You’re viewing a text-only version of this website that uses less data. View the main version of the website including all images and videos.
ਸ਼੍ਰੀਲੰਕਾ- ਆਰਥਿਕ ਸੰਕਟ ਦੇ ਕੀ ਹਨ ਕਾਰਨ, ਉੱਥੇ ਐਨੀ ਮੰਦੀ ਆਈ ਕਿਵੇਂ
ਸ੍ਰੀਲੰਕਾ ਵਿੱਚ ਜਾਰੀ ਸਿਆਸੀ ਅਤੇ ਆਰਥਿਕ ਸੰਕਟ ਬੁੱਧਵਾਰ ਨੂੰ ਉਸ ਵੇਲੇ ਗਹਿਰਾ ਗਿਆ ਜਦੋਂ ਪ੍ਰਧਾਨਮੰਤਰੀ ਗੋਟਾਬਾਇਆ ਰਾਜਪਕਸ਼ੇ ਦੇਸ਼ ਛੱਡ ਕੇ ਚਲੇ ਗਏ ਅਤੇ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਦਫ਼ਤਰ ਵਿੱਚ ਦਾਖ਼ਲ ਹੋ ਗਏ।ਹਾਲਾਤ ਸੰਭਾਲਣ ਲਈ ਫੌਜ ਨੂੰ ਬੁਲਾਇਆ ਗਿਆ ਅਤੇ ਪ੍ਰਦਰਸ਼ਨਕਾਰੀਆਂ ਉੱਪਰ ਅੱਥਰੂ ਗੈਸ ਦੇ ਗੋਲੇ ਛੱਡੇ ਗਏ।
ਸ਼੍ਰੀਲੰਕਾ ਦੇ ਰਾਸ਼ਟਰਪਤੀ ਭਵਨ ਉੱਤੇ ਕਾਬਜ਼ ਮੁਜ਼ਹਰਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਵੇਂ ਨੇਤਾ ਅਧਿਕਾਰਤ ਤੌਰ 'ਤੇ ਅਸਤੀਫ਼ਾ ਨਹੀਂ ਦੇ ਦਿੰਦੇ, ਉਦੋਂ ਤੱਕ ਉਹ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀਆਂ ਰਿਹਾਇਸ਼ਾਂ 'ਤੇ ਕਬਜ਼ਾ ਕਰਨਾ ਜਾਰੀ ਰੱਖਣਗੇ।
ਗੋਟਾਬਾਇਆ ਰਾਜਪਕਸ਼ੇ ਨੇ 13 ਜੁਲਾਈ,2022 ਨੂੰ ਅਸਤੀਫ਼ਾ ਦੇਣਾ ਸੀ ਪਰ ਉਹ ਦੇਸ਼ ਛੱਡ ਕੇ ਚਲੇ ਗਏ ਹਨ।
ਸ਼੍ਰੀਲੰਕਾ ਦਾ ਤਾਜ਼ਾ ਘਟਨਾਕ੍ਰਮ
ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਸੰਸਦ ਦੇ ਸਪੀਕਰ ਨੂੰ ਫੋਨ ਉੱਤੇ ਜਾਣਕਾਰੀ ਦਿੱਤੀ ਕਿ ਉਹ ਅੱਜ ਆਪਣੇ ਅਸਤੀਫ਼ਾ ਭੇਜਣ ਦਾ ਪ੍ਰਬੰਧ ਕਰ ਰਹੇ ਹਨ।
ਗੋਟਾਬਾਇਆ ਰਾਜਪਕਸ਼ੇ ਨੇ ਅੱਜ ਅਸਤੀਫ਼ਾ ਦੇਣਾ ਸੀ ਪਰ ਉਹ ਰਾਤੋਂ-ਰਾਤ ਗੁਆਂਢੀ ਆਈਲੈਂਡ ਮਾਲਦੀਵ ਭੱਜ ਗਏ ਹਨ ਅਤੇ ਉਨ੍ਹਾਂ ਦਾ ਹੁਣ ਕੋਈ ਪਤਾ ਨਹੀਂ ਹੈ।
ਰਾਜਧਾਨੀ ਕੋਲੰਬੋ ਅਤੇ ਹੋਰ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋਣ ਕਾਰਨ ਦੇਸ਼ ਵਿੱਚ ਨੈਸ਼ਨਲ ਐਮਰਜੈਂਸੀ ਅਤੇ ਖੇਤਰੀ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ।
ਹੁਣ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ।
ਮੁਜ਼ਹਰਾਕਾਰੀਆਂ ਦੀ ਵੱਡੀ ਭੀੜ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਦਾਖ਼ਲ ਹੋ ਗਈ ਹੈ।
ਵਿਰੋਧ-ਪ੍ਰਦਰਸ਼ਨਾਂ ਵਿਚਾਲੇ ਸ਼੍ਰੀਲੰਕਾ ਦੇ ਰਾਸ਼ਟਰੀ ਟੈਲੀਵਿਜ਼ਨ ਚੈਨਲ ਰੂਪਵਿਹਿਨੀ ਸਣੇ ਇੱਕ ਹੋਰ ਟੈਲੀਵਿਜ਼ਨ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।
ਕੋਲੰਬੋ ਵਿੱਚ ਅਮਰੀਕੀ ਦੂਤਾਵਾਸ ਨੇ ਦੋ ਦਿਨਾਂ ਲਈ ਆਪਣੀ ਕੰਮਕਾਜ ਰੱਦ ਕਰ ਦਿੱਤਾ ਹੈ।
ਪ੍ਰਧਾਨਮੰਤਰੀ ਰਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ।ਮੁਜ਼ਹਰਾਕਾਰੀਆਂ ਦੀ ਵੱਡੀ ਭੀੜ ਵੀ 13 ਜੁਲਾਈ,2022 ਨੂੰ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਦਾਖ਼ਲ ਹੋ ਗਈ ਸੀ।
ਇਸ ਤੋਂ ਬਾਅਦ ਕੋਲੰਬੋ ਵਿੱਚ ਅਮਰੀਕੀ ਦੂਤਾਵਾਸ ਨੇ ਦੋ ਦਿਨਾਂ ਲਈ ਆਪਣੀ ਕੰਮਕਾਜ ਰੱਦ ਕਰ ਦਿੱਤਾ ।
ਦਰਅਸਲ, ਆਰਥਿਕ ਬਦਹਾਲੀ ਤੋਂ ਪਰੇਸ਼ਾਨ ਹਜ਼ਾਰਾਂ ਲੋਕ 9ਜੁਲਾਈ,2022 ਦੀ ਸਵੇਰ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਘਰ ਵੜ ਗਏ। ਫਿਰ ਉਨ੍ਹਾਂ ਨੇ ਦੇਰ ਸ਼ਾਮ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੇ ਘਰ ਨੂੰ ਅੱਗ ਲਗਾ ਦਿੱਤੀ।
ਕਈ ਮਹੀਨਿਆਂ ਦੇ ਵਿਰੋਧ ਤੋਂ ਬਾਅਦ ਸ਼ਨੀਵਾਰ ਨੂੰ ਕੋਲੰਬੋ 'ਚ ਹਜ਼ਾਰਾਂ ਲੋਕ ਉਨ੍ਹਾਂ ਦੇ ਅਸਤੀਫ਼ਾ ਦੀ ਮੰਗ ਕਰਦੇ ਸੜਕਾਂ 'ਤੇ ਉੱਤਰੇ।
ਰਾਸ਼ਟਰਪਤੀ ਨੂੰ ਦੇਸ਼ ਦੇ ਆਰਥਿਕ ਕੁਪ੍ਰਬੰਧ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜਿਸ ਕਾਰਨ ਮਹੀਨਿਆਂ ਤੋਂ ਭੋਜਨ, ਈਂਧਨ ਅਤੇ ਦਵਾਈਆਂ ਦੀ ਕਮੀ ਹੈ।
ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਵੀ ਕਿਹਾ ਕਿ ਉਹ ਸ਼ਨੀਵਾਰ ਦੇ ਵਿਰੋਧ-ਪ੍ਰਦਰਸ਼ਨਾਂ ਤੋਂ ਬਾਅਦ ਅਹੁਦਾ ਛੱਡ ਦੇਣਗੇ, ਜਿਸ ਵਿੱਚ ਉਨ੍ਹਾਂ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ ਗਈ ਸੀ।
ਪਰ ਮੁਜ਼ਹਰਾਕਾਰੀਆਂ ਨੂੰ ਨੇਤਾਵਾਂ 'ਤੇ ਸ਼ੱਕ ਹੈ।
ਏਐਫਪੀ ਮੁਤਾਬਕ, ਵਿਦਿਆਰਥੀ ਪ੍ਰਦਰਸ਼ਨ ਦੇ ਨੇਤਾ ਲਾਹਿਰੂ ਵੀਰਸੇਕਰਾ ਨੇ ਕਿਹਾ, "ਸਾਡਾ ਸੰਘਰਸ਼ ਖ਼ਤਮ ਨਹੀਂ ਹੋਇਆ। ਅਸੀਂ ਇਸ ਸੰਘਰਸ਼ ਤੋਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਉਹ (ਰਾਸ਼ਟਰਪਤੀ ਰਾਜਪਕਸ਼ੇ) ਅਸਲ ਵਿੱਚ ਅਹੁਦਾ ਨਹੀਂ ਛੱਡ ਦਿੰਦੇ।"
ਸਿਆਸੀ ਵਿਸ਼ਲੇਸ਼ਕ ਅਤੇ ਮਨੁੱਖੀ ਅਧਿਕਾਰਾਂ ਦੀ ਵਕੀਲ ਭਵਾਨੀ ਫੋਂਸੇਕਾ ਨੇ ਰਾਇਟਰਜ਼ ਨੂੰ ਦੱਸਿਆ, "ਅਗਲੇ ਦੋ ਦਿਨ ਬਹੁਤ ਹੀ ਅਨਿਸ਼ਚਿਤਤਾ ਭਰੇ ਰਹਿਣ ਵਾਲੇ ਹਨ, ਕਿਉਂਕਿ ਸਿਆਸੀ ਤੌਰ 'ਤੇ ਕੀ ਹੋਵੇਗਾ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਦੋਵੇਂ ਨੇਤਾ "ਅਸਲ ਵਿੱਚ ਅਸਤੀਫ਼ਾ" ਦਿੰਦੇ ਹਨ।"
ਹਾਲਾਂਕਿ, ਲੋਕਾਂ ਦੇ ਰੋਸ ਅਤੇ ਭੜਕੀ ਹਿੰਸਾ ਮਗਰੋਂ ਐਮਰਜੈਂਸੀ ਬੈਠਕ ਵਿੱਚ ਸਰਬਸੰਮਤੀ ਨਾਲ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਰਾਸ਼ਟਰਪਤੀ ਐਲਾਨਿਆ ਗਿਆ।
ਸ਼੍ਰੀਲੰਕਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਆਰਥਿਕ ਸੰਕਟ ਚੱਲ ਰਿਹਾ ਹੈ। ਪੈਟਰੋਲ-ਡੀਜ਼ਲ, ਦਵਾਈਆਂ ਅਤੇ ਹੋਰ ਸਮਾਨ ਦੀ ਕਿੱਲਤ ਹੋ ਗਈ ਹੈ। ਖਾਣ-ਪੀਣ ਦੀਆਂ ਕਈ ਵਸਤੂਆਂ ਅਸਮਾਨ ਛੂਹ ਰਹੀਆਂ ਹਨ।
ਰਾਸ਼ਟਰਪਤੀ ਦੇ ਨਿਵਾਸ ਵਿੱਚ ਮੌਜੂਦ ਲੋਕਾਂ ਦੀਆਂ ਤਸਵੀਰਾਂ
ਸ਼੍ਰੀਲੰਕਾ ਵਿੱਚ ਸ਼ਨੀਵਾਰ ਨੂੰ ਹੋਈ ਹਿੰਸਾ ਦੇ ਵੀਡੀਓਜ਼
ਇਹ ਵੀ ਪੜ੍ਹੋ-
ਸ਼੍ਰੀਲੰਕਾ ਦਾ ਆਰਥਿਕ ਸੰਕਟ
- ਲੋਕਾਂ ਵਿੱਚ ਦੇਸ਼ 'ਚ ਲਗਾਤਾਰ ਵੱਧ ਰਹੀ ਮਹਿੰਗਾਈ, ਖਾਣ ਵਾਲੀ ਚੀਜ਼ਾਂ, ਪਟਰੋਲ ਡੀਜ਼ਲ ਅਤੇ ਦਵਾਈਆਂ ਦੀ ਕਮੀ ਕਾਰਨ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
- ਸ਼ਹਿਰਾਂ ਵਿੱਚ ਈਂਧਨ ਲਈ ਵੱਡੀਆਂ-ਵੱਡੀਆਂ ਕਤਾਰਾਂ ਪੂਰੇ ਉਪਨਗਰਾਂ ਦੇ ਆਲੇ-ਦੁਆਲੇ ਘੁੰਮਦੀਆਂ ਨਜ਼ਰ ਆ ਰਹੀਆਂ ਹਨ।
- ਭੋਜਨ, ਰਸੋਈ ਗੈਸ, ਕੱਪੜਿਆਂ, ਟਰਾਂਸਪੋਰਟ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਸਨ।
- ਇੱਥੇ ਕਿਸੇ ਸਮੇਂ ਤਾਜ਼ੀ ਮੱਛੀ ਭਰਪੂਰ ਮਿਲਦੀ ਸੀ। ਪਰ ਹੁਣ ਕਿਸ਼ਤੀਆਂ ਸਮੁੰਦਰ ਵਿੱਚ ਨਹੀਂ ਜਾ ਸਕਦੀਆਂ ਕਿਉਂਕਿ ਡੀਜ਼ਲ ਨਹੀਂ ਹੈ।
- ਜ਼ਿਆਦਾਤਰ ਬੱਚਿਆਂ ਨੂੰ ਹੁਣ ਲਗਭਗ ਬਿਨਾਂ ਪ੍ਰੋਟੀਨ ਵਾਲੀ ਖੁਰਾਕ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਸ਼੍ਰੀਲੰਕਾ ਵਿੱਚ ਪੈਦਾ ਹੋਏ ਇਸ ਸੰਕਟ ਦੇ ਕਾਰਨ ਕੀ ਹਨ
ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਵਿੱਚ ਸੰਕਟ ਕਈ ਸਾਲਾਂ ਤੋਂ ਚੱਲ ਰਿਹਾ ਸੀ, ਜਿਸ ਦਾ ਇੱਕ ਕਾਰਨ ਸਰਕਾਰ ਦੀ ਬਦਇੰਤਜ਼ਾਮੀ ਨੂੰ ਵੀ ਮੰਨਿਆ ਜਾ ਰਿਹਾ ਹੈ।
ਮਾਹਿਰਾਂ ਦੇ ਅਨੁਸਾਰ, ਪਿਛਲੇ ਇੱਕ ਦਹਾਕੇ ਦੌਰਾਨ ਸ਼੍ਰੀਲੰਕਾ ਦੀ ਸਰਕਾਰ ਨੇ ਜਨਤਕ ਸੇਵਾਵਾਂ ਲਈ ਵਿਦੇਸ਼ਾਂ ਤੋਂ ਵੱਡੀ ਰਾਸ਼ੀ ਉਧਾਰ ਚੁੱਕੀ ਹੈ।
ਵਧਦੇ ਕਰਜ਼ੇ ਤੋਂ ਇਲਾਵਾ ਹੋਰ ਕਈ ਚੀਜ਼ਾਂ ਨੇ ਵੀ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਵਿੱਚ ਭਾਰੀ ਮੀਂਹ ਵਰਗੀਆਂ ਕੁਦਰਤੀ ਆਫਤਾਂ ਤੋਂ ਲੈ ਕੇ ਮਨੁੱਖ ਵੱਲੋਂ ਪੈਦਾ ਹੋਈਆਂ ਤਬਾਹੀਆਂ ਸ਼ਾਮਲ ਹਨ।
ਇਨ੍ਹਾਂ ਕਾਰਨਾਂ ਵਿੱਚ ਸਰਕਾਰ ਵੱਲੋਂ ਰਸਾਇਣਕ ਖਾਦਾਂ 'ਤੇ ਪਾਬੰਦੀ ਵੀ ਸ਼ਾਮਲ ਹੈ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ।
2018 'ਚ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਸੀ, ਉਸ ਤੋਂ ਬਾਅਦ ਹਾਲਾਤ ਹੋਰ ਖ਼ਰਾਬ ਹੋ ਗਏ ਸਨ। ਇਸ ਤੋਂ ਇੱਕ ਸਾਲ ਬਾਅਦ 2019 'ਚ ਈਸਟਰ ਬੰਬ ਧਮਾਕਿਆਂ ਵਿੱਚ ਚਰਚਾਂ ਅਤੇ ਵੱਡੇ ਹੋਟਲਾਂ 'ਚ ਸੈਂਕੜੇ ਲੋਕ ਮਾਰੇ ਗਾਏ ਸਨ ਅਤੇ ਸਾਲ 2020 ਤੋਂ ਬਾਅਦ ਕੋਵਿਡ-19 ਮਹਾਂਮਾਰੀ ਨੇ ਤਬਾਹੀ ਮਚਾਈ।
ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਟੈਕਸਾਂ ਵਿੱਚ ਕਟੌਤੀ ਕਰਨ ਦੀ ਇੱਕ ਨਾਕਾਮ ਕੋਸ਼ਿਸ਼ ਕੀਤੀ।
ਹਾਲਾਂਕਿ ਉਨ੍ਹਾਂ ਦਾ ਇਹ ਕਦਮ ਉਲਟਾ ਹੀ ਪੈ ਗਿਆ ਅਤੇ ਸਰਕਾਰੀ ਖਜ਼ਾਨੇ 'ਤੇ ਇਸ ਦਾ ਬੁਰਾ ਪ੍ਰਭਾਵ ਪਿਆ ਜਿਸ ਦੇ ਨਤੀਜੇ ਵੱਜੋਂ ਕਰੈਡਿਟ ਰੇਟਿੰਗ ਏਜੰਸੀਆਂ ਨੇ ਸ਼੍ਰੀਲੰਕਾ ਨੂੰ ਡਿਫਾਲਟ ਪੱਧਰ ਤੱਕ ਹੇਠਾਂ ਕਰ ਦਿੱਤਾ। ਇਸ ਦਾ ਮਤਲਬ ਸੀ ਕਿ ਦੇਸ਼ ਨੇ ਵਿਦੇਸ਼ੀ ਬਾਜ਼ਾਰਾਂ ਤੱਕ ਆਪਣੀ ਪਹੁੰਚ ਖ਼ਤਮ ਕਰ ਲਈ ਹੈ।
ਸ਼੍ਰੀ ਲੰਕਾ ਨੂੰ ਸਰਕਾਰੀ ਕਰਜ਼ੇ ਦਾ ਭੁਗਤਾਨ ਕਰਨ ਲਈ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚੋਂ ਭੁਗਤਾਨ ਕਰਨਾ ਪਿਆ। ਇਸ ਕਾਰਨ ਸ਼੍ਰੀ ਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਇਸ ਸਾਲ ਘੱਟ ਕੇ 2.2 ਬਿਲੀਅਨ ਡਾਲਰ ਰਹਿ ਗਿਆ, ਜੋ ਕਿ ਸਾਲ 2018 ਵਿੱਚ 6.9 ਬਿਲੀਅਨ ਡਾਲਰ ਸੀ।
ਇਸ ਦੇ ਸਿੱਟੇ ਵਜੋਂ ਈਂਧਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਦਰਾਮਦ ਪ੍ਰਭਵਿਤ ਹੋਈ ਅਤੇ ਮਹਿੰਗਾਈ ਵਿੱਚ ਵਾਧਾ ਦਰਜ ਹੋਇਆ।
ਇਨ੍ਹਾਂ ਕਾਰਨਾਂ ਤੋਂ ਵੀ ਉੱਪਰ ਇਹ ਗੱਲ ਹੈ ਕਿ ਸਰਕਾਰ ਨੇ ਮਾਰਚ ਮਹੀਨੇ ਸ਼੍ਰੀ ਲੰਕਾਈ ਰੁਪਏ ਨੂੰ ਫਲੋਟ ਕੀਤਾ ਭਾਵ ਇਸ ਦੀ ਕੀਮਤ ਵਿਦੇਸ਼ੀ ਮੁਦਰਾ ਬਾਜ਼ਾਰਾਂ ਦੀ ਮੰਗ ਅਤੇ ਸਪਲਾਈ ਦੇ ਅਧਾਰ 'ਤੇ ਨਿਰਧਾਰਤ ਕੀਤੀ ਜਾਣ ਲੱਗੀ।
ਇਹ ਕਦਮ ਮੁਦਰਾ ਦੇ ਮੁੱਲ ਨੂੰ ਘਟਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਸੀ ਤਾਂ ਜੋ ਕੌਮਾਂਤਰੀ ਮੁਦਰਾ ਭੰਡਾਰ, ਆਈਐੱਮਐੱਫ ਤੋਂ ਕਰਜ਼ਾ ਮਿਲ ਸਕੇ।
ਹਾਲਾਂਕਿ ਅਮਰੀਕੀ ਡਾਲਰ ਦੇ ਮੁਕਾਬਲੇ ਸ਼੍ਰੀ ਲੰਕਾਈ ਰੁਪਏ ਦੀ ਗਿਰਾਵਟ ਨੇ ਆਮ ਲੋਕਾਂ ਲਈ ਸਥਿਤੀ ਬਦ ਤੋਂ ਬਦਤਰ ਕਰ ਦਿੱਤੀ ।
ਹੁਣ ਤੱਕ ਸ਼੍ਰੀਲੰਕਾ ਵਿੱਚ ਕੀ-ਕੀ ਹੋਇਆ ਹੈ
- 9 ਜੁਲਾਈ 2022 ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਕੋਲੰਬੋ ਵਿੱਚ ਸਥਿਤ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਅਵਾਸ ਵਿੱਚ ਵੜ ਗਏ।
- ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ।
- ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਦੇ ਘਰ ਵੀ ਵੜ ਗਏ ਤੇ ਉੱਥੇ ਅੱਗ ਲਗਾ ਦਿੱਤੀ।
- ਸਿਆਸੀ ਪਾਰਟੀਆਂ ਦੀ ਐਮਰਜੈਂਸੀ ਮੀਟਿੰਗ ਸੱਦੀ ਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਸਰਬਸੰਮਤੀ ਨਾਲ ਅਸਥਾਈ ਰਾਸ਼ਟਰਪਤੀ ਐਲਾਨਿਆ ਗਿਆ।
- ਮੌਜੂਦਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਹੁਣ ਅਸਤੀਫ਼ਾ ਦੇਣਗੇ।
- ਇਸ ਤੋਂ ਪਹਿਲਾਂ ਮਈ ਮਹੀਨੇ ਇਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫਾ ਦਿੱਤਾ ਸੀ।
- ਸੰਕਟ ਪੈਦਾ ਹੋਣ ਬਾਅਦ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
- ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਹੁੰਦੇ ਰਹੇ।
- ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਤੇ ਕਰਫਿਊ ਵੀ ਲਗਾਇਆ ਜਾਂਦਾ ਰਿਹਾ।
- 31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿੱਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।
ਸ਼੍ਰੀਲੰਕਾ ਸੰਕਟ
ਸ਼੍ਰੀਲੰਕਾ ਵਾਸੀ ਦੇਸ ਦੀ ਅਜ਼ਾਦੀ ਤੋਂ ਬਾਅਦ ਆਏ ਸਭ ਤੋਂ ਵੱਡੇ ਸਿਆਸੀ ਸੰਕਟ ਲਈ ਸਰਕਾਰ ਦੀਆਂ ਨੀਤੀਆਂ ਅਤੇ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਮੰਨਦੇ ਹਨ।
ਸਰਕਾਰ ਜਿਸ ਉੱਪਰ ਕਈ ਦਹਾਕਿਆਂ ਤੋਂ ਦੋ ਭਰਾਵਾਂ ਦੇ ਰਾਜਪਕਸ਼ੇ ਪਰਿਵਾਰ ਦਾ ਦਬਦਬਾ ਹੈ।
ਸ਼੍ਰੀਲੰਕਾ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਜ਼ਿੰਦਗੀਆਂ ਦੀਆਂ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਹਨ। ਮਹਿੰਗਾਈ ਪਿਛਲੇ 70 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਉੱਪਰ ਹੈ।
ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਹੁੰਦਿਆਂ ਰਾਜਪਕਸ਼ੇ ਨੂੰ ਮੁੱਕਦਮਾ ਚੱਲਣ ਤੋਂ ਸੁਰੱਖਿਆ ਹਾਸਲ ਸੀ।
ਇਸ ਲਈ ਅਸਤੀਫ਼ਾ ਦੇਣ ਤੋਂ ਬਾਅਦ ਕਿਸੇ ਕਾਨੂੰਨੀ ਪੇਚੀਦਗੀ ਤੋਂ ਬਚਣ ਲਈ ਉਹ ਦੇਸ ਛੱਡ ਕੇ ਚਲੇ ਗਏ ਹਨ।
ਸ਼੍ਰੀਲੰਕਾ ਬਾਰੇ ਮੁੱਢਲੀ ਜਾਣਕਾਰੀ
ਭਾਰਤ ਦੇ ਦੱਖਣ ਵਿੱਚ ਹਿੰਦ ਮਹਾਂਸਾਗਰ ਵਿੱਚ ਵਸਿਆ ਇੱਕ ਟਾਪੂ ਦੇਸ। ਸਾਲ 1948 ਵਿੱਚ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਇਆ।
ਇੱਥੇ ਮੁੱਖ ਤੌਰ ਤੇ ਤਿੰਨ ਸਿੰਨਹਾਲਾ (ਸਿੰਘਲਾ), ਤਾਮਿਲ ਅਤੇ ਮੁਸਲਿਮ ਭਾਈਚਾਰਿਆਂ ਦਾ ਅਬਾਦੀ ਹੈ। ਦੇਸ ਦੀ ਕੁੱਲ ਅਬਾਦੀ 2.20 ਕਰੋੜ ਹੈ।
ਖੂਨੀ ਗ੍ਰਹਿਯੁੱਧ ਤੋਂ ਵਿੱਚ ਤਾਮਿਲ ਵੱਖਵਾਦੀਆਂ ਨੂੰ ਹਰਾਉਣ ਤੋਂ ਬਾਅਦ ਸਾਲ 2009 ਵਿੱਚ ਮਹਿੰਦਾ ਰਾਜਪਕਸ਼ੇ ਬਹੁਗਿਣਤੀ ਸਿਨਹਾਲਾ ਭਾਈਚਾਰੇ ਵਿੱਚ ਨਾਇਕ ਵਜੋਂ ਉੱਭਰੇ।
ਮਹਿੰਦਾ ਰਾਜਪਕਸ਼ੇ ਜੋ ਕਿ ਹੁਣ ਦੇਸ ਦੇ ਰਾਸ਼ਟਰਪਤੀ ਹਨ ਸਾਲ 2009 ਵਿੱਚ ਦੇਸ ਦੇ ਰੱਖਿਆ ਮੰਤਰੀ ਸਨ।
ਸ਼੍ਰੀਲੰਕਾ ਇੱਕ ਲੋਕਤੰਤਰੀ ਗਣਰਾਜ ਹੈ ਜਿਸ ਦਾ ਸੰਵਿਧਾਨਿਕ ਮੁਖੀ ਰਾਸ਼ਟਰਪਤੀ ਹੈ ਪਰ ਸੰਸਦ ਵਿੱਚ ਸਰਕਾਰ ਦੀ ਅਗਵਾਈ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: