ਸ੍ਰੀ ਲੰਕਾ : ਹਰੇ ਇਨਕਲਾਬ ਤੋਂ ਖੇਤੀ ਨੂੰ ਮੋੜਾ ਦੇ ਕੇ ਜੈਵਿਕ ਖੇਤੀ ਵੱਲ ਮੋੜਨ ਦੀ ਨੀਤੀ ਕਿਵੇਂ ਬਣੀ ਘਾਤਕ

ਤਸਵੀਰ ਸਰੋਤ, AFP
ਇਹ ਸਾਲ 2019 ਦੇ ਅਗਸਤ ਦਾ ਮਹੀਨਾ ਸੀ। ਸ੍ਰੀ ਲੰਕਾ ਵਿੱਚ ਰਾਸ਼ਟਰਪਤੀ ਚੋਣਾਂ ਦਾ ਪ੍ਰਚਾਰ ਜ਼ੋਰਾਂ 'ਤੇ ਸੀ। ਸ੍ਰੀਲੰਕਾ ਦੀ ਸਿਆਸਤ ਵਿੱਚ ਤਾਕਤਵਰ ਮੰਨੇ ਜਾਣ ਵਾਲੇ ਪਰਿਵਾਰ ਨਾਲ ਜੁੜੇ ਇੱਕ ਸਾਬਕਾ ਫੌਜੀ ਅਧਿਕਾਰੀ ਗੋਟਬਾਇਆ ਰਾਜਪਕਸ਼ੇ ਵੀ ਮੈਦਾਨ ਵਿੱਚ ਸਨ।
ਤਿੰਨ ਮਹੀਨੇ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਸੀ। ਗੋਟਬਾਇਆ ਰਾਜਪਕਸ਼ੇ ਨੇ ਚੋਣਾਂ ਦੌਰਾਨ ਸ੍ਰੀਲੰਕਾ ਲਈ ਜਿਸ 'ਨਵੇਂ ਨਜ਼ਰੀਏ' ਦਾ ਖਾਕਾ ਪੇਸ਼ ਕੀਤਾ, ਉਸ ਵਿੱਚ ਖੇਤੀ ਲਈ ਇੱਕ 'ਹੌਸਲੇ੍ ਵਾਲੀ ਨੀਤੀ' ਸ਼ਾਮਿਲ ਸੀ।
ਇਸ ਦੇ ਤਹਿਤ 10 ਸਾਲ ਵਿੱਚ ਖੇਤੀ ਪੂਰੀ ਤਰ੍ਹਾਂ ਆਰਗੈਨਿਕ (ਰਸਾਇਣਕ ਖਾਦਾਂ ਤੋਂ ਮੁਕਤ ਅਤੇ ਜੈਵਿਕ ਖਾਦ 'ਤੇ ਆਧਾਰਿਤ) ਬਣਾਉਣ ਦੀ ਯੋਜਨਾ ਸੀ।
ਇਸ ਬੇਹੱਦ ਅਭਿਲਾਸ਼ੀ ਯੋਜਨਾ ਵਿੱਚ ਕਈ ਖ਼ਾਮੀਆਂ ਵੀ ਸਨ, ਇਸ ਨੀਤੀ ਨੂੰ ਸ੍ਰੀਲੰਕਾ ਦੇ ਮੌਜੂਦਾ ਆਰਥਿਕ ਸੰਕਟ ਦਾ ਇੱਕ ਵੱਡਾ ਕਾਰਨ ਵੀ ਮੰਨਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਲੋਕਾਂ ਦੀ ਨਾਰਾਜ਼ਗੀ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਅਟੁੱਟ ਸਿਲਸਿਲੇ ਤੋਂ ਬਾਅਦ ਸਰਕਾਰ ਨੂੰ ਇਸ 'ਤੇ 'ਯੂ ਟਰਨ' ਲੈਣਾ ਪਿਆ।
ਇਹ ਨੀਤੀ ਫੇਲ੍ਹ ਕਿਉਂ ਹੋਈ, ਇਸ ਨੂੰ ਸਮਝਣ ਲਈ ਬੀਬੀਸੀ ਨੇ ਮਾਹਰਾਂ ਨਾਲ ਗੱਲ ਕੀਤੀ।
ਹਰਾ ਇਨਕਲਾਬ
ਸ੍ਰੀਲੰਕਾ ਦੀ ਪੈਰਾਡੇਨੀਆ ਯੂਨੀਵਰਸਿਟੀ ਵਿੱਚ ਖੇਤੀ ਅਰਥਸ਼ਾਸਤਰ ਦੀ ਪ੍ਰੋਫੈਸਰ ਜੀਵਿਕਾ ਵੀਰਹੇਵਾ ਕਹਿੰਦੀ ਹੈ, "ਖੇਤੀ ਬਹੁਤ ਅਹਿਮ ਹੈ। ਖ਼ਾਸ ਕਰ ਕੇ ਉਦੋਂ ਜਦੋਂ ਸ੍ਰੀਲੰਕਾ ਵਿੱਚ ਰੁਜ਼ਗਾਰ ਦੀ ਗੱਲ ਆਉਂਦੀ ਹੈ।"
ਜੀਵਿਕਾ ਦੱਸਦੀ ਹੈ, "ਸਾਡੀ ਕੁੱਲ ਮਜ਼ਦੂਰ ਸ਼ਕਤੀ ਦੇ 25 ਫੀਸਦ ਲੋਕ ਖੇਤੀ ਖੇਤਰ ਨਾਲ ਜੁੜੇ ਹਨ। ਕਰੀਬ 20 ਲੱਖ ਇਸ ਖੇਤਰ ਵਿੱਚ ਕੰਮ ਕਰਦੇ ਹਨ।"
"ਜੇਕਰ ਸਕਲ ਘਰੇਲੂ ਉਤਪਾਦ ਯਾਨਿ ਜੀਡੀਪੀ ਦੇਖੀਏ ਤਾਂ ਪਤਾ ਲੱਗਦਾ ਕਿ ਇਸ ਵਿੱਚ ਇਕੱਲੇ ਖੇਤੀ ਖੇਤਰ ਦਾ ਯੋਗਦਾਨ ਸੱਤ ਫੀਸਦ ਹੈ। ਖਾਦ 'ਤੇ ਆਧਾਰਿਤ ਉਦਯੋਗ ਧੰਦਿਆਂ ਦਾ ਯੋਗਦਾਨ ਛੇ ਫੀਸਦ ਹੈ। ਕੁਲ ਮਿਲਾ ਕੇ ਇਹ ਇੱਕ ਵੱਡਾ ਹਿੱਸਾ ਹੈ।"

ਤਸਵੀਰ ਸਰੋਤ, Getty Images
ਸ੍ਰੀ ਲੰਕਾ ਦੀ ਘਰੇਲੂ ਖਾਣ ਦੀਆਂ ਜ਼ਰੂਰਤ ਦਾ ਕਰੀਬ 80 ਫੀਸਦ ਹਿੱਸਾ ਦੇਸ਼ ਦੇ ਛੋਟਾ ਕਿਸਾਨ ਉਗਾਉਂਦੇ ਹਨ।
ਜੀਵਿਕਾ ਦੱਸਦੀ ਹੈ ਕਿ ਇੱਥੇ ਝੋਨੇ ਦੀ ਉਪਜ ਪ੍ਰਮੁੱਖ ਹੈ। ਸ਼੍ਰੀਲੰਕਾ ਵਿੱਚ ਚੌਲਾਂ ਦੇ ਇਲਾਵਾ ਸਬਜ਼ੀਆਂ, ਫ਼ਲਾਂ, ਨਾਰੀਅਲ, ਮਾਸ ਅਤੇ ਆਂਡਿਆਂ ਦਾ ਵੀ ਚੰਗਾ ਉਤਪਾਦਨ ਹੁੰਦਾ ਰਿਹਾ ਹੈ।
ਉਹ ਦੱਸਦੀ ਹੈ ਕਿ 1960 ਦੇ ਦਹਾਕੇ ਵਿੱਚ ਵਿਕਾਸਸ਼ੀਲ ਦੇਸ਼ਾਂ ਲਈ ਚਲਾਈ ਗਈ 'ਹਰਾ ਇਨਕਲਾਬ' ਮੁਹਿੰਮ ਦੇ ਤਹਿਤ ਸ਼੍ਰੀਲੰਕਾ ਵਿੱਚ ਉਪਜ ਵਧਾਉਣ ਦੇ ਯਤਨ ਸ਼ੁਰੂ ਹੋਏ ਹਨ।
ਆਧੁਨਿਕ ਤਕਨੀਕ ਵਰਤੋਂ ਕੀਤੀ ਗਈ ਹੈ। ਪੈਦਾਵਾਰ ਵਧਾਉਣ ਲਈ ਜ਼ਿਆਦਾਤਰ ਵਿੱਚ ਪੋਸ਼ਕ ਤੱਤਾਂ ਦੀ ਵਰਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ-
ਉਸ ਦੌਰ ਨੂੰ ਯਾਦ ਕਰਦਿਆਂ ਹੋਇਆ ਜੀਵਿਕਾ ਕਹਿੰਦੀ ਹੈ, "ਅਸੀਂ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰਸਾਇਣਕ ਖ਼ਾਦ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨਾ ਪਿਆ ਕਿਉਂਕਿ ਜੇ ਅਸੀਂ ਲੋੜੀਂਦਾ ਮਾਤਰਾ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਤਾਂ ਹੀ ਸਾਨੂੰ ਚੰਗੀ ਫ਼ਸਲ ਮਿਲ ਸਕਦੀ ਹੈ।"
"ਅਜਿਹੇ ਵਿੱਚ ਅਸੀਂ ਸਾਲ 1962 ਤੋਂ ਕਿਸਾਨਾਂ ਨੂੰ ਸਬਸਿਡੀ ਦੇਣਾ ਸ਼ੁਰੂ ਕੀਤੀ।"
ਸ੍ਰੀ ਲੰਕਾ ਵਿੱਚ ਰਸਾਇਣਕ ਖਾਦ ਦਾ ਉਤਪਾਦਨ ਨਹੀਂ ਹੁੰਦਾ ਸੀ। 1960 ਦੇ ਦਹਾਕੇ ਤੋਂ ਹੀ ਖਾਦ ਬਾਹਰੋਂ ਦਰਾਮਦ ਕੀਤੀ ਜਾਂਦੀ ਹੈ। ਛੋਟੇ ਕਿਸਾਨਾਂ 'ਤੇ ਬੋਝ ਨਾ ਪਵੇ ਇਸ ਲਈ ਉਨ੍ਹਾਂ ਨੇ 90 ਫੀਸਦ ਤੱਕ ਸਬਸਿਡੀ ਦਿੱਤੀ ਗਈ।

ਤਸਵੀਰ ਸਰੋਤ, Getty Images
ਸ੍ਰੀ ਲੰਕਾਖੰਡ, ਕਣਕ ਅਤੇ ਦੁੱਧ ਦੀ ਵੀ ਦਰਾਮਦਗੀ ਕਰਦਾ ਹੈ। ਇਹ ਦੇਸ਼ ਚਾਹ, ਨਾਰੀਅਲ ਅਤੇ ਮਸਾਲਿਆਂ ਦੀ ਬਰਾਮਦਗੀ ਕਰ ਕੇ ਆਪਣੇ ਦਰਾਮਦਗੀ ਬਿੱਲ ਦਾ ਭੁਗਤਾਨ ਕਰਦਾ ਰਿਹਾ ਹੈ।
ਸ੍ਰੀ ਲੰਕਾ ਵਿੱਚ ਹੋਣ ਵਾਲੇ ਕੁੱਲ ਬਰਾਮਦਗੀ ਵਿੱਚ ਖੇਤੀ ਦੀ ਹਿੱਸੇਦਾਰੀ ਕਰੀਬ 20 ਫੀਸਦ ਸੀ। ਸੈਰ-ਸਪਾਟਾ ਵੀ ਵਿਦੇਸ਼ੀ ਮੁਦਰਾ ਦਾ ਵੱਡਾ ਸਰੋਤ ਸੀ ਪਰ ਕੋਰੋਨਾ ਕਰਕੇ ਇਸ ਖੇਤਰ ਨੂੰ ਵੀ ਵੱਡਾ ਝਟਕਾ ਲੱਗਾ।
ਕਰੀਬ ਉਸੇ ਵੇਲੇ ਸਪਲਾਈ ਚੇਨ ਵਿੱਚ ਰੁਕਾਵਟ ਹੋਣ ਕਾਰਨ ਦੁਨੀਆਂ ਭਰ ਵਿੱਚ ਖਾਦ ਦੀ ਵੀ ਘਾਟ ਹੋ ਗਈ।
ਬਿਮਾਰੀ ਦਾ ਡਰ
ਰਸਾਇਣਕ ਖਾਦ ਨਾਲ ਜੁੜੀ ਇੱਕ ਹੋਰ ਦਿੱਕਤ ਸੀ। ਹਰੇ ਇਕਲਾਬ ਤੋਂ ਬਾਅਦ ਪੈਦਾਵਾਰ ਤਾਂ ਵਧ ਗਈ ਪਰ ਬਿਮਾਰੀਆਂ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ।
'ਸੀਕੇਡੀਯੂ' ਯਾਨਿ ਕਿਡਨੀ ਦੀ ਗੰਭੀਰ ਬਿਮਾਰੀ ਦੇ ਸ਼ੁਰੂਆਤੀ ਮਾਮਲੇ 1990 ਦੇ ਦਹਾਕੇ ਵਿੱਚ ਸਾਹਮਣੇ ਆਏ। ਸਾਲ 2021 ਤੱਕ ਸ਼੍ਰੀਲੰਕਾ 'ਸੀਕੇਡੀਯੂ' ਦਾ ਹੌਟ-ਸਪੌਟ ਬਣ ਗਿਆ।
ਜੀਵਿਕਾ ਦੱਸਦੀ ਹੈ, "ਕੁਝ ਲੋਕਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਕਿਸਾਨ ਜੋ ਰਸਾਇਣਕ ਖਾਦ ਦੀ ਵਰਤੋਂ ਕਰਦੇ ਹਨ, ਉਹ ਇਸ ਬਿਮਾਰ ਦਾ ਕਾਰਨ ਹੈ। ਕਿਸਾਨ ਜਦੋਂ ਖਾਦ ਅਤੇ ਕੀਟਨਾਸ਼ਕ ਛਿੜਕਦੇ ਹਨ ਤਾਂ ਸੁਰੱਖਿਆ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ।"

ਤਸਵੀਰ ਸਰੋਤ, Getty Images
"ਹਾਲਾਂਕਿ, ਇਹ ਅੰਦਾਜ਼ਾ ਸੀ, ਇਸ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਸੀਕੇਡੀਯੂ ਦਾ ਕਾਰਨ ਰਸਾਇਣਕ ਖਾਦ ਵਿੱਚ ਮੌਜੂਦ ਕੈਡੀਅਮ ਅਤੇ ਆਰਸੈਨਿਕ ਹਨ। ਹਾਲਾਂਕਿ ਇਹ ਵੀ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਖੇਤੀ ਨਾਲ ਜੁੜੇ ਲੋਕ ਬਿਨਾਂ ਰਸਾਇਣ ਦੇ ਖੇਤੀ ਕਰ ਕੇ ਦੇਖਣਾ ਚਾਹੁੰਦੇ ਸਨ।"
ਉਦੋਂ ਸਰਕਾਰ ਨੇ ਤੈਅ ਕੀਤਾ ਕਿ ਖੇਤੀ ਵਿੱਚ ਕ੍ਰਾਂਤੀਕਾਰੀ ਬਦਲਾਅ ਦਾ ਵੇਲਾ ਹੈ।
ਵੱਡਾ ਸੁਪਨਾ
ਸ੍ਰੀ ਲੰਕਾ ਦੀ ਪੈਰਾਡੇਨੀਆ ਯੂਨੀਵਰਸਿਟੀ ਦੇ ਖੇਤੀ ਵਿਗਿਆਨਕ ਬੁੱਧੀ ਮਰਾਂਬੇ ਦੱਸਦੇ ਹਨ, "ਇਹ ਕਰੀਬ ਸਾਲ ਭਰ ਪਹਿਲਾਂ ਦੀ ਹੀ ਗੱਲ ਹੈ। ਜਦੋਂ ਅਸੀਂ ਟੀਵੀ 'ਤੇ ਰਾਸ਼ਟਰਪਤੀ ਦਾ ਐਲਾਨ ਸੁਣਿਆ ਕਿ ਉਹ ਰਸਾਇਣਕ ਖਾਦ ਅਤੇ ਕੀਟਨਾਸ਼ਕਾਂ 'ਤੇ ਤਤਕਾਲ ਪ੍ਰਭਾਵ ਨਾਲ ਪਾਬੰਦੀ ਲਗਾਉਣ ਜਾ ਰਹੇ ਹਨ।"
ਮਰਾਂਬੇ ਕਹਿੰਦੇ ਹਨ ਕਿ ਜਦੋਂ ਲੋਕਾਂ ਨੂੰ ਇਹ ਕਿਹਾ ਗਿਆ ਖਾਣੇ ਵਾਲੇ ਸਮਾਨ ਵਿੱਚ ਜ਼ਹਿਰੀਲੇ ਪਦਾਰਥ ਹਨ, ਜੋ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਿਮਾਰ ਕਰ ਸਕਦੇ ਹਨ ਤਾਂ ਉਹ ਚਿੰਤਾ ਵਿੱਚ ਪੈ ਗਏ।
ਸਰਕਾਰ ਦੀ ਪਾਬੰਦੀ ਤੋਂ ਬਾਅਦ ਦੇਸ਼ ਦੀ ਸਾਰੀ ਖੇਤੀ 100 ਫੀਸਦ ਆਰਗੈਨਿਕ ਯਾਨਿ ਪੂਰੀ ਤਰ੍ਹਾਂ ਜੈਵਿਕ ਖਾਦ 'ਤੇ ਨਿਰਭਰ ਹੋਣ ਜਾ ਰਹੀ ਸੀ।
ਮਰਾਂਬੇ ਦੱਸਦੇ ਹਨ ਕਿ ਉਸ ਵੇਲੇ ਇਸ ਨੀਤੀ 'ਤੇ ਸਵਾਲ ਵੀ ਚੁੱਕੇ ਗਏ ਸਨ ਪਰ ਕੁਝ ਲੋਕਾਂ ਨੇ ਰਾਸ਼ਟਰਪਤੀ ਦੇ ਮਨ ਵਿੱਚ ਬੈਠਾ ਦਿੱਤਾ ਅੱਗੇ ਵਧਣ ਦਾ 'ਇਹੀ ਇੱਕ ਰਸਤਾ ਹੈ।'

ਤਸਵੀਰ ਸਰੋਤ, Getty Images
ਆਰਗੈਨਿਕ ਉਤਪਾਦਾਂ ਦੀ ਦੁਨੀਆਂ ਵਿੱਚ ਚੰਗੀ ਮੰਗ ਹੈ। ਮਰਾਂਬੇ ਕਹਿੰਦੇ ਹਨ ਕਿ ਉਦੋਂ ਇਹ ਵੀ ਦੱਸਿਆ ਗਿਆ ਕਿ ਸ੍ਰੀ ਲੰਕਾ ਨੂੰ ਕਾਫੀ ਵਿਦੇਸ਼ੀ ਮੁਦਰਾ ਹਾਸਿਲ ਹੋ ਸਕਦੀ ਹੈ ਪਰ ਅਸਲ ਮੁੱਦਾ ਸਿਹਤ ਨਾਲ ਜੁੜਿਆ ਸੀ।
ਸ੍ਰੀ ਲੰਕਾ ਵਿੱਚ ਚਾਹ ਅਤੇ ਸਬਜ਼ੀ ਉਗਾਉਣ ਵਾਲੇ ਕਿਸਾਨ ਛੋਟੇ ਪੈਮਾਨੇ 'ਤੇ ਕਈ ਸਾਲ ਤੋਂ ਇਸ ਤਰ੍ਹਾਂ ਦੀ ਖੇਤੀ ਕਰ ਰਹੇ ਹਨ।
ਮਰਾਂਬੇ ਕਹਿੰਦੇ ਹਨ ਕਿ ਇਸ ਵਾਰ ਬਦਲਾਅ ਇਹ ਸੀ ਕਿ ਪੂਰੇ ਦੇਸ਼ ਨੂੰ ਹੀ ਆਰਗੈਨਿਕ ਯਾਨਿ ਜੈਵਿਕ ਖਾਦ 'ਤੇ ਨਿਰਭਰ ਕਰ ਦਿੱਤਾ ਗਿਆ।
ਉਦੋਂ ਸ੍ਰੀ ਲੰਕਾ ਸਰਕਾਰ ਕੀ ਰਸਾਇਣਕ ਖਾਦ ਦੇ ਦਰਮਾਦਗੀ ਬਿੱਲ ਨੂੰ ਘੱਟ ਕਰਨਾ ਚਾਹੁੰਦੀ ਸੀ, ਇਸ ਸਵਾਲ 'ਤੇ ਬੁੱਧੀ ਮਰਾਂਬੇ ਕਹਿੰਦੇ ਹਨ, "ਜਿਸ ਵੇਲੇ ਇਹ ਫ਼ੈਸਲਾ ਕੀਤਾ ਗਿਆ ਉਦੋਂ ਇਹ ਕਾਰਨ ਸਾਹਮਣੇ ਨਹੀਂ ਰੱਖਿਆ ਗਿਆ।"
"ਇਸ 'ਤੇ ਚਰਚਾ ਵੀ ਨਹੀਂ ਹੋਈ। ਇੱਕ ਵਿਗਿਆਨਿਕ ਵਜੋਂ ਸੋਚਿਆ ਜਾਵੇ ਤਾਂ ਅਜਿਹਾ ਹੋ ਵੀ ਸਕਦਾ ਹੈ। ਉਹ ਵਿਦੇਸ਼ੀ ਮੁਦਰਾ ਦੇ ਸੰਕਟ ਨਾਲ ਜੂਝ ਰਹੇ ਸਨ।"
ਸ੍ਰੀ ਲੰਕਾ ਵਿੱਚ ਮਾਹਰ ਚੇਤਾਵਨੀ ਦੇ ਰਹੇ ਸਨ ਪਰ ਉਸ ਨੂੰ ਅਣਗੌਲਿਆਂ ਕਰ ਦਿੱਤਾ ਗਿਆ।
ਮਰਾਂਬੇ ਦੱਸਦੇ ਹਨ, "ਜਦੋਂ ਫ਼ੈਸਲਾ ਲਿਆ ਗਿਆ, ਅਸੀਂ ਉਦੋਂ ਤੋਂ ਦੱਸਦੇ ਰਹੇ ਹਾਂ ਕਿ ਸਰਕਾਰ ਨੇ ਗ਼ਲਤੀ ਕਰ ਦਿੱਤੀ ਹੈ। ਮੈਂ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਦੂਜੇ ਖੇਤੀ ਵਿਗਿਆਨੀਆਂ ਨੇ ਰਾਸ਼ਟਰਪਤੀ ਨੂੰ ਚਿੱਠੀਆਂ ਲਿਖੀਆਂ।"

ਤਸਵੀਰ ਸਰੋਤ, Getty Images
"ਉਨ੍ਹਾਂ ਕੋਲੋਂ ਸਿਰਫ਼ ਅੱਧੇ ਘੰਟੇ ਦਾ ਸਮਾਂ ਮੰਗਿਆ ਤਾਂ ਇਸ 'ਤੇ ਚਰਚਾ ਕੀਤੀ ਜਾ ਸਕੇ ਪਰ ਸਾਡੀ ਗੱਲ ਨਹੀਂ ਸੁਣੀ ਗਈ।"
ਉਸ ਵੇਲੇ ਪੂਰੀ ਦੁਨੀਆਂ ਕੋਵਿਡ ਮਹਾਮਾਰੀ ਨਾਲ ਜੂਝ ਰਹੀ ਸੀ। ਸੈਲਾਨੀ ਨਾ ਆਉਣ ਕਾਰਨ ਆਰਥਿਕ ਹਾਲਾਤ ਡਗਮਗਾ ਰਹੇ ਸਨ। ਇਸ ਵਿਚਾਲੇ ਆਰਗੈਨਿਕ ਕ੍ਰਾਂਤੀ ਨੇ ਹਾਲਾਤ ਹੋਰ ਮੁਸ਼ਕਲ ਬਣਾ ਦਿੱਤੇ।
ਮੁਸੀਬਤ ਦਾ ਪਹਾੜ
ਰਸਾਇਣਕ ਖਾਦ 'ਤੇ ਪਾਬੰਦੀ ਦੇ ਫ਼ੈਸਲੇ ਬਾਰੇ ਕੈਲੀਫੋਰਨੀਆ ਸਥਿਤ ਬ੍ਰੈਕਥਰੂ ਇੰਸਟੀਚਿਊਟ ਦੀ ਖਾਦ ਅਤੇ ਖੇਤੀ ਵਿਸ਼ਲੇਸ਼ਕ ਸਲੋਨੀ ਸ਼ਾਹ ਕਹਿੰਦੀ ਹੈ, "ਇਸ ਐਲਾਨ ਨੇ ਕਿਸਾਨਾਂ ਨੂੰ ਹੈਰਾਨ ਕਰ ਦਿੱਤਾ। ਦੇਸ਼ ਦੇ ਬਾਕੀ ਲੋਕਾਂ ਨੂੰ ਵੀ ਹੈਰਾਨੀ ਵਿੱਚ ਪਾ ਦਿੱਤਾ।"
ਸਲੋਨੀ ਦੱਸਦੀ ਹੈ ਕਿ ਆਰਗੈਨਿਕ ਖੇਤੀ ਨਾਲ ਜੁੜਿਆ ਪਲਾਨ ਲੰਘੇ ਸਾਲ ਅਪ੍ਰੈਲ ਵਿੱਚ ਲਾਗੂ ਹੋਇਆ ਅਤੇ ਦਿੱਕਤਾਂ ਉਦੋਂ ਤੋਂ ਹੀ ਸਾਹਮਣੇ ਆਉਣ ਲੱਗੀਆਂ।
ਉਹ ਕਹਿੰਦੀ ਹੈ ਕਿ ਦੇਸ਼ ਕੋਲ ਜ਼ਰੂਰਤ ਮੁਤਾਬਕ ਜੈਵਿਕ ਖਾਦ ਪੈਦਾ ਕਰਨ ਦੀ ਸਮਰੱਥਾ ਨਹੀਂ ਸੀ।
ਦੁਨੀਆਂ ਵਿੱਚ ਆਰਗੈਨਿਕ ਉਤਪਾਦਾਂ ਦੀ ਵਧਦੀ ਮੰਗ ਰਾਹੀਂ ਪੈਸੇ ਬਣਾਉਣ ਦੀ ਆਸ ਵੀ ਵਧਾ-ਚੜਾ ਕੇ ਲਗਾ ਲਈ ਗਈ। ਤੈਅ ਪੈਮਾਨਾ ਕਾਇਮ ਰੱਖਣ ਆਰਗੈਨਿਕ ਉਤਪਾਦ ਦੀ ਸਮੇਂ-ਸਮੇਂ 'ਤੇ ਜਾਂਚ ਜ਼ਰੂਰੀ ਹੈ ਪਰ ਉੱਥੇ ਅਜਿਹੀ ਵਿਵਸਥਾ ਨਹੀਂ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਮੁਤਾਬਕ, "ਉੱਥੇ ਅਜਿਹਾ ਕੋਈ ਪ੍ਰਬੰਧ ਨਹੀਂ ਸੀ ਜਿੱਥੇ ਕਿਸਾਨਾਂ ਨੂੰ ਸਲਾਹ ਮਿਲ ਸਕੇ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਆਰਗੈਨਿਕ ਖਾਦ ਵਰਤਣੀ ਚਾਹੀਦੀ ਹੈ।"
ਵਧਣ ਲੱਗੀਆਂ ਮੁਸ਼ਕਲਾਂ
ਛੇਤੀ ਹੀ ਸਾਫ਼ ਹੋ ਗਿਆ ਕਿ ਕਿਸਾਨਾਂ ਦੀ ਉਪਜ ਘਟ ਰਹੀ ਹੈ। ਉਨ੍ਹਾਂ ਦੇ ਰੁਜ਼ਗਾਰ ਅਤੇ ਆਮਦਨੀ 'ਤੇ ਵੀ ਸੰਕਟ ਛਾ ਗਿਆ ਹੈ।
ਸਲੋਨੀ ਮੁਤਾਬਕ, "ਸ੍ਰੀ ਲੰਕਾ ਵਿੱਚ ਚੌਲਾਂ ਦੀਆਂ ਦੋ ਫ਼ਸਲਾਂ ਹੁੰਦੀਆਂ ਹਨ। ਪਹਿਲਾਂ ਯੈਲੋ ਸੀਜ਼ਨ ਮਈ ਤੋਂ ਸਤੰਬਰ ਤੱਕ ਹੁੰਦਾ ਹੈ। ਜੋ ਚੌਲਾਂ ਦੀ ਫ਼ਸਲ ਦੇ ਲਿਹਾਜ਼ ਨਾਲ ਮੁੱਖ ਸੀਜ਼ਨ ਹੈ, ਉਹ ਸਤੰਬਰ ਤੋਂ ਸ਼ੁਰੂ ਹੁੰਦਾ ਹੈ ਤੇ ਮਾਰਚ ਵਿੱਚ ਖ਼ਤਮ ਹੁੰਦਾ ਹੈ।"
"ਇਸ ਦੌਰਾਨ ਲੋੜੀਂਦੀ ਖਾਦ ਮੌਜੂਦ ਨਹੀਂ ਸੀ। ਪੂਰੀ ਦੁਨੀਆਂ ਵਿੱਚ ਖਾਦ ਦੀ ਮੰਗ ਵਧ ਰਹੀਆਂ ਸਨ। ਸ਼੍ਰੀਲੰਕਾ ਦੇ ਕਿਸਾਨ ਕੋਲ ਹੁਣ ਖਾਦ 'ਤੇ ਸਬਸਿਡੀ ਨਹੀਂ ਸੀ, ਅਜਿਹੇ ਵਿੱਚ ਚੋਲਾਂ ਨੂੰ 40 ਫੀਸਦ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ।"
ਲਾਗੂ ਹੋਣ ਦੇ ਕੁਝ ਮਹੀਨੇ ਬਾਅਦ ਆਰਗੈਨਿਕ ਪਲਾਨ ਫੇਲ੍ਹ ਹੋਏ ਅਤੇ ਲੋਕ ਗੁੱਸੇ ਵਿੱਚ ਆ ਗਏ।
ਸਲੋਨੀ ਸ਼ਾਹ ਦੱਸਦੀ ਹੈ ਕਿ ਖਾਣ ਦੇ ਸਾਮਾਨ ਦੀ ਕਮੀ ਹੋਣ ਲੱਗੀ। ਭਾਅ ਵਧਣ ਲੱਗੇ ਅਤੇ ਇਸ ਨੀਤੀ ਖ਼ਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋਣ ਲੱਗੇ। ਦੇਸ਼ ਵਿੱਚ ਸੰਕਟ ਖੜ੍ਹਾ ਹੋ ਗਿਆ।
ਸਥਿਤੀ ਸੰਭਾਲਣ ਲਈ ਸ਼੍ਰੀਲੰਕਾ ਸਰਕਾਰ ਨੂੰ ਭਾਰਤ ਅਤੇ ਮਿਆਂਮਾਰ ਤੋਂ 40 ਲੱਖ ਮੀਟ੍ਰਿਕ ਟਨ ਚੌਲ ਮੰਗਵਾਉਣੇ ਪਏ।

ਤਸਵੀਰ ਸਰੋਤ, Getty Images
ਪਰ ਕੁਝ ਹੀ ਹਫ਼ਤਿਆਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ 'ਯੂ ਟਰਨ' ਯਾਨਿ ਆਪਣਾ ਫ਼ੈਸਲਾ ਪਲਟਣ 'ਤੇ ਮਜਬੂਰ ਹੋ ਗਈ।
ਸਲੋਨੀ ਦੱਸਦੀ ਹੈ, "ਉਹ ਇਹ ਕਰਨ 'ਤੇ ਮਜਬੂਰ ਹੋ ਹਏ। ਉਨ੍ਹਾਂ ਨੇ ਇਸ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ। ਨਵੰਬਰ ਦੇ ਆਖ਼ਰ ਵਿੱਚ ਸਰਕਾਰ ਨੇ ਪਾਬੰਦੀ 'ਤੇ ਅੰਸ਼ਕ ਛੋਟ ਦੇ ਦਿੱਤੀ ਅਤੇ ਰਸਾਇਣਕ ਖਾਦ ਦਰਾਮਦ ਕਰਨ ਦੀ ਆਗਿਆ ਦੇ ਦਿੱਤੀ।"
"ਇਹ ਛੋਟ ਚਾਹ, ਰਬੜ ਅਤੇ ਨਾਰੀਅਲ ਵਰਗੀਆਂ ਫ਼ਸਲਾ ਲਈ ਤੋਂ ਬਰਾਮਦ ਹੋਣ ਵਾਲੀਆਂ ਅਹਿਮ ਫ਼ਸਲਾਂ ਸਨ। ਇਹ ਵਿਦੇਸ਼ੀ ਮੁਦਰਾ ਲਈ ਅਹਿਮ ਹੈ। ਇਸ ਰਾਹੀਂ ਦੇਸ਼ ਨੂੰ ਕਰੀਬ 1.3 ਅਰਬ ਡਾਲਰ ਦੀ ਰਕਮ ਮਿਲਦੀ ਹੈ।"
ਪਰ ਇਹ ਫ਼ੈਸਲਾ ਹੋਣ ਤੱਕ ਸ਼੍ਰੀਲੰਕਾ ਦੀ ਅਰਥਵਿਵਸਥਾ ਨੂੰ ਵੱਡੀ ਸੱਟ ਲੱਗ ਚੁੱਕੀ ਸੀ।
ਚਿੰਤਾ ਅਤੇ ਚੁਣੌਤੀ
ਸ੍ਰੀ ਲੰਕਾ ਵਿੱਚ ਖਾਦ 'ਤੇ ਲੱਗੀ ਪਾਬੰਦੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਹਾਲਾਤ ਗੰਭੀਰ ਬਣੇ ਹੋਏ ਹਨ।
ਡਾ. ਅਹਿਲਾਨ ਕਹਿੰਦੀ ਹੈ ਕਿ ਲੋਕਾਂ ਦਾ ਭਰੋਸਾ ਗੁਆ ਲਿਆ ਗਿਆ ਹੈ। ਆਰਗੈਨਿਕ ਖੇਤੀ ਬਦਨਾਮ ਹੋ ਗਈ ਹੈ।
ਵੱਡੇ ਆਰਥਿਕ ਸੰਕਟ ਵਿਚਾਲੇ ਲੋਕਾਂ ਦੇ ਵਧਦੇ ਗੁੱਸੇ ਦਾ ਅਸਰ ਲਗਾਤਾਰ ਦਿਖ ਰਿਹਾ ਹੈ। ਪਹਿਲਾਂ ਮੰਤਰੀਆਂ ਅਤੇ ਫਿਰ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਅਸਤੀਫ਼ਾ ਦੇਣਾ ਪਿਆ ਤੇ ਉਨ੍ਹਾਂ ਦੀ ਥਾਂ ਰਨਿਲ ਵਿਕਰਮਾਸਿੰਘੇ ਛੇਵੀ ਵਾਰ ਪ੍ਰਧਾਨ ਮੰਤਰੀ ਬਣੇ।
ਸਰਕਾਰ ਨੇ ਪਾਬੰਦੀ ਨਾਲ ਪ੍ਰਭਾਵਿਤ ਹੋਏ ਦਸ ਲੱਖ ਤੋਂ ਵੱਧ ਕਿਸਾਨਾਂ ਲਈ 20 ਕਰੋੜ ਡਾਲਕ ਦੇ ਪੈਕੇਜ ਦਾ ਐਲਾਨ ਕੀਤਾ ਹੈ। ਡਾ. ਅਹਿਲਾਨ ਮੁਤਾਬਕ ਕਿਸਾਨ ਦੱਸਦੇ ਹਨ ਕਿ ਉਨ੍ਹਾਂ ਦੇ ਨੁਕਸਨ ਦੀ ਭਰਪਾਈ ਮੁਸ਼ਕਲ ਹੈ।
ਆਰਗੈਨਿਕ ਖੇਤੀ ਦੇ ਪ੍ਰਯੋਗ ਨੂੰ ਲੈ ਕੇ ਵੀ ਡਾ. ਅਹਿਲਾਨ ਕਹਿੰਦੀ ਹੈ, "ਖੇਤੀ ਦੇ ਕਈ ਮਾਹਰਾਂ ਨੂੰ ਲਗਦਾ ਸੀ ਕਿ ਸ਼ਾਇਦ ਅਸੀਂ ਰਸਾਇਣਕ ਖਾਦਾਂ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਰ ਰਹੇ ਹਾਂ। ਸਾਨੂੰ ਇਸ ਦੀ ਮਾਤਰ ਘਟਾਉਣੀ ਚਾਹੀਦੀ ਹੈ।"
ਉਨ੍ਹਾਂ ਮੁਤਾਬਕ ਰਸਾਇਣਕ ਖਾਦਾਂ ਦੀ ਵਰਤੋਂ ਹੌਲੀ-ਹੌਲੀ ਘਟਾਉਣੀ ਚਾਹੀਦੀ ਹੈ। ਇਹ ਹੌਲੀ-ਹੌਲੀ ਦਹਾਕਿਆਂ ਦੌਰਾਨ ਕੀਤਾ ਜਾਣਾ ਚਾਹੀਦਾ ਸੀ। ਇਸ ਨੂੰ ਰਾਤੋਂ-ਰਾਤ ਬੰਦ ਕਰਨਾ ਵੱਡੇ ਸੰਕਟ ਦਾ ਕਾਰਨ ਹੈ।
ਮਾਹਰਾਂ ਦੀ ਰਾਇ ਹੈ ਕਿ ਕੁਝ ਆਰਥਿਕ ਦਿੱਕਤਾਂ ਸ਼੍ਰੀਲੰਕਾ ਦੇ ਕਾਬੂ ਤੋਂ ਬਾਹਰ ਹਨ। ਮਸਲਨ ਜਿਨ੍ਹਾਂ ਚੀਜ਼ਾਂ ਨੂੰ ਬਾਹਰੋਂ ਦਰਾਮਦ ਨਹੀਂ ਕੀਤਾ ਜਾਂਦਾ ਹੈ, ਉਨ੍ਹਾਂ ਦੀਆਂ ਕੀਮਤਾਂ ਨਵੇਂ ਰਿਕਾਰਡ ਬਣਾ ਰਹੀਆਂ ਹਨ।
ਪਰ ਰਸਾਇਣਕ ਖਾਦਾਂ 'ਤੇ ਪਾਬੰਦੀ ਦੇਸ਼ ਲਈ ਆਤਮਘਾਤੀ ਗੋਲ ਵਾਂਗ ਸੀ। ਇਸ ਨੀਤੀ ਨੂੰ ਲਾਗੂ ਕਰਨ ਵੇਲੇ ਬੁਨਿਆਦੀ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਕੁਦਰਤੀ ਖਾਦਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਵੀ ਤਿਆਰੀ ਲਈ ਘੱਟ ਸਮਾਂ ਦਿੱਤਾ ਗਿਆ।
ਉਪਜ ਘੱਟ ਹੋਣ 'ਤੇ ਭਰਪਾਈ ਕਿਵੇਂ ਹੋਵੇਗੀ, ਇਸ ਦੀ ਕੋਈ ਯੋਜਨਾ ਤਿਆਰ ਨਹੀਂ ਕੀਤੀ ਗਈ। ਇਹ ਦੂਰਦਰਸ਼ੀ ਨੀਤੀ ਨਹੀਂ ਸੀ ਅਤੇ ਸ਼੍ਰੀਲੰਕਾ ਵਿੱਚ ਇਸ ਦੇ ਨਤੀਜੇ ਲੰਬੇ ਵੇਲੇ ਤੱਕ ਨਜ਼ਰ ਆਉਂਦੇ ਰਹਿਣਗੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












