ਟੈਕਸਸ ਗੋਲੀਬਾਰੀ : ਅਮਰੀਕਾ ਵਿੱਚ ਕਿਉਂ ਨਹੀਂ ਰੁਕਦੀ ਬੰਦੂਕਾਂ ਨਾਲ ਹੁੰਦੀ ਗੋਲੀਬਾਰੀ

ਅਮਰੀਕਾ ਵਿੱਚ ਲਗਭਗ 50 ਸਾਲ ਪਹਿਲਾਂ ਰਾਸ਼ਟਰਪਤੀ ਲਿੰਡਨ ਬੇਨਜ਼ ਜੌਨਸਨ ਨੇ ਕਿਹਾ ਸੀ-"ਅਮਰੀਕਾ ਵਿੱਚ ਅਪਰਾਧਾਂ ਵਿੱਚ ਜਿੰਨੇ ਲੋਕਾਂ ਦੀ ਜਾਨ ਜਾਂਦੀ ਹੈ, ਉਨ੍ਹਾਂ ਵਿੱਚ ਮੁੱਖ ਕਾਰਨ ਹਥਿਆਰ ਹੁੰਦੇ ਹਨ।

ਇਹ ਮੁੱਖ ਤੌਰ 'ਤੇ ਹਥਿਆਰਾਂ ਨੂੰ ਲੈ ਕੇ ਸਾਡੀ ਸੰਸਕ੍ਰਿਤੀ ਵਿੱਚ ਲਾਪਰਵਾਹੀ ਭਰੇ ਰਵੱਈਏ ਅਤੇ ਉਸ ਵਿਰਾਸਤ ਦਾ ਨਤੀਜਾ ਹੈ ਜਿਸ ਵਿੱਚ ਸਾਡੇ ਨਾਗਰਿਕ ਹਥਿਆਰਬੰਦ ਅਤੇ ਆਤਮ ਨਿਰਭਰ ਰਹਿੰਦੇ ਰਹੇ ਹਨ।"

ਉਸ ਵੇਲੇ ਅਮਰੀਕਾ ਵਿੱਚ ਤਕਰੀਬਨ 9 ਕਰੋੜ ਬੰਦੂਕਾਂ ਸਨ। ਅੱਜ ਤਕਰੀਬਨ 50 ਸਾਲ ਬਾਅਦ ਅਮਰੀਕਾ ਵਿੱਚ ਹੋਰ ਵੀ ਜ਼ਿਆਦਾ ਬੰਦੂਕਾਂ ਹਨ ਅਤੇ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ।

ਮੰਗਲਵਾਰ ਨੂੰ ਹੀ ਟੈਕਸਸ ਦੇ ਪ੍ਰਾਇਮਰੀ ਸਕੂਲਾਂ 'ਚ ਇੱਕ ਹਥਿਆਰਬੰਦ ਨੇ 21 ਲੋਕਾਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚ 19 ਬੱਚੇ ਸ਼ਾਮਿਲ ਸਨ।

ਬੰਦੂਕ ਅਤੇ ਇਸ ਤਰ੍ਹਾਂ ਦੇ ਹਥਿਆਰਾਂ ਨਾਲ ਅਮਰੀਕਾ ਵਿੱਚ ਹੋਣ ਵਾਲੀ ਗੋਲੀਬਾਰੀ ਨਾਲ ਸਮੂਹਿਕ ਹੱਤਿਆਵਾਂ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।

................................................................................................................

ਟੈਕਸਸ ਗੋਲੀਬਾਰੀ ਬਾਰੇ ਹੁਣ ਤੱਕ ਜੋ ਕੁਝ ਪਤਾ ਲੱਗਾ

  • ਬੁੱਧਵਾਰ ਨੂੰ ਟੈਕਸਸ ਦੇ ਸਕੂਲ ਵਿਚ ਗੋਲਬਾਰੀ ਦੌਰਾਨ 19 ਵਿਦਿਆਰਥੀਆਂ ਸਣੇ 21 ਜਣੇ ਮਾਰੇ ਗਏ
  • ਹਮਲਾਵਰ 18 ਸਾਲ ਹਾਈ ਸਕੂਲ ਵਿਦਿਆਰਥੀ ਸੀ ਜਿਸ ਦਾ ਨਾਂ ਸੈਲਵਾਡੋਰ ਰਾਮੋਸ ਸੀ
  • ਰਾਮੋਸ ਨੂੰ ਪੁਲਿਸ ਨੇ ਵਾਰਦਾਤ ਦੇ ਦੌਰਾਨ ਹੀ ਮਾਰ ਦਿੱਤਾ ਸੀ
  • ਫੋਨ ਬਿੱਲ ਕਾਰਨ ਆਪਣੀ ਦਾਦੀ ਨਾਲ ਲੜਕੇ ਹਮਲਾ ਨੇ ਪਹਿਲਾਂ ਉਸ ਨੂੰ ਗੋਲੀ ਮਾਰੀ
  • ਸਕੂਲ ਵਿਚ ਬੱਚਿਆਂ ਨੂੰ ਮਾਰਨ ਬਾਰੇ ਹਮਲਾਵਰ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਸੀ
  • ਹਮਲਾਵਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਸੁਭਾਅ ਵਾਲਾ ਸੀ
  • ਹਮਲਾਵਰ ਦੀ ਮਾਂ ਅਜੇ ਵੀ ਮੰਨਣ ਲ਼ਈ ਤਿਆਰ ਨਹੀਂ ਕਿ ਉਹ ਅਜਿਹਾ ਕਰ ਸਕਦਾ ਹੈ

.....................................................................................................................

ਅਮਰੀਕਾ ਵਿੱਚ ਸਿਰਫ ਇਸ ਸਾਲ ਸਕੂਲਾਂ ਵਿੱਚ ਹੋਈ ਗੋਲਾਬਾਰੀ ਦੀਆਂ 27 ਘਟਨਾਵਾਂ ਸਾਹਮਣੇ ਆਈਆਂ ਹਨ। ਤਕਰੀਬਨ 10 ਦਿਨ ਪਹਿਲਾਂ ਨਿਊਯਾਰਕ ਵਿੱਚ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਜਿਸ ਵਿੱਚ 10 ਲੋਕਾਂ ਦੀ ਮੌਤ ਹੋਈ ਸੀ।

ਜਦੋਂ ਵੀ ਅਮਰੀਕਾ ਵਿੱਚ ਅਜਿਹੀ ਕਿਸੇ ਗੋਲੀਬਾਰੀ ਦੀ ਘਟਨਾ ਦੀ ਖ਼ਬਰ ਆਉਂਦੀ ਹੈ ਤਾਂ ਹਰ ਵਾਰ ਸਵਾਲ ਉੱਠਦੇ ਹਨ ਕਿ ਅਮਰੀਕਾ ਵਿੱਚ ਅਜਿਹੀਆਂ ਘਟਨਾਵਾਂ ਕਿਉਂ ਹੁੰਦੀਆਂ ਹਨ।

ਦੁਨੀਆਂ ਵਿੱਚ ਸਭ ਤੋਂ ਵੱਧ ਹਥਿਆਰ ਅਮਰੀਕੀਆਂ ਕੋਲ

ਦੁਨੀਆਂ ਭਰ ਵਿੱਚ ਲੋਕਾਂ ਕੋਲ ਕਿੰਨੀਆਂ ਬੰਦੂਕਾਂ ਹਨ, ਇਹ ਦੱਸਣਾ ਔਖਾ ਹੈ।

ਸਵਿਟਜ਼ਰਲੈਂਡ ਦੀ ਇੱਕ ਨਾਮੀ ਰਿਸਰਚ ਸੰਸਥਾ ਨੇ ਸਮਾਲ ਆਰਮ ਸਰਵੇ ਨਾਮ ਦੇ ਇੱਕ ਅਧਿਐਨ ਵਿੱਚ ਅੰਦਾਜ਼ਾ ਲਗਾਇਆ ਸੀ ਕਿ 2018 ਵਿੱਚ ਦੁਨੀਆਂ ਭਰ ਵਿੱਚ ਤਕਰੀਬਨ 39 ਕਰੋੜ ਬੰਦੂਕਾਂ ਸਨ।

ਅਮਰੀਕਾ ਵਿੱਚ ਪ੍ਰਤੀ 100 ਨਾਗਰਿਕਾਂ ਦੇ ਕੋਲ ਤਕਰੀਬਨ 120.5 ਹਥਿਆਰ ਹਨ ਜਦੋਂਕਿ 2011 ਵਿੱਚ ਇਹ ਅੰਕੜਾ 88 ਸੀ।

ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਅਮਰੀਕਾ ਦੇ ਲੋਕਾਂ ਕੋਲ ਸਭ ਤੋਂ ਜ਼ਿਆਦਾ ਹਥਿਆਰ ਹਨ।

ਹਾਲ ਦੇ ਦਿਨਾਂ ਵਿੱਚ ਜੋ ਅੰਕੜੇ ਸਾਹਮਣੇ ਆਏ ਹਨ ਉਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਅਮਰੀਕਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਬੰਦੂਕ ਰੱਖਣ ਵਾਲਿਆਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਇਆ ਹੈ।

ਇੱਕ ਰਿਪੋਰਟ ਮੁਤਾਬਕ ਜਨਵਰੀ 2019 ਤੋਂ ਅਪਰੈਲ 2021 ਦੇ ਵਿੱਚ ਤਕਰੀਬਨ 75 ਲੱਖ ਅਮਰੀਕੀ ਲੋਕਾਂ ਨੇ ਪਹਿਲੀ ਵਾਰ ਬੰਦੂਕ ਖ਼ਰੀਦੀ ਹੈ।

ਇਸ ਦਾ ਮਤਲਬ ਇਹ ਹੋਇਆ ਕਿ ਅਮਰੀਕਾ ਵਿੱਚ ਇੱਕ ਕਰੋੜ ਤੋਂ ਵੱਧ ਲੋਕਾਂ ਦੇ ਘਰ ਵਿੱਚ ਬੰਦੂਕ ਆ ਗਈ ਜਿਨ੍ਹਾਂ ਵਿੱਚ ਗਈਆਂ 50 ਲੱਖ ਬੱਚੇ ਵੀ ਸ਼ਾਮਲ ਸਨ। ਬੰਦੂਕ ਖ਼ਰੀਦਣ ਵਾਲੇ ਇਨ੍ਹਾਂ ਲੋਕਾਂ ਵਿੱਚ ਅੱਧੀ ਸੰਖਿਆ ਔਰਤਾਂ ਦੀ ਸੀ।

ਇੱਕ ਹੋਰ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਬੰਦੂਕ ਦੇ ਕਾਰਨ ਬੱਚਿਆਂ ਦੇ ਹੱਥੋਂ ਗੋਲੀਬਾਰੀ ਹੋਣ ਦੀਆਂ ਘਟਨਾਵਾਂ ਅਤੇ ਬੱਚਿਆਂ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਦਾ ਸਬੰਧ ਵੀ ਬੰਦੂਕਾਂ ਦੀ ਵਧੀ ਖ਼ਰੀਦ ਨਾਲ ਹੀ ਹੈ।

ਇਹ ਵੀ ਪੜ੍ਹੋ:

ਅਮਰੀਕਾ ਵਿੱਚ ਸਾਲ 1968 ਤੋਂ ਲੈ ਕੇ ਸਾਲ 2017 ਤੱਕ ਬੰਦੂਕਾਂ ਕਰਕੇ ਕਰੀਬ 15 ਲੱਖ ਲੋਕਾਂ ਦੀ ਜਾਨ ਗਈ ਹੈ।

ਇਹ ਗਿਣਤੀ ਅਮਰੀਕਾ ਵਿੱਚ 1775 ਦੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਜਿੰਨੀਆਂ ਵੀ ਲੜਾਈਆਂ ਹੋਈਆਂ ਹਨ, ਉਸ ਵਿੱਚ ਮਾਰੇ ਗਏ ਫੌਜੀਆਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹੈ।

ਅਮਰੀਕਾ ਦੇ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਮੁਤਾਬਕ 2020 ਵਿੱਚ ਅਮਰੀਕਾ ਵਿੱਚ 45000 ਤੋਂ ਜ਼ਿਆਦਾ ਲੋਕ ਬੰਦੂਕ ਦੇ ਕਾਰਨ ਮਾਰੇ ਗਏ। ਇਨ੍ਹਾਂ ਵਿੱਚ ਹੱਤਿਆਵਾਂ ਵੀ ਸ਼ਾਮਲ ਹਨ ਅਤੇ ਆਤਮਹੱਤਿਆਵਾਂ ਵੀ।

ਹਾਲਾਂਕਿ ਅਮਰੀਕਾ ਵਿੱਚ ਗੋਲੀਬਾਰੀ ਕਾਰਨ ਹੋਈਆਂ ਸਮੂਹਿਕ ਹੱਤਿਆਵਾਂ ਜ਼ਿਆਦਾ ਚਰਚਾ ਵਿੱਚ ਰਹਿੰਦੀਆਂ ਹਨ ਪਰ ਅਸਲ ਵਿੱਚ 45000 ਵਿੱਚੋਂ 54% ਮੌਤਾਂ ਮਤਲਬ 24300 ਆਤਮਹੱਤਿਆਵਾਂ ਸਨ।

2016 ਵਿੱਚ ਹੋਏ ਇੱਕ ਅਧਿਐਨ ਵਿੱਚ ਆਖਿਆ ਗਿਆ ਸੀ ਕਿ ਆਤਮਹੱਤਿਆ ਦਾ ਇੱਕ ਕਾਰਨ ਲੋਕਾਂ ਕੋਲ ਹਥਿਆਰਾਂ ਦਾ ਹੋਣਾ ਵੀ ਹੈ।

ਬੰਦੂਕਾਂ ਅਮਰੀਕਾ ਵਿੱਚ ਰਾਜਨੀਤਕ ਮੁੱਦਾ

ਅਕਸਰ ਸਵਾਲ ਉੱਠਦਾ ਹੈ ਕਿ ਅਮਰੀਕਾ ਬੰਦੂਕਾਂ ਉੱਤੇ ਲਗਾਮ ਕਿਉਂ ਨਹੀਂ ਲਗਾ ਪਾ ਰਿਹਾ। ਇਸ ਦਾ ਸਿੱਧਾ ਜਵਾਬ ਹੈ ਕਿ ਅਮਰੀਕਾ ਵਾਸਤੇ ਇਹ ਇੱਕ ਰਾਜਨੀਤਕ ਮੁੱਦਾ ਹੈ।

ਇਸ ਵਿੱਚ ਹੁੰਦੀ ਬਹਿਸ ਵਿੱਚ ਇੱਕ ਪਾਸੇ ਉਹ ਲੋਕ ਹਨ ਜੋ ਹਥਿਆਰਾਂ ਉੱਤੇ ਰੋਕ ਲਾਉਣ ਦੀ ਹਮਾਇਤ ਕਰਦੇ ਹਨ ਜਦੋਂਕਿ ਦੂਜੇ ਪਾਸੇ ਉਹ ਲੋਕ ਹਨ ਜੋ ਹਥਿਆਰ ਰੱਖਣ ਦੇ ਉਸ ਹੱਕ ਨੂੰ ਬਚਾਉਣਾ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਅਮਰੀਕੀ ਸੰਵਿਧਾਨ ਵਿੱਚ ਮਿਲਿਆ।

ਬੰਦੂਕਾਂ ਉਤੇ ਕਾਬੂ ਲਈ ਕੀ ਕਾਨੂੰਨ ਵਿੱਚ ਸਖ਼ਤੀ ਕਰਨ ਦੀ ਲੋੜ ਹੈ - ਇਸ ਬਾਰੇ 2020 ਵਿੱਚ ਇੱਕ ਸਰਵੇ ਕੀਤਾ ਗਿਆ ਸੀ। 52 ਫ਼ੀਸਦ ਲੋਕਾਂ ਨੇ ਸਮਰਥਨ ਕੀਤਾ ਜਦੋਂਕਿ 35 ਫੀਸਦ ਲੋਕਾਂ ਦਾ ਮੰਨਣਾ ਸੀ ਕਿ ਇਸ ਵਿੱਚ ਕੋਈ ਬਦਲਾਅ ਦੀ ਲੋੜ ਨਹੀਂ ਹੈ।

11 ਫੀਸਦ ਲੋਕ ਅਜਿਹੇ ਵੀ ਹਨ ਜਿਨ੍ਹਾਂ ਦਾ ਮੰਨਣਾ ਸੀ ਕਿ ਫਿਲਹਾਲ ਜੋ ਵੀ ਕਾਨੂੰਨ ਹੈ ਉਸ ਨੂੰ ਹੋਰ ਨਰਮ ਬਣਾਉਣਾ ਚਾਹੀਦਾ ਹੈ।

ਇਸ ਸਰਵੇ ਵਿੱਚ ਇਹ ਵੀ ਦੇਖਿਆ ਗਿਆ ਕਿ ਡੈਮੋਕਰੇਟਿਕ ਪਾਰਟੀ ਦੇ 91 ਫ਼ੀਸਦ ਸਮਰਥਕਾਂ ਨੇ ਲਗਭਗ ਇੱਕੋ ਰਾਏ ਦਿੱਤੀ ਸੀ ਅਤੇ ਉਨ੍ਹਾਂ ਨੇ ਕਾਨੂੰਨ ਨੂੰ ਸਖਤ ਕਰਨ ਦੀ ਹਮਾਇਤ ਕੀਤੀ ਸੀ।

24 ਫ਼ੀਸਦ ਰਿਪਬਲਿਕਨ ਪਾਰਟੀ ਦੇ ਸਮਰਥਕ ਇਸ ਦੇ ਪੱਖ ਵਿੱਚ ਸਨ।

ਬੰਦੂਕਾਂ ਉੱਤੇ ਸਖ਼ਤੀ ਦੇ ਵਿਰੋਧੀ ਕੌਣ ਹਨ

ਅਮਰੀਕਾ ਵਿੱਚ ਬੰਦੂਕਾਂ ਦਾ ਸਮਰਥਨ ਕਰਨ ਵਾਲੀ ਇੱਕ ਵੱਡੀ ਲਾਬੀ ਹੈ ਜਿਸ ਦਾ ਨਾਮ ਹੈ ਨੈਸ਼ਨਲ ਰਾਈਫਲ ਐਸੋਸੀਏਸ਼ਨ ਯਾਨੀ ਐੱਨਆਰਏ।

ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਕੋਲ ਐਨਾ ਪੈਸਾ ਹੈ ਕਿ ਉਹ ਅਮਰੀਕਾ ਦੇ ਸੰਸਦ ਮੈਂਬਰਾਂ ਨੂੰ ਪ੍ਰਭਾਵਿਤ ਕਰ ਲੈਂਦੇ ਹਨ।

ਪਿਛਲੀਆਂ ਕਈ ਚੋਣਾਂ ਵਿੱਚ ਐਨਆਰਏ ਅਤੇ ਇਨ੍ਹਾਂ ਵਰਗੇ ਹੋਰ ਸੰਗਠਨਾਂ ਨੇ ਬੰਦੂਕਾਂ ਉੱਤੇ ਰੋਕ ਲਗਾਉਣ ਵਾਲੇ ਗੁੱਟਾਂ ਦੀ ਤੁਲਨਾ ਵਿੱਚ ਬੰਦੂਕਾਂ ਦੇ ਸਮਰਥਨ ਨੂੰ ਲੈ ਕੇ ਬਹੁਤ ਜ਼ਿਆਦਾ ਪੈਸਾ ਖਰਚਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।