You’re viewing a text-only version of this website that uses less data. View the main version of the website including all images and videos.
ਅਮਰੀਕਾ 'ਚ ਗੋਲੀਬਾਰੀ: 'ਮੈਂ ਖੁਸ਼ਕਿਸਮਤ ਹਾਂ ਕਿ ਗੋਲੀ ਮੇਰੇ ਅੰਗੂਠੇ ਨੂੰ ਹੀ ਲੱਗੀ'
ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ਸ਼ੂਟਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਫਲੋਰੀਡਾ ਦੇ ਇੱਕ ਸ਼ਾਪਿੰਗ ਮਾਲ ਵਿੱਚ ਐਤਵਾਰ ਦੀ ਦੁਪਹਿਰ ਨੂੰ ਇਹ ਹਾਦਸਾ ਵਾਪਰਿਆ।
ਪੁਲਿਸ ਮੁਤਾਬਕ ਗੋਲੀਬਾਰੀ ਕਰਨ ਵਾਲਾ 24 ਸਾਲਾਂ ਦਾ ਡੇਵਿਡ ਕੈਟਜ਼ ਹੈ। ਗੋਲੀਬਾਰੀ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ।
ਐਤਵਾਰ ਨੂੰ ਹੋਏ ਇਸ ਹਾਦਸੇ ਵਿੱਚ 11 ਲੋਕ ਜ਼ਖ਼ਮੀ ਹੋ ਗਏ ਹਨ।
ਸ਼ਾਪਿੰਗ ਮਾਲ ਦੇ ਐਨਟਰਟੇਨਮੈਂਟ ਕੌਮਪਲੈਕਸ ਵਿੱਚ ਇੱਕ ਵੀਡੀਓ ਗੇਮ ਟੂਰਨਾਮੈਂਟ ਰਿਹਾ ਸੀ ਜਦੋਂ ਗੋਲੀਆਂ ਚੱਲੀਆਂ। ਹੁਣ ਤੱਕ ਦੀ ਜਾਂਚ ਮੁਤਾਬਕ ਮਾਰਨ ਵਾਲੇ ਨੇ ਇੱਕ ਹੀ ਬੰਦੂਕ ਨਾਲ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ:
ਖ਼ਬਰਾਂ ਮੁਤਾਬਕ ਮੁਜਰਮ ਨੇ ਗੇਮ ਹਾਰਨ ਤੋਂ ਬਾਅਦ ਗੁੱਸੇ ਵਿੱਚ ਗੋਲੀਆਂ ਚਲਾਈਆਂ ਪਰ ਪੁਲਿਸ ਨੇ ਇਸ ਨੂੰ ਅਫਵਾਹ ਦੱਸਿਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਫਲੋਰੀਡਾ ਵਿੱਚ ਸ਼ੂਟਿੰਗ ਹੋਈ ਹੈ। 2016 ਵਿੱਚ ਔਰਲੈਂਡੋ ਦੇ ਪਲਸ ਨਾਈਟਕਲੱਬ ਵਿੱਚ ਸ਼ੂਟਿੰਗ ਹੋਈ ਸੀ ਜਿਸ ਵਿੱਚ 49 ਲੋਕ ਮਾਰੇ ਗਏ ਸਨ।
ਇਸੇ ਸਾਲ ਫਰਵਰੀ ਵਿੱਚ ਪਾਰਕਲੈਂਡ ਦੇ ਮਾਰਜਰੀ ਸਟੋਨਮੈਨ ਡਗਲਸ ਸਕੂਲ ਵਿੱਚ ਸ਼ੂਟਿੰਗ ਦੌਰਾਨ 17 ਲੋਕਾਂ ਦੀ ਜਾਨ ਚਲੀ ਗਈ ਸੀ।
ਕੀ ਹੋਇਆ ਸੀ?
ਜੈਕਸਨਵਿੱਲ ਲੈਨਡਿੰਗ ਦੇ ਗੇਮ ਬਾਰ ਵਿੱਚ ਬਹੁਤ ਲੋਕ ਅਮਰੀਕੀ ਫੁੱਟਬਾਲ ਗੇਮ 'ਮੈਡਨ' ਖੇਡ ਰਹੇ ਸਨ ਜਦੋਂ ਗੋਲੀਆਂ ਚੱਲੀਆਂ। ਇਸ ਟੂਰਨਾਮੈਂਟ ਨੂੰ ਆਨਲਾਈਨ ਵੀ ਵਿਖਾਇਆ ਜਾ ਰਿਹਾ ਸੀ।
ਲਾਈਵ ਵੀਡੀਓ ਵਿੱਚ ਗੋਲੀਆਂ ਦਾ ਕਾਫੀ ਸ਼ੋਰ ਸੁਣਾਈ ਦਿੱਤਾ।
19 ਸਾਲ ਦੇ ਖਿਡਾਰੀ ਰਿਨੀ ਜੋਕਾ ਜੋ ਕਿ ਉਸ ਵੇਲੇ ਉੱਥੇ ਖੇਡ ਰਿਹਾ ਸੀ ਨੇ ਟਵਿੱਟਰ 'ਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਦੱਸਿਆ।
ਉਸ ਨੇ ਕਿਹਾ, ''ਮੈਂ ਇੱਥੇ ਕਦੇ ਵੀ ਵਾਪਿਸ ਨਹੀਂ ਆਵਾਂਗਾ। ਖੁਸ਼ਕਿਸਮਤ ਹਾਂ ਕਿ ਗੋਲੀ ਮੇਰੇ ਅੰਗੂਠੇ ਨੂੰ ਹੀ ਲੱਗੀ।''
ਜੈਕਸਨਵਿੱਲ ਦੇ ਮੇਅਰ ਲੈਨੀ ਕਰੀ ਨੇ ਕਿਹਾ ਕਿ ਇਹ ਹਾਦਸਾ ਬੇਹੱਦ ਦਰਦਨਾਕ ਹੈ ਅਤੇ ਉਹ ਲੋਕਾਂ ਦੀ ਸੁਰੱਖਿਆ ਲਈ ਮਿਹਨਤ ਜਾਰੀ ਰੱਖਣਗੇ।
ਸ਼ੈਰਿਫ ਮਾਈਕ ਵਿਲੀਅਮਸ ਨੇ ਕਿਹਾ ਕਿ ਨੌ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇੰਨਾਂ ਵਿੱਚੋ ਕੁਝ ਗੋਲੀਆਂ ਕਰ ਕੇ ਜ਼ਖ਼ਮੀ ਹੋਏ ਸਨ। ਦੋ ਹੋਰ ਜ਼ਖ਼ਮੀ ਆਪਣੇ ਆਪ ਹਸਪਤਾਲ ਪਹੁੰਤ ਗਏ।
ਇਹ ਵੀ ਪੜ੍ਹੋ: