ਪ੍ਰੈੱਸ ਰਿਵੀਊ: '1985 ਏਅਰ ਇੰਡੀਆ ਬੰਬ ਧਮਾਕਾ ਸਭ ਤੋਂ ਘਿਨਾਉਣਾ ਅਤਿਵਾਦੀ ਹਮਲਾ'

ਹਿੰਦੁਸਤਾਨ ਟਾਈਮਜ਼ ਮੁਤਾਬਕ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 1985 ਏਅਰ ਇੰਡੀਆ ਬੰਬ ਧਮਾਕੇ ਨੂੰ ਦੇਸ ਦੇ ਇਤਿਹਾਸ ਵਿੱਚ 'ਇੱਕਲੌਤਾ ਸਭ ਤੋਂ ਘਿਨਾਉਣਾ ਅਤਿਵਾਦੀ ਹਮਲਾ' ਕਰਾਰ ਦਿੰਦਿਆਂ ਇਸ ਹਮਲੇ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

23 ਜੂਨ, 1985 ਨੂੰ ਏਅਰ ਇੰਡੀਆ ਫਲਾਈਟ ਕਨਿਸ਼ਕਾ ਨੇ ਟੋਰੰਟੋ ਤੋਂ ਲੰਡਨ ਲਈ ਉਡਾਨ ਭਰੀ ਸੀ। ਉਡਾਨ ਵਿੱਚ ਰੱਖੇ ਗਏ ਬੰਬ ਦਾ ਆਇਰਲੈਂਡ ਵਿੱਚ ਧਮਾਕਾ ਹੋਇਆ ਜਿਸ ਵਿੱਚ 329 ਲੋਕਾਂ ਦੀ ਮੌਤ ਹੋ ਗਈ।

ਟਾਈਮਜ਼ ਆਫ਼ ਇੰਡੀਆ ਮੁਤਾਬਕ ਇੱਕ 40 ਸਾਲਾ ਫੌਜ ਦੇ ਮੇਜਰ 'ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਸਹਿਯੋਗੀ ਮੇਜਰ ਦੀ ਪਤਨੀ ਦਾ ਕਤਲ ਕਰ ਦਿੱਤਾ ਸੀ।

ਪੱਛਮੀ ਦਿੱਲੀ ਦੇ ਡੀਸੀਪੀ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਮੇਜਰ ਨਿਖਿਲ ਪੀੜਿਤਾ ਤੋਂ ਪ੍ਰਭਾਵਿਤ ਸੀ ਅਤੇ ਉਸ ਤੇ ਵਿਆਹ ਕਰਾਉਣ ਦਾ ਦਬਾਅ ਪਾ ਰਿਹਾ ਸੀ। ਮੇਜਰ ਨਿਖਿਲ ਨੂੰ ਮੇਰਠ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦਿ ਟ੍ਰਿਬਿਊਨ ਮੁਤਾਬਕ ਸੂਬੇ ਵਿੱਚ ਯੋਗ ਫੀਸਦ ਘਟਣ ਦੇ ਬਾਵਜੂਦ 9 ਮੈਰੀਟੋਰੀਅਸ ਸਕੂਲਾਂ ਵਿੱਚ 296 ਸੀਟਾਂ ਖਾਲੀ ਹਨ।

ਕੱਟ-ਆਫ਼ 80 ਫੀਸਦ ਤੋਂ 55 ਫੀਸਦ ਕਰਨ ਦੇ ਬਾਵਜੂਦ ਇਨ੍ਹਾਂ ਸਕੂਲਾਂ ਵਿੱਚ ਸੀਟਾਂ ਬਚ ਗਈਆਂ ਹਨ। ਇਤਫ਼ਾਕ ਨਾਲ ਇਹ ਸਾਰੀਆਂ ਖਾਲੀ ਸੀਟਾਂ ਮੁੰਡਿਆਂ ਦੀ ਹੀ ਹਨ।

ਸੂਬਾ ਸਰਕਾਰ ਨੇ ਗਰੀਬ ਬੱਚਿਆਂ ਲਈ ਕਈ ਜ਼ਿਲ੍ਹਿਆਂ ਵਿੱਚ ਮੈਰੀਟੋਰੀਅਸ ਸਕੂਲ ਖੋਲ੍ਹੇ ਹਨ। ਇਹ ਯੋਜਨਾ ਸਰਕਾਰੀ ਸਕੂਲਾਂ ਤੋਂ 80 ਫੀਸਦੀ ਤੋਂ ਵੱਧ ਅੰਕਾਂ ਨਾਲ ਪਾਸ ਵਿਦਿਆਰਥੀਆਂ ਲਈ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਜੋਧਪੁਰ ਵਿੱਚ ਨਜ਼ਰਬੰਦ ਕੀਤੇ 375 ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਆਪਰੇਸ਼ਨ ਬਲੂ ਸਟਾਰ ਦੌਰਾਨ 1984 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।

ਹਾਲ ਵਿੱਚ ਹੀ ਅੰਮ੍ਰਿਤਸਰ ਦੀ ਸੈਸ਼ਨ ਕੋਰਟ ਨੇ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚੋਂ 40 ਲੋਕਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)