ਹੋਰ ਮਿੱਠੇ ਭੋਜਨਾਂ ਦੇ ਉਲਟ ਸ਼ਹਿਦ ਵਿੱਚ ਉਹ ਕਿਹੜੀਆਂ ਖੂਬੀਆਂ ਹਨ ਜੋ ਇਸ ਨੂੰ ਲੰਬੇ ਸਮੇਂ ਤੱਕ ਖ਼ਰਾਬ ਨਹੀਂ ਹੋਣ ਦਿੰਦੀਆਂ

ਤਸਵੀਰ ਸਰੋਤ, Getty Images
- ਲੇਖਕ, ਵੇਰੋਨਿਕ ਗ੍ਰੀਨਵੁੱਡ
ਸ਼ਹਿਦ ਇੱਕ ਕੁਦਰਤੀ ਮਿੱਠਾ ਪਦਾਰਥ ਹੈ ਅਤੇ ਬੈਕਟੀਰੀਆ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਪਰ ਸ਼ਹਿਦ ਵਿੱਚ ਖਰਾਬ ਨਾ ਹੋਣ ਦਾ ਬਾ-ਕਮਾਲ ਗੁਣ ਹੈ। ਆਖਿਰ, ਇਸ ਦੇ ਬੈਕਟੀਰੀਆ ਨੂੰ ਮਾਤ ਦੇਣ ਪਿੱਛੇ ਕੀ ਕਾਰਨ ਹੈ?
ਜ਼ਿਆਦਾਤਰ ਮਿੱਠੀਆਂ ਚੀਜ਼ਾਂ ਜਲਦੀ ਖ਼ਰਾਬ ਹੋ ਜਾਂਦੀਆਂ ਹਨ, ਇਸ ਵਿੱਚ ਉੱਲੀ ਜਾਂ ਬੈਕਟੀਰੀਆ ਜਮ੍ਹਾਂ ਹੋਣ ਲਈ ਸਿਰਫ ਇੱਕ ਗੰਦਾ ਚਮਚ ਲੱਗਣ ਦੀ ਦੇਰ ਹੁੰਦੀ ਹੈ। ਪਰ ਕੁਝ ਭੋਜਨ ਅਜਿਹੇ ਹੁੰਦੇ ਹਨ ਜੋ ਸਾਲਾਂ ਤੱਕ ਖਾਣ ਲਈ ਸਹੀ ਰਹਿ ਸਕਦੇ ਹਨ।
ਸ਼ਹਿਦ ਇੱਕ ਅਜਿਹਾ ਹੀ ਜਾਦੂਈ ਪਦਾਰਥ ਹੈ। ਡੱਬਾ ਬੰਦ ਰਹਿ ਕੇ ਭਾਵੇਂ ਇਹ ਸ਼ੀਸ਼ਾਨੁਮਾ ਜਾਂ ਸੰਘਣਾ ਹੋ ਸਕਦਾ ਹੈ ਪਰ ਖ਼ਰਾਬ ਘੱਟ ਹੀ ਹੁੰਦਾ ਹੈ। ਖ਼ਰਾਬ ਨਾ ਹੋਣ ਦੀ ਸਮਰੱਥਾ ਦਾ ਭੇਦ ਇਸ ਦੀ ਰਸਾਇਣ ਪ੍ਰਕਿਰਿਆ ਅਤੇ ਬਣਨ ਦੇ ਤਰੀਕੇ ਵਿੱਚ ਹੈ।
ਜਦੋਂ ਅਸੀਂ ਕਹਿੰਦੇ ਹਾਂ ਕਿ ਭੋਜਨ ਖ਼ਰਾਬ ਹੋ ਗਿਆ ਹੈ, ਤਾਂ ਸਾਡਾ ਮਤਲਬ ਹੁੰਦਾ ਹੈ ਕਿ ਕੁਝ ਸੂਖਮ ਜੀਵ ਇਸ ਅੰਦਰ ਚਲੇ ਗਏ ਹਨ। ਕਈ ਭੋਜਨਾਂ ਵਿੱਚ ਘੱਟੋ-ਘੱਟ ਮਾਤਰਾ 'ਚ ਬੈਕਟਰੀਆ ਅਤੇ ਉੱਲੀ ਮੌਜੂਦ ਹੁੰਦੀ ਹੈ। ਮਨੁੱਖਾਂ ਵੱਲੋਂ ਭੋਜਨਾਂ ਨੂੰ ਸੁਰੱਖਿਅਤ ਰੱਖਣ ਲਈ ਘੜੇ ਕਈ ਤਰੀਕੇ, ਇਨ੍ਹਾਂ ਸੂਖਮ ਜੀਵਾਂ ਨੂੰ ਭੋਜਨ ਦਾ ਸੇਵਨ ਕਰਨ ਤੋਂ ਰੋਕਦੇ ਹਨ।

ਤਸਵੀਰ ਸਰੋਤ, Getty Images
ਇਨ੍ਹਾਂ ਸੂਖਮ ਜੀਵਾਂ ਵਿੱਚੋਂ ਕਈ ਆਪਣੇ ਪਾਚਣ-ਤੰਤਰ ਲਈ ਨਮੀਂ ਅਤੇ ਉੱਚ ਤਾਪਮਾਨ (ਬਹੁਤ ਜ਼ਿਆਦਾ ਉੱਚਾ ਨਹੀਂ), ਹਲਕਾ pH ਅਤੇ ਕਾਫ਼ੀ ਆਕਸੀਜਨ ਦੀ ਵਰਤੋਂ ਕਰਦੇ ਹਨ।
ਮੀਟ ਅਤੇ ਫਲਾਂ ਨੂੰ ਡੀ-ਹਾਈਡ੍ਰੇਟ ਕਰਨ ਨਾਲ ਉਹ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ। ਭੋਜਨ ਨੂੰ ਉੱਚ ਤਾਪਮਾਨ 'ਤੇ ਪਕਾਉਣ ਅਤੇ ਫਿਰ ਫ਼ਰਿੱਜ ਵਿੱਚ ਸਟੋਰ ਕਰਨ ਨਾਲ ਪਹਿਲਾਂ ਉਸ ਵਿੱਚੋਂ ਬਹੁਤ ਸਾਰੇ ਬੈਕਟੀਰੀਆ ਮਾਰੇ ਜਾਂਦੇ ਹਨ ਅਤੇ ਫਿਰ ਬਚੇ-ਖੁਚੇ ਵਿੱਚ ਵਾਧਾ ਹੋਣ ਤੋਂ ਰੋਕ ਲੱਗਦੀ ਹੈ।
ਅਚਾਰ ਵਾਲੇ ਮਿਸ਼ਰਣ ਵਿੱਚ ਭੋਜਨ ਰੱਖਣ ਨਾਲ ਬਹੁਤ ਜ਼ਿਆਦਾ ਐਸਿਡ-ਪਸੰਦ ਜੀਵਾਂ ਨੂੰ ਛੱਡ ਕੇ ਬਾਕੀਆਂ ਨੂੰ ਰੋਕਿਆ ਜਾ ਸਕਦਾ ਹੈ। ਕਿਸੇ ਭੋਜਨ ਨੂੰ ਡੱਬਾ-ਬੰਦ ਕਰਕੇ ਉਸ ਅੰਦਰ ਆਕਸੀਜਨ ਜਾਣ ਤੋਂ ਰੋਕਿਆ ਜਾਂਦਾ ਹੈ।
ਇੱਥੋਂ ਤੱਕ ਕਿ ਭੋਜਨ ਸੰਭਾਲਣ ਦੀ ਵੱਡੀ ਪ੍ਰਕਿਰਿਆ ਵਿੱਚੋਂ ਲੰਘਿਆ ਭੋਜਨ ਵੀ ਸੀਮਤ ਸਮੇਂ ਤੱਕ ਹੀ ਸਹੀ ਰਹਿੰਦਾ ਹੈ। ਜਿਵੇਂ ਕਿ ਤੁਸੀਂ ਕਦੇ ਜੇ 1985 ਵਿੱਚ ਦਾਦੀ ਵੱਲੋਂ ਡੱਬਾ-ਬੰਦ ਕੀਤੇ ਬਟਰਸਕੌਚ ਚਟਨੀ ਦੇ ਡੱਬੇ ਨੂੰ ਖੋਲ੍ਹੋ ਤਾਂ ਉਸ ਅੰਦਰ ਇੱਕ ਮੋਟੀ ਪਰਤ ਮਿਲੇਗੀ।
ਅਸੀਂ ਹਮੇਸ਼ਾ ਇਨ੍ਹਾਂ ਜੀਵਾਂ ਖ਼ਿਲਾਫ਼ ਹਾਰਨ ਵਾਲੀ ਲੜਾਈ ਲੜਦੇ ਰਹਿੰਦੇ ਹਾਂ ਅਤੇ ਭਾਵੇਂ ਇਹ ਸਿਰਕੇ ਦੀ ਖੁਸ਼ਬੋ ਹੋਵੇ, ਜਾਂ ਪੀਅਨੱਟ ਬਟਰ ਦੇ ਡੱਬੇ ਅੰਦਰ ਉੱਲੀ ਦੇ ਕਾਲੇ ਦਾਗ਼ ਹੋਣ, ਇਨ੍ਹਾਂ ਦੀ ਮੌਜੂਦਗੀ ਦੇ ਸੰਕੇਤ ਅਕਸਰ ਨਾ ਟਾਲੇ ਜਾ ਸਕਣ ਵਾਲੇ ਅਤੇ ਗੈਰ-ਸੂਖਮ ਹੁੰਦੇ ਹਨ।
ਪਰ ਸ਼ਹਿਦ ਇੱਕ ਅਨੋਖਾ ਭੋਜਨ ਹੈ, ਜਾਣਦੇ ਹਾਂ ਕਿਉਂ
ਸ਼ਹਿਦ ਫੁੱਲਾਂ ਦਾ ਰਸ ਚੂਸਣ ਵਾਲੀਆਂ ਸ਼ਹਿਦ ਦੀਆਂ ਮੱਖੀਆਂ ਬਣਾਉਂਦੀਆਂ ਹਨ। ਇਹ ਨਿੱਘੇ, ਪਾਣੀ ਵਾਲੇ ਅਤੇ ਮਿੱਠੇ ਤਰਲ ਦੀ ਰੂਪ ਵਿੱਚ ਸ਼ੁਰੂ ਹੁੰਦਾ ਹੈ ਅਤੇ ਸਭ ਤੋਂ ਸ਼ੁੱਧ ਬੈਕਟੀਰੀਆ ਦੇ ਦਾਣੇ ਜਿਹੀ ਚੀਜ਼ ਜਾਪਦੀ ਹੈ।
ਮਧੂ ਮੱਖੀਆਂ ਛੱਤੇ ਤੱਕ ਲਿਜਾਣ ਦੇ ਰਸਤੇ ਵਿੱਚ ਇਸ ਅੰਦਰੋਂ ਪਾਣੀ ਕੱਢ ਕੇ ਸੰਘਣਾ ਤਰਲ ਤਿਆਰ ਕਰਦੀਆਂ ਹਨ, ਐਸਿਡ ਦੀ ਮਾਤਰਾ ਵਧਾਉਣ ਲਈ ਕੁਝ ਐਨਜ਼ਾਈਮ ਵਰਤਦੀਆਂ ਹਨ ਜਿਸ ਨਾਲ ਖਾਸ ਕਿਸਮ ਦੇ ਸੂਖਮ ਜੀਵ ਵਧਣ ਤੋਂ ਰੁਕਦੇ ਹਨ। ਮਧੂ-ਮੱਖੀਆਂ ਸ਼ੂਗਰ ਨੂੰ ਤੋੜਦੀਆਂ ਹਨ ਅਤੇ ਫਿਰ ਸ਼ਹਿਦ ਨੂੰ ਛੱਤੇ ਵਿੱਚ ਇਕੱਠਾ ਕਰਦੀਆਂ ਹਨ।
ਇਸ ਤੋਂ ਬਾਅਦ ਉਹ ਕੁਝ ਅਦਭੁਤ ਕਰਦੀਆਂ ਹਨ। ਉਹ ਸ਼ਹਿਦ ਨੂੰ ਆਪਣੇ ਖੰਭਾਂ ਨਾਲ ਹਵਾ ਦਿੰਦੀਆਂ ਹਨ। ਇਸ ਨਾਲ ਬਚਿਆ-ਖੁਚਿਆ ਪਾਣੀ ਵਾਸ਼ਪ ਬਣ ਕੇ ਉੱਡ ਜਾਂਦਾ ਹੈ ਜਿਵੇਂ ਪੱਖੇ ਨਾਲ ਤੁਹਾਡੀ ਚਮੜੀ ਤੋਂ ਪਸੀਨਾ ਵਾਸ਼ਪ ਬਣਦਾ ਹੈ। ਇਸ ਤਰ੍ਹਾਂ ਜਿਸ ਵਸਤੂ ਵਿੱਚ ਕਦੇ 70 ਜਾਂ 80 ਫ਼ੀਸਦੀ ਪਾਣੀ ਸੀ, ਉਹ ਬੂੰਦ-ਬੂੰਦ ਕਰਕੇ ਖ਼ਤਮ ਹੁੰਦਾ ਹੈ।
ਪੂਰੀ ਤਰ੍ਹਾਂ ਤਿਆਰ ਸ਼ਹਿਦ ਵਿੱਚ ਤਕਰੀਬਨ 15-18 ਫ਼ੀਸਦੀ ਤੱਕ ਪਾਣੀ ਦੀ ਮਾਤਰਾ ਹੁੰਦੀ ਹੈ। ਦਰਅਸਲ, ਪਾਣੀ ਦੇ ਮੁਕਾਬਲੇ ਮਿੱਠੇ ਦੇ ਅਣੂਆਂ ਦਾ ਅਨੁਪਾਤ ਇੰਨਾ ਜ਼ਿਆਦਾ ਹੁੰਦਾ ਹੈ ਕਿ ਮਧੂ-ਮੱਖੀਆਂ ਵੱਲੋਂ ਵਰਤੇ ਜਾਂਦੇ ਤਰੀਕੇ ਤੋਂ ਬਿਨ੍ਹਾਂ ਇੰਨਾ ਮਿੱਠਾ ਉਸ ਪਾਣੀ ਅੰਦਰ ਘੋਲਣਾ ਸੰਭਵ ਨਹੀਂ ਹੈ।
ਇਸ ਵਿੱਚ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ ਅਤੇ ਇਸ ਲਈ ਸੂਖਮ ਜੀਵ ਇੱਥੇ ਜਾਣਾ ਪਸੰਦ ਕਰਨਗੇ। ਪਰ ਬਹੁਤ ਥੋੜ੍ਹੇ ਜਿਹੇ ਪਾਣੀ ਅਤੇ ਤੇਜ਼ਾਬੀਪਨ ਕਾਰਨ ਇਸ ਨੂੰ ਸੁਰੱਖਿਆ ਮਿਲ਼ਦੀ ਹੈ ਅਤੇ ਸੂਖਮ ਜੀਵ ਜਿਉਂਦੇ ਨਹੀਂ ਰਹਿ ਪਾਉਂਦੇ। ਜੇ ਸ਼ਹਿਦ ਨੂੰ ਡੱਬਾ-ਬੰਦ ਕਰਕੇ ਆਕਸੀਜਨ ਦਾ ਰਾਹ ਵੀ ਰੋਕ ਦੇਈਏ ਤਾਂ ਇਨ੍ਹਾਂ ਜੀਵਾਂ ਦੇ ਵਾਧੇ ਨੂੰ ਹੋਰ ਵਾਧੂ ਅੜਿੱਕਾ ਲੱਗ ਜਾਂਦਾ ਹੈ।

ਤਸਵੀਰ ਸਰੋਤ, Getty Images
ਸ਼ਹਿਦ ਕਦੋਂ ਤੱਕ ਤਾਜ਼ਾ ਰਹਿ ਸਕਦਾ?
ਵਿਗਿਆਨ ਵਿੱਚ ਇੱਕ 'ਘੱਟ ਪਾਣੀ ਦੀ ਗਤੀਵਿਧੀ' ਵਜੋਂ ਜਾਣੀ ਜਾਂਦੀ ਸਥਿਤੀ ਹੈ ਅਤੇ ਕਿਸੇ ਭੋਜਨ ਵਿੱਚੋਂ ਪਾਣੀ ਦੀ ਮਾਤਰਾ ਨੂੰ ਘਟਾਉਣਾ ਭੋਜਨ ਨੂੰ ਸੁਰੱਖਿਅਤ ਰੱਖਣ ਦੀ ਇੱਕ ਆਮ ਵਿਧੀ ਹੈ।
ਨਮੀ ਵਾਲੇ ਭੋਜਨ ਨੂੰ ਵੀ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ਜਦੋਂ ਤੱਕ ਪਾਣੀ ਦੇ ਅਣੂ ਜੁੜੇ ਹੋਏ ਹਨ ਅਤੇ ਨਮਕ ਜਾਂ ਖੰਡ ਦੇ ਸੰਪਰਕ ਵਿੱਚ ਹਨ।
ਇਸ ਦਾ ਇਹ ਮਤਲਬ ਵੀ ਨਹੀਂ ਕਿ ਸ਼ਹਿਦ ਤਾਜ਼ੇਪਣ ਦੀ ਹਰ ਚੁਣੌਤੀ ਨੂੰ ਪਾਰ ਕਰ ਸਕਦਾ ਹੈ। ਇੱਕ ਵਾਰ ਸ਼ਹਿਦ ਦੇ ਡੱਬੇ ਦਾ ਢੱਕਣ ਖੁੱਲ੍ਹਣ ਨਾਲ ਉਹ ਹਵਾ ਦੇ ਸੰਪਰਕ ਵਿੱਚ ਆਉਂਦਾ ਰਹਿੰਦਾ ਹੈ ਅਤੇ ਜੀਭ ਨਾਲ ਚੱਟਿਆ ਚਮਚ ਡੱਬੇ ਵਿੱਚ ਪਾਉਣ ਨਾਲ ਬੈਕਟੀਰੀਆ ਅਤੇ ਨਮੀਂ ਆ ਜਾਂਦੀ ਹੈ ਜੋ ਕਿ ਡੱਬੇ ਨੂੰ ਸੀਲਬੰਦ ਕਰਨ ਵੇਲੇ ਤੱਕ ਮੌਜੂਦ ਨਹੀਂ ਹੁੰਦੀ।
ਪਰ ਇੱਕ ਖਰਾਬੀ 'ਤੇ ਕੋਈ ਬਹਿਸ ਨਹੀਂ ਕਰੇਗਾ ਕਿ ਜਦੋਂ ਤੁਸੀਂ ਸ਼ਹਿਦ ਵਿੱਚ ਪਾਣੀ ਅਤੇ ਆਪਣੇ ਚੁਣੇ ਹੋਏ ਸੂਖਮ ਜੀਵ ਮਿਲਾ ਕੇ ਸ਼ਹਿਦ ਨਾਲ ਵਾਈਨ ਤਿਆਰ ਕਰੋਗੇ ਅਤੇ ਗਰਮੀ ਦੇ ਮੌਸਮ ਵਿੱਚ ਛਾਂ ਹੇਠ ਬੈਠ ਕੇ ਆਨੰਦ ਮਾਣੋਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












