You’re viewing a text-only version of this website that uses less data. View the main version of the website including all images and videos.
ਮੌਤ ਵੇਲੇ ਮਨੁੱਖ ਨੂੰ ਕੀ ਮਹਿਸੂਸ ਹੁੰਦਾ ਹੈ, ਸਾਇੰਸਦਾਨ ਮੌਤ ਬਾਰੇ ਹੁਣ ਤੱਕ ਕੀ ਕੁਝ ਜਾਣਦੇ ਹਨ
ਜ਼ਿੰਦਗੀ ਉਹ ਸਫ਼ਰ ਹੈ, ਜੋ ਅਸੀਂ ਜਨਮ ਤੋਂ ਸ਼ੁਰੂ ਕਰਦੇ ਹਾਂ ਅਤੇ ਉਸ ਪੜਾਅ ਤੱਕ ਕਰਦੇ ਹਾਂ, ਜਿਸ ਨੂੰ ਮੌਤ ਕਿਹਾ ਜਾਂਦਾ ਹੈ।
ਕੁਝ ਲੋਕ ਕਹਿੰਦੇ ਹਨ ਕਿ ਮੌਤ ਤੋਂ ਬਾਅਦ ਜ਼ਿੰਦਗੀ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੁੰਦੀ ਹੈ। ਮੌਤ ਸਾਰੇ ਨਾਸ਼ਵਾਨਾਂ ਦੀ ਅਟੱਲ ਸਚਾਈ ਹੈ।
ਲੋਕਾਂ ਦੀ ਮੌਤ ਕਈ ਤਰ੍ਹਾਂ ਹੋ ਸਕਦੀ ਹੈ, ਜਿਵੇਂ ਸੜਕ ਹਾਦਸੇ ਵਿੱਚ, ਕੈਂਸਰ ਨਾਲ, ਦਿਲ ਦੀ ਬੀਮਾਰੀ ਆਦਿ ਨਾਲ ।
ਹਾਲਾਂਕਿ ਦੁਨੀਆਂ ਭਰ ਵਿੱਚ ਬਹੁਤ ਸਾਰੇ ਜੀਆਂ ਦੀ ਮੌਤ ਆਪਣੇ-ਆਪ ਪੈਦਾ ਹੋਈ ਉਤੇਜਨਾ ਅਤੇ ਫਿਰ ਦਮ ਘੁਟਣ ਨਾਲ ਹੁੰਦੀ ਹੈ।
ਕੋਈ ਨਹੀਂ ਕਹਿ ਸਕਦਾ ਕਦੋਂ ਅਤੇ ਕਿਵੇਂ ਪਰ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅ 'ਤੇ ਪਹੁੰਚ ਕੇ ਅਸੀਂ ਸਾਰੇ ਮਰਦੇ ਹਾਂ-ਜਿਸ ਨੂੰ ਡਾਕਟਰੀ ਮੌਤ ਕਿਹਾ ਜਾਂਦਾ ਹੈ।
ਹਾਲਾਂਕਿ ਕੁਝ ਲੋਕਾਂ ਲਈ ਮੌਤ ਪੂਰੀ ਤਰ੍ਹਾਂ ਚਾਣਚੱਕ ਨਹੀਂ ਹੁੰਦੀ। ਜਦਕਿ ਦੂਜਿਆਂ ਲਈ ਹੋ ਵੀ ਸਕਦੀ ਹੈ।
ਆਖਰ ਸਾਇੰਸ ਸਾਨੂੰ ਜ਼ਿੰਦਗੀ ਦੇ ਇੰਨ੍ਹਾਂ ਅਮੋੜ ਅਤੇ ਅਹਿਮ ਪਲਾਂ ਦੇ ਅਹਿਸਾਸ ਬਾਰੇ ਕੀ ਦੱਸਦੀ ਹੈ, ਜਾਨਣ ਦੀ ਕੋਸ਼ਿਸ਼ ਕਰਦੇ ਹਾਂ-
ਮਰਨ ਵੇਲੇ ਕਿਵੇਂ ਮਹਿਸੂਸ ਹੁੰਦਾ ਹੈ?
ਆਖਰੀ ਪੜਾਅ 'ਤੇ ਪਹੁੰਚ ਕੇ ਜਦੋਂ ਮੌਤ ਵਾਕਈ ਆ ਪਹੁੰਚਦੀ ਹੈ ਤਾਂ ਲੋਕ ਅਕਸਰ ਸੁੰਨ ਮਹਿਸੂਸ ਕਰਦੇ ਹਨ।
ਅਸੀਂ ਅਕਸਰ ਇਸ ਅਨੁਭਵ ਨੂੰ ਇੱਦਾਂ ਸਮਝਦੇ ਹਾਂ ਜਿਵੇਂ ਅਚੇਤਨਤਾ ਦੀ ਅਵਸਥਾ ਹੋਵੇ ਅਤੇ ਬੰਦਾ ਜ਼ਿੰਦਗੀ ਤੋਂ ਹੱਥ ਛੁਡਾ ਕੇ ਦੂਰ ਜਾ ਰਿਹਾ ਹੋਵੇ।
ਹਾਲਾਂਕਿ ਸਾਇੰਸ ਸਾਨੂੰ ਇਸ ਦੀ ਇੱਕ ਅਲਹਿਦਾ ਹੀ ਕਹਾਣੀ ਸੁਣਾਉਂਦੀ ਹੈ।
ਸਾਲ 2013 ਵਿੱਚ ਮਿਸ਼ੀਗਨ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਮਰ ਰਹੇ ਚੂਹਿਆਂ ਦੇ ਦਿਮਾਗਾਂ ਦਾ ਪ੍ਰਯੋਗਸ਼ਾਲਾ ਵਿੱਚ ਅਧਿਐਨ ਕੀਤਾ।
ਪ੍ਰਯੋਗ ਦੌਰਾਨ ਕੁਝ ਬਹੁਤ ਦਿਲਚਸਪ ਵਾਪਰਿਆ।
ਜਦੋਂ ਚੂਹਿਆਂ ਨੂੰ ਦਿਲ ਦਾ ਦੌਰਾ ਪਿਆ- ਉਨ੍ਹਾਂ ਦੀ ਧੜਕਣ ਅਤੇ ਸਾਹ ਬੰਦ ਹੋ ਗਏ ਸਨ- ਉਨ੍ਹਾਂ ਦੇ ਦਿਮਾਗ ਵਿੱਚ ਅਚਾਨਕ ਸਰਗਰਮੀ ਵਧ ਗਈ।
ਉਨ੍ਹਾਂ ਦੇ ਦਿਮਾਗ ਵਿੱਚ ਗਾਮਾ ਕਿਰਣਾਂ ਦੀ ਲੈਅ-ਤਾਲ ਜ਼ਿੰਦਾ ਚੂਹਿਆਂ ਨਾਲੋਂ ਜ਼ਿਆਦਾ ਤੇਜ ਸੀ।
ਦਿਲਚਸਪ ਗੱਲ ਹੈ ਕਿ ਗਾਮਾਂ ਕਿਰਣਾਂ ਦੀ ਇਹ ਬੱਝਵੀਂ ਸਰਗਰਮੀ ਹੋਰ ਅਧਿਐਨਾਂ ਵਿੱਚ ਲੋਕਾਂ ਦੀ ਚੇਤਨ ਪ੍ਰਤੀਤੀ ਨਾਲ ਜੋੜਿਆ ਗਿਆ ਸੀ।
ਇਹ ਵੀ ਪੜ੍ਹੋ:
ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਹ ਚੂਹੇ ਆਪਣੀ ਕਲੀਨਿਕਲ ਮੌਤ ਅਤੇ ਆਪਣੀ ਅਸਲੀ ਦਿਮਾਗੀ ਮੌਤ ਦੇ ਵਿਚਕਾਰਲੇ ਸਮੇਂ ਦੌਰਾਨ ਕੁਝ ਮਹਿਸੂਸ ਕਰ ਰਹੇ ਸਨ।
ਇਸ ਪ੍ਰਯੋਗ ਨੇ ਇਸ ਧਾਰਣਾ ਨੂੰ ਚੁਣੌਤੀ ਦਿੱਤੀ ਕਿ ਮੌਤ ਦੌਰਾਨ ਦਿਮਾਗ ਅਕਿਰਿਆਸ਼ੀਲ ਹੁੰਦਾ ਹੈ।
ਸਗੋਂ ਦੇਖਿਆ ਗਿਆ ਕਿ ਅੰਤਹੀਣ ਅਚੇਤਨਾ ਤੋਂ ਪਹਿਲਾਂ ਇੱਕ ਅਵਸਥਾ ਹੁੰਦੀ ਹੈ, ਜਦੋਂ ਜੀਵ ਦੀ ਚੇਤਨਾ ਉਸਦੇ ਸਧਾਰਨ ਪੱਧਰ ਨਾਲ਼ੋਂ ਜ਼ਿਆਦਾ ਹੁੰਦੀ ਹੈ।
ਸਵਾਲ ਉੱਠਿਆ ਕਿ ਚੂਹਿਆਂ ਨੂੰ ਉਦੋਂ ਕੀ ਲੱਗ ਰਿਹਾ ਸੀ ਅਤੇ ਕੀ ਮਰ ਰਹੇ ਮਨੁੱਖਾਂ ਨੂੰ ਵੀ ਇਹੋ ਤਜ਼ਰਬਾ ਹੁੰਦਾ ਹੈ।
ਮਨੁੱਖਾਂ ਨੂੰ ਮਰਨ ਵੇਲੇ ਕੀ ਮਹਿਸੂਸ ਹੁੰਦਾ ਹੈ?
ਸਾਲ 2018 ਵਿੱਚ ਲੰਡਨ ਦੇ ਇੰਪੀਰੀਅਲ ਕਾਲਜ ਲੰਡਨ ਵਿੱਚ ਇੱਕ ਪ੍ਰਯੋਗ ਰਾਹੀਂ ਇਸ ਸਵਾਲ ਦਾ ਜਵਾਬ ਜਾਨਣ ਦੀ ਕੋਸ਼ਿਸ਼ ਕੀਤੀ ਗਈ, ਕਿ ਮਨੁੱਖਾਂ ਨੂੰ ਮਰਨ ਵੇਲੇ ਕੀ ਮਹਿਸੂਸ ਹੁੰਦਾ ਹੈ?
ਸਾਇੰਸਦਾਨ ਦੋ ਵੱਖੋ-ਵੱਖਰੇ ਮਨੁੱਖੀ ਅਨੁਭਵਾਂ ਵਿੱਚ ਸੰਬੰਧ ਜਾਨਣਾ ਚਾਹੁੰਦੇ ਸਨ।
ਪਹਿਲਾ- ਮੌਤ ਨਾਲ ਹੱਥ ਮਿਲਾਅ ਕੇ ਮੁੜ ਆਉਣਾ (ਨੀਅਰ ਡੈਥ ਐਕਸਪੀਰੀਐਂਸ)।
ਜਿਹੜੇ ਲੋਕਾਂ ਨੂੰ ਵਖਤੀ ਮੌਤ ਤੋਂ ਬਾਅਦ ਮੁੜ ਜ਼ਿੰਦਾ ਕਰ ਲਿਆ ਗਿਆ, ਉਨ੍ਹਾਂ ਵਿੱਚੋਂ 20% ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਭਰਮ ਪਿਆ ਸੀ।
ਦੂਜਾ- ਮੌਤ ਨਾਲ ਹੱਥ ਮਿਲਾਉਣ ਮਗਰੋਂ ਪੈਦਾ ਹੋਣ ਵਾਲੀ ਭਰਮ ਵਾਲੀ ਸਥਿਤੀ ਨੂੰ ਪੈਦਾ ਕਰਨ ਲਈ ਇੱਕ ਡਰੱਗ ਸਾਈਕੀਡੈਲਿਕ (ਡੀਐਮਟੀ) ਦੀ ਵੀ ਵਰਤੋਂ ਕੀਤੀ ਜਾਂਦੀ ਹੈ।
ਇਸ ਡਰੱਗ ਦੇ ਅਸਰ ਸਦਕਾ ਸਾਡੇ ਦਿਮਾਗ ਦੀਆਂ ਗਤੀਵਿਧੀਆਂ ਜਿਵੇਂ- ਪ੍ਰਤੀਤੀ, ਭਾਵਨਾਵਾਂ ਅਤੇ ਸੋਚ-ਵਿਚਾਰ ਉੱਪਰ ਅਸਰ ਪੈਂਦਾ ਹੈ।
ਸਾਇੰਸਦਾਨਾਂ ਨੇ ਪ੍ਰਯੋਗ ਵਿੱਚ ਸ਼ਾਮਲ ਲੋਕਾਂ ਨੂੰ ਡੀਐਮਟੀ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਜਦੋਂ ਲੋਕ ਮੁੜ ਸੁਰਤ ਵਿੱਚ ਆਏ ਤਾਂ ਉਨ੍ਹਾਂ ਨੂੰ ਸਵਾਲ ਪੁੱਛੇ ਗਏ ਕਿ ਉਨ੍ਹਾਂ ਨੂੰ ਇਸ ਦੌਰਾਨ ਕਿਵੇਂ ਲੱਗਿਆ।
ਸਾਇੰਸਦਾਨਾਂ ਨੂੰ ਲੋਕਾਂ ਦੇ ਵੇਰਵਿਆਂ ਵਿੱਚ ਬਹੁਤ ਜ਼ਿਆਦਾ ਸਮਾਨਤਾ ਮਿਲੀ, ਜਿਸ ਤੋਂ ਉਹ ਹੈਰਾਨ ਸਨ।
ਜਿਹੜੇ ਲੋਕਾਂ ਨੇ ਵਾਕਈ ਮੌਤ ਨਾਲ ਹੱਥ ਮਿਲਾਇਆ ਸੀ ਅਤੇ ਜਿਨ੍ਹਾਂ ਨੂੰ ਡਰੱਗ ਦਿੱਤਾ ਗਿਆ ਸੀ ਦੋਵਾਂ ਨੇ ਕਿਹਾ ਕਿ ਉਹ ''ਸਮੇਂ ਅਤੇ ਸਥਾਨ ਤੋਂ ਉੱਪਰ ਉੱਠ ਗਏ'' ਸਨ।
ਉਨ੍ਹਾਂ ਨੂੰ ਆਪਣੇ ਨਜ਼ਦੀਕ ਦੇ ਲੋਕਾਂ ਅਤੇ ਵਸਤੂਆਂ ਨਾਲ ਜ਼ਿਆਦਾ ''ਇਕਮਿੱਕਤਾ ਦਾ ਅਹਿਸਾਸ'' ਹੋ ਰਿਹਾ ਸੀ।
ਦੋਵੇਂ ਅਨੁਭਵ ਹੈਰਾਨੀਜਨਕ ਰੂਪ ਵਿੱਚ ਇੱਕ ਦੂਜੇ ਦੇ ਬਹੁਤ ਨਜ਼ਦੀਕ ਸਨ।
ਸਾਈਕੀਡੈਲਿਕ ਅੰਤ?
ਸਾਈਕੀਡੈਲਿਕ ਉਨ੍ਹਾਂ ਡਰੱਗਸ ਦਾ ਇੱਕ ਵਰਗ ਹੈ, ਜਿਨ੍ਹਾਂ ਦਾ ਮੁੱਢਲਾ ਪ੍ਰਭਾਵ ਸਾਡੇ ਵਿੱਚ ਗੈਰ-ਸਧਾਰਨ ਚੇਤਨਾ ਪੈਦਾ ਕਰਨਾ ਹੈ।
ਆਮ ਤੌਰ 'ਤੇ ਅਸੀਂ ਮੌਤ ਨੂੰ ਇੱਕ ਹਨੇਰੀ ਪ੍ਰਕਿਰਿਆ ਵਜੋਂ ਜਾਣਦੇ ਅਤੇ ਸਮਝਦੇ ਹਾਂ।
ਹਾਲਾਂਕਿ ਸਾਇੰਸਦਾਨ ਕਹਿੰਦੇ ਹਨ ਕਿ ਇਹ ਸ਼ਾਇਦ ਸਾਈਕੀਡੈਲਿਕ ਹੈ (ਇਸ ਵਿੱਚ ਅਸਧਾਰਣ ਚੇਤਨਾ ਹੈ)?
ਇਹ ਸਵਾਲ ਅਸੀਂ ਇੰਪੀਰਅਲ ਕਾਲਜ ਲੰਡਨ ਵਿੱਚ ਖੋਜ ਦੀ ਅਗਵਾਈ ਕਰਨ ਵਾਲੇ ਡਾ਼ ਕ੍ਰਿਸ ਟਿਮਰਮੈਨ ਨੂੰ ਪੁੱਛਿਆ ਕਿ ਉਹ ਪ੍ਰਯੋਗ ਸਾਨੂੰ ਮੌਤ ਬਾਰੇ ਹੋਰ ਕੀ ਦੱਸ ਸਕਦਾ ਹੈ?
''ਮੈਨੂੰ ਲਗਦਾ ਹੈ ਕਿ ਇਸ ਪ੍ਰਯੋਗ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਮੌਤ ਨੂੰ ਜ਼ਿੰਦਗੀ ਅਤੇ ਜ਼ਿੰਦਗੀ ਦੇ ਅਨੁਭਵਾਂ ਵਿੱਚੋਂ ਤਲਾਸ਼ ਸਕਦੇ ਹਾਂ।''
''ਉਹ ਗਾਮਾਂ ਕਿਰਣਾਂ ਬਹੁਤ ਉਜਾਗਰ ਸਨ ਅਤੇ ਮੌਤ ਦੇ ਕਰੀਬੀ ਅਹਿਸਾਸ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ।''
''ਦਿਮਾਗ ਵਿੱਚ ਕੁਝ ਖਾਸ ਖੇਤਰ ਵੀ ਹਨ, ਜੋ ਇਸ ਦੌਰਾਨ ਖਾਸ ਕਰ ਸਰਗਰਮ ਸਨ।
ਜਿਨ੍ਹਾਂ ਨੂੰ ਅਸੀਂ ਪੁੜਪੜੀਆਂ ਕਹਿੰਦੇ ਹਾਂ- ਇਹ ਦਿਮਾਗ ਦੇ ਉਹ ਹਿੱਸੇ ਹਨ ਜੋ ਯਾਦਦਾਸ਼ਤ, ਨੀਂਦ ਅਤੇ ਸਿੱਖਣ ਨਾਲ ਵੀ ਸੰਬੰਧ ਰੱਖਦੇ ਹਨ।
ਇਨ੍ਹਾਂ ਨੂੰ ਮੌਤ ਦੇ ਅਨੁਭਵ ਨਾਲ ਵੀ ਜੋੜਿਆ ਜਾ ਸਕਦਾ ਹੈ।''
''ਇੱਕ ਤਰ੍ਹਾਂ ਨਾਲ ਸਾਡੇ ਦਿਮਾਗ ਇੱਕ ਕਿਸਮ ਦੀ ਸਚਾਈ ਦਾ ਅਭਾਸ ਕਰਦੇ ਹਨ।''
ਮੌਤ ਨੂੰ ਨੇੜਿਓਂ ਦੇਖਣ ਵਾਲਿਆਂ ਵਿੱਚੋਂ 20% ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਡਾਕਟਰੀ ਤੌਰ 'ਤੇ ਮਰਿਆ ਐਲਾਨ ਦਿੱਤਾ ਗਿਆ ਸੀ, ਉਹ ਅਸਲ ਵਿੱਚ ਜ਼ਿੰਦਾ ਸਨ।
ਫਿਰ ਕੀ ਸਾਰੇ ਮਰ ਕੇ ਉੱਠਣ ਵਾਲਿਆਂ ਨੂੰ ਇਸੇ ਤਰ੍ਹਾਂ ਮਹਿਸੂਸ ਹੁੰਦਾ ਹੈ ਜਾਂ ਸਿਰਫ਼ ਕੁਝ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਇਹ ਯਾਦ ਰਹਿੰਦਾ ਹੈ?
ਡਾ਼ ਜ਼ਿਮਰਮੈਨ ਨੂੰ ਲਗਦਾ ਹੈ ਕਿ ਇਹ ''ਸੰਭਵ ਹੈ ਕਿ ਕਈ ਕਾਰਨਾਂ ਕਰਕੇ ਲੋਕਾਂ ਨੂੰ ਇਹ ਯਾਦ ਨਾ ਰਹਿੰਦਾ ਹੋਵੇ।''
''ਅਸੀਂ ਆਪਣੇ ਪ੍ਰਯੋਗ ਵਿੱਚ ਦੇਖਿਆ ਕਿ ਜਦੋਂ ਅਸੀਂ ਲੋਕਾਂ ਨੂੰ ਡੀਐਮਟੀ ਦੀ ਜ਼ਿਆਦਾ ਖੁਰਾਕ ਦਿੱਤੀ ਤਾਂ ਇਸ ਅਹਿਸਾਸ ਦਾ ਕੁਝ ਹਿੱਸਾ ਉਨ੍ਹਾਂ ਨੂੰ ਭੁੱਲਿਆ ਹੋਇਆ ਸੀ।''
''ਮੈਨੂੰ ਲਗਦਾ ਹੈ ਕਿ ਇਹ ਤਜ਼ਰਬਾ ਇੰਨਾ ਨਵਾਂ ਹੁੰਦਾ ਹੈ ਕਿ ਇਸ ਨੂੰ ਸ਼ਬਦਾ ਵਿੱਚ ਪਿਰੋਣਾ ਬਹੁਤ ਮੁਸ਼ਕਲ ਹੁੰਦਾ ਹੈ।''
'' ਅਜਿਹਾ ਵੀ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਇਹ ਮਹਿਸੂਸ ਹੀ ਨਾ ਹੁੰਦਾ ਹੋਵੇ।''
ਮੌਤ ਨੂੰ ਹੋਰ ਸਮਝਣ ਵਿੱਚ ਹੋਰ ਕਿਸ ਕਿਸਮ ਦੀ ਖੋਜ ਸਾਡੀ ਮਦਦਗਾਰ ਹੋ ਸਕਦੀ ਹੈ?
ਉਹ ਦੱਸਦੇ ਹਨ, ''ਅੱਜ ਕੱਲ ਜੋ ਦਿਮਾਗ ਦੇ ਸੈਕਾਨਾਂ ਵਿੱਚ ਹੋ ਰਿਹਾ ਹੈ, ਅਸੀਂ ਦੇਖ ਸਕਦੇ ਹਾਂ ਕਿ ਦਿਮਾਗ ਵਿੱਚ ਕੀ ਵਾਪਰ ਰਿਹਾ ਹੁੰਦਾ ਹੈ ਅਤੇ ਉਸ ਸਰਗਰਮੀ ਦਾ ਸਾਡੇ ਅਨੁਭਵ ਨਾਲ ਕੀ ਸੰਬੰਧ ਹੈ।''
ਇਸ ਲਈ '' ਸੰਭਵ ਹੈ ਕਿ ਕਿਸੇ ਪੜਾਅ ਤੇ ਜਾ ਕੇ ਸਾਡੀ ਬਰੇਨ ਇਮੇਜਿੰਗ ਤਕਨੀਕ ਇੰਨੀ ਉਨੱਤ ਹੋ ਜਾਵੇ ਕਿ ਅਸੀਂ ਇਹ ਦੇਖ- ਸਮਝ ਸਕੀਏ ਕਿ ਇਨ੍ਹਾਂ ਅਦਭੁਤ ਅਤੇ ਅਸਧਾਰਣ ਪਲਾਂ ਦੌਰਾਨ ਸਾਡੇ ਦਿਮਾਗ ਵਿਚ ਕੀ ਵਾਪਰਦਾ ਹੈ।''
ਮੌਤ ਬਾਰੇ ਸਮਝਣ ਨਾਲ ਕੁਝ ਤਣਾਅ ਘੱਟਦਾ ਹੈ?
ਸ਼ਾਇਦ ਮੌਤ ਬਾਰੇ ਸਮਝਣ ਕਾਰਨ ਸਾਡਾ ਕੁਝ ਤਣਾਅ ਘੱਟ ਜਾਵੇ
ਮੌਤ ਦੀ ਵਿਗਿਆਨਕ ਖੋਜ ਇੱਕ ਬਹੁਤ ਬਿਖੜੀ ਘਾਟੀ ਹੈ ਪਰ ਜੋ ਕੁਝ ਸਾਨੂੰ ਪਤਾ ਹੈ , ਉਸ ਤੋਂ ਇੱਕ ਉਮੀਦ ਤਾਂ ਬਝੱਦੀ ਹੈ।
ਮਿਸਾਲ ਵਜੋਂ ਸਾਨੂੰ ਪਤਾ ਹੈ ਕਿ ਮੌਤ ਨਾਲ ਹੱਥ ਮਿਲਾ ਕੇ ਆਉਣ ਵਾਲੇ ਲੋਕ ਅਕਸਰ ਕਹਿੰਦੇ ਹਨ ਕਿ ਉਹ ਪਹਿਲਾਂ ਨਾਲੋਂ ਸ਼ਾਂਤ ਹੋਏ ਹਨ, ਉਨ੍ਹਾਂ ਦੀ ਮੌਤ ਨਾਲ ਜੁੜੇ ਤਣਾਅ ਵਿੱਚ ਕਮੀ ਆਈ ਹੈ।
ਸਾਨੂੰ ਇਹ ਵੀ ਪਤਾ ਹੈ ਕਿ ਮੌਤ ਨਾਲ ਕਰੀਬੀ ਮੁਲਾਕਾਤ ਬਾਰੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਸ ਵਿੱਚ ਦਰਦ ਨਹੀਂ ਹੁੰਦਾ।
ਇਸ ਦਾ ਇੱਕ ਮਤਲਬ ਇਹ ਵੀ ਹੋ ਸਕਦਾ ਹੈ ਕਿ ਮੌਤ ਤੋਂ ਬਾਅਦ ਪੈਦਾ ਹੋਈ ਅਸੀਮ ਚੇਤਨਾ ਵੀ ਦੁੱਖਦਾਈ ਨਾ ਹੋਵੇ।
ਸਗੋਂ ਹੋ ਸਕਦਾ ਹੈ ਇਹ ਕੁਝ ਹਲਕੀ-ਫੁਲਕੀ ਵੀ ਹੁੰਦੀ ਹੋਵੇ।
ਖੋਜੀਆਂ ਦਾ ਕਹਿਣਾ ਹੈ ਕਿ ਮਰ ਰਹੇ ਲੋਕਾਂ ਦੀਆਂ ਇੰਦਰੀਆਂ ਇੱਕ ਖਾਸ ਕ੍ਰਮ ਵਿੱਚ ਕੰਮ ਕਰਨਾ ਬੰਦ ਕਰਦੀਆਂ ਹਨ।
ਪਹਿਲਾਂ ਭੁੱਖ, ਪਿਆਸ ਅਤੇ ਫਿਰ ਅਵਾਜ਼ ਅਤੇ ਅਖੀਰ ਵਿੱਚ ਨਜ਼ਰ ਜਾਂਦੀ ਹੈ।
ਕੋਹੜ ਦੇ ਇੱਕ ਮਰੀਜ਼ ਦੀ ਮੌਤ ਸਮੇਂ ਕੀਤੇ ਗਏ ਇੱਕ ਦਿਮਾਗ ਦੇ ਸਕੈਨ ਵਿੱਚ ਕੁਝ ਦੇਖਿਆ ਗਿਆ। ਉਸ ਦੇ ਸੁਪਨਿਆਂ ਅਤੇ ਯਾਦਾਂ ਵਾਲੇ ਹਿੱਸੇ ਵਿੱਚ ਤੇਜ਼ ਸਰਗਰਮੀ ਸੀ।
ਇਸ ਤੋਂ ਇਸ ਧਾਰਣਾ ਨੂੰ ਬਲ ਮਿਲਿਆ ਕਿ ਮਰਨ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਇੱਕ ਫ਼ਿਲਮ ਵਾਂਗ ਤੁਹਾਡੀਆਂ ਅੱਖਾਂ ਦੇ ਅੱਗੋਂ ਲੰਘਦੀ ਹੈ।
ਇੱਕ ਅਜਿਹੇ ਸਮਾਜ ਵਿੱਚ ਜਿੱਥੇ ਅਸੀਂ ਮੌਤ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਸ਼ਾਮਲ ਕਰਨ ਦੀ ਥਾਂ ਇਸ ਬਾਰੇ ਬਾਰੇ ਚੁੱਪ ਰਹਿਣਾ ਹੀ ਪਸੰਦ ਕਰਦੇ ਹਾਂ।
ਸਾਨੂੰ ਸ਼ਾਇਦ ਸਮਝ ਆ ਜਾਵੇ ਕਿ ਇਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕਿਵੇਂ ਸ਼ਾਮਲ ਕਰੀਏ।
ਅੰਤ ਵਿੱਚ ਤਾਂ ਅਸੀਂ ਸਾਰਿਆਂ ਨੇ ਮਰ ਜਾਣਾ ਹੈ। ਫਿਰ ਵੀ ਇਹ ਪ੍ਰਯੋਗ ਇਹ ਤਾਂ ਦੱਸਦੇ ਹੀ ਹਨ ਕਿ ਜੀਵਨ ਦੀਆਂ ਬਰੂਹਾਂ ਤੋਂ ਮੌਤ ਦੇ ਵਿਹੜੇ ਵਿੱਚ ਜਾਣ ਦਾ ਇਹ ਅਹਿਸਾਸ ਕਿੰਨਾ ਭਾਵੁਕ ਹੈ।
ਅਸੀਂ ਜਾਨਵਰਾਂ ਵਾਂਗ ਮੌਤ ਤੋਂ ਡਰਦੇ ਹਾਂ ਪਰ ਜੇ ਮੌਤ ਨੂੰ ਸਮਝੀਏ ਤਾਂ ਹੋ ਸਕਦਾ ਹੈ ਕਿ ਸਾਡਾ ਤਣਾਅ ਅਤੇ ਮਾਨਸਿਕ ਬੋਝ ਕੁਝ ਘੱਟ ਹੋ ਜਾਵੇ।
ਹੋ ਸਕਦਾ ਹੈ ਉਹ ਆਖਰੀ ਪਲ ਇੰਨੇ ਡਰਾਉਣੇ ਨਾ ਹੋਣ। ਇਹ ਸਿਰਫ਼ ਕਿਸੇ ਅਨਜਾਣ ਸਫ਼ਰ ਵਿੱਚ ਇੱਕ ਪੜਾਅ ਭਰ ਹੋਣ। ਸ਼ਾਇਦ ਉਨ੍ਹਾਂ ਵਿੱਚ ਦੁੱਖ ਵੀ ਨਾ ਹੁੰਦਾ ਹੋਵੇ।
ਇਹ ਵੀ ਪੜ੍ਹੋ: