You’re viewing a text-only version of this website that uses less data. View the main version of the website including all images and videos.
ਰਿਪੁਦਮਨ ਸਿੰਘ ਮਲਿਕ: ਏਅਰ ਇੰਡੀਆ ਕਨਿਸ਼ਕ ਧਮਾਕੇ ਕੇਸ ਵਿੱਚ ਹੋਏ ਸੀ ਬਰੀ, ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ
ਸਾਲ 1985 ਵਿੱਚ ਵਾਪਰੇ ਏਅਰ ਇੰਡੀਆ ਫਲਾਈਟ 182 ਬੰਬ ਧਮਾਕੇ ਦੇ ਇਲਜ਼ਾਮਾਂ ਤੋਂ ਬਰੀ ਕੀਤੇ ਜਾ ਚੁੱਕੇ ਰਿਪੁਦਮਨ ਸਿੰਘ ਮਲਿਕ ਦਾ ਵੀਰਵਾਰ ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦਾ ਸਰੀ, ਬੀਸੀ ਦੇ ਇੰਡਸਟਰੀਅਲ ਪਲਾਜ਼ਾ ਵਿੱਚ ਕਾਰੋਬਾਰੀ ਦਫ਼ਤਰ ਸੀ ਜਿਸ ਦੇ ਬਾਹਰ ਉਨ੍ਹਾਂ ਨੂੰ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਨੌਂ ਵਜੇ ਆਪਣੀ ਕਾਰ ਵਿੱਚ ਬੈਠਿਆਂ ਨੂੰ ਗੋਲੀ ਮਾਰ ਦਿੱਤੀ ਗਈ।
ਰੌਇਲ ਕੈਨੇਡਾ ਮਾਊਂਟਡ ਪੁਲਿਸ ਇਸ ਨੂੰ ਟਾਰਗੇਟਿਡ ਕਿਲਿੰਗ ਦਾ ਮਾਮਲਾ ਦੱਸ ਰਹੀ ਹੈ। ਪੁਲਿਸ ਮੁਤਾਬਕ ਉਨ੍ਹਾਂ ਨੂੰ ਮੌਕੇ ਉੱਪਰ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਬਚਾਏ ਨਾ ਜਾ ਸਕੇ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਹੀ ਇੱਕ ਸ਼ੱਕੀ ਵਾਹਨ ਨੂੰ ਕੁਝ ਹੀ ਪਲਾਂ ਬਾਅਦ ਅੱਗ ਲਗਾ ਦਿੱਤੀ ਗਈ। ਪੁਲਿਸ ਘਟਨਾ ਵਿੱਚ ਵਰਤੇ ਗਏ ਇੱਕ ਹੋਰ ਵਾਹਨ ਅਤੇ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ।
ਕੌਣ ਸਨ ਰਿਪੁਦਮਨ ਸਿੰਘ ਮਲਿਕ
ਮਰੂਹਮ ਸਾਲ 1985 ਦੇ ਜੂਨ ਮਹੀਨੇ ਦੀ 23 ਤਰੀਕ ਨੂੰ ਵਾਪਰੇ ਏਅਰ ਇੰਡੀਆ 182 ਬੰਬ ਧਮਾਕੇ ਵਿੱਚ ਮੁਖ ਮੁਲਜ਼ਮ ਸਨ। ਰਿਪੁਦਮਨ ਸਿੰਘ ਮਲਿਕ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਸਾਲ 2005 ਵਿੱਚ ਸਾਜਿਸ਼ ਅਤੇ ਕਤਲ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ।
ਰਿਪੁਦਮਨ ਸਿੰਘ ਮਲਿਕ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਨਾਮੀ ਹਸਤੀ ਸਨ। ਉੱਥੇ ਰਹਿੰਦਿਆਂ ਉਨ੍ਹਾਂ ਨੇ ਦੇਸ ਵਿੱਚ ਖਾਲਸਾ ਸਕੂਲਾਂ ਦਾ ਮੁੱਢ ਬੰਨ੍ਹਿਆ।
ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਆਪਣੇ ਪਿਤਾ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
''ਮੇਰੇ ਪਿਤਾ ਰਿਪੁਦਮਨ ਸਿੰਘ ਮਲਿਕ (1947-2022) ਨੇ ਆਪਣਾ ਜੀਵਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜਿਨ੍ਹਾਂ ਵਿੱਚ ਪਿਆਰ, ਇਮਾਨਦਾਰੀ ਅਤੇ ਸਰਬੱਤ ਦਾ ਭਲਾ ਸ਼ਾਮਲ ਹਨ ਦੇ ਪ੍ਰਸਾਰ ਨੂੰ ਸਮਰਪਿਤ ਕੀਤਾ।''
''ਉਹ ਸਾਲ 1972 ਵਿੱਚ ਕੈਨੇਡਾ ਆਏ ਸਨ। ਉਨ੍ਹਾਂ ਨੇ ਸਾਲ 1986 ਵਿੱਚ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੀ ਸਥਾਪਨਾ ਕੀਤੀ। ਖਾਲਸਾ ਸਕੂਲ ਹੁਣ ਕੈਨੇਡਾ ਦੇ ਸਭ ਤੋਂ ਵੱਡੇ ਗੈਰ-ਸਰਕਾਰੀ ਸਕੂਲ ਹਨ।''
ਉਨ੍ਹਾਂ ਨੇ ਅੱਗੇ ਲਿਖਿਆ, ''ਮੀਡੀਆ ਉਨ੍ਹਾਂ ਨੂੰ ਹਮੇਸ਼ਾ ਇੱਕ ਅਜਿਹੇ ਵਿਅਕਤੀ ਵਜੋਂ ਯਾਦ ਕਰੇਗਾ ਜਿਸ ਉੱਪਰ ਏਅਰ ਏਅਰ ਇੰਡੀਆ ਬੰਬ ਧਮਾਕਿਆਂ ਦੇ ਇਲਜ਼ਾਮ ਸਨ। ਉਨ੍ਹਾਂ ਉੱਪਰ ਗਲਤ ਇਲਜ਼ਾਮ ਸਨ ਅਤੇ ਅਦਾਲਤ ਨੇ ਸਿੱਟਾ ਕੱਢਿਆ ਕਿ ਉਨ੍ਹਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਸਨ। ''
ਜਸਪ੍ਰੀਤ ਨੇ ਲਿਖਿਆ,''ਮੀਡੀਆ ਅਤੇ ਕੈਨੇਡੀਅਨ ਮਾਊਂਟਡ ਪੁਲਿਸ, ਲਗਦਾ ਹੈ ਕਿ ਕਦੇ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਨਹੀਂ ਮੰਨਣਗੇ। "ਮੈਂ ਅਰਦਾਸ ਕਰਦਾ ਹਾਂ ਕਿ ਅੱਜ ਦਾ ਦੁਖਾਂਤ ਇਸ ਨਾਲ ਸੰਬੰਧਿਤ ਨਹੀਂ ਹੈ।"
"ਮੇਰੇ ਪਿਤਾ ਦੀ ਵਚਨਬੱਧਤਾ ਆਪਣੇ ਭਾਈਚਾਰੇ ਅਤੇ ਪਰਿਵਾਰ ਨਾਲ ਸੀ। ਉਨ੍ਹਾਂ ਦਾ ਮਕਸਦ ਪਰਵਾਸੀ ਸਿੱਖ ਭਾਈਚਾਰੇ ਨੂੰ ਸਿੱਖਿਆ ਅਤੇ ਵਿੱਤੀ ਸੁਰੱਖਿਆ ਰਾਹੀਂ ਪੱਲਰਦੇ ਦੇਖਣਾ ਸੀ। ਉਨ੍ਹਾਂ ਦੀ ਵਿਰਾਸਤ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਰਾਹੀਂ ਜ਼ਿੰਦਾ ਰਹੇਗੀ।"
ਇਹ ਵੀ ਪੜ੍ਹੋ:
ਉਹ ਆਪਣੇ ਪਿੱਛੇ ਆਪਣੀ ਪਤਨੀ, ਪੰਜ ਬੱਚੇ ਛੱਡ ਗਏ ਹਨ।
ਮੋਦੀ ਦਾ ਸਿੱਖਾਂ ਲਈ ਕੀਤੇ ਕੰਮਾਂ ਲਈ ਕੀਤਾ ਸੀ ਧੰਨਵਾਦ
ਰਿਪੁਦਮਨ ਸਿੰਘ ਮਲਿਕ ਇਸ ਸਾਲ 2005 ਤੋਂ ਬਾਅਦ ਇਸ ਸਾਲ ਮੁੜ ਚਰਚਾ ਵਿੱਚ ਆ ਗਏ ਸਨ। ਜਦੋਂ ਉਨ੍ਹਾਂ ਨੇ ਜਨਵਰੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਦੀ ਮਦਦ ਕਰਨ ਲਈ ''ਦਿਲੀ ਧੰਨਵਾਦ'' ਕੀਤਾ ਸੀ।
ਉਨ੍ਹਾਂ ਨੇ ਮੋਦੀ ਦਾ ਸਿੱਖਾਂ ਪ੍ਰਤੀ ਕੀਤੇ ਅਜਿਹੇ ਕੰਮਾਂ ਲਈ ਧੰਨਵਾਦ ਕੀਤਾ ਜੋ ਪਹਿਲਾਂ ਕਦੇ ਨਹੀਂ ਕੀਤੇ ਗਏ ਜਿਸ ਵਿੱਚ ਵਿਦੇਸ਼ਾਂ ਵਿੱਚ ਵਸਦੇ ਹਜ਼ਾਰਾਂ ਸਿੱਖਾਂ ਦੀ ਕਾਲੀ ਸੂਚੀ ਨੂੰ ਖ਼ਤਮ ਕਰਨਾ ਵੀ ਸ਼ਾਮਲ ਸੀ।
ਕਨਿਸ਼ਕ ਕਾਂਡ: ਸਾਲ 1985 ਦਾ ਏਅਰ ਇੰਡੀਆ ਬੰਬ ਧਮਾਕਾ
23 ਜੂਨ, 1985 ਨੂੰ, ਖਾਲਿਸਤਾਨੀ ਵੱਖਵਾਦੀਆਂ ਨੇ ਮੌਂਟਰੀਅਲ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਕਨਿਸ਼ਕ ਵਿੱਚ ਟਾਈਮ ਬੰਬ ਰੱਖਿਆ, ਜਿਸ ਕਾਰਨ ਜਹਾਜ਼ ਆਇਰਲੈਂਡ ਦੇ ਤੱਟ 'ਤੇ ਫਟ ਗਿਆ, ਜਿਸ ਵਿੱਚ 329 ਜਣਿਆਂ ਦੀ ਮੌਤ ਹੋ ਗਈ ਸੀ।
ਇਹ 9/11 ਤੋਂ ਪਹਿਲਾਂ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ।
ਰਿਪੁਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਉੱਪਰ ਇਸ ਧਮਾਕੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਸਾਲ 2000 ਵਿੱਚ ਲਗਾਏ ਗਏ। ਉਨ੍ਹਾਂ ਦੇ ਨਾਲ ਦੋ ਹੋਰ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਇਹ ਦੂਜੇ ਵਿਅਕਤੀ ਪੁਲਿਸ ਮੁਤਾਬਕ ਇੱਕ ਬੈਗ ਵਿੱਚ ਹੋਰ ਬੰਬ ਲੈ ਕੇ ਜਾ ਰਹੇ ਸਨ, ਜਿਸ ਨਾਲ ਏਅਰ ਇੰਡੀਆ ਦੀ ਇੱਕ ਹੋਰ ਉਡਾਣ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਹਾਲਾਂਕਿ ਉਨ੍ਹਾਂ ਦਾ ਅਟੈਚੀ ਬੰਬ ਜਪਾਨ ਦੇ ਨਰਿਤਾ ਹਵਾਈ ਅੱਡੇ ਉੱਪਰ ਫਟ ਗਿਆ, ਜਿਸ ਵਿੱਚ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ।
ਮਲਿਕ ਅਤੇ ਬਾਗੜੀ ਉੱਪਰ ਲਗਭਗ ਦੋ ਸਾਲ ਮੁਕੱਦਮਾ ਚੱਲਿਆ ਅਤੇ 115 ਜਣਿਆਂ ਨੇ ਗਵਾਹੀਆਂ ਦਿੱਤੀਆਂ।
ਕੈਨੇਡੀਅਨ ਪੁਲਿਸ ਦੀ ਅਜਿਹੀ ਜਾਂਚ ਕਰਨ ਲਈ ਕਾਫ਼ੀ ਆਲੋਚਨਾ ਵੀ ਹੋਈ ਸੀ ਕਿ ਜਿਸ ਵਿੱਚ ਸਿਰਫ਼ ਇੱਕ ਵਿਅਕਤੀ (ਇੰਦਰਜੀਤ ਸਿੰਘ ਰਿਆਤ) ਨੂੰ ਸਜ਼ਾ ਹੋਈ ਸੀ।
ਰਿਆਤ ਨੂੰ ਸਾਲ 2003 ਵਿੱਚ ਕਤਲ ਅਤੇ ਬੰਬ ਬਣਾਉਣ ਲਈ ਸਮੱਗਰੀ ਜੁਟਾਉਣ ਵਿੱਚ ਸਹਾਇਤਾ ਕਰਨ ਦੇ ਇਲਜ਼ਾਮਾਂ ਵਿੱਚ ਸਿੱਧ ਅਪਰਾਧੀ ਪਾਇਆ ਗਿਆ।
ਸਾਲ 2010 ਵਿੱਚ ਕੈਨੇਡਾ ਸਰਕਾਰ ਨੇ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਤੋਂ ਰਸਮੀ ਮਾਫ਼ੀ ਮੰਗੀ। ਸਰਕਾਰ ਨੇ ਮੰਨਿਆ ਕਿ ਸੁਰੱਖਿਆ ਏਜੰਸੀਆਂ ਉਸ ਸੂਹ ਉੱਪਰ ਸਰਗਰਮ ਪੈਰਵਾਈ ਕਰਨ ਤੋਂ ਉੱਕ ਗਈਆਂ ਜਿਸ ਨਾਲ ਇਹ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ ਜਾਂ ਜ਼ਿੰਮੇਵਾਰਾਂ ਨੂੰ ਫੜਿਆ ਜਾ ਸਕਦਾ ਸੀ।
ਰਿਪੁਦਮਨ ਸਿੰਘ ਮਲਿਕ ਦੀ ਮੌਤ 'ਤੇ ਪ੍ਰਤੀਕਿਰਿਆਵਾਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ''ਮਨ ਨੂੰ ਬੜੀ ਤਕਲੀਫ਼ ਹੋਈ'' ਪਰ ''ਪੰਥ ਦੋਖੀਆਂ ਵੱਲੋਂ ਜੋ ਕਾਰਾ ਕੀਤਾ ਗਿਆ ਹੈ ਉਸ ਦੇ ਪਿੱਛੇ ਕੀ ਵਜ੍ਹਾ ਸੀ''।
ਉਨ੍ਹਾਂ ਨੇ ਕਿਹਾ ਕਿ ਉਹ ''ਕਿਸੇ ਨਾਲ ਵੈਰ-ਵਿਰੋਧ ਰੱਖਣ ਵਾਲੇ ਨਹੀਂ ਸਨ ਸਗੋਂ ਹਰ ਗੱਲ ਨੂੰ ਸੱਤ ਬਚਨ ਕਹਿ ਕੇ ਮੰਨਣ ਵਾਲੇ ਸਨ। ਮੈਨੂੰ ਨਹੀਂ ਲਗਦਾ ਹੈ ਅਜਿਹੀ ਸ਼ਖਸ਼ੀਅਤ ਦਾ ਘਾਟਾ ਆਉਣ ਵਾਲੇ ਦਿਨਾਂ ਵਿੱਚ ਪੂਰਾ ਹੋ ਸਕੇਗਾ।''
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਸਿਰਸਾ ਨੇ ਟਵੀਟ ਕਰਕੇ ਪੀੜਤ ਪਰਿਵਾਰ ਪ੍ਰਤੀ ਸੰਵੇਦਨਾਵਾਂ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਨੇ ਲਿਖਿਆ, ''ਮੈਂ ਕੈਨੇਡੀਅਨ ਸਰਕਾਰ ਨੂੰ ਕਹਾਂਗਾ ਉਨ੍ਹਾਂ ਦੀ ਹੱਤਿਆ ਦੀ ਡੂੰਘੀ ਜਾਂਚ ਸ਼ੁਰੂ ਕਰਨ ਅਤੇ ਆਪਣੇ ਨਾਗਰਿਕਾਂ ਦੀ ਸਲਾਮਤੀ ਯਕੀਨੀ ਬਣਾਉਣ।''
ਉੱਜਲ ਦੁਸਾਂਝ ਨੇ ਸੀਬੀਸੀ ਬ੍ਰਿਟਿਸ਼ ਕੋਲੰਬੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਇਹ ਹਾਦਸੇ ਦੇ ਪੀੜਤਾਂ ਲਈ ਕੋਈ ਇਨਸਾਫ਼ਲ ਹੈ। ਅਸਲ ਇਨਸਾਫ਼ ਤਾਂ ਇਹ ਹੁੰਦਾ ਕਿ ਉਨ੍ਹਾਂ ਨੂੰ ਮੁਕੱਦਮੇ ਤੋਂ ਬਾਅਦ ਸਜ਼ਾ ਮਿਲਦੀ। ਪੁਲਿਸ ਉਨ੍ਹਾਂ ਦੇ ਖਿਲਾਫ਼ ਕੋਈ ਗਵਾਹ ਪੇਸ਼ ਨਹੀਂ ਕਰ ਸਕੀ ਕਿਉਂਕਿ ਉਹ ਕੋਈ ਹੋਰ ਗਵਾਹ ਲੱਭ ਹੀ ਨਹੀਂ ਸਕੇ। ਜਿਨ੍ਹਾਂ ਲੋਕਾਂ ਨੂੰ ਪਤਾ ਸੀ ਉਹ ਕਦੇ ਬੋਲੇ ਨਹੀਂ।
ਉੱਜਲ ਦੁਸਾਂਝ ਨੇ ਖ਼ਬਰ ਚੈਨਲ ਨੂੰ ਦੱਸਿਆ ਕਿ ਬਰੀ ਕਰਦੇ ਸਮੇਂ ਜੱਜ ਨੇ ਟਿੱਪਣੀ ਕੀਤੀ ਸੀ,'' (ਬਰੀ ਕੀਤੇ ਜਾਣ ਦਾ) ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹ ਨਹੀਂ ਕੀਤਾ ਸਗੋਂ ਬੱਸ ਪੁਲਿਸ ਇਸ ਨੂੰ ਸਾਬਤ ਨਹੀਂ ਕਰ ਸਕੀ।''
ਇਹ ਵੀ ਪੜ੍ਹੋ: