You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ਭੂਚਾਲ: 'ਸਾਡੇ ਤੱਕ ਰਾਹਤ ਟੀਮਾਂ ਨਹੀਂ ਪਹੁੰਚੀਆਂ 40 ਲਾਸ਼ਾਂ ਮੈਂ ਇਕੱਲਾ ਕੱਢ ਚੁੱਕਾ ਹਾਂ' -ਮਦਦ ਲਈ ਵਿਲਕਦੇ ਲੋਕ
- ਲੇਖਕ, ਫਰੈਂਸਿਸ ਮਾਓ, ਮੈਥਿਊ ਡੇਵਿਸ ਤੇ ਲੀਓ ਸੈਂਡਜ਼
- ਰੋਲ, ਬੀਬੀਸੀ ਨਿਊਜ਼
ਅਫ਼ਗਾਨਿਸਤਾਨ ਦੇ ਸੱਤਾਧਰੀ ਤਾਲਿਬਾਨ ਦੇ ਅਧਿਕਾਰਤ ਸੂਤਰਾਂ ਮੁਤਾਬਕ ਮੁਲਕ ਵਿਚ ਆਏ ਭਿਆਨਕ ਭੂਚਾਲ ਕਾਰਨ ਘੱਟੋ-ਘੱਟ 1000 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 1500 ਲੋਕ ਜ਼ਖਮੀ ਹਨ।
ਸੋਸ਼ਲ ਮੀਡੀਆ ਉੱਤੇ ਪਕਤਿਕਾ ਸੂਬੇ ਵਿੱਚ ਬਰਬਾਦ ਹੋਏ ਘਰਾਂ ਅਤੇ ਜ਼ਖਮੀ ਲੋਕਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਭੂਚਾਲ ਪ੍ਰਭਾਵਿਤ ਪਕਤਿਕਾ ਸੂਬੇ ਦੇ ਪੂਰਬ ਵਿਚਲੇ ਖੇਤਰ ਵਿਚੋਂ ਢਹੇ ਹੋਏ ਘਰਾਂ ਦੀਆਂ ਤਸਵੀਰਾਂ ਸਾਹਮਣੇ ਆਈਆ ਹਨ, ਜਿੱਥੇ ਜਖ਼ਮੀਆਂ ਨੂੰ ਬਚਾਉਣ ਲਈ ਰਾਹਤ ਕਾਰਜ ਚਲਾਏ ਗਏ ਹਨ।
ਦੂਰ ਦੂਰਾਡੇ ਖੇਤਰ ਤੋਂ ਜ਼ਖ਼ਮੀਆਂ ਨੂੰ ਹੈਲੀਕਾਪਟਰਾਂ ਦੀ ਮਦਦ ਨਾਲ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ।
ਤਾਲਿਬਾਨ ਆਗੂ ਹੈਬਤੁੱਲਾ ਅਖੁੰਢਜ਼ਾਦਾ ਨੇ ਕਿਹਾ ਕਿ ਸੈਂਕੜੇ ਘਰ ਢਹਿ ਢੇਰੀ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ ਹੋਰ ਵਧ ਸਕਦਾ ਹੈ।
ਲੰਘੇ ਦੋ ਦਹਾਕਿਆਂ ਵਿੱਚ ਅਫ਼ਗਾਨਿਸਤਾਨ ਵਿੱਚ ਇਹ ਸਭ ਤੋਂ ਭਿਆਨਕ ਭੂਚਾਲ ਹੈ।
ਪਕਤਿਕਾ ਸੂਬੇ ਦੇ ਸੂਚਨਾ ਵਿਭਾਗ ਦੇ ਮੁਖੀ ਮੁਹੰਮਦ ਅਮੀਨ ਹਜ਼ੀਫ਼ੀ ਨੇ ਬੀਬੀਸੀ ਨੂੰ ਦੱਸਿਆ ਕਿ 1000 ਲੋਕਾਂ ਦੀ ਮੌਤ ਹੋਈ ਹੈ ਅਤੇ 1500 ਜ਼ਖ਼ਮੀਂ ਹੋਏ ਹਨ।
ਭੂਚਾਲ ਕਾਰਨ ਹਰ ਪਾਸੇ ਤਬਾਰੀ ਦਾ ਮੰਜ਼ਰ
ਇੱਕ ਸਥਾਨਕ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ, ''ਜਿਹੜੀ ਵੀ ਗਲੀ ਤੁਸੀਂ ਜਾਓ, ਲੋਕ ਆਪਣਿਆਂ ਦੀ ਮੌਤ ’ਤੇ ਰੋ ਰਹੇ ਹਨ ਅਤੇ ਘਰ ਤਬਾਹ ਹੋ ਗਏ ਹਨ।''
ਭੂਚਾਲ ਅਫਗਾਨਿਸਤਾਨ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਦਾ ਕਾਰਨ ਬਣਦੇ ਹਨ, ਜਿੱਥੇ ਬਹੁਤ ਸਾਰੇ ਪੇਂਡੂ ਖੇਤਰਾਂ ਵਿੱਚ ਘਰ ਅਸਥਿਰ ਜਾਂ ਮਾੜੇ ਢੰਗ ਨਾਲ ਬਣਾਏ ਗਏ ਹਨ।
ਇਲਾਕੇ ਦੇ ਇੱਕ ਹੋਰ ਸਥਾਨਕ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਭੂਚਾਲ ਤੋਂ ਬਾਅਦ ਸੰਚਾਰ ਕਰਨਾ ਮੁਸ਼ਕਲ ਹੈ, ਕਿਉਂਕਿ ਮੋਬਾਈਲ ਫੋਨ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਅਫ਼ਗਾਨਿਸਤਾਨ ਬਾਰੇ ਮੁੱਢਲੀ ਜਾਣਕਾਰੀ
- ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਸਾਸ਼ਨ - ਇਹ ਕੱਟੜਵਾਦੀ ਇਸਲਾਮਿਕ ਲੜਾਕੇ ਹਨ, ਜਿਨ੍ਹਾਂ ਨੇ ਅਮਰੀਕਾ ਦੀ ਅਗਵਾਈ ਵਾਲੇ 20 ਸਾਲ ਪੁਰਾਣੇ ਫੌਜੀ ਗਠਜੋੜ ਨੂੰ ਮੁਲਕ ਤੋਂ ਬਾਹਰ ਕਰਕੇ ਸੱਤਾ ਵਿਚ ਵਾਪਸੀ ਕੀਤੀ ਸੀ।
- ਆਰਥਿਕ ਸੰਕਟ ਦਾ ਸ਼ਿਕਾਰ - ਅਮਰੀਕੀ ਫੌਜੀ ਗਠਜੋੜ ਦੇ ਮੁਲਕ ਛੱਡਣ ਤੋਂ ਬਾਅਦ ਵਿਦੇਸ਼ੀ ਸਹਾਇਤਾ ਰੁੱਕ ਗਈ ਅਤੇ ਵਿਦੇਸ਼ਾਂ ਵਿਚ ਅਫਗਾਨਿਸਤਾਨ ਦੀ ਨਕਦੀ ਜ਼ਬਤ ਹੋ ਗਈ।
- ਮਨੁੱਖਤਾ ਦਾ ਵੱਡਾ ਸੰਕਟ - ਵਿਸ਼ਵ ਬੈਂਕ ਮੁਤਾਬਕ ਅਫਗਾਨਿਸਤਾਨ ਦੇ ਕਰੀਬ ਤੀਜਾ ਹਿੱਸਾ ਲੋਕ ਆਪਣੇ ਰੋਜ਼ੀ-ਰੋਟੀ ਅਤੇ ਰੋਜ਼ਾਨਾਂ ਜ਼ਰੂਰਤਾਂ ਵੀ ਪੂਰਾ ਨਹੀਂ ਕਰ ਪਾ ਰਹੇ।
ਉਨ੍ਹਾਂ ਦੱਸਿਆ, "ਬਹੁਤ ਸਾਰੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਹਾਲ ਬਾਰੇ ਨਹੀਂ ਜਾਣਦੇ ਕਿਉਂਕਿ ਉਨ੍ਹਾਂ ਦੇ ਫ਼ੋਨ ਕੰਮ ਨਹੀਂ ਕਰ ਰਹੇ ਹਨ। ਮੇਰਾ ਭਰਾ ਅਤੇ ਉਸ ਦੇ ਪਰਿਵਾਰ ਦੀ ਮੌਤ ਹੋ ਗਈ ਅਤੇ ਮੈਨੂੰ ਕਈ ਘੰਟਿਆਂ ਬਾਅਦ ਇਸ ਬਾਰੇ ਪਤਾ ਲੱਗਾ, ਬਹੁਤ ਸਾਰੇ ਪਿੰਡ ਤਬਾਹ ਹੋ ਗਏ ਹਨ।"
ਵਿਲਕਦੇ ਲੋਕ ਤੇ ਮਦਦ ਲਈ ਗੁਹਾਰ
ਯੂਨੀਸੈੱਫ਼ ਦੇ ਕਾਬੁਲ ਯੂਨਿਟ ਦੇ ਸੈਮ ਮੌਰਟਿਨ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਨੇ ਕੌਮਾਂਤਰੀ ਮਦਦ ਦੀ ਅਪੀਲ ਕੀਤੀ ਹੈ।
ਤਾਲਿਬਾਨ ਦੀ ਅਥਾਰਟੀ ਨੇ ਬੁੱਧਵਾਰ ਸਵੇਰ ਨੂੰ ਯੂਐੱਨ ਟੀਮ ਤੱਕ ਪਹੁੰਚ ਕਰਕੇ ਜਰੂਰਤ ਮੁਤਾਬਕ ਮਦਦ ਮੁਹੱਈਆ ਕਰਵਾਉਣ ਲਈ ਕਿਹਾ।
ਅਫ਼ਗਾਨਿਸਤਾਨ ਵਿਚ ਯੂਕੇ ਦੇ ਵਿਸ਼ੇਸ਼ ਨੁੰਮਾਇਦੇ ਨੀਗੇਲ ਕੈਸੇ ਨੇ ਕਿਹਾ, ''ਯੂਕੇ ਯੂਐੱਨ ਦੇ ਸੰਪਰਕ ਵਿਚ ਹੈ ਅਤੇ ਕੌਮਾਂਤਰੀ ਪੱਧਰ ਉੱਤੇ ਮਦਦ ਮੁਹੱਈਆ ਕਰਵਾਉਣ ਲ਼ਈ ਤਿਆਰ ਹੈ।''
ਭੂਚਾਲ ਨੇ ਪੇਂਡੂ ਇਲਾਕਿਆਂ ਵਿਚ ਬਣੇ ਕੱਚੇ ਘਰਾਂ ਦਾ ਭਾਰੀ ਨੁਕਸਾਨ ਕੀਤਾ ਹੈ।
ਸਭ ਤੋਂ ਵੱਧ ਮਾਰ ਝੱਲ ਰਹੇ ਪਿੰਡਾਂ ਵਿਚੋਂ ਇੱਕ ਗਿਆਨ ਦੇ ਕਿਸਾਨ ਐਲੇਮ ਵਫਾ ਨੇ ਬੀਬੀਸੀ ਨੂੰ ਦੱਸਿਆ ਕਿ ਅਜੇ ਤੱਕ ਸਾਡੇ ਕੋਲ ਰਾਹਤ ਟੀਮਾਂ ਨਹੀਂ ਪਹੁੰਚੀਆਂ ਹਨ।
''ਸਾਡੇ ਤੱਕ ਰਾਹਤ ਟੀਮਾਂ ਨਹੀਂ ਆਈਆਂ ਹਨ, ਗੁਆਂਢੀ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕ ਮਦਦ ਲਈ ਪਹੁੰਚੇ ਹਨ, ਮੈਂ ਇੱਥੇ ਸਵੇਰੇ ਤੋਂ ਲੱਗਿਆ ਹੋਇਆ ਹਾਂ ਅਤੇ 40 ਲਾਸ਼ਾਂ ਤਾਂ ਮੈਂ ਕੱਢ ਚੁੱਕਾ ਹਾਂ।''
ਕਿਸਾਨ ਨੇ ਅੱਗੇ ਦੱਸਿਆ, ''ਜਿਆਦਾਤਰ ਨੌਜਵਾਨ ਸਨ, ਬਹੁਤ ਸਾਰੇ ਬੱਚੇ। ਇੱਥੇ ਹਸਪਤਾਲ ਤਾਂ ਹੈ, ਪਰ ਇਸ ਆਫ਼ਤ ਨਾਲ ਅਸੀਂ ਨਜਿੱਠ ਨਹੀਂ ਸਕਦੇ, ਇਸ ਦੀ ਇੰਨੀ ਸਮਰੱਥਾ ਨਹੀਂ ਹੈ।''
ਖੋਸਤ ਜ਼ਿਲ੍ਹੇ ’ਚ ਭੂਚਾਲ ਦੇ ਕੇਂਦਰ
ਭੂਚਾਲ ਦਾ ਕੇਂਦਰ ਪਕਤਿਕਾ ਸੂਬੇ ਦੇ ਪੂਰਬੀ ਜ਼ਿਲ੍ਹਾ ਖੋਸਤ ਹੈ। ਇਹ ਥਾਂ ਕਾਬੁਲ ਤੋਂ 150 ਕਿਲੋਮੀਟਰ ਦੂਰ ਦੱਖਣ ਵੱਲ ਪੈਂਦੀ ਹੈ। ਇਹ ਅਫ਼ਗਾਨ- ਪਾਕਿਸਤਾਨ ਸਰਹੱਦ ਤੋਂ ਕਰੀਬ 40 ਕਿਲੋ ਮੀਟਰ ਹੈ।
ਸਥਾਨਕ ਸਮੇਂ ਮੁਤਾਬਕ ਭੂਚਾਲ ਰਾਤੀ ਕਰੀਬ 1.30 ਵਜੇ ਆਇਆ, ਜਦੋਂ ਬਹੁਤੇ ਲੋਕੀਂ ਘਰਾਂ ਵਿਚ ਸੁੱਤੇ ਹੋਏ ਸਨ।
ਅਧਿਕਾਰੀਆਂ ਮੁਤਾਬਕ ਲੋਕਾਂ ਨੂੰ ਘਰੋਂ ਨਿਕਲਣ ਦਾ ਸਮਾਂ ਨਹੀਂ ਮਿਲਿਆ ਅਤੇ ਬਹੁਤ ਸਾਰੇ ਲੋਕ ਘਰਾਂ ਦੇ ਮਲਬੇ ਹੇਠਾਂ ਦੱਬ ਗਏ।
ਖ਼ਬਰ ਏਜੰਸੀ ਰਾਇਟਰਜ਼ ਨੇ ਯੂਰਪੀਅਨ ਮੈਡੀਟ੍ਰੇਨੀਅਨ ਸਿਸਮੋਲੋਜੀਕਲ ਸੈਂਟਰ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਦੇ ਝਟਕੇ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਵਿੱਚ 500 ਕਿੱਲੋਮੀਟਰ ਦੇ ਘੇਰੇ ਦੇ ਅੰਦਰ ਮਹਿਸੂਸ ਕੀਤੇ ਗਏ।
ਸੈਂਟਰ ਨੇ ਕਿਹਾ ਹੈ ਕਿ ਚਸ਼ਮਦੀਦਾਂ ਦੇ ਮੁਤਾਬਕ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਵੀ ਭੂਚਾਲ ਮਹਿਸੂਸ ਕੀਤਾ ਗਿਆ।
ਸਰਕਾਰੀ ਬੁਲਾਰੇ ਬਿਲਾਲ ਕਰਿਮੀ ਨੇ ਟਵੀਟ ਕਰਕੇ ਦੱਸਿਆ, ''ਬਦਕਿਸਮਤੀ ਨਾਲ ਪਿਛਲੀ ਰਾਤ ਪਕਤਿਕਾ ਸੂਬੇ ਦੇ ਚਾਰ ਖੇਤਰਾਂ ਵਿੱਚ ਇੱਕ ਗੰਭੀਰ ਭੂਚਾਲ ਆਇਆ, ਜਿਸ ਨੇ ਸਾਡੇ ਸੈਂਕੜੇ ਦੇਸ ਵਾਸੀਆਂ ਨੂੰ ਮਾਰ ਦਿੱਤਾ ਹੈ ਅਤੇ ਦਰਜਨਾਂ ਘਰ ਤਬਾਹ ਕੀਤੇ ਹਨ। ''
''ਅਸੀਂ ਸਾਰੀਆਂ ਇਮਦਾਦ ਏਜੰਸੀਆਂ ਨੂੰ ਪ੍ਰਭਾਵਿਤ ਖੇਤਰ ਵਿੱਚ ਟੀਮਾਂ ਭੇਜਣ ਦੀ ਅਪੀਲ ਕਰਦੇ ਹਾਂ।''
ਭਚਾਲ ਦੀ ਮਾਰ ਹੇਠ ਆਏ ਇਲਾਕੇ ਦੀਆਂ ਤਸਵੀਰਾਂ
ਇਹ ਵੀ ਪੜ੍ਹੋ:
ਇਹ ਵੀ ਪੜ੍ਹੋ: