ਸ਼੍ਰੀਲੰਕਾ: ਗੁੱਸਾਏ ਲੋਕਾਂ ਨੇ ਰਾਸ਼ਟਰਪਤੀ ਭਵਨ 'ਤੇ ਹੱਲਾ ਬੋਲਿਆ, ਪੀਐੱਮ ਦਾ ਘਰ ਸਾੜਿਆ, ਜਾਣੋ ਹੁਣ ਤੱਕ ਕੀ-ਕੀ ਹੋਇਆ

ਸ਼੍ਰੀਲੰਕਾ ਸੰਸਦ ਦੇ ਸਪੀਕਰ ਹੁਣ ਸ਼੍ਰੀ ਲੰਕਾ ਦੇ ਅਸਥਾਈ ਰਾਸ਼ਟਰਪਤੀ ਹੋਣਗੇ।

ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਪਾਰਟੀ ਨੇਤਾਵਾਂ ਨੇ ਉਨ੍ਹਾਂ ਨੂੰ ਸੰਵਿਧਾਨ ਦੇ ਮਾਪਦੰਡਾਂ ਮੁਤਾਬਕ ਰਾਸ਼ਟਰਪਤੀ ਦਾ ਅਹੁਦਾ ਸਾਂਭਣ ਲਈ ਕਿਹਾ ਹੈ।

ਸਪੀਕਰ ਨੇ ਕਿਹਾ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਆਪਣਾ ਅਹੁਦਾ ਛੱਡਣਾ ਪਵੇਗਾ।

ਸ਼੍ਰੀਲੰਕਾ ਦੇ ਸੰਵਿਧਾਨ ਮੁਤਾਬਕ ਉਹ ਹੁਣ ਰਾਸ਼ਟਰਪਤੀ ਦਾ ਅਹੁਦਾ ਕੁਝ ਦਿਨਾਂ ਤੱਕ ਸੰਭਾਲਣਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਆਗੂਆਂ ਦੀ ਗੁਜਾਰਿਸ਼ ਅਤੇ ਲੋਕਾਂ ਦੀ ਸੁਰੱਖਿਆ ਲਈ ਉਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ।

13 ਜੁਲਾਈ ਨੂੰ ਰਾਜਪਕਸ਼ੇ ਦੇਣਗੇ ਅਸਤੀਫ਼ਾ

ਮਹਿੰਦਾ ਯਾਪਾ ਅਭੇਵਰਦਨਾ ਨੇ ਕਿਹਾ ਹੈ ਕਿ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ਾ 13 ਜੁਲਾਈ ਨੂੰ ਅਸਤੀਫਾ ਦੇਣਗੇ।

ਮਹਿੰਦਾ ਯਾਪਾ ਨੇ ਟੀਵੀ ਉੱਤੇ ਆ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੋਟਾਬਾਇਆ ਰਾਜਪਕਸ਼ੇ ਬੁੱਧਵਾਰ ਤੱਕ ਰਾਸ਼ਟਰਪਤੀ ਬਣੇ ਰਹਿਣਗੇ ਤਾਂ ਜੋ ਸਹੀ ਤਰੀਕੇ ਨਾਲ ਸੱਤਾ ਬਦਲੀ ਜਾ ਸਕੇ।

ਇਸ ਤੋਂ ਪਹਿਲਾਂ ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੇ ਪਾਰਟੀ ਦੇ ਲੀਡਰਾਂ ਦੀ ਗੱਲ ਮੰਨ ਕੇ ਨਵੀਂ ਸਰਬ ਪਾਰਟੀ ਸਰਕਾਰ ਬਣਾਉਣ ਲਈ ਅਸਤੀਫ਼ਾ ਦੇਣਗੇ।

ਸ਼੍ਰੀ ਲੰਕਾ ਵਿੱਚ ਮੁਜ਼ਾਹਰਾਕਾਰੀ ਕੋਲੰਬੋ ਵਿੱਚ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦੀ ਰਿਹਾਇਸ਼ ਵਿੱਚ ਵੀ ਦਾਖਲ ਹੋ ਗਏ ਹਨ।

ਇਸ ਤੋਂ ਪਹਿਲਾਂ ਸਰਕਾਰ ਵਿਰੋਧੀ ਮੁਜ਼ਾਹਰਾਕਾਰੀ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋ ਗਏ ਸਨ।

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਪਾਰਟੀ ਲੀਡਰਾਂ ਨੂੰ ਕਿਹਾ ਹੈ ਕਿ ਉਹ ਲੋਕਾਂ ਦੀ ਸੁਰੱਖਿਆ ਲ਼ਈ ਅਸਤੀਫਾ ਦੇਣ ਨੂੰ ਤਿਆਰ ਹਨ। ਇਹ ਬਿਆਨ ਉਨ੍ਹਾਂ ਦੇ ਦਫ਼ਤਰ ਵੱਲੋਂ ਦਿੱਤਾ ਗਿਆ ਹੈ।

ਹੁਣ ਤੱਕ ਕੀ- ਕੀ ਹੋਇਆ

  • 9 ਜੁਲਾਈ,2022 ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਕੋਲੰਬੋ ਵਿੱਚ ਸਥਿਤ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਅਵਾਸ ਵਿੱਚ ਵੜ ਗਏ।
  • ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ।
  • ਹਾਲਾਂਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ 'ਤੇ ਹੱਲਾ ਬੋਲ ਦਿੱਤਾ ਤੇ ਉਨ੍ਹਾਂ ਦੇ ਸਵੀਮਿੰਗ ਪੂਲ ਵਿੱਚ ਵੜ ਕੇ ਨਹਾਏ ਵੀ।
  • ਇਸ ਮਗਰੋਂ ਸ਼ਾਮ ਨੂੰ ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਦੇ ਘਰ ਵੀ ਵੜ ਗਏ ਤੇ ਉੱਥੇ ਅੱਗ ਲਗਾ ਦਿੱਤੀ।
  • ਸਿਆਸੀ ਪਾਰਟੀਆਂ ਦੀ ਐਮਰਜੈਂਸੀ ਮੀਟਿੰਗ ਸੱਦੀ ਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਸਰਬਸੰਮਤੀ ਨਾਲ ਅਸਥਾਈ ਰਾਸ਼ਟਰਪਤੀ ਐਲਾਨਿਆ ਗਿਆ।
  • ਮੌਜੂਦਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਹੁਣ ਅਸਤੀਫ਼ਾ ਦੇਣਗੇ।
  • ਇਸ ਤੋਂ ਪਹਿਲਾਂ ਮਈ ਮਹੀਨੇ ਇਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫਾ ਦਿੱਤਾ ਸੀ।
  • ਸੰਕਟ ਪੈਦਾ ਹੋਣ ਬਾਅਦ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
  • ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਹੁੰਦੇ ਰਹੇ।
  • ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਤੇ ਕਰਫਿਊ ਵੀ ਲਗਾਇਆ ਜਾਂਦਾ ਰਿਹਾ।
  • 31 ਮਾਰਚ,2022 ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿੱਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਦੇ ਘਰ ’ਚ ਹੋਏ ਨੁਕਸਾਨ ਦੀਆਂ ਤਸਵੀਰਾਂ

ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਦੇ ਨਿੱਜੀ ਘਰ ਨੂੰ ਨਿਸ਼ਾਨਾ ਬਣਾਇਆ

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਘਰ ਨੂੰ ਮੁਜ਼ਾਹਰਾਕਾਰੀਆਂ ਨੇ ਅੱਗ ਲਗਾ ਦਿੱਤੀ ਹੈ।

ਕੋਲੰਬੋ ਵਿੱਚ ਉਨ੍ਹਾਂ ਦਾ ਨਿੱਜੀ ਘਰ ਇਸ ਸਮੇਂ ਘੇਰਾਬੰਦੀ ਅਤੇ ਅੱਗ ਦੀਆਂ ਲਪਟਾਂ ਵਿੱਚ ਹੈ।

ਹਜ਼ਾਰਾਂ ਲੋਕਾਂ ਨੇ ਸ਼੍ਰੀ ਲੰਕਾ ਦੀ ਰਾਜਧਾਨੀ ਵਿੱਚ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ਉੱਤੇ ਕਬਜ਼ਾ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਇਆ ਹੈ।

ਉਨ੍ਹਾਂ ਦੇ ਦਫ਼ਤਰ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਵਿੱਚ ਦਾਖਲ ਹੋ ਕੇ ਇਸ ਨੂੰ ਅੱਗ ਲਗਾ ਦਿੱਤੀ ਹੈ।"

ਵਿਕਰਮਸਿੰਘੇ ਆਪਣੇ ਪਰਿਵਾਰ ਨਾਲ ਇਸੇ ਨਿੱਜੀ ਘਰ ਵਿੱਚ ਰਹਿੰਦੇ ਸੀ। ਵਿਕਰਮਸਿੰਘੇ ਇਸ ਸਰਕਾਰੀ ਰਿਹਾਇਸ਼ ਦੀ ਵਰਤੋਂ ਸਿਰਫ਼ ਸਰਕਾਰੀ ਕਾਰੋਬਾਰ ਲਈ ਕਰਦੇ ਸਨ।

ਜਦੋਂ ਰਾਸ਼ਟਰਪਤੀ ਦੀ ਰਿਹਾਇਸ਼ ’ਚ ਦਾਖਲ ਹੋਏ ਲੋਕ

ਪ੍ਰਧਾਨ ਮੰਤਰੀ ਦੇ ਦਫ਼ਤਰ ਮੁਤਾਬਕ ਤੇਲ ਦੀ ਸਪਲਾਈ ਇਸ ਮਹੀਨੇ ਸ਼ੁਰੂ ਹੋ ਜਾ ਰਹੀ ਹੈ। ਤੇਲ ਦੀ ਕਮੀ ਹੀ ਇਸ ਰੋਸ ਦਾ ਸਭ ਤੋਂ ਵੱਡਾ ਕਾਰਨ ਹੈ।

ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਰਾਜਪਕਸ਼ੇ ਸੁਰੱਖਿਅਤ ਥਾਂ ਉੱਤੇ ਚਲੇ ਗਏ ਹਨ। ਹਾਲਾਂਕਿ, ਰਾਸ਼ਟਰਪਤੀ ਕਿੱਥੇ ਹਨ, ਇਸ ਬਾਰੇ ਅਜੇ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਪਰ ਫੌਜ ਦੇ ਅਧਿਕਾਰੀਆਂ ਮੁਤਾਬਕ ਭੀੜ ਦੇ ਉਨ੍ਹਾਂ ਦੀ ਰਿਹਾਈਸ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰਾਜਪਕਸ਼ੇ ਚਲੇ ਗਏ ਸਨ।

ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ, ''ਰਾਸ਼ਟਰਪਤੀ ਨੂੰ ਸੁਰੱਖਿਅਤ ਕੱਢ ਲਿਆ ਗਿਆ, ਉਹ ਹਾਲੇ ਵੀ ਰਾਸ਼ਟਰਪਤੀ ਹਨ ਅਤੇ ਉਨ੍ਹਾਂ ਨੂੰ ਮਿਲਟਰੀ ਯੂਨਿਟ ਵੱਲੋਂ ਸੁਰੱਖਿਆ ਦਿੱਤੀ ਜਾ ਰਹੀ ਹੈ।"

ਸਨਥ ਜੈਸੂਰਿਆ ਵੀ ਆਏ ਪ੍ਰਦਰਸ਼ਨਕਾਰੀਆਂ ਦੇ ਪੱਖ ਵਿੱਚ

ਇਸੇ ਵਿਚਾਲੇ ਸ਼੍ਰੀ ਲੰਕਾ ਦੇ ਸਾਬਕਾ ਕ੍ਰਿਕਟਰ ਸਨਥ ਜਯਸੂਰਿਆ ਵੀ ਮੁਜ਼ਾਹਰਾਕਾਰੀਆਂ ਵਿਚਾਲੇ ਪਹੁੰਚੇ ਹਨ। ਉਨ੍ਹਾਂ ਨੇ ਮੁਜ਼ਹਰਾਕਾਰੀਆਂ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਟਵਿੱਟਰ ਉੱਤੇ ਸ਼ੇਅਰ ਕੀਤੀਆਂ ਹਨ।

ਉਨ੍ਹਾਂ ਲਿਖਿਆ, "ਉਹ ਸ਼੍ਰੀ ਲੰਕਾ ਦੇ ਲੋਕਾਂ ਨਾਲ ਖੜ੍ਹੇ ਹਨ ਅਤੇ ਜਲਦ ਹੀ ਜਿੱਤ ਦਾ ਜਸ਼ਨਮ ਮਨਾਉਣਗੇ। ਇਸ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਥਿਆ ਜਾਣਾ ਚਾਹੀਦਾ ਹੈ।"

ਉਧਰ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਪਾਰਟੀ ਆਗੂਆਂ ਦੀ ਐਮਰਜੈਂਸੀ ਦੀ ਬੈਠਕ ਸੱਦੀ ਹੈ।

ਕੋਲੰਬੋ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਮੁਜ਼ਾਹਕਾਰੀਆਂ ਨੂੰ ਰੋਕਣ ਲਈ ਫੌਜ ਤਾਇਨਾਤ ਕੀਤੀ ਗਈ ਹੈ।

ਉਹ ਵੀਡੀਓ ਜਦੋਂ ਰਾਸ਼ਟਰਪਤੀ ਦੇ ਘਰ ਵੜ ਗਏ ਮੁਜ਼ਾਹਰਾਕਾਰੀ...

ਸ਼੍ਰੀਲੰਕਾ ਵਿੱਚ ਵਧਦੀਆਂ ਕੀਮਤਾਂ ਅਤੇ ਜ਼ਰੂਰੀ ਸਮਾਨ ਦੀ ਕਮੀ ਦੇ ਵਿਰੋਧ ਵਿੱਚ ਲੰਬੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਜਾਰੀ ਹੈ।

ਸੜਕਾਂ ਉੱਤੇ ਉੱਤਰੇ ਮੁਜ਼ਾਹਰਾਕਾਰੀਆਂ ਨੂੰ ਖਦੇੜਣ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ। ਮੁਜ਼ਾਹਰੇ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਕਈ ਹਿੱਸਿਆਂ ਤੋਂ ਲੋਕ ਕੋਲੰਬੋ ਪਹੁੰਚੇ ਹਨ।

ਮੁਜ਼ਾਹਰਾਕਾਰੀ ਰਾਸ਼ਟਰਪਤੀ ਰਾਜਪਕਸ਼ੇ ਤੋਂ ਅਸਤੀਫ਼ਾ ਦੇਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ:

ਦੁਪਹਿਰੇ ਇੱਕ ਵਜੇ ਦੇ ਕਰੀਬ ਮੁਜ਼ਾਹਰਾਕਾਰੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋਣ ਲੱਗੇ। ਕੁਝ ਮੁਜ਼ਾਹਰਾਕਾਰੀ ਮੇਨ ਗੇਟ ਉੱਤੇ ਚੜ੍ਹ ਗਏ ਅਤੇ ਕਾਂਪਲੈਕਸ ਵਿੱਚ ਵੜ ਗਏ। ਮੁਜ਼ਾਹਰੇ ਵਾਲੀ ਥਾਂ ਉੱਤੇ ਫੌਜ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਮੁਜ਼ਾਹਰਾਕਾਰੀਆਂ ਉੱਤੇ ਰੋਕ ਲਗਾਉਣ ਲਈ ਪੁਲਿਸ ਨੇ ਕਰਫ਼ਿਊ ਲਗਾਇਆ ਸੀ। ਸ਼੍ਰੀ ਲੰਕਾ ਲੰਘੇ ਕਈ ਦਹਾਕਿਆਂ ਦੇ ਸਭ ਤੋਂ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਪੈਟਰੋਲ, ਖਾਣ ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਦੀ ਕਮੀ ਹੋ ਰਹੀ ਹੈ।

ਕਈ ਲੋਕ ਜ਼ਖ਼ਮੀ

ਸ਼੍ਰੀਲੰਕਾ ਪੁਲਿਸ ਨੇ ਰਾਸ਼ਟਰਪਤੀ ਦੀ ਰਿਹਾਇਸ਼ ਨੂੰ ਘੇਰਣ ਦੀ ਕੋਸ਼ਿਸ਼ ਕਰਨ ਵਾਲਿਆਂ ਲੋਕਾਂ ਉੱਤੇ ਅੱਥਰੂ ਗੈਸ ਦੇ ਗੋਲੇ ਦਾਗੇ। ਪੁਲਿਸ ਨੇ ਮੁਜ਼ਾਹਰਾਕਾਰੀਆਂ ਉੱਤੇ ਪਾਣੀ ਵੀ ਸੁੱਟਿਆ, ਜਿਸ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਸ਼੍ਰੀਲੰਕਾ ਵਿੱਚ ਵਿੱਤੀ ਸੰਕਟ ਦੇ ਕਾਰਨ ਜਾਣਨ ਲਈ ਇਹ ਵੀਡੀਓ ਦੇਖੋ...

ਭੀੜ ਨੂੰ ਖਦੇੜਣ ਲਈ ਪੁਲਿਸ ਨੇ ਹਵਾਈ ਫਾਈਰਿੰਗ ਵੀ ਕੀਤੀ ਹੈ। ਉੱਥੋਂ ਆਈਆਂ ਵੀਡੀਓਜ਼ ਵਿੱਚ ਅੱਥਰੂ ਗੈਸ ਦੇ ਗੋਲੇ ਨਾਲ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ।

ਸ਼੍ਰੀਲੰਕਾ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਦੇ ਵਧਣ ਨਾਲ ਖਾਣ ਪੀਣ ਦੀ ਚੀਜ਼ਾਂ, ਬਾਲਣ ਅਤੇ ਦਵਾਈਆਂ ਦੀ ਕਿੱਲਤ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਸਰਕਾਰ ਖ਼ਿਲਾਫ਼ ਰੈਲੀ ਦਾ ਆਯੋਜਨ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸਰਕਾਰ ਨੇ ਰਾਜਧਾਨੀ ਕੋਲੰਬੋ ਅਤੇ ਇਸ ਦੇ ਆਲੇ-ਦੁਆਲੇ ਹੋਣ ਵਾਲੀ ਇਸ ਰੈਲੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਤ ਨੌਂ ਵਜੇ ਤੋਂ ਕਰਫਿਊ ਲਗਾ ਦਿੱਤਾ ਸੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਰਫਿਊ ਸ਼ੁੱਕਰਵਾਰ ਰਾਤ ਨੌਂ ਵਜੇ ਤੋਂ ਲੈ ਕੇ ਅਗਲੇ ਹੁਕਮਾਂ ਤੱਕ ਲਗਾਇਆ ਗਿਆ ਹੈ। ਪ੍ਰਸ਼ਾਸਲਨ ਨੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਬਾਹਰ ਨਾ ਜਾਣ।

ਵਿਰੋਧ ਰੈਲੀ ਦੌਰਾਨ ਹਿੰਸਾ ਤੋਂ ਬਚਾਅ ਲਈ ਪ੍ਰਸ਼ਾਸਨ ਨੇ ਫੌਜ ਅਤੇ ਪੁਲਿਸ ਦੇ ਹਜ਼ਾਰਾਂ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਦੇਸ਼ ਦੇ ਮੌਜੂਦਾ ਆਰਥਿਕ ਸੰਕਟ ਲਈਆ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੂੰ ਜ਼ਿੰਮੇਵਾਰ ਦੱਸਦੇ ਹੋਏ ਮੁਜ਼ਾਹਰਾਕਾਰੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

ਲੰਘੇ ਕਈ ਮਹੀਨਿਆਂ ਤੋਂ ਆਰਥਿਕ ਬਦਹਾਲੀ ਅਤੇ ਮਹਿੰਗਾਈ ਤੋਂ ਪਰੇਸ਼ਾਨ ਲੋਕ ਸੜਕਾਂ ਉੱਤੇ ਸਰਕਾਰ ਖ਼ਿਲਾਫ਼ ਮੁਜ਼ਾਹਰੇ ਕਰ ਰਹੇ ਹਨ। ਇਸ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।

ਸੰਕਟ ਦਾ ਕਾਰਨ

ਸ਼੍ਰੀਲੰਕਾ ਦਾ ਆਰਥਿਕ ਸੰਕਟ ਉੱਥੋਂ ਦੇ ਵਿਦੇਸ਼ ਮੁਦਰਾ ਭੰਡਾਰ ਦੇ ਤੇਜ਼ੀ ਨਾਲ ਘਟਣ ਕਾਰਨ ਪੈਦਾ ਹੋਇਆ ਹੈ। ਕਈ ਲੋਕਾਂ ਦਾ ਇਲਜ਼ਮਾ ਹੈ ਕਿ ਅਜਿਹਾ ਉੱਥੋਂ ਦੀ ਸਰਕਾਰ ਦੀ ਆਰਥਿਕ ਬਦਇੰਤਜ਼ਾਮੀ ਅਤੇ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਕਰਕੇ ਹੋਇਆ ਹੈ।

ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਕਾਰਨ ਸ਼੍ਰੀਲੰਕਾ ਜ਼ਰੂਰੀ ਚੀਜ਼ਾਂ ਦਾ ਇੰਪੋਰਟ ਨਹੀਂ ਕਰ ਪਾ ਰਿਹਾ ਜਿਨ੍ਹਾਂ ਵਿੱਚ ਤੇਲ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਇਸ ਸਾਲ ਮਈ ਵਿੱਚ ਸ਼੍ਰੀ ਲੰਕਾ ਇਤਿਹਾਸ 'ਚ ਪਹਿਲੀ ਵਾਰ ਆਪਣੇ ਕਰਜ਼ੇ ਦੀ ਕਿਸ਼ਤ ਅਦਾ ਕਰਨ ਵਿੱਚ ਨਾਕਾਮ ਰਿਹਾ ਸੀ। ਉਦੋਂ ਉਸ ਨੂੰ ਸੱਤ ਕਰੋੜ 80 ਲੱਖ ਡਾਲਰ ਦੀ ਅਦਾਇਗੀ ਕਰਨੀ ਸੀ ਪਰ 30 ਦਿਨਾਂ ਦਾ ਵਾਧੂ ਸਮਾਂ ਦਿੱਤੇ ਜਾਣ ਦੇ ਬਾਵਜੂਦ ਸ਼੍ਰੀ ਲੰਕਾ ਇਸ ਨੂੰ ਚੁਕਾ ਨਹੀਂ ਸਕਿਆ।

ਸ਼੍ਰੀਲੰਕਾ ਹਾਲੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ਼) ਤੋਂ ਲਗਭਗ 3.5 ਅਰਬ ਡਾਲਰ ਦੀ ਬੇਲਆਉਟ ਰਾਸ਼ੀ ਚਾਹ ਰਿਹਾ ਹੈ ਜਿਸ ਲਈ ਉਸ ਦੀ ਗੱਲਬਾਤ ਚੱਲ ਰਹੀ ਹੈ।

ਸ਼੍ਰੀਲੰਕਾ ਸਰਕਾਰ ਦਾ ਕਹਿਣਾ ਹੈ ਕਿ ਉਸ ਨੂੰ ਇਸ ਸਾਲ ਆਈਐੱਮਐੱਫ਼ ਸਣੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਪੰਜ ਅਰਬ ਡਾਲਰ ਦੀ ਮਦਦ ਚਾਹੀਦੀ ਹੈ।

ਸ਼੍ਰੀਲੰਕਾ ਸੰਕਟ

ਸ਼੍ਰੀਲੰਕਾ ਵਾਸੀ ਦੇਸ ਦੀ ਅਜ਼ਾਦੀ ਤੋਂ ਬਾਅਦ ਆਏ ਸਭ ਤੋਂ ਵੱਡੇ ਸਿਆਸੀ ਸੰਕਟ ਲਈ ਸਰਕਾਰ ਦੀਆਂ ਨੀਤੀਆਂ ਅਤੇ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਮੰਨਦੇ ਹਨ।

ਸਰਕਾਰ ਜਿਸ ਉੱਪਰ ਕਈ ਦਹਾਕਿਆਂ ਤੋਂ ਦੋ ਭਰਾਵਾਂ ਦੇ ਰਾਜਪਕਸ਼ੇ ਪਰਿਵਾਰ ਦਾ ਦਬਦਬਾ ਹੈ।

ਸ਼੍ਰੀਲੰਕਾ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਜ਼ਿੰਦਗੀਆਂ ਦੀਆਂ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਹਨ। ਮਹਿੰਗਾਈ ਪਿਛਲੇ 70 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਉੱਪਰ ਹੈ।

ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਹੁੰਦਿਆਂ ਰਾਜਪਕਸ਼ੇ ਨੂੰ ਮੁੱਕਦਮਾ ਚੱਲਣ ਤੋਂ ਸੁਰੱਖਿਆ ਹਾਸਲ ਸੀ।

ਇਸ ਲਈ ਅਸਤੀਫ਼ਾ ਦੇਣ ਤੋਂ ਬਾਅਦ ਕਿਸੇ ਕਾਨੂੰਨੀ ਪੇਚੀਦਗੀ ਤੋਂ ਬਚਣ ਲਈ ਉਹ ਦੇਸ ਛੱਡ ਕੇ ਚਲੇ ਗਏ ਹਨ।

ਸ਼੍ਰੀਲੰਕਾ ਬਾਰੇ ਮੁੱਢਲੀ ਜਾਣਕਾਰੀ

ਭਾਰਤ ਦੇ ਦੱਖਣ ਵਿੱਚ ਹਿੰਦ ਮਹਾਂਸਾਗਰ ਵਿੱਚ ਵਸਿਆ ਇੱਕ ਟਾਪੂ ਦੇਸ। ਸਾਲ 1948 ਵਿੱਚ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਇਆ।

ਇੱਥੇ ਮੁੱਖ ਤੌਰ ਤੇ ਤਿੰਨ ਸਿੰਨਹਾਲਾ (ਸਿੰਘਲਾ), ਤਾਮਿਲ ਅਤੇ ਮੁਸਲਿਮ ਭਾਈਚਾਰਿਆਂ ਦਾ ਅਬਾਦੀ ਹੈ। ਦੇਸ ਦੀ ਕੁੱਲ ਅਬਾਦੀ 2.20 ਕਰੋੜ ਹੈ।

ਖੂਨੀ ਗ੍ਰਹਿਯੁੱਧ ਤੋਂ ਵਿੱਚ ਤਾਮਿਲ ਵੱਖਵਾਦੀਆਂ ਨੂੰ ਹਰਾਉਣ ਤੋਂ ਬਾਅਦ ਸਾਲ 2009 ਵਿੱਚ ਮਹਿੰਦਾ ਰਾਜਪਕਸ਼ੇ ਬਹੁਗਿਣਤੀ ਸਿਨਹਾਲਾ ਭਾਈਚਾਰੇ ਵਿੱਚ ਨਾਇਕ ਵਜੋਂ ਉੱਭਰੇ।

ਮਹਿੰਦਾ ਰਾਜਪਕਸ਼ੇ ਜੋ ਕਿ ਹੁਣ ਦੇਸ ਦੇ ਰਾਸ਼ਟਰਪਤੀ ਹਨ ਸਾਲ 2009 ਵਿੱਚ ਦੇਸ ਦੇ ਰੱਖਿਆ ਮੰਤਰੀ ਸਨ।

ਸ਼੍ਰੀਲੰਕਾ ਇੱਕ ਲੋਕਤੰਤਰੀ ਗਣਰਾਜ ਹੈ ਜਿਸ ਦਾ ਸੰਵਿਧਾਨਿਕ ਮੁਖੀ ਰਾਸ਼ਟਰਪਤੀ ਹੈ ਪਰ ਸੰਸਦ ਵਿੱਚ ਸਰਕਾਰ ਦੀ ਅਗਵਾਈ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)