ਮਹਾਰਾਣੀ ਐਲਿਜ਼ਾਬੈਥ II ਦਾ ਦੇਹਾਂਤ, ਬਕਿੰਘਮ ਪੈਲੇਸ ਨੇ ਕੀਤਾ ਐਲਾਨ

ਬ੍ਰਿਟੇਨ ਦੀ ਪਿਛਲੇ 70 ਸਾਲਾਂ ਤੋਂ ਮਹਾਰਾਣੀ ਰਹੀ ਐਲਿਜ਼ਾਬੈਥ-II ਦਾ 96 ਸਾਲ ਦੀ ਉਮਰ ਵਿਚ ਬੋਲਮੋਰਲ ਵਿਚ ਦੇਹਾਂਤ ਹੋ ਗਿਆ ਹੈ।
ਵੀਰਵਾਰ ਨੂੰ ਮਹਾਰਾਣੀ ਐਲਿਜ਼ਾਬੈਥ II ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਪਰਿਵਾਰ ਸਟਾਕਿਸ਼ ਅਸਟੇਟ ਵਿਚ ਪਹੁੰਚ ਗਿਆ ਸੀ।
ਮਹਾਰਾਣੀ ਐਲਿਜ਼ਾਬੈਥ-II 1952 ਵਿਚ ਤਖਤ ਉੱਤੇ ਬੈਠੇ ਸੀ ਅਤੇ ਉਹ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦੇ ਗਵਾਹ ਸਨ।
ਮਹਾਰਾਣੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਚਾਰਲਸ ਰਾਸ਼ਟਰੀ ਸੋਗ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਉਹੀ ਮਹਾਰਾਣੀ ਦੀ ਮੌਤ ਤੋਂ ਬਾਅਦ ਬ੍ਰਿਟੇਨ ਦੇ ਨਵੇਂ ਮਹਾਰਾਜਾ ਅਤੇ 14 ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀ ਹੋਣਗੇ।
ਇੱਕ ਬਿਆਨ ਵਿੱਚ ਬਕਿੰਘਮ ਪੈਲੇਸ ਨੇ ਕਿਹਾ, ''ਇਸ ਦੁਪਹਿਰ ਬਾਲਮੋਰਲ ਵਿੱਚ ਮਾਹਾਰਾਣੀ ਦਾ ਸ਼ਾਂਤੀ ਪੂਰਬਕ ਦੇਹਾਂਤ ਹੋ ਗਿਆ।''
ਮਹਾਰਾਜਾ ਅਤੇ ਮਹਾਰਾਣੀ ਬਾਲਮੋਰਲ ਵਿੱਚ ਹੀ ਰਹਿਣਗੇ ਅਤੇ ਕੱਲ ਨੂੰ ਲੰਡਨ ਪਰਤਣਗੇ।
ਮਹਾਰਾਣੀ ਦੀ ਸਿਹਤ ਬਾਰੇ ਉਨ੍ਹਾਂ ਦੇ ਡਾਕਟਰਾਂ ਵੱਲੋਂ ਫਿਕਰ ਜਤਾਏ ਜਾਣ ਤੋਂ ਬਾਅਦ ਮਹਾਰਾਣੀ ਦੀਆਂ ਤਿੰਨੇ ਸੰਤਾਨਾਂ ਬਾਲਮੋਰਲ ਪਹੁੰਚੀਆਂ ਹੋਈਆਂ ਸਨ।
ਡਾਕਟਰਾਂ ਨੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਵਿੱਚ ਰੱਖਿਆ ਹੋਇਆ ਸੀ।
ਉਨ੍ਹਾਂ ਦੇ ਪੋਤਰੇ ਰਾਜਕੁਮਾਰ ਵਿਲੀਅਮ ਵੀ ਉੱਥੇ ਸਨ ਅਤੇ ਉਨ੍ਹਾਂ ਦੇ ਭਰਾ ਰਾਜਕੁਮਾਰ ਹੈਰੀ ਰਸਤੇ ਵਿੱਚ ਹਨ।
ਮਹਾਰਾਣੀ ਐਲਿਜ਼ਾਬੈਥ II ਦੇ ਰਾਜਕਾਲ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਪਣਾਏ ਗਏ ਆਰਥਿਕ ਤੰਗੀ ਨੂੰ ਦੇਖਿਆ।
ਉਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਨੂੰ ਰਾਸ਼ਟਰਮੰਡਲ ਵਿੱਚ ਬਦਲਦੇ , ਠੰਡੀ ਜੰਗ ਦਾ ਖਾਤਮਾ ਅਤੇ ਬ੍ਰਿਟੇਨ ਦਾ ਯੂਰਪੀ ਯੂਨੀਅਨ ਵਿੱਚ ਜਾਣਾ ਅਤੇ ਫਿਰ ਉਸ ਤੋਂ ਵੱਖ ਹੋਣਾ ਦੇਖਿਆ।

ਤਸਵੀਰ ਸਰੋਤ, TIM GRAHAM/PA
ਉਨ੍ਹਾਂ ਦਾ ਰਾਜਕਾਲ ਸਾਲ 1874 ਵਿੱਚ ਜਨਮੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਿਲਸਨ ਚਰਚਿਲ ਤੋਂ ਸ਼ੁਰੂ ਹੋ ਕੇ ਠੀਕ 101 ਸਾਲ ਬਾਅਦ 1975 ਵਿੱਚ ਜਨਮੇ ਲਿਜ਼ ਟ੍ਰਸ ਤੱਕ ਦੇ ਪ੍ਰਧਾਨ ਮੰਤਰੀ ਬਣਨ ਤੱਕ ਫੈਲਿਆ ਹੋਇਆ ਸੀ।
ਲਿਜ਼ ਟ੍ਰਸ ਨੂੰ ਮਹਾਰਾਣੀ ਐਲਿਜ਼ਾਬੈਥ II ਨੇ ਇਸੇ ਹਫ਼ਤੇ ਦੇਸ਼ ਦੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ।
ਉਹ ਆਪਣੇ ਪ੍ਰਧਾਨ ਮੰਤਰੀਆਂ ਦੇ ਨਾਲ ਪੂਰੇ ਕਾਰਜਕਾਲ ਦੇ ਦੌਰਾਨ ਹਰ ਹਫ਼ਤੇ ਜਨਤਾ ਦੇ ਰੂਬਰੂ ਹੁੰਦੇ ਸਨ।
ਇਹ ਵੀ ਪੜ੍ਹੋ:-
ਬਕਿੰਘਮ ਪੈਲੇਸ ਦੇ ਬਾਹਰ ਮਹਾਰਾਣੀ ਦੀ ਸਿਹਤ ਖਰਾਬ ਹੋਣ ਬਾਰੇ ਖ਼ਬਰਾਂ ਸੁਣ ਕਿ ਇਕੱਠੇ ਹੋਏ ਲੋਕ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਵਿਰਲਾਪ ਕਰਨ ਲੱਗੇ।
ਰਾਜ ਮਹਿਲ ਉੱਤੇ ਲੱਗੇ ਕੌਮੀ ਝੰਡੇ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਸਾਢੇ ਛੇ ਵਜੇ ਕੌਮੀ ਝੰਡੇ ਨੂੰ ਅੱਧ ਝੁਕਾਅ ਦਿੱਤਾ ਗਿਆ।
ਮਹਾਰਾਣੀ ਦਾ ਜਨਮ ਮੇਫੇਅਰ, ਲੰਡਨ ਵਿੱਚ 21 ਅਪ੍ਰੈਲ 1926 ਨੂੰ ਹੋਇਆ ਸੀ , ਉਨ੍ਹਾਂ ਦਾ ਪਹਿਲਾ ਨਾਮ ਐਲਿਜ਼ਾਬੈਥ ਐਲੇਗਜ਼ਾਂਡਰਾ ਮੇਰੀ ਵਿੰਡਸਰ ਸੀ।

ਤਸਵੀਰ ਸਰੋਤ, PA Media
ਬਹੁਤ ਘੱਟ ਲੋਕਾਂ ਨੇ ਉਮੀਦ ਕੀਤੀ ਹੋਵੇਗੀ ਕਿ ਉਹ ਬ੍ਰਿਟੇਨ ਦੀ ਸ਼ਾਹੀ ਗੱਦੀ ਉੱਪਰ ਬੈਠਣਗੇ।
ਸਾਲ 1936 ਵਿੱਚ ਉਨ੍ਹਾਂ ਦੇ ਅੰਕਲ ਐਡਵਰਡ ਅੱਠਵੇਂ ਨੇ ਇੱਕ ਦੋ ਵਾਰ ਤਲਾਕਸ਼ੁਦਾ ਅਮਰੀਕੀ ਮਹਿਲਾ ਵੌਲਿਸ ਸਿੰਪਸਨ ਨਾਲ ਵਿਆਹ ਕਰਵਾਉਣ ਲਈ ਗੱਦੀ ਛੱਡ ਦਿੱਤੀ।
ਉਸ ਤੋਂ ਬਾਅਦ ਐਲਿਜ਼ਾਬੈਥ ਦੇ ਪਿਤਾ ਜੌਰਜ ਛੇਵੇਂ ਮਹਾਰਾਜ ਬਣੇ ਤਾਂ ਉਦੋਂ ਦਸ ਸਾਲਾਂ ਦੀ ਸ਼ਹਿਜ਼ਾਦੀ, ਜਿਨ੍ਹਾਂ ਨੂੰ ਉਸ ਸਮੇਂ ਪਰਿਵਾਰ ਵਿੱਚ ਲਾਡ ਨਾਲ ਲਿਲਬਿਟ ਕਿਹਾ ਜਾਂਦਾ ਸੀ ਗੱਦੀ ਦੇ ਵਾਰਸ ਬਣ ਗਏ।
ਤਿੰਨ ਸਾਲ ਹੀ ਬੀਤੇ ਸਨ ਕਿ ਬ੍ਰਿਟੇਨ ਨਾਜ਼ੀ ਜਰਮਨੀ ਨਾਲ ਜੰਗ ਵਿੱਚ ਉਲਝ ਗਿਆ।
ਐਲਿਜ਼ਾਬੈਥ ਅਤੇ ਉਨ੍ਹਾਂ ਦੀ ਛੋਟੀ ਭੈਣ ਰਾਜਕੁਮਾਰੀ ਮਾਰਗਰੇਟ ਨੇ ਲੰਡਨ ਦੇ ਵਿੰਡਸਰ ਕਾਸਲ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਇਆ। ਭਾਵੇਂ ਕਿ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਕੈਨੇਡਾ ਜਾਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਸਨ।
ਦੁਨੀਆਂ ਦੇ ਲੀਡਰ ਜੋ ਬੋਲੇ

ਤਸਵੀਰ ਸਰੋਤ, Getty Images
ਮਹਾਰਾਣੀ ਐਲੀਜ਼ਾਬੈਥ ਆਪਣੇ ਰਾਜ ਦੌਰਾਨ 13 ਅਮਰੀਕੀ ਰਾਸ਼ਟਰਪਤੀਆਂ ਨੂੰ ਮਿਲ ਚੁੱਕੇ ਸਨ।
ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ 40 ਸਾਲ ਪਹਿਲਾਂ ਹੋਈ ਪਹਿਲੀ ਮੁਲਾਕਾਤ ਬਾਰੇ ਚੇਤੇ ਕਰਦਿਆਂ ਕਹਿੰਦੇ ਹਨ ''ਉਹ ਰਾਣੀ ਤੋਂ ਕਿਤੇ ਵੱਧ ਸਨ, ਉਨ੍ਹਾਂ ਨੇ ਇੱਕ ਯੁੱਗ ਨੂੰ ਪਰਿਭਾਸ਼ਿਤ ਕੀਤਾ।''
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕਹਿੰਦੇ ਹਨ ''ਉਨ੍ਹਾਂ ਨੇ ਦੁਨੀਆਂ ਨੂੰ ਮੋਹ ਲਿਆ ਸੀ, ਅਜਿਹੇ ਰਾਜ ਨਾਲ ਜੋ ਅਨੁਸ਼ਾਸਨ ਭਰਪੂਰ ਅਤੇ ਰਮਣੀਕ ਸੀ।''

ਤਸਵੀਰ ਸਰੋਤ, Getty Images
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਤੇ ਮਹਾਰਾਣੀ ਨਾਲ ਯਾਦਗਾਰ ਬੈਠਕਾਂ ਨੂੰ ਯਾਦ ਕੀਤਾ।
ਉਨ੍ਹਾਂ ਟਵੀਟ ਕੀਤਾ ਅਤੇ ਲਿਖਿਆ, ''ਮੈਂ ਉਨ੍ਹਾਂ ਦਾ ਨਿੱਘ ਅਤੇ ਦਿਆਲਤਾ ਕਦੇ ਨਹੀਂ ਭੁੱਲਣਾ। ਉਨ੍ਹਾਂ ਇੱਕ ਮੁਲਾਕਾਤ ਦੌਰਾਨ ਮੈਨੂੰ ਮਹਾਤਮਾ ਗਾਂਧੀ ਵੱਲੋਂ ਆਪਣੇ ਵਿਆਹ ਮੌਕੇ ਦਿੱਤਾ ਗਿਆ ਤੋਹਫੇ ਵਜੋਂ ਰੁਮਾਲ ਦਿਖਾਇਆ। ਮੈਨੂੰ ਉਹ ਪਲ ਹਮੇਸ਼ਾ ਯਾਦ ਰਹਿਣਗੇ।''













