You’re viewing a text-only version of this website that uses less data. View the main version of the website including all images and videos.
ਏਅਰ ਇੰਡੀਆ: ਦੋ ਜਹਾਜ਼ਾਂ, ਦੋ ਪਾਇਲਟਾਂ ਅਤੇ ਤਿੰਨ ਮਕੈਨਿਕਾਂ ਨਾਲ ਸ਼ੁਰੂ ਹੋਈ ਏਅਰ ਇੰਡੀਆ ਦੀ ਕਹਾਣੀ
ਭਾਰਤ ਦੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਹੁਣ ਅਧਿਕਾਰਤ ਤੌਰ ’ਤੇ ਟਾਟਾ ਸਮੂਹ ਦੀ ਹੋ ਗਈ ਹੈ।
ਪਿਛਲੇ ਸਾਲ ਅਕਤੂਬਰ ਮਹੀਨੇ ਏਅਰ ਇੰਡੀਆ ਦੀ ਬੋਲੀ ਜਿੱਤਣ ਤੋਂ ਬਾਅਦ ਟਾਟਾ ਸਮੂਹ ਨੇ ਇੱਕ ਬਿਆਨ ਵਿੱਚ ਇਸਨੂੰ ਖੁਸ਼ਖਬਰੀ ਦੱਸਿਆ ਸੀ।
ਤੁਹੀਨ ਕਾਂਤਾ ਦੇ ਅਨੁਸਾਰ ਨਿਲਾਮੀ ਦੇ ਦੂਜੇ ਦੌਰ ਵਿੱਚ ਸੱਤ ਬੋਲੀਆਂ ਲੱਗੀਆਂ ਸਨ ਜਿਨ੍ਹਾਂ ਵਿੱਚੋਂ ਪੰਜ ਰੱਦ ਕਰ ਦਿੱਤੀਆਂ ਗਈਆਂ। ਏਅਰ ਇੰਡੀਆ ਦੇ ਵਿਨਿਵੇਸ਼ ਦੀ ਪ੍ਰਕਿਰਿਆ ਜੁਲਾਈ 2017 ਵਿੱਚ ਸ਼ੁਰੂ ਹੋਈ ਸੀ।
15 ਸਤੰਬਰ ਨੂੰ ਦੋ ਯੋਗ ਬੋਲੀ ਲਾਉਣ ਵਾਲਿਆਂ ਨੇ ਵਿੱਤੀ ਬੋਲੀ ਲਾਈ ਸੀ।
ਕਾਂਤਾ ਅਨੁਸਾਰ ਏਅਰ ਇੰਡੀਆ ਦੇ ਵਿਨਿਵੇਸ਼ ਦੇ ਇਸ ਫ਼ੈਸਲੇ ਵਿੱਚ ਕਈ ਪੱਧਰਾਂ 'ਤੇ ਫ਼ੈਸਲੇ ਲਏ ਗਏ ਸਨ। ਫ਼ੈਸਲੇ ਲੈਣ ਵਾਲੀ ਕਮੇਟੀ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਸਨ।
ਭਾਰਤ ਦੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਨੂੰ ਇਸ ਵੇਲੇ ਪ੍ਰਤੀ ਦਿਨ ਵੀਹ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਏਅਰ ਇੰਡੀਆ 'ਤੇ ਅਗਸਤ 2021 ਤੱਕ ਕੁੱਲ 61, 562 ਰੁਪਏ ਦਾ ਕਰਜ਼ਾ ਸੀ।
ਇਸ ਵਿੱਚੋਂ ਬੋਲੀ ਲਾਉਣ ਵਾਲੇ ਨੂੰ 15,300 ਕਰੋੜ ਦੇ ਕਰਜ਼ੇ ਦਾ ਬੋਝ ਸਹਿਣਾ ਪਵੇਗਾ। ਨਿੱਜੀਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 46,262 ਕਰੋੜ ਰੁਪਏ ਦਾ ਕਰਜ਼ਾ ਜੋ ਸਰਕਾਰ ਦੇ ਕੋਲ ਬਚੇਗਾ। ਇਹ ਕਰਜ਼ਾ ਏਅਰ ਇੰਡੀਆ ਦੀ ਜਾਇਦਾਦ ਰੱਖਣ ਵਾਲੀ ਕੰਪਨੀ (ਐਸੇਟ ਹੋਲਡਿੰਗ ਕੰਪਨੀ) ਕੋਲ ਰਹੇਗਾ।
ਏਅਰ ਇੰਡੀਆ ਦੀ ਕਹਾਣੀ
ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦੀ ਇਹ ਰਿਪੋਰਟ 2017 ਵਿੱਚ ਛਪੀ ਸੀ
ਸਾਲ 2017 ਦੇ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਨੀਤੀ ਆਯੋਗ ਨੇ ਇੱਕ ਰਿਪੋਰਟ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਏਅਰ ਇੰਡੀਆ ਦੇ ਵਿਨਿਵੇਸ਼ ਦੀ ਸਿਫ਼ਾਰਸ਼ ਕੀਤੀ ਸੀ।
ਕੁਝ ਦਿਨਾਂ ਬਾਅਦ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਘਾਟੇ ਵਿੱਚ ਚੱਲ ਰਹੀ ਏਅਰ ਇੰਡੀਆ ਨੂੰ ਵੇਚ ਦੇਣਗੇ।
ਇਸ ਖ਼ਬਰ ਤੋਂ ਬਾਅਦ ਕਿਆਸਰਾਈਆਂ ਦਾ ਬਾਜ਼ਾਰ ਗਰਮ ਹੋ ਗਿਆ।
ਹੁਣ ਏਅਰ ਇੰਡੀਆ ਉੱਥੇ ਹੀ ਵਾਪਸ ਚਲੀ ਗਈ ਹੈ ਜਿੱਥੇ ਉਸ ਦਾ ਜਨਮ ਹੋਇਆ ਸੀ।
ਟਾਟਾ ਦਾ ਏਅਰ ਇੰਡੀਆ ਕੁਨੈਕਸ਼ਨ
ਏਅਰ ਇੰਡੀਆ ਅਪ੍ਰੈਲ 1932 ਵਿੱਚ ਹੋਂਦ ਵਿੱਚ ਆਈ ਸੀ। ਇਸ ਦੀ ਸਥਾਪਨਾ ਉਸ ਸਮੇਂ ਦੇ ਸਨਅਤਕਾਰ ਜੇਆਰਡੀ ਟਾਟਾ ਦੁਆਰਾ ਕੀਤੀ ਗਈ ਸੀ ਪਰ ਇਸਦਾ ਨਾਮ ਏਅਰ ਇੰਡੀਆ ਨਹੀਂ ਸੀ। ਉਦੋਂ ਇਸਦਾ ਨਾਂ ਟਾਟਾ ਏਅਰਲਾਈਨਜ਼ ਹੁੰਦਾ ਸੀ।
ਟਾਟਾ ਏਅਰਲਾਈਨਜ਼ ਦੀ ਸ਼ੁਰੂਆਤ ਸਾਲ 1932 ਵਿੱਚ ਕੀਤੀ ਗਈ ਸੀ। ਜੇਆਰਡੀ ਟਾਟਾ ਨੇ ਪਹਿਲੀ ਵਾਰ ਸ਼ੌਂਕੀਆ ਤੌਰ 'ਤੇ ਸਾਲ 1919 ਵਿੱਚ ਇੱਕ ਹਵਾਈ ਜਹਾਜ਼ ਉਡਾਇਆ ਸੀ ਜਦੋਂ ਉਹ ਸਿਰਫ਼ 15 ਸਾਲਾਂ ਦੇ ਸਨ।
ਫਿਰ ਉਨ੍ਹਾਂ ਨੇ ਆਪਣਾ ਪਾਇਲਟ ਲਾਇਸੈਂਸ ਲਿਆ। ਪਹਿਲੀ ਵਪਾਰਕ ਉਡਾਣ ਜੋ ਉਨ੍ਹਾਂ ਨੇ 15 ਅਕਤੂਬਰ ਨੂੰ ਭਰੀ ਸੀ, ਉਹ ਸਿੰਗਲ ਇੰਜਣ ਵਾਲੇ 'ਹੈਵੀਲੈਂਡ ਪਸ ਮੋਥ' ਹਵਾਈ ਜਹਾਜ਼ ਨੂੰ ਅਹਿਮਦਾਬਾਦ ਤੋਂ ਹੁੰਦੇ ਹੋਏ ਕਰਾਚੀ ਤੋਂ ਮੁੰਬਈ ਲੈ ਗਏ ਸੀ।
ਇਸ ਫਲਾਈਟ ਵਿੱਚ ਕੋਈ ਯਾਤਰੀ ਨਹੀਂ ਸੀ ਪਰ 25 ਕਿਲੋ ਭਾਰ ਦੀਆਂ ਚਿੱਠੀਆਂ ਸਨ।
ਇਹ ਚਿੱਠੀਆਂ 'ਇੰਪੀਰੀਅਲ ਏਅਰਵੇਜ਼' ਰਾਹੀਂ ਲੰਡਨ ਤੋਂ ਕਰਾਚੀ ਲਿਆਂਦੀਆਂ ਗਈਆਂ ਸਨ। 'ਇੰਪੀਰੀਅਲ ਏਅਰਵੇਜ਼' ਬ੍ਰਿਟੇਨ ਦਾ ਸ਼ਾਹੀ ਹਵਾਈ ਜਹਾਜ਼ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਫਿਰ ਰੈਗੁਲਰ ਤੌਰ 'ਤੇ ਡਾਕ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋਈ। ਪਰ ਭਾਰਤ ਵਿੱਚ ਤਤਕਾਲੀ ਬ੍ਰਿਟਿਸ਼ ਸਰਕਾਰ ਨੇ ਟਾਟਾ ਏਅਰਲਾਈਨਜ਼ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ। ਹਰੇਕ ਚਿੱਠੀ 'ਤੇ ਸਿਰਫ਼ 'ਚਾਰ ਆਨੇ' ਦਿੱਤੇ। ਉਸ ਲਈ ਵੀ ਡਾਕ ਟਿਕਟ ਚਿਪਕਾਉਣੀ ਪੈਂਦੀ ਸੀ।
ਸ਼ੁਰੂ ਵਿੱਚ ਟਾਟਾ ਏਅਰਲਾਈਨਜ਼ ਮੁੰਬਈ ਦੇ ਜੁਹੂ ਦੇ ਨੇੜੇ ਇੱਕ ਮਿੱਟੀ ਦੇ ਘਰ ਤੋਂ ਚੱਲਦੀ ਸੀ। ਉੱਥੋਂ ਦੇ ਇੱਕ ਮੈਦਾਨ ਨੂੰ 'ਰਨਵੇਅ' ਵਜੋਂ ਵਰਤਿਆ ਗਿਆ ਸੀ।
ਸਿਰਫ਼ ਦੋ ਜਹਾਜ਼ਾਂ ਨਾਲ ਸ਼ੁਰੂ ਹੋਈ ਸੀ ਕੰਪਨੀ
ਜਦੋਂ ਵੀ ਮੀਂਹ ਪੈਂਦਾ ਜਾਂ ਮਾਨਸੂਨ ਆਉਂਦਾ ਤਾਂ ਇਹ ਮੈਦਾਨ ਪਾਣੀ ਨਾਲ ਭਰ ਜਾਂਦਾ ਸੀ।
ਉਸ ਵੇਲੇ 'ਟਾਟਾ ਏਅਰਲਾਈਨਜ਼' ਦੇ ਕੋਲ ਦੋ ਛੋਟੇ ਸਿੰਗਲ ਇੰਜਣ ਵਾਲੇ ਜਹਾਜ਼, ਦੋ ਪਾਇਲਟ ਅਤੇ ਤਿੰਨ ਮਕੈਨਿਕ ਹੁੰਦੇ ਸਨ।
ਜਦੋਂ ਪਾਣੀ ਭਰ ਜਾਂਦਾ ਤਾਂ ਜੇਆਰਡੀ ਟਾਟਾ ਪੂਣੇ ਤੋਂ ਆਪਣੇ ਜਹਾਜ਼ਾਂ ਦਾ ਸੰਚਾਲਨ ਕਰਦੇ ਸੀ।
ਸਾਲ 1933 ਟਾਟਾ ਏਅਰਲਾਈਨਜ਼ ਲਈ ਪਹਿਲਾ ਵਪਾਰਕ ਸਾਲ ਸੀ। ਦੋ ਲੱਖ ਦੀ ਲਾਗਤ ਨਾਲ ਸਥਾਪਤ ਕੀਤੀ ਗਈ ਟਾਟਾ ਸੰਨਜ਼ ਦੀ ਕੰਪਨੀ ਨੇ ਉਸੇ ਸਾਲ 155 ਯਾਤਰੀਆਂ ਅਤੇ ਤਕਰੀਬਨ 11 ਟਨ ਡਾਕ ਭੇਜੇ।
ਟਾਟਾ ਏਅਰਲਾਈਨਜ਼ ਦੇ ਜਹਾਜ਼ਾਂ ਨੇ ਇੱਕ ਸਾਲ ਵਿੱਚ ਕੁੱਲ ਮਿਲਾ ਕੇ 1,60,000 ਮੀਲ ਦੀ ਉਡਾਣ ਭਰੀ।
ਬਰਤਾਨਵੀ ਸ਼ਾਹੀ 'ਰਾਇਲ ਏਅਰ ਫੋਰਸ' ਦੇ ਪਾਇਲਟ ਹੋਮੀ ਭਰੂਚਾ ਟਾਟਾ ਏਅਰਲਾਈਨਜ਼ ਦੇ ਪਹਿਲੇ ਪਾਇਲਟ ਸਨ, ਜਦੋਂਕਿ ਜੇਆਰਡੀ ਟਾਟਾ ਅਤੇ ਵਿੰਸੈਂਟ ਦੂਜੇ ਅਤੇ ਤੀਜੇ ਪਾਇਲਟ ਸਨ।
ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਏਅਰਲਾਈਨਜ਼ ਨੂੰ ਬਹਾਲ ਕੀਤਾ ਗਿਆ ਉਦੋਂ 29 ਜੁਲਾਈ, 1946 ਨੂੰ ਟਾਟਾ ਏਅਰਲਾਈਨਜ਼ ਇੱਕ 'ਪਬਲਿਕ ਲਿਮਟਿਡ' ਕੰਪਨੀ ਬਣ ਗਈ ਅਤੇ ਇਸਦਾ ਨਾਂ ਬਦਲ ਕੇ 'ਏਅਰ ਇੰਡੀਆ ਲਿਮਟਿਡ' ਰੱਖਿਆ ਗਿਆ।
ਆਜ਼ਾਦੀ ਤੋਂ ਬਾਅਦ ਯਾਨਿ ਸਾਲ 1947 ਵਿੱਚ ਭਾਰਤ ਸਰਕਾਰ ਨੇ ਏਅਰ ਇੰਡੀਆ ਵਿੱਚ 49 ਫੀਸਦੀ ਹਿੱਸੇਦਾਰੀ ਲੈ ਲਈ ਸੀ।
'ਏਅਰ ਇੰਡੀਆ' ਦੀ 30ਵੀਂ ਵਰ੍ਹੇਗੰਢ ਯਾਨੀ ਕਿ 15 ਅਕਤੂਬਰ, 1962 ਨੂੰ ਜੇਆਰਡੀ ਟਾਟਾ ਨੇ ਇੱਕ ਵਾਰ ਫਿਰ ਕਰਾਚੀ ਤੋਂ ਮੁੰਬਈ ਲਈ ਉਡਾਣ ਭਰੀ ਸੀ।
ਉਹ ਖੁਦ ਹਵਾਈ ਜਹਾਜ਼ ਚਲਾ ਰਹੇ ਸੀ। ਪਰ ਇਸ ਵਾਰ ਇਹ ਜਹਾਜ਼ ਪਹਿਲਾਂ ਨਾਲੋਂ ਜ਼ਿਆਦਾ ਵਿਕਸਤ ਸੀ, ਜਿਸ ਦਾ ਨਾਂ ਸੀ 'ਲੇਪਰਡ ਮੋਥ'।
ਫਿਰ 50ਵੀਂ ਵਰ੍ਹੇਗੰਢ ਭਾਵ 15 ਅਕਤੂਬਰ, 1982 ਨੂੰ ਜੇਆਰਡੀ ਟਾਟਾ ਨੇ ਕਰਾਚੀ ਤੋਂ ਮੁੰਬਈ ਲਈ ਉਡਾਣ ਭਰੀ ਸੀ।
ਇਹ ਵੀ ਪੜ੍ਹੋ: