾਦ 500 ਸਾਲ ਬਾਅਦ ਖ਼ਤਮ ਹੋਇਆ ਹੈ।"
ਬਿਆਨ 'ਚ ਕਿਹਾ ਗਿਆ ਹੈ ਕਿ 'ਅਸੀਂ ਚਾਹੁੰਦੇ ਹਾਂ ਕਿ ਮੂਰਤੀ ਸਥਾਪਨਾ ਸਮਾਗਮ ਵੇਦਾਂ, ਸ਼ਾਸਤਰਾਂ ਅਤੇ ਧਰਮ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਕਰਵਾਇਆ ਜਾਵੇ।"
ਹਾਲਾਂਕਿ, ਇਸ ਬਿਆਨ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਹੈ ਕਿ ਕੀ ਦਵਾਰਕਾ ਮਠ ਦੇ ਸ਼ੰਕਰਾਚਾਰੀਆ ਖ਼ੁਦ ਇਸ ਸਮਾਗਮ ਵਿੱਚ ਹਿੱਸਾ ਲੈਣਗੇ ਜਾਂ ਨਹੀਂ?












