You’re viewing a text-only version of this website that uses less data. View the main version of the website including all images and videos.
ਟਵਿੱਟਰ ਆਪ ਵੀ ਪੈਸੇ ਕਮਾਏਗਾ ਤੇ ਲੋਕਾਂ ਨੂੰ ਅਦਾਇਗੀ ਕਰੇਗਾ - ਇਲੋਨ ਮਸਕ ਨੇ ਜਿਹੜੇ ਬਦਲਾਅ ਕੀਤੇ
ਬੀਤੇ ਦਿਨੀ ਇਲੋਨ ਮਸਕ ਨੇ ਟਵਿੱਟਰ ਨਾਲ ਆਪਣੀ ਡੀਲ ਮੁਕੰਮਲ ਕਰਦਿਆਂ ਹੀ, ਕੰਪਨੀ ’ਚ ਕਈ ਫ਼ੇਰ-ਬਦਲ ਕੀਤੇ।
ਇਨ੍ਹਾਂ ਵਿੱਚ ਇੱਕ ਵੱਡਾ ਬਦਲਾਅ ਕਿਸੇ ਦੀ ਸ਼ਖਸੀਅਤ ਨੂੰ ਤਸਦੀਕ ਕਰਨ ਲਈ ਕੰਪਨੀ ਵਲੋਂ ਪ੍ਰੋਫ਼ਾਈਲ ਨਾਲ ਲਗਾਏ ਜਾਣ ਵਾਲੇ ਬਲੂ ਟਿੱਕ ਵਿੱਚ ਆਇਆ। ਜਿਸ ਲਈ ਹੁਣ ਵਰਤੋਂਕਾਰ ਨੂੰ ਫ਼ੀਸ ਦੇਣੀ ਪਵੇਗੀ।
ਇਲੋਨ ਮਸਕ ਨੇ ਕਿਹਾ ਕਿ ਟਵਿੱਟਰ ਵਰਤੋਂਕਾਰ, ਜੋ ਆਪਣੇ ਨਾਮ ਨਾਲ ਟਵਿੱਟਰ ਤਸਦੀਕ (ਵੇਰੀਫ਼ਾਈ) ਚਿੰਨ੍ਹ ਬਲੂ ਟਿੱਕ ਲਗਵਾਉਣਾ ਚਾਹੁੰਦੇ ਹਨ, ਤੋਂ ਕੰਪਨੀ ਹਰ ਮਹੀਨੇ 8 ਡਾਲਰ ਵਸੂਲੇਗੀ।
ਭਾਰਤ ਦੇ ਹਿਸਾਬ ਨਾਲ ਇਹ ਫੀਸ ਪ੍ਰਤੀ ਮਹੀਨਾ ਸਾਢੇ 600 ਰੁਪਏ ਦੇ ਕਰੀਬ ਬਣਦਾ ਹੈ।
44 ਬਿਲੀਅਨ ਡਾਲਰ ਵਿੱਚ ਸੋਸ਼ਲ ਮੀਡੀਆ ਕੰਪਨੀ ਖ਼ਰੀਦਣ ਤੋਂ ਬਾਅਦ ਇਲੋਨ ਮਸਕ ਨੇ ਇਸ ਕਦਮ ਨੂੰ ਕੀਤੇ ਜਾ ਰਹੇ ਬਦਲਾਵਾਂ ਦਾ ਹਿੱਸਾ ਦੱਸਦਿਆਂ ਕਿਹਾ, " ਸਪੈਮ ਜਾਂ ਸਕੈਮ ਨੂੰ ਮਾਤ ਪਾਉਣ ਲਈ ਇਹ ਜ਼ਰੂਰੀ ਹੈ।"
ਟਵਿੱਟਰ ਵਰਤੋਂਕਾਰ ਦੇ ਨਾਮ ਨਾਲ ਇੱਕ ਬਲੂ ਟਿੱਕ ਚਿੰਨ੍ਹ, ਜੋ ਆਮ ਤੌਰ 'ਤੇ ਵੱਡੀਆਂ ਹਸਤੀਆਂ ਦੇ ਨਾਵਾਂ ਨਾਲ ਲਗਾਇਆ ਜਾਂਦਾ ਹੈ, ਹਾਲੇ ਤੱਕ ਮੁਫ਼ਤ ਸੀ।
ਅਚੋਲਨਾਂ ਉੱਤੇ ਇਲੋਨ ਮਸਕ ਦਾ ਜਵਾਬ
ਅਲੋਚਕਾਂ ਦਾ ਕਹਿਣਾ ਹੈ ਕਿ ਇਹ ਕਦਮ ਭਰੋਸੇਯੋਗ ਸਰੋਤਾਂ ਦੀ ਪਛਾਣ ਕਰਨ ਨੂੰ ਔਖਾ ਕਰ ਦੇਵੇਗਾ।
ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਇਲੋਨ ਮਸਕ ਨੇ ਇਹ ਵੀ ਕਿਹਾ ਕਿ ਭੁਗਤਾਨ ਕਰਨ ਵਾਲੇ ਵਰਤੋਂਕਾਰ ਨੂੰ ਜਵਾਬ ਦੇਣ ਤੇ ਸਰਚ ਕਰਨ 'ਚ ਪਹਿਲ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਦੇ ਅਕਾਉਂਟ ਉੱਤੇ ਇਸ਼ਤਿਹਾਰਬਾਜ਼ੀ ਵੀ ਆਮ ਨਾਲੋਂ ਤਕਰੀਬਨ ਅੱਧੀ ਹੀ ਹੋਵੇਗੀ।
ਮਸਕ ਨੇ ਟਵਿੱਟਰ 'ਤੇ ਕਿਹਾ, "ਲੋਕਾਂ ਲਈ ਤਾਕਤ! ਨੀਲਾ ਨਿਸ਼ਾਨ, 8 ਡਾਲਰ ਪ੍ਰਤੀ ਮਹੀਨੇ।"
ਉਨ੍ਹਾਂ ਬਲੂ ਟਿੱਕ ਦੇ ਕੇ ਤਸਦੀਕ ਕੀਤੇ ਜਾਣ ਦੇ ਪੁਰਾਣੇ ਤਰੀਕੇ ਦੀ "ਜਗੀਰਦਾਰ ਤੇ ਮੁਜ਼ਾਰਾ ਸਿਸਟਮ" ਕਹਿਕੇ ਅਲੋਚਣਾ ਕੀਤੀ।
ਟਵਿੱਟਰ ਦੇ ਤਸਦੀਕ ਕਰਨ ਦੇ ਪੁਰਾਣੇ ਤਰੀਕੇ ਵਿੱਚ ਵਰਤੋਂਕਾਰ ਨੇ ਇੱਕ ਛੋਟਾ ਜਿਹਾ ਔਨਲਾਈਨ ਅਰਜ਼ੀ ਫਾਰਮ ਭਰਨਾ ਹੁੰਦਾ ਸੀ, ਅਤੇ ਇਹ ਉਹਨਾਂ ਲੋਕਾਂ ਲਈ ਰਾਖਵਾਂ ਸੀ।
ਜਿਨ੍ਹਾਂ ਦੀ ਨਕਲ ਕਰ ਅਕਾਉਂਟ ਬਣਾਉਣ ਦੀ ਸੰਭਾਵਨਾ ਹੋਵੇ, ਜਿਵੇਂ ਕਿ ਮਸ਼ਹੂਰ ਹਸਤੀਆਂ, ਸਿਆਸਤਦਾਨ ਅਤੇ ਪੱਤਰਕਾਰ।
ਬੀਤੇ ਹਫ਼ਤੇ ਇਲੋਨ ਮਸਕ ਵਲੋਂ ਟਵਿੱਟਰ ਦੀ ਮਲਕੀਅਤ ਲੈਣ ਦੀ ਪ੍ਰੀਕ੍ਰਿਰਿਆ
- ਸੀਈਓ ਸਮੇਤ ਟਵਿੱਟਰ ਦੇ ਕਈ ਵੱਡੇ ਅਧਿਕਾਰਿਆਂ ਨੂੰ ਕੱਢਿਆ ਗਿਆ
- ਟਵਿੱਟਰ ਖ਼ਰੀਦਣ ਲਈ ਅਪ੍ਰੈਲ 2022 ਵਿੱਚ ਕੀਤੀ ਸੀ 44 ਬਿਲੀਅਨ ਡਾਲਰ ਦੀ ਡੀਲ
- ਫ਼ਿਰ ਜੁਲਾਈ ਵਿੱਚ ਇਲੋਨ ਮਸਕ ਨੇ ਵਿਚਾਰ ਬਦਲੇ ਤੇ ਕਿਹਾ ਹੁਣ ਉਨ੍ਹਾਂ ਦੀ ਟਵਿੱਟਰ ਵਿੱਚ ਦਿਲਚਸਪੀ ਨਹੀਂ ਹੈ, ਟਵਿੱਟਰ ਨੇ ਕਾਨੂੰਨੀ ਰਾਹ ਅਖ਼ਤਿਆਰ ਕੀਤੀ
- ਅਕਤੂਬਰ ਵਿੱਚ ਫ਼ਿਰ ਟਵਿੱਟਰ ਡੀਲ 'ਚ ਰੁਚੀ ਜ਼ਾਹਰ ਕੀਤੀ ਤੇ ਕੰਪਨੀ ਨੇ ਕਾਨੂੰਨੀ ਕਾਰਵਾਈ ਰੋਕੀ।
- ਟਵਿੱਟਰ ਵਿੱਚ ਬਲੂ ਟਿੱਕ ਪੇਡ ਕਰਨ ਸਮੇਤ ਕਈ ਵੱਡੇ ਫ਼ੇਰਬਦਲ ਕੀਤੇ।
- ਹੁਣ ਤੱਕ ਸਿਆਸਤਦਾਨਾਂ ਦੇ ਨਾਂ ਨਾਲ ਸੈਕੰਡਰੀ ਟੈਗ ਹੁੰਦਾ ਸੀ, ਹੁਣ ਇਹ ਸੁਵਿਧਾ ਦੂਜੀਆਂ ਮਸਹੂਰ ਹਸਤੀਆਂ ਨੂੰ ਮਿਲੇਗੀ
- ਜਿਹੜੇ ਪਬਲਿਸ਼ਰ ਕੰਮ ਕਰਦੇ ਹਨ, ਉਨ੍ਹਾਂ ਨੂੰ ਆਮਦਨ ਦੇਣ ਦੇ ਇਛੁੱਕ ਹਾਂ
- ਟਵਿੱਟਰ ਆਪ ਵੀ ਕਮਾਈ ਕਰੇਗਾ ਅਤੇ ਵਰਤੋਂਕਾਰ ਨੂੰ ਵੀ ਅਦਾਇਗੀ ਕਰੇਗਾ
- ਵੱਡੇ ਵੀਡੀਓ ਤੇ ਆਡੀਓ ਪਾਉਣ ਦੀ ਸੁਵਿਧਾ ਮਿਲੇਗੀ ਅਤੇ ਜਵਾਬ ਦੇਣ ਨੂੰ ਹੋਰ ਪ੍ਰਮੁੱਖਤਾ ਦਿੱਤਾ ਜਾਵੇਗੀ
- ਦੇਸਾਂ ਦੀ ਖਰੀਦ ਸ਼ਕਤੀ ਸਮਾਨਤਾ ਦੇ ਅਨੁਪਾਤ ਅਨੁਸਾਰ ਕੀਮਤ ਦਾ ਪ੍ਰਬੰਧ ਕੀਤਾ ਜਾਵੇ ਕੀਤਾ ਗਿਆ ਹੈ
ਕੰਪਨੀ ਇਹ ਸਿਸਟਮ ਸਾਲ 2009 ਵਿੱਚ ਲੈ ਕੇ ਆਈ ਸੀ। ਜਦੋਂ ਉਸ ਨੂੰ ਇੱਕ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਧੋਖਾ ਦੇਣ ਵਾਲੇ ਖਾਤਿਆਂ ਨੂੰ ਰੋਕਣ ਲਈ ਲੋੜੀਂਦਾ ਕੰਮ ਨਹੀਂ ਕਰ ਰਹੀ।
ਪਰ ਮਸਕ ਜਦੋਂ ਟਵਿੱਟਰ ਦੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦੀ ਹੈ ਕਿ ਕੰਪਨੀ ਦਾ ਬੀਤੇ ਸਾਲਾਂ 'ਕੋਈ ਬਹੁਤਾ ਮੁਨਾਫ਼ਾ ਨਹੀਂ ਹੈ।
ਮਸਕ ਦਾ ਕਹਿਣਾ ਹੈ ਉਹ ਟਵਿੱਟਰ ਦੀ ਇਸ਼ਤਿਹਾਰਾਂ 'ਤੇ ਨਿਰਭਰਤਾ ਘਟਾਉਣਾ ਚਾਹੁੰਦੇ ਹਨ, ਭਾਵੇਂ ਕਿ ਕੁਝ ਕੰਪਨੀਆਂ ਉਨ੍ਹਾਂ ਦੀ ਅਗਵਾਈ ਹੇਠ ਸਾਈਟ 'ਤੇ ਇਸ਼ਤਿਹਾਰਬਾਜ਼ੀ ਦੇਣ ਦੇ ਮਸਲੇ 'ਤੇ ਚਿੰਤਤ ਹੋ ਗਈਆਂ ਹਨ।
ਇਲੋਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਮੁਕਾਬਲਾ ਦੈਣ ਵਾਲੀ ਕੰਪਨੀ ਜਨਰਲ ਮੋਟਰਜ਼ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਟਵਿੱਟਰ 'ਤੇ ਕੀਤੀ ਜਾ ਰਹੀ ਕੰਪਨੀ ਦੀ ਇਸ਼ਤਿਹਾਰਬਾਜ਼ੀ ਨੂੰ ਰੱਦ ਕਰਦੀ ਹੈ।
ਇਸ ਦੌਰਾਨ, ਸੋਮਵਾਰ ਨੂੰ, ਦੁਨੀਆਂ ਦੀਆਂ ਸਭ ਤੋਂ ਵੱਡੀਆਂ ਇਸ਼ਤਿਹਾਰਬਾਜ਼ੀ ਕੰਪਨੀਆਂ ਵਿੱਚੋਂ ਇੱਕ,ਆਈਪੀਜ਼ੀ, ਨੇ ਆਪਣੇ ਗਾਹਕਾਂ ਨੂੰ ਇੱਕ ਹਫ਼ਤੇ ਲਈ ਟਵਿੱਟਰ ਇਸ਼ਤਿਹਾਰਾਂ ਨੂੰ ਮੁਅੱਤਲ ਕਰਨ ਦੀ ਸਲਾਹ ਦਿੱਤੀ।
ਆਈਪੀਜ਼ੀ ਦਾ ਕਹਿਣਾ ਸੀ ਕਿ ਟਵਿੱਟਰ ਨੂੰ "ਭਰੋਸੇ ਅਤੇ ਸੁਰੱਖਿਆ" ਨੂੰ ਯਕੀਨੀ ਬਣਾਉਣ ਨੀਤੀਆਂ ਨੂੰ ਵਧੇਰੇ ਸਪੱਸ਼ਟ ਕਰਨ ਦੀ ਲੋੜ ਹੈ।
ਦੁਨੀਆਂ ਦੇ ਕੁਝ ਵੱਡੇ ਬ੍ਰਾਂਡਾਂ ਵਲੋਂ ਆਈਪੀਜੀ ਨੂੰ ਉਨਾਂ ਦਾ ਮਾਰਕੀਟਿੰਗ ਬਜਟ ਨੂੰ ਸਹੀ ਤਰੀਕੇ ਇਸਤੇਮਾਲ ਕਰਨ ਲਈ ਹਰ ਸਾਲ ਅਰਬਾਂ ਪੌਂਡ ਦਿੱਤੇ ਜਾਂਦੇ ਹਨ।
ਸੋਸ਼ਲ ਮੀਡੀਆ ’ਤੇ ਹੋ ਰਿਹਾ ਹੈ ਵਿਰੋਧ
ਟਵਿੱਟਰ ਵਲੋਂ ਬਲੂ ਟਿੱਕ ਦੇ 8 ਡਾਰਲ ਚਾਰਜ ਕੀਤੇ ਜਾਣ ਦੀ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਤੀਕਰਮ ਵੀ ਜੋਰ ਫੜ੍ਹ ਗਿਆ।ਟਵਿੱਟਰ ਵਲੋਂ ਬਦਲਾਅ ਦੇ ਜਵਾਬ ਵਿੱਚ ਲੇਖਕ ਸਟੀਫਨ ਕਿੰਗ ਨੇ ਕਿਹਾ, "ਬਲਕਿ ਟਵਿੱਟਰ ਨੂੰ ਮੈਨੂੰ ਪੈਸੇ ਦੇਣੇ ਚਾਹੀਦੇ ਹਨ"।
ਕਿੰਗ ਦੇ ਇਸ ਬਿਆਨ ਨੂੰ ਟਵਿੱਟਰ 'ਤੇ ਕਈਆਂ ਵਲੋਂ ਦੁਹਰਾਇਆ ਗਿਆ।
ਮਸਕ ਵੀ ਸਟਿਫ਼ਨ ਕਿੰਗ ਨੂੰ ਜਵਾਬ ਦੇਣ ਤੋਂ ਨਾ ਰੁਕੇ ਉਨ੍ਹਾਂ ਲਿਖਿਆ, "ਸਾਨੂੰ ਕਿਸੇ ਤਰ੍ਹਾਂ ਬਿਲਾਂ ਦਾ ਭੁਗਤਾਨ ਕਰਨ ਦੀ ਲੋੜ ਹੈ!"
ਇੱਕ ਹੋਰ ਟਵਿੱਟਰ ਯੂਜ਼ਰ ਕ੍ਰਿਸ ਬ੍ਰੇਅੰਤ ਨੇ ਕਿਹਾ, “ਪਿਆਰੇ ਮਿਸਟਰ ਮਸਕ, ਮੈਂ ਕਦੇ ਵੀ ਬਲੂ ਟਿੱਕ ਦੀ ਚਾਹਤ ਨਹੀਂ ਕੀਤੀ, ਮੈਨੂੰ ਇਹ ਵੀ ਪੱਕਾ ਨਹੀਂ ਪਤਾ ਕਿ ਮੇਰੇ ਕੋਲ ਹੈ ਜਾਂ ਨਹੀਂ ਤੇ ਮੈਂ ਪਰਵਾਹ ਨਹੀਂ ਕਰਕਦਾ ਜੇ ਇਸ ਨੂੰ ਹਟਾ ਦਿੱਤਾ ਜਾਵੇ (ਜੇ ਇਹ ਹੈ ਤਾਂ) ਨਿਸ਼ਚਿਤ ਤੌਰ ’ਤੇ ਮੈਂ ਤੁਹਾਡੇ ਵਲੋਂ ਤਸਦੀਕ ਕੀਤੇ ਜਾਣ ਲਈ ਭੁਗਤਾਨ ਨਹੀਂ ਕਰਾਂਗਾ।
ਅਰੁਣ ਬੋਥਰਾ ਨੇ ਟਵੀਟ ਕਰ ਲਿਖਿਆ, “ਧਰਤੀ ਦਾ ਸਭ ਤੋਂ ਅਮੀਰ ਆਦਮੀ ਬਲੂ ਟਿੱਕ ਦੇ ਰਿਹਾ ਹੈ, ਸਿਰਫ਼ ਅਮੀਰ ਲੋਕਾਂ ਨੂੰ ਜੋ ਇਸ ਨੂੰ ਹੋਰ ਅਮੀਰ ਬਣਾ ਦੇਣ।ਮਸਕ ਨੂੰ ਹੋਰ ਪੈਸੇ ਪਰ ਲੋਕਾਂ ਨੂੰ ਤਾਕਤ ਦੇ ਨਾਮ ’ਤੇ। ਦੋਗਲੇਪਣ ਦੀ ਹੱਦ!”
ਟਵਿੱਟਰ ਨੂੰ ਸੁਧਾਰਨ ਲਈ ਸ਼੍ਰੀਰਾਮ ਦੀ ਮਦਦ ਲੈ ਰਹੇ ਹਨ ਐਲਨ ਮਸਕ
ਇਲੋਨ ਮਸਕ ਨੇ ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਕੰਪਨੀ ਵਿੱਚ ਵੱਡੇ ਬਦਲਾਅ ਕੀਤੇ ਉਨ੍ਹਾਂ ਨੇ ਸੀਈਓ ਆਹੁਦੇ 'ਤੇ ਕੰਮ ਕਰ ਰਹੇ ਪਰਾਗ ਅਗਰਵਾਲ ਨੂੰ ਹਟਾਇਆ ਪਰ ਹੁਣ ਵੀ ਉਹ ਕੰਪਨੀ ਦੇ ਅਹਿਮ ਫ਼ੈਸਲੇ ਲੈਣ ਲਈ ਇੱਕ ਭਾਰਤੀ ਦੀ ਸਲਾਹ ਲੈ ਰਹੇ ਹਨ।
ਇਲੋਨ ਮਸਕ ਨੇ ਚੇਨਈ ਵਿੱਚ ਜਨਮੇ ਭਾਰਤੀ-ਅਮਰੀਕੀ ਇੰਜੀਨੀਅਰ ਸ਼੍ਰੀਰਾਮ ਕ੍ਰਿਸ਼ਣਨ ਨੂੰ ਟਵਿੱਟਰ ਵਿੱਚ ਬਦਲਾਅਕਰਨ ਲਈ ਬਣਾਈ ਗਈ ਟੀਮ ਵਿੱਚ ਸ਼ਾਮਿਲ ਕੀਤਾ ਹੈ.
ਸ਼੍ਰੀਰਾਮ ਕ੍ਰਿਸ਼ਣਨ ਨੇ ਖ਼ੁਦ ਵੀ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਐਲਨ ਮਸਕ ਦੀ ਮਦਦ ਕਰ ਰਹੇ ਹਨ।
ਇਸ ਬਾਰੇ ਸ਼੍ਰੀਰਾਮ ਨੇ ਟਵੀਟ ਕੀਤਾ। ਪੇਸ਼ੇ ਤੋਂ ਇੰਜੀਨੀਅਰ ਸ਼੍ਰੀਰਾਮ ਨੇ ਲਿਖਿਆ ਹੈ ਕਿ ਉਹ ਟਵਿੱਟਰ ਕੰਪਨੀ ਲਈ ਐਲਨ ਮਸਕ ਦੀ ਅਸਥਾਈ ਤੌਰ 'ਤੇ ਮਦਦ ਕਰ ਰਹੇ ਹਨ।
ਉਹ ਕਹਿੰਦੇ ਹਨ,"ਹੁਣ ਜਦੋਂ ਗੱਲ ਤੁਰ ਪਈ ਹੈ ਮੈਂ ਟਵਿੱਰ ਲਈ ਕੁਝ ਸ਼ਾਨਦਾਰ ਲੋਕਾਂ ਨਾਲ ਮਿਲਕੇ ਐਲਨ ਮਸਕ ਦੀ ਮਦਦ ਕਰ ਰਿਹਾ ਹਾਂ। ਮੈਂ ਮੰਨਦਾ ਹਾਂ ਕਿ ਇਹ ਬਹੁਤ ਹੀ ਅਹਿਮ ਕੰਪਨੀ ਹੈ। ਇਸਦਾ ਦੁਨੀਆਂ ਤੇ ਬਹੁਤ ਅਸਰ ਹੋ ਸਕਦਾ ਹੈ ਤੇ ਐਲਨ ਉਹ ਸ਼ਖਸ ਹੈ ਜੋ ਇਸ ਨੂੰ ਸੰਭਵ ਬਣਾਏਗਾ।"
ਹਾਲਾਕਿ, ਉਨ੍ਹਾ ਅਗਲੇ ਹੀ ਟਵੀਟ ਵਿੱਚ ਇਹ ਵੀ ਸਪਸ਼ਟ ਕਰ ਦਿੱਤਾ ਕਿ ਹੁਣ ਵੀ ਉਨ੍ਹਾ ਦਾ ਮੁੱਖ ਕੰਮ a16z ਕੰਪਨੀ ਨਾਲ ਹੀ ਜੁੜਿਆ ਹੋਇਆ ਹੈ। ਇਸ ਇਨਵੈਸਟਮੈਂਟ ਕੰਪਨੀ ਦਾ ਕੰਮ ਸਟਾਰਟਅੱਪਸ, ਕਈ ਨਾਮੀ ਕੰਪਨੀਆਂ ਤੇ ਕ੍ਰਿਪਟੋ ਵਿੱਚ ਨਿਵੇਸ਼ ਕਰਨਾ ਹੈ।
ਸ਼੍ਰੀਰਾਮ ਕ੍ਰਿਸ਼ਣਨ ਕੌਣ ਹਨ?
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕ੍ਰਿਸ਼ਣਨ ਪੇਸ਼ੇ ਤੋਂ ਇੰਜੀਨੀਅਰ ਹਨ। ਉਨ੍ਹਾਂ ਨੂੰ ਸਟਾਰਟਅਪਸ ਵਿੱਚ ਨਿਵੇਸ਼ ਲਈ ਜਾਣਿਆਂ ਜਾਂਦਾ ਹੈ।
ਹੁਣ ਤੱਕ ਉਹ ਇਸ ਤਰ੍ਹਾਂ ਦੇ 23 ਨਿਵੇਸ਼ ਕਰ ਚੁੱਕੇ ਹਨ ਤੇ ਚਾਰ ਅਕਤੂਬਰ ਨੂੰ ਉਨ੍ਹਾਂ ਨੇ ਸੀਡ ਰਾਉਂਡ-ਲੈਸੋ ਲੈਬਸ ਲਈ ਇਸ ਤਰ੍ਹਾਂ ਦਾ ਨਿਵੇਸ਼ ਕੀਤਾ ਸੀ.
ਸ਼੍ਰੀਰਾਮ ਕ੍ਰਿਸ਼ਣਨ ਨੇ ਆਪਣਾ ਕਰੀਅਰ ਮਾਈਕ੍ਰੋਸਾਫ਼ਟ ਨਾਲ ਸ਼ੁਰੂ ਕੀਤਾ ਸੀ ਤੇ ਉਹ ਟਵਿੱਟਰ ਵਿੱਚ ਵੀ ਕੰਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਹ ਬਿਤਸਕੀ, ਹਾਪਿਨ ਤੇ ਪਾਲੀਵਰਕ ਵਰਗੀਆਂ ਕੰਪਨੀਆਂ ਦੇ ਬੋਰਡ ਵਿੱਚ ਵੀ ਰਹਿ ਚੁੱਕੇ ਹਨ।
ਫ਼ਿਲਹਾਲ ਉਹ ਐਂਦ੍ਰੀਸੇਨ ਹੋਰੋਵਿਤਜ਼ ਨਾਮ ਦੀ ਵੇਂਚਰ ਕੈਪਿਟਲ ਫ਼ਰਮ ਵਿੱਚ ਪਾਰਟਰਨ ਹਨ। ਇਸ ਕੰਪਨੀ ਨੂੰ a16z ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਕ੍ਰਿਸ਼ਣਨ ਨੇ ਅੱਨਾ ਯੂਨਿਵਰਸਿਟੀ ਦੇ ਐੱਸਆਰਐੱਸ ਕਾਲਜ ਤੋਂ 2001-2005 ਵਿੱਚ ਇੰਜੀਨੀਰਿੰਗ ਦੀ ਪੜ੍ਹਾਈ ਕੀਤੀ।
ਉਨ੍ਹਾਂ ਨੇ ਸਾਲ 2017 ਤੋਂ 2019 ਦਰਮਿਆਨ ਟਵਿੱਟਰ ਨਾਲ ਕੰਮ ਕੀਤਾ ਸੀ।
ਉਸ ਸਮੇਂ ਉਹ ਕੋਰ ਕੰਜ਼ਿਊਮਰ ਪ੍ਰੋਡਕਟਸ ਟੀਮ ਨਾਲ ਜੁੜੇ ਸਨ ਤੇ ਉਸ ਸਮੇਂ ਕੰਪਨੀ ਨੇ 20 ਫ਼ੀਸਦ ਦੀ ਵਿਕਾਸ ਦਰ ਦੇਖੀ ਸੀ।
ਇਹ ਵੀ ਪੜ੍ਹੋ-
ਇਸ ਦੌਰਾਨ ਉਨ੍ਹਾ ਨੇ ਟਵਿੱਟਰ ਦੇ ਹੋਮ ਟਾਈਮਲਾਈਨ, ਨਵੇਂ ਯੂਜ਼ਰ ਦੇ ਤਜ਼ਰਬੇ, ਸਰਚ, ਡਿਸਕਵਰੀ ਤੇ ਆਡਿਐਂਸ ਗ੍ਰੋਥ ਵਰਗੇ ਅਹਿਮ ਕੰਮ ਕਰਨੇ ਸਨ।
ਉਨ੍ਹਾ ਦੇ ਲਿੰਕਡਇਨ ਪ੍ਰੋਫ਼ਾਈਲ ਮੁਤਾਬਕਗ ਕ੍ਰਿਸ਼ਣਨ ਮੇਟਾ ਤੇ ਸਨੈਪ ਦੇ ਨਾਲ ਵੀ ਕੰਮ ਕਰ ਚੁੱਕੇ ਹਨ। ਉਹ ਟੇਕ ਤੇ ਨਿਵੇਸ਼ ਨਾਲ ਜੁੜੇ ਮੁੱਦੇ 'ਤੇ ਆਪਣੀ ਪਤਨੀ ਰਾਮਮੁਰਤੀ ਨਾਲ 'ਗੁੱਟ ਟਾਈਮ ਸ਼ੋ' ਨਾਮ ਦਾ ਇੱਕ ਪੌਡਕਾਸਟ ਵੀ ਚਲਾਉਂਦੇ ਹਨ।
ਸ਼੍ਰੀਰਾਮ ਕ੍ਰਿਸ਼ਣਨ ਦੇ ਲਿੰਕਡਇਨ ਪ੍ਰੋਫ਼ਾਇਲ ਮੁਤਾਬਕ ਉਨ੍ਹਾਂ ਨੇ ਸਾਲ 2013 ਤੋਂ 2016 ਦਰਮਿਆਨ ਫ਼ੇਸਬੁੱਕ ਯਾਨੀ ਮੇਟਾ ਲਈ ਕੰਮ ਕੀਤਾ ਸੀ।
ਇੱਸ ਦੌਰਾਨ ਉਨ੍ਹਾਂ ਨੂੰ ਪ੍ਰੋਡਕਟ ਬਿਜ਼ਨੈਸ ਨੀਤੀ ਬਣਾਉਣ ਸਮੇਤ ਕਈ ਅਹਿਮ ਜ਼ਿੰਮੇਵਾਰੀਆਂ ਮਿਲੀਆਂ ਸਨ।
ਉਨ੍ਹਾਂ ਨੇ ਸਭ ਤੋਂ ਲੰਬਾ ਸਮਾਂ 2005 ਤੋਂ 2011 ਤੱਕ ਮਾਈਕ੍ਰੋਸਾਫ਼ਟ ਕੰਪਨੀ ਵਿੱਚ ਸੇਵਾਵਾਂ ਨਿਭਾਈਆਂ।
ਉਨ੍ਹਾਂ ਦੀ ਰੁਚੀ ਕੰਜਿਊਮਰ ਟੇਕ ਤੇ ਕ੍ਰਿਪਟੋ ਨੀਤੀ ਬਣਾਉਣ 'ਤੇ ਰਹੀ। ਇਸ ਤੋਂ ਇਲਾਵਾ ਉਨ੍ਹਾ ਨੂੰ ਕਿੱਸਾਗੋਈ ਾਦ ਵੀ ਸ਼ੌਕ ਹੈ।
ਸ਼੍ਰੀਰਾਮ ਚੇਨਈ ਦੇ ਇੱਕ ਮੱਧ-ਵਰਗੀ ਪਰਿਵਾਰ ਵਿੱਚ ਪਲੇ। ਉਨ੍ਹਾਂ ਦੇ ਪਿਤਾ ਇੱਕ ਬੀਮਾ ਕੰਪਨੀ ਵਿੱਚ ਕੰਮ ਕਰਦੇ ਸਨ ਤੇ ਮਾਂ ਘਰੈਲੂ ਔਰਤ ਸੀ।
ਸ਼੍ਰੀਰਾਮ ਦੀ ਆਪਣੀ ਜੀਵਨਸਾਥਣ ਨੂੰ ਸਾਲ 2002 ਵਿੱਚ ਯਾਹੂ ਮੈਸੇਂਜਰ ਜ਼ਰੀਏ ਮਿਲ ਸਨ ਤੇ ਹੁਣ ਕਰੀਬ 20 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਦੋਵੇਂ ਇਕੱਠੇ ਹਨ। ਸਾਲ 2005 ਵਿੱਚ ਮਾਈਕ੍ਰੋਸਾਫ਼ਟ ਵਿੱਚ ਕੰਮ ਕਰਨ ਲਈ ਸ੍ਰੀਰਾਮ ਅਮਰੀਕਾ ਵਿੱਚ ਰਹਿਣ ਲੱਗੇ। ਉਸ ਸਮੇਂ ਉਹ ਮਹਿਜ਼ 21 ਸਾਲ ਦੇ ਸਨ।
ਐਲਨ ਮਸਕ ਖ਼ੁਦ ਬਣੇ ਸੀਈਓ
ਉੱਧਰ ਇਲੋਨ ਮਸਕ ਨੇ ਖ਼ੁਦ ਨੂੰ ਟਵਿੱਟਰ ਦਾ ਨਵਾਂ ਸੀਈਓ ਤੇ ਨਿਰਦੇਸ਼ਕ ਬਣਾ ਲਿਆ ਹੈ। ਕੰਪਨੀ ਨੇ ਸਕਿਓਰਿਟੀ ਫ਼ਾਈਲਿੰਗ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਪਿਛਲੇ ਦਿਨੀਂ ਕਰੀਬ 44 ਅਰਬ ਡਾਲਰ ਵਿੱਚ ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਮਸਕ ਲਗਾਤਾਰ ਮਾਈਕ੍ਰੋ ਬਲਾਗਿਗ ਵੈੱਬਸਾਈਟ ਚਲਾਉਣ ਵਾਲੀ ਇਸ ਕੰਪਨੀ ਵਿੱਚ ਬਦਲਾਅ ਲਿਆ ਰਹੇ ਹਨ।
ਇੰਨਾਂ ਬਦਲਾਵਾਂ ਦੀ ਸ਼ੁਰੂਆਤ ਕੰਪਨੀ ਦੇ ਸੀਈਓ ਪਰਾਗ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਗਿਆ।
ਹੁਣ ਮਸਕ ਨੇ ਨਿਰਦੇਸ਼ਕ ਮੰਡਲ ਨੂੰ ਬਰਖ਼ਾਸਤ ਕਰਕੇ ਖ਼ੁਦ ਨੂੰ ਕੰਪਨੀ ਦਾ ਇਕਲੌਤਾ ਨਿਰਦੇਸ਼ਕ ਬਣਾ ਲਿਆ ਹੈ।
ਇਸ ਦੇ ਨਾਲ ਹੀ ਕੰਪਨੀ ਨੇ ਨਿਊਯਾਰਕ ਸਟਾਕ ਐਕਸਚੇਂਜ ਤੋਂ ਡੀਲਿਸਟਿੰਗ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ, ਟਵਿੱਟਰ ਇੱਕ ਪ੍ਰਾਈਵੇਟ ਕੰਪਨੀ ਬਣ ਜਾਵੇਗੀ ਜੋ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਨਹੀਂ ਹੋਵੇਗੀ।
ਅਜਿਹਾ ਹੋਣ ਨਾਲ ਮਸਕ ਤੇ ਉਨ੍ਹਾਂ ਦੀ ਕੰਪਨੀ 'ਤੇ ਹਰ ਤਿੰਨ ਮਹੀਨੇ ਵਿੱਚ ਕੰਪਨੀ ਦੀ ਆਰਥਿਕਤਾ ਨਾਲ ਜੁੜੀ ਜ਼ਿੰਮੇਵਾਰੀ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ