ਮਹਾਰਾਣੀ ਐਲਿਜ਼ਾਬੈਥ II ਦਾ ਦੇਹਾਂਤ ਹੋਇਆ, ਬਕਿੰਘਮ ਪੈਲੇਸ ਨੇ ਕੀਤਾ ਐਲਾਨ

ਬ੍ਰਿਟੇਨ ਦੀ ਪਿਛਲੇ 70 ਸਾਲਾਂ ਤੋਂ ਮਹਾਰਾਣੀ ਰਹੀ ਐਲਿਜ਼ਾਬੈਥ-II ਦਾ 96 ਸਾਲ ਦੀ ਉਮਰ ਵਿਚ ਬੋਲਮੋਰਲ ਵਿੱਚ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਨੇ ਵੀਰਵਾਰ ਨੂੰ ਆਪਣੀ ਸਕੌਟਿਸ਼ ਇਸਟੇਟ ਵਿੱਚ ਜਿੱਥੇ ਉਨ੍ਹਾਂ ਨੇ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਬਿਤਾਈਆਂ ਸਨ, ਵਿੱਚ ਸ਼ਾਂਤੀਪੂਰਵਕ ਆਖਰੀ ਸਾਹ ਲਏ।
ਸਾਲ 1952 ਵਿੱਚ ਆਪਣੀ ਤਾਜਪੋਸ਼ੀ ਤੋਂ ਬਾਅਦ ਮਹਾਰਾਣੀ ਵਿਆਪਕ ਸਮਾਜਿਕ ਬਦਲਾਵਾਂ ਦੇ ਗਵਾਹ ਬਣੇ।
ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਅਤੇ ਹੁਣ ਬ੍ਰਿਟੇਨ ਦੇ ਨਵੇਂ ਕਿੰਗ ਚਾਰਲਸ III ਨੇ ਕਿਹਾ ਕਿ ਉਨ੍ਹਾਂ ਦੀ ਪਿਆਰੀ ਮਾਂ ਦੀ ਮੌਤ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ''ਬਹੁਤ ਦੁਖ ਦੀ ਘੜੀ'' ਹੈ ਅਤੇ ਉਨ੍ਹਾਂ ਦੀ ਕਮੀ ਨੂੰ ਦੁਨੀਆਂ ਭਰ ਵਿੱਚ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਵੇਗਾ।
ਉਨ੍ਹਾਂ ਕਿਹਾ, "ਅਸੀਂ ਇੱਕ ਪਸੰਦੀਦਾ ਸ਼ਾਸਕ ਅਤੇ ਇੱਕ ਬਹੁਤ ਪਿਆਰੀ ਮਾਂ ਦੇ ਦੇਹਾਂਤ 'ਤੇ ਡੂੰਘੇ ਸੋਗ ਵਿੱਚ ਹਾਂ।''
"ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੀ ਕਮੀ ਨੂੰ ਪੂਰੇ ਦੇਸ਼, ਸ਼ਾਸਿਤ ਖੇਤਰਾਂ, ਰਾਸ਼ਟਰਮੰਡਲ ਅਤੇ ਦੁਨੀਆਂ ਭਰ ਵਿੱਚ ਅਣਗਿਣਤ ਲੋਕਾਂ ਵੱਲੋਂ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਵੇਗਾ।''
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ''ਇਸ ਗੱਲ ਨਾਲ ਰਾਹਤ ਅਤੇ ਬਲ ਮਿਲੇਗਾ ਕਿ ਮਹਾਰਾਣੀ ਨਾਲ ਲੋਕਾਂ ਨੂੰ ਕਿੰਨਾ ਪਿਆਰ ਸੀ ਅਤੇ ਲੋਕਾਂ ਉਨ੍ਹਾਂ ਦਾ ਕਿੰਨਾ ਸਤਿਕਾਰ ਕਰਦੇ ਸਨ।"
ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ- ਜਿਨ੍ਹਾਂ ਨੂੰ ਹੁਣ ਕੁਵੀਨ ਕੌਂਸੋਰਟ ਕਿਹਾ ਜਾਵੇਗਾ- ਉਹ ਸ਼ੁੱਕਰਵਾਰ ਨੂੰ ਲੰਡਨ ਪਰਤ ਆਏ ਹਨ। ਬਕਿੰਘਮ ਪੈਲਸ ਵਿੱਚ ਲੋਕ ਮਹਾਰਾਜ ਚਾਰਲਸ ਨੂੰ ਪੂਰੀ ਗਰਮਜੋਸ਼ੀ ਨਾਲ ਮਿਲੇ। ਇਸ ਮੌਕੇ ‘ਲੌਂਗ ਲਿਵ ਕਿੰਗ’ ਦੇ ਵੀ ਨਾਅਰੇ ਲੱਗੇ।
ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੇ ਕੀ ਕਿਹਾ
ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੇ ਕਿਹਾ ਕਿ ਮਹਾਰਾਣੀ ਉਹ ਚੱਟਾਨ ਸੀ ਜਿਸ ਉੱਤੇ ਆਧੁਨਿਕ ਬ੍ਰਿਟੇਨ ਦਾ ਨਿਰਮਾਣ ਹੋਇਆ, ਜਿਨ੍ਹਾਂ ਨੇ ''ਸਾਨੂੰ ਉਹ ਸਥਿਰਤਾ ਅਤੇ ਮਜ਼ਬੂਤੀ ਦਿੱਤੀ ਜਿਸ ਦੀ ਸਾਨੂੰ ਲੋੜ ਸੀ।'' ਇਸੇ ਮੰਗਲਵਾਰ ਨੂੰ ਮਹਾਰਾਣੀ ਨੇ ਲਿਜ਼ ਟ੍ਰਸ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ।
ਨਵੇਂ ਰਾਜਾ ਬਾਰੇ ਗੱਲ ਕਰਦੇ ਹੋਏ ਟ੍ਰਸ ਨੇ ਕਿਹਾ, "ਅਸੀਂ ਉਨ੍ਹਾਂ ਲਈ ਠੀਕ ਉਸੇ ਤਰ੍ਹਾਂ ਹੀ ਆਪਣੀ ਵਫਾਦਾਰੀ ਅਤੇ ਸਮਰਪਣ ਦੀ ਭਾਵਨਾ ਰੱਖਾਂਗੇ, ਜਿਵੇਂ ਉਨ੍ਹਾਂ ਦੀ ਮਾਂ ਐਨੇ ਲੰਬੇ ਸਮੇਂ ਲਈ ਕਿੰਨੇ ਹੀ ਲੋਕਾਂ ਲਈ ਸਮਰਪਿਤ ਰਹੀ।"
"ਅਤੇ ਦੂਜੇ ਐਲਿਜ਼ਾਬੈਥ ਯੁੱਗ ਦੇ ਅੰਤ ਦੇ ਨਾਲ, ਅਸੀਂ ਆਪਣੇ ਮਹਾਨ ਦੇਸ਼ ਦੇ ਵਿਸ਼ਾਲ ਇਤਿਹਾਸ ਦੇ ਨਵੇਂ ਦੌਰ ਵਿੱਚ ਦਾਖਲ ਹੋ ਰਹੇ ਹਨ, ਜੋ ਠੀਕ ਉਸੇ ਤਰ੍ਹਾਂ ਹੀ ਹੈ ਜਿਸਦੀ ਕਾਮਨਾ ਮਹਾਰਾਣੀ ਨੇ ਕੀਤੀ ਹੋਵੇਗੀ, 'ਗੌਡ ਸੇਵ ਦਿ ਕਿੰਗ।''

ਤਸਵੀਰ ਸਰੋਤ, PA Media
ਚਰਚ ਆਫ਼ ਇੰਗਲੈਂਡ ਦੇ ਧਾਰਮਿਕ ਆਗੂ ਅਤੇ ਕੈਂਟਬਰੀ ਦੇ ਆਰਕਬਿਸ਼ਪ ਜਸਟਿਨ ਵੈਲਬੀ ਨੇ ''ਡੂੰਘੇ ਦੁੱਖ'' ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ''ਦੁਆਵਾਂ ਸਮਰਾਟ ਅਤੇ ਸ਼ਾਹੀ ਪਰਿਵਾਰ ਨਾਲ ਹਨ।''
ਰਾਜ ਦੇ ਮੁਖੀ ਦੇ ਰੂਪ ਵਿੱਚ ਮਹਾਰਾਣੀ ਐਲਿਜ਼ਾਬੈਥ II ਦੇ ਕਾਰਜਕਾਲ ਦੇ ਦੌਰਾਨ ਬ੍ਰਿਟੇਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੰਗੀ ਦਾ ਦੌਰ ਦੇਖਿਆ, ਇੱਕ ਸਾਮਰਾਜ ਦਾ ਕਾਮਨਵੈਲਥ ਵਿੱਚ ਬਦਲਣਾ, ਠੰਢੀ ਜੰਗ ਦਾ ਅੰਤ ਅਤੇ ਬ੍ਰਿਟੇਨ ਦਾ ਯੂਰਪੀ ਸੰਘ ਵਿੱਚ ਸ਼ਾਮਲ ਹੋਣਾ ਅਤੇ ਫਿਰ ਉਸ ਤੋਂ ਵੱਖ ਹੋਣਾ ਦੇਖਿਆ।
ਉਨ੍ਹਾਂ ਦੇ ਕਾਰਜਕਾਲ ਵਿੱਚ ਬ੍ਰਿਟੇਨ ਨੇ 15 ਪ੍ਰਧਾਨ ਮੰਤਰੀ ਦੇਖੇ। 1874 ਵਿੱਚ ਪੈਦਾ ਹੋਏ ਵਿੰਸਟਨ ਚਰਚਿਲ ਉਨ੍ਹਾਂ ਦੇ ਸ਼ਾਸਨਕਾਲ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਲਿਜ਼ ਟ੍ਰਸ ਜੋ ਚਰਚਿਲ ਦੇ ਜਨਮ ਦੇ 101 ਸਾਲ ਬਾਅਦ 1975 ਵਿੱਚ ਪੈਦਾ ਹੋਈ।
ਆਪਣੇ ਸਮੁੱਚੇ ਕਾਰਜਕਾਲ ਦੇ ਦੌਰਾਨ ਮਹਾਰਾਣੀ ਹਰ ਹਫ਼ਤੇ ਪ੍ਰਧਾਨ ਮੰਤਰੀ ਨੂੰ ਮਿਲਦੇ ਸਨ।
ਮਹਾਰਾਣੀ ਐਲਿਜ਼ਾਬੈਥ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਦੇ ਮੇਅਫੇਅਰ ਵਿੱਚ ਹੋਇਆ ਸੀ। ਉਨ੍ਹਾਂ ਦਾ ਜਨਮ ਦਾ ਨਾਮ ਐਲਿਜ਼ਾਬੈਥ ਅਲੈਗਜ਼ਾਂਡਰਾ ਮੇਰੀ ਵਿੰਡਸਰ ਸੀ।
ਇਹ ਵੀ ਪੜ੍ਹੋ:
ਲੰਡਨ ਵਿੱਚ ਬਕਿੰਘਮ ਪੈਲੇਸ ਦੇ ਬਾਹਰ ਮਹਾਰਾਣੀ ਦੀ ਸਿਹਤ ਨੂੰ ਲੈ ਕੇ ਖ਼ਬਰ ਦੀ ਉਡੀਕ ਕਰ ਰਹੇ ਦੇਹਾਂਤ ਦੇ ਐਲਾਨ ਤੋਂ ਬਾਅਦ ਰੋਣ ਲੱਗੇ।
ਠੀਕ 6:30 ਵਜੇ (ਬ੍ਰਿਟਿਸ਼ ਸਮੇਂ ਮੁਤਾਬਕ), ਬ੍ਰਿਟੇਨ ਦੇ ਰਾਜ ਘਰਾਣੇ ਉੱਤੇ ਲੱਗਿਆ ਕੌਮੀ ਝੰਡਾ ਯੂਨੀਅਨ ਜੈਕ ਅੱਧਾ ਝੁਕਾ ਦਿੱਤਾ ਗਿਆ ਅਤੇ ਮਹਾਰਾਣੀ ਦੇ ਦੇਹਾਂਤ ਦਾ ਅਧਿਕਾਰਤ ਐਲਾਨ ਕਰਨ ਵਾਲਾ ਨੋਟਿਸ ਮੇਨ ਗੇਟ ਦੇ ਬਾਹਰ ਲਗਾ ਦਿੱਤਾ ਗਿਆ।
ਮਹਾਰਾਣੀ ਦੇ ਦੇਹਾਂਤ ਤੋਂ ਬਾਅਦ, ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੈਥਰੀਨ ਡਿਊਕ ਅਤੇ ਡਚੈਸ ਆਫ ਕੈਂਬਰਿਜ ਐਂਡ ਕੌਰਨਵਾਲ ਬਣ ਗਏ ਹਨ।

ਤਸਵੀਰ ਸਰੋਤ, Getty Images
ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਇੱਕ ਦਿਨ ਉਹ ਬ੍ਰਿਟੇਨ ਦੀ ਮਹਾਰਾਣੀ ਬਣੇਗੀ। ਪਰ ਸਾਲ 1936 ਵਿੱਚ ਉਨ੍ਹਾਂ ਦੇ ਪਿਤਾ ਦੇ ਵੱਡੇ ਭਰਾ ਐਡਵਰਡ ਅਸ਼ਟਮ ਨੇ ਅਮਰੀਕੀ ਨਾਗਰਿਕ ਅਤੇ ਦੋ ਵਾਰ ਤਲਾਕਸ਼ੁਦਾ ਵਾਲਿਸ ਸਿੰਪਸਨ ਨਾਲ ਵਿਆਹ ਕਰਨ ਲਈ ਸਮਰਾਟ ਦਾ ਅਹੁਦਾ ਛੱਡ ਦਿੱਤਾ ਸੀ।
ਉਨ੍ਹਾਂ ਤੋਂ ਬਾਅਦ ਐਲਿਜ਼ਾਬੈਥ ਦੇ ਪਿਤਾ ਐਲਬਰਟ ਰਾਜਗੱਦੀ 'ਤੇ ਬੈਠੇ ਅਤੇ ਉਸ ਵੇਲੇ 10 ਸਾਲ ਦੀ ਲਿਲੀਬੇਟ ਰਾਜਗੱਦੀ ਦੀ ਉੱਤਰਅਧਿਕਾਰੀ ਬਣ ਗਈ। ਐਲਿਜ਼ਾਬੈਥ ਨੂੰ ਪਰਿਵਾਰ ਵਿੱਚ ਲਿਲੀਬੇਟ ਵੀ ਕਿਹਾ ਜਾਂਦਾ ਸੀ।
ਇਸ ਤੋਂ ਤਿੰਨ ਸਾਲ ਬਾਅਦ ਹੀ ਬ੍ਰਿਟੇਨ ਨਾਜ਼ੀ ਜਰਮਨੀ ਨਾਲ ਯੁੱਧ ਲੜ ਰਿਹਾ ਸੀ, ਐਲਿਜ਼ਾਬੈਥ ਅਤੇ ਉਨ੍ਹਾਂ ਦੀ ਛੋਟੀ ਭੈਣ ਪ੍ਰਿੰਸਜ਼ ਮਾਰਗਰੇਟ ਨੇ ਯੁੱਧ ਦੇ ਦੌਰਾਨ ਜ਼ਿਆਦਾਤਰ ਸਮੇਂ ਵਿੰਡਸਰ ਕੈਸਲ ਵਿੱਚ ਹੀ ਬਤੀਤ ਕੀਤਾ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਰਾਜਕੁਮਾਰੀਆਂ ਨੂੰ ਸੁਰੱਖਿਅਤ ਕੈਨੇਡਾ ਪਹੁੰਚਾਉਣ ਦੇ ਸੁਝਾਆਂ ਨੂੰ ਨਕਾਰ ਦਿੱਤਾ ਸੀ।
18 ਸਾਲ ਦੀ ਹੋਣ 'ਤੇ ਐਲਿਜ਼ਾਬੈਥ ਨੇ ਆਕਿਸਲਰੀ ਟੈਰੀਟੋਰੀਅਲ ਸਰਵਿਸ ਦੇ ਨਾਲ ਪੰਜ ਮਹੀਨੇ ਕੰਮ ਕੀਤਾ ਅਤੇ ਮੋਟਰ ਮਕੈਨਿਕ ਦਾ ਕੰਮ ਅਤੇ ਗੱਡੀ ਚਲਾਉਣੀ ਸਿੱਖੀ।
ਬਾਅਦ ਵਿੱਚ ਇਸ ਬਾਰੇ ਗੱਲ ਕਰਦੇ ਹੋਏ ਮਹਾਰਾਣੀ ਨੇ ਕਿਹਾ ਸੀ, , "ਮੈਂ ਏਸਿਪਰਟ ਡੀ ਕੌਪਰਸ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਜੋ ਉਲਟੇ ਹਾਲਾਤਾਂ ਵਿੱਚ ਵਿਕਸਿਤ ਹੁੰਦਾ ਹੈ।"
ਯੁੱਧ ਦੇ ਦੌਰਾਨ ਉਹ ਆਪਣੇ ਦੂਰ ਦੇ ਕਜ਼ਨ ਅਤੇ ਪ੍ਰਿੰਸ ਫਿਲਿਪ ਨੂੰ ਚਿੱਠੀਆਂ ਭੇਜਦੇ ਸਨ। ਗ੍ਰੀਸ ਦੇ ਪ੍ਰਿੰਸ ਫਿਲਿਪ ਰਾਇਲ ਨੇਵੀ ਵਿੱਚ ਸੇਵਾਵਾਂ ਦੇ ਰਹੇ ਸਨ।
ਦੋਵਾਂ ਦੇ ਵਿੱਚ ਰੋਮਾਂਸ ਹੋਇਆ ਅਤੇ ਇਸ ਜੋੜੇ ਨੇ 20 ਨਵੰਬਰ 1947 ਨੂੰ ਵੈਸਟਮਿੰਸਟਰ ਐਬੇ ਵਿੱਚ ਵਿਆਹ ਕਰ ਲਿਆ। ਪ੍ਰਿੰਸ ਫਿਲਿਪ ਨੂੰ ਡਿਊਕ ਆਫ ਐਡਿਨਬਰਾ ਦਾ ਖਿਤਾਬ ਮਿਲਿਆ।
ਬਾਅਦ ਵਿੱਚ 2021 ਵਿੱਚ ਪ੍ਰਿੰਸ ਫਿਲਿਪ ਦੇ 99 ਸਾਲ ਦੀ ਉਮਰ ਵਿੱਚ ਦੇਹਾਂਤ ਤੋਂ ਪਹਿਲਾਂ ਉਨ੍ਹਾਂ ਬਾਰੇ ਮਹਾਰਾਣੀ ਨੇ ਕਿਹਾ ਸੀ, 74 ਸਾਲ ਦੇ ਵਿਆਹ ਦੌਰਾਨ "ਉਹ ਮੇਰੀ ਤਾਕਤ ਅਤੇ ਭਰੋਸਾ ਸਨ।"

ਤਸਵੀਰ ਸਰੋਤ, Tim Graham/PA
ਉਨ੍ਹਾਂ ਦੇ ਪਹਿਲੇ ਪੁੱਤਰ ਚਾਰਲਸ ਦਾ ਜਨਮ 1948 ਵਿੱਚ ਹੋਇਆ ਸੀ, ਇਸ ਤੋਂ ਬਾਅਦ 1950 ਵਿੱਚ ਪ੍ਰਿੰਸੇਜ਼ ਐਨ ਦਾ ਜਨਮ ਹੋਇਆ। ਫਿਰ 1960 ਵਿੱਚ ਪ੍ਰਿੰਸ ਐਂਡਰਿਊ ਅਤੇ 1964 ਵਿੱਚ ਪ੍ਰਿੰਸ ਐਡਵਰਡ ਪੈਦਾ ਹੋਏ।
ਇਨ੍ਹਾਂ ਸਾਰਿਆਂ ਨੇ ਮਹਾਰਾਣੀ ਨੂੰ ਅੱਠ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅਤੇ 12 ਪੜਪੋਤੇ-ਪੜਪੋਤੀਆਂ ਦਿੱਤੀਆਂ।
ਸਾਲ 1952 ਵਿੱਚ ਪ੍ਰਿੰਸੇਜ ਐਲਿਜ਼ਾਬੈਥ ਕੀਨੀਆ ਵਿੱਚ ਸਨ ਜਦੋਂ ਉਨ੍ਹਾਂ ਦੇ ਪਤੀ ਫਿਲਿਪ ਨੇ ਉਨ੍ਹਾਂ ਨੂੰ ਪਤੀ ਦੀ ਮੌਤ ਦੀ ਖ਼ਬਰ ਦਿੱਤੀ। ਉਹ ਤੁਰੰਤ ਨਵੀਂ ਮਹਾਰਾਣੀ ਦੇ ਰੂਪ ਵਿੱਚ ਲੰਡਨ ਪਰਤ ਆਏ ਸਨ।
ਬਾਅਦ ਵਿੱਚ ਇਸ ਬਾਰੇ ਮਹਾਰਾਣੀ ਨੇ ਕਿਹਾ ਸੀ, "ਅਚਾਨਕ ਮਿਲੀ ਇਸ ਜ਼ਿੰਮੇਦਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ ਦੀ ਚੁਣੌਤੀ ਮੇਰੇ ਸਾਹਮਣੇ ਸੀ।"
27 ਸਾਲ ਦੀ ਉਮਰ ਵਿੱਚ ਐਲਿਜ਼ਾਬੈਥ ਦੀ ਵੈਸਟਮਿੰਸਟਰ ਐਬੇ ਵਿੱਚ 2 ਜੂਨ 1953 ਨੂੰ ਤਾਜਪੋਸ਼ੀ ਹੋਈ ਸੀ।
ਇਸ ਪ੍ਰੋਗਰਾਮ ਨੂੰ ਦੁਨੀਆਂ ਭਰ ਵਿੱਚ ਦੋ ਕਰੋੜ ਤੋਂ ਵੱਧ ਲੋਕਾਂ ਨੇ ਟੀਵੀ ਉੱਤੇ ਲਾਈਵ ਦੇਖਿਆ ਸੀ। ਬਹੁਤ ਸਾਰੇ ਲੋਕ ਪਹਿਲੀ ਵਾਰ ਲਾਈਵ ਟੀਵੀ ਦੇਖ ਰਹੇ ਸਨ।
ਅਗਲੇ ਕੁਝ ਦਹਾਕਿਆਂ ਵਿੱਚ ਵੱਡੇ ਬਦਲਾਅ ਹੋਏ, ਦੁਨੀਆਂ ਭਰ ਵਿੱਚ ਫੈਲਿਆ ਬਰਤਾਨਵੀ ਸਾਮਰਾਜ ਸਿਮਟ ਗਿਆ ਅਤੇ 1960 ਦੇ ਦਹਾਕੇ ਵਿੱਚ ਬ੍ਰਿਟੇਨ ਦੇ ਸਾਮਰਾਜ ਵਿੱਚ ਵੱਡੇ ਬਦਲਾਅ ਹੋਏ।
ਰਾਜਸ਼ਾਹੀ ਲਈ ਇਹ ਘੱਟ ਸਨਮਾਨਜਨਕ ਦੌਰ ਸੀ। ਇਸ ਦੌਰਾਨ ਐਲਿਜ਼ਾਬੈਥ ਨੇ ਰਾਜਸ਼ਾਹੀ ਵਿੱਚ ਕਈ ਸੁਧਾਰ ਕੀਤਾ, ਉਹ ਆਮ ਲੋਕਾਂ ਦੇ ਹੋਰ ਨੇੜੇ ਗਏ ਅਤੇ ਜਨਤਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।
ਕਾਮਨਵੈਲਥ ਲਈ ਉਹ ਲਗਾਤਾਰ ਵਚਨਬੱਧ ਰਹੇ, ਉਨ੍ਹਾਂ ਨੇ ਹਰ ਕਾਮਨਵੈਲਥ ਦੇਸ਼ ਦੀ ਘੱਟੋ ਘੱਟ ਇੱਕ ਵਾਰ ਯਾਤਰਾ ਜ਼ਰੂਰ ਕੀਤੀ।
ਪਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਿੱਜੀ ਅਤੇ ਜਨਤਕ ਦੁਖ ਦਰਦ ਦੇ ਦੌਰ ਵੀ ਆਏ। 1992 ਵਿੱਚ ਭਿਆਨ ਅੱਗ ਵਿੱਚ ਵਿੰਡਸਰ ਕੈਸਲ ਤਬਾਹ ਹੋ ਗਿਆ। ਇਹ ਮਹਾਰਾਣੀ ਦਾ ਨਿੱਜੀ ਨਿਵਾਸ ਅਤੇ ਦਫਤਰ ਸੀ। ਉਨ੍ਹਾਂ ਦੇ ਤਿੰਨ ਬੱਚਿਆਂ ਦੇ ਵਿਆਹ ਵੀ ਟੁੱਟ ਗਏ।
1997 ਵਿੱਚ ਪੈਰਿਸ ਵਿੱਚ ਹੋਏ ਇੱਕ ਕਾਰ ਹਾਦਸੇ ਵਿੱਚ ਰਾਜਕੁਮਾਰੀ ਡਾਇਨਾ ਦੀ ਮੌਤ ਤੋਂ ਬਾਅਦ ਜਨਤਕ ਤੌਰ ਉੱਤੇ ਇਸ ਬਾਰੇ ਗੱਲ ਨਾ ਕਰਨ ਨੂੰ ਲੈ ਕੇ ਮਹਾਰਾਣੀ ਦੀ ਆਲੋਚਨਾ ਵੀ ਹੋਈ।
ਆਧੁਨਿਕ ਸਮਾਜ ਵਿੱਚ ਰਾਜਸ਼ਾਹੀ ਦੀ ਯੋਗਤਾ ਨੂੰ ਲੈ ਕੇ ਵੀ ਸਵਾਲ ਉੱਠੇ।
ਮਹਾਰਾਣੀ ਨੇ ਇਹ ਮੰਨਿਆ ਸੀ,, "ਕਿਸੇ ਵੀ ਸੰਸਥਾ ਨੂੰ…ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਹ ਉਨ੍ਹਾਂ ਲੋਕਾਂ ਦੀ ਸਮੀਖਿਆ ਤੋਂ ਪਰੇ ਹਨ ਜੋ ਉਸ ਨੂੰ ਆਪਣਾ ਸਮਰਥਨ ਅਤੇ ਵਫਾਦਾਰੀ ਦਿੰਦੇ ਹਨ, ਉਨ੍ਹਾਂ ਲੋਕਾਂ ਦਾ ਉਲੇਖ ਨਹੀਂ ਕਰ ਰਹੀ ਹਾਂ ਜੋ ਅਜਿਹਾ ਨਹੀਂ ਕਰਦੇ ਹਨ।"

ਤਸਵੀਰ ਸਰੋਤ, PA
ਐਲਿਜ਼ਾਬੈਥ ਨੇ 21 ਸਾਲ ਦੀ ਉਮਰ ਵਿੱਚ ਰਾਜਕੁਮਾਰੀ ਰਹਿੰਦੇ ਹੋਏ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਨ ਵਿੱਚ ਸਮਰਪਿਤ ਕਰਨ ਦਾ ਸੰਕਲਪ ਲਿਆ ਸੀ।
ਇਨ੍ਹਾਂ ਸ਼ਬਦਾਂ ਨੂੰ ਕਹਿਣ ਦੇ ਦਹਾਕਿਆਂ ਬਾਅਦ 1977 ਵਿੱਚ ਆਪਣੇ ਮਹਾਰਾਣੀ ਬਣਨ ਦੇ 25 ਸਾਲ ਪੂਰੇ ਹੋਣ ਉੱਤੇ ਉਨ੍ਹਾਂ ਨੇ ਇੱਕ ਵਾਰ ਮੁੜ ਐਲਾਨ ਕੀਤਾ ਸੀ, "ਹਾਲਾਂਕਿ, ਉਹ ਸੰਕਲਪ ਮੈਂ ਕਾਫ਼ੀ ਘੱਟ ਉਮਰ ਵਿੱਚ ਲਿਆ ਸੀ, ਜਦੋਂ ਮੈਂ ਫ਼ੈਸਲੇ ਲੈਣ ਵਿੱਚ ਕੱਚੀ ਸੀ, ਪਰ ਅੱਜ ਵੀ ਮੈਨੂੰ ਆਪਣੇ ਕਹੇ ਇੱਕ ਵੀ ਸ਼ਬਦ ਦਾ ਮਲਾਲ ਨਹੀਂ ਹੈ ਅਤੇ ਨਾ ਹੀ ਮੈਂ ਉਨ੍ਹਾਂ ਸ਼ਬਦਾਂ ਤੋਂ ਪਿੱਛੇ ਹਟਾਂਗੀ।"
45 ਸਾਲ ਬਾਅਦ ਇਸੇ ਸਾਲ ਜੂਨ ਵਿੱਚ ਮਹਾਰਾਣੀ ਦੀ ਹਕੂਮਤ ਦੀ ਪਲੈਟੀਨਮ ਜੁਬਲੀ ਯਾਨਿ 70ਵੀਂ ਵਰ੍ਹੇਗੰਢ ਮੌਕੇ ਰਾਸ਼ਟਰ ਦੇ ਨਾਮ ਇੱਕ ਸੰਦੇਸ਼ ਵਿੱਚ ਉਨ੍ਹਾਂ ਮੁੜ ਉਹੀ ਵਚਨ ਦੁਹਰਾਏ।
ਮਹਾਰਾਣੀ ਦੀ ਤਾਜਪੋਸ਼ ਦੀ ਪਲੈਟੀਨਮ ਜੁਬਲੀ ਮੌਕੇ ਬ੍ਰਿਟੇਨ ਵਿੱਚ ਤਰ੍ਹਾਂ-ਤਰ੍ਹਾਂ ਦੇ ਸਰਕਾਰੀ ਸਮਾਰੋਹ ਹੋਏ ਜਿਸ ਵਿੱਚ ਬ੍ਰਿਟੇਨ ਦੇ ਸੱਭਿਆਚਾਰ ਨੂੰ ਦਿਖਾਇਆ ਗਿਆ, ਨਾਲ ਹੀ ਲੋਕਾਂ ਨੇ ਥਾਂ-ਥਾਂ ਉੱਤੇ ਸਟ੍ਰੀਟ ਪਾਰਟੀ ਵੀ ਕੀਤੀ।
ਹਾਲਾਂਕਿ ਮਹਾਰਾਣੀ ਆਪਣੀ ਸਿਹਤ ਕਰਕੇ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਕਿਹਾ , "ਮੇਰੀਆਂ ਭਾਵਨਾਵਾਂ ਤੁਹਾਡੇ ਨਾਲ ਰਹੀਆਂ ਹਨ।"
ਉਸ ਦੌਰਾਨ ਬਕਿੰਘਮ ਪੈਲੇਸ ਦੇ ਸਾਹਮਣੇ- ਦਿ ਮਾਲ 'ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਮਹਾਰਾਣੀ ਵੀ ਉਦੋਂ ਸਮਾਰੋਹ ਦੇ ਅਖੀਰ ਵਿੱਚ ਆਪਣੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਨਾਲ ਬਕਿੰਘਮ ਪੈਲੇਸ ਦੀ ਬਾਲਕਨੀ ਉੱਤੇ ਆ ਕੇ ਜਸ਼ਨ ਵਿੱਚ ਸ਼ਰੀਕ ਹੋਏ।

ਤਸਵੀਰ ਸਰੋਤ, Getty Images
ਮਹਾਰਾਣੀ ਦੇ ਦੇਹਾਂਤ ਤੋਂ ਬਾਅਦ 73 ਸਾਲਾ ਕਿੰਗ ਚਾਰਲਸ ਹੁਣ 14 ਰਾਸ਼ਟਰਮੰਡਲ ਸ਼ਾਸਿਤ ਖੇਤਰਾਂ ਵਿੱਚ ਪ੍ਰਮੁੱਖ ਬਣ ਗਏ ਹਨ।
ਉਹ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ, ਆਪਣੇ ਭੈਣ-ਭਰਾਵਾਂ- ਪ੍ਰਿੰਸੇਜ਼ ਐਨ, ਪ੍ਰਿੰਸ ਐਂਡਰਿਊ ਅਤੇ ਪ੍ਰਿੰਸ ਐਡਵਰਡ ਦੇ ਨਾਲ ਬਾਲਮੋਰਲ ਵਿੱਚ ਮੌਜੂਦ ਹਨ।












