You’re viewing a text-only version of this website that uses less data. View the main version of the website including all images and videos.
ਕੌਣ ਹੈ ਬੰਦੂਕਾਂ ਖ਼ਿਲਾਫ਼ ਬੋਲਣ ਵਾਲੀ 11 ਸਾਲਾ ਇਹ ਅਮਰੀਕੀ ਕੁੜੀ?
ਨਾਓਮੀ ਵਾਡਲਰ ਮਹਿਜ਼ 11 ਸਾਲ ਦੀ ਹੈ ਪਰ ਵਾਸ਼ਿੰਗਟਨ ਡੀਸੀ ਵਿੱਚ 'ਆਰ ਲਾਈਵਜ਼' ਰੈਲੀ ਦੌਰਾਨ ਮੰਚ ਤੋਂ ਚੁੱਕੀ ਮਜ਼ਬੂਤ ਆਵਾਜ਼ ਹਾਲੇ ਵੀ ਪੂਰੇ ਅਮਰੀਕਾ ਵਿੱਚ ਗੂੰਜ ਰਹੀ ਹੈ।
ਐਲੈਗਜ਼ੈਂਡਰੀਆਂ, ਵਰਜੀਨੀਆ ਵਿੱਚ ਪੰਜਵੀਂ ਕਲਾਸ ਵਿੱਚ ਪੜ੍ਹਨ ਵਾਲੀ ਨਾਓਮੀ ਨੇ ਕਿਹਾ ਕਿ ਉਹ ਅਫ਼ਰੀਕੀ-ਅਮਰੀਕੀ ਮੂਲ ਦੀਆਂ ਕੁੜੀਆਂ ਦੀ ਨੁਮਾਇੰਦਗੀ ਕਰਦੀ ਹੈ ਜਿਨ੍ਹਾਂ ਨੂੰ ਮੀਡੀਆ ਅਣਗੌਲਿਆਂ ਕਰਦਾ ਹੈ ਅਤੇ ਜੋ ਬੰਦੂਕਾਂ ਨਾਲ ਹੋਈ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ।
ਪਿਛਲੇ ਹਫ਼ਤੇ ਨਾਓਮੀ ਨੇ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਮਿਲ ਕੇ ਇੱਕ ਕੌਮੀ ਮੁਹਿੰਮ ਵਿੱਚ ਹਿੱਸਾ ਲਿਆ।
ਪਿਛਲੇ ਮਹੀਨੇ ਫਲੋਰਿਡਾ ਦੇ ਸਕੂਲ ਵਿੱਚ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਦੇਸ ਵਿੱਚ ਗੰਨ ਕਲਚਰ 'ਤੇ ਸਖ਼ਤੀ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਨਾਓਮੀ ਨੇ ਦਿ ਗਾਰਡੀਅਨ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਸਕੂਲੀ ਪੈਦਲ ਮਾਰਚ ਲੰਬਾ ਸੀ।
ਇਸ ਦੌਰਾਨ 17 ਸਾਲਾ ਕੌਰਟਲਿਨ ਅਰਿੰਗਟਨ ਨੂੰ ਸਨਮਾਨਿਆ ਗਿਆ ਜਿਸ ਦੀ 7 ਮਾਰਚ ਨੂੰ ਅਲਬਾਮਾ ਵਿੱਚ ਸਕੂਲ ਵਿੱਚ ਹੋਈ ਗੋਲੀਬਾਰੀ ਦੌਰਾਨ ਮੌਤ ਹੋ ਗਈ ਸੀ।
ਹਾਲਾਂਕਿ ਸਕੂਲ ਦੀ ਪ੍ਰਿੰਸੀਪਲ ਪਹਿਲਾਂ ਉਨ੍ਹਾਂ ਦੇ ਪੂਰੀ ਤਰ੍ਹਾਂ ਸਮਰਥਨ ਵਿੱਚ ਨਹੀਂ ਸੀ ਪਰ ਬਾਅਦ ਵਿੱਚ ਉਨ੍ਹਾਂ ਦਾ ਪੱਕਾ ਇਰਾਦਾ ਦੇਖ ਕੇ ਸਾਥ ਦੇ ਦਿੱਤਾ।
ਨਾਓਮੀ ਨੇ ਕੀ ਕਿਹਾ?
ਰੈਲੀ ਦੌਰਾਨ ਨਾਓਮੀ ਅਜਿਹਾ ਬੋਲੀ ਕਿ ਉਸ ਨੇ ਉੱਥੇ ਮੌਜੂਦ ਭੀੜ ਅਤੇ ਘਰ ਵਿੱਚ ਬੈਠੇ ਲੋਕਾਂ ਨੂੰ ਪ੍ਰਭਾਵਿਤ ਕਰ ਦਿੱਤਾ।
- ਮੇਰਾ ਨਾਮ ਨਾਓਮੀ ਹੈ ਅਤੇ ਮੈਂ 11 ਸਾਲ ਦੀ ਹਾਂ।
- ਮੈਂ ਅਤੇ ਮੇਰੀ ਦੋਸਤ ਕਾਰਟਰ ਨੇ 14 ਮਾਰਚ ਨੂੰ ਸਾਡੇ ਐਲੀਮੈਂਟਰੀ ਸਕੂਲ ਵਿੱਚ ਪੈਦਲ ਮਾਰਚ ਕੀਤਾ। ਅਸੀਂ 18 ਮਿਨਟ ਤੱਕ ਪੈਦਲ ਚੱਲੇ। ਇਸ ਵਿੱਚੋਂ ਇੱਕ ਮਿਨਟ ਅਸੀਂ ਅਫ਼ਰੀਕੀ-ਅਮਰੀਕੀ ਕੁੜੀ ਕੌਰਟਲਿਨ ਅਰਿੰਗਟਨ ਲਈ ਚੱਲੇ ਜੋ ਕਿ ਪਾਰਕਲੈਂਡ ਸ਼ੂਟਿੰਗ ਦੌਰਾਨ ਗੋਲੀਬਾਰੀ ਦਾ ਸ਼ਿਕਾਰ ਹੋਈ ਸੀ।
- ਮੈਂ ਇੱਥੇ ਕੌਰਟਲਿਨ ਅਰਿੰਗਟਨ ਦੀ ਨੁਮਾਇੰਦਗੀ ਕਰਦੀ ਹਾਂ। ਮੈਂ ਹਦੀਆ ਪੈਨਡਲਟਨ ਦੀ ਨੁਮਾਇੰਦਗੀ ਕਰਦੀ ਹਾਂ। ਮੈਂ ਤਾਇਆਨਿਆ ਥੌਂਪਸਨ ਦੀ ਨੁਮਾਇੰਦਗੀ ਕਰਦੀ ਹਾਂ ਜੋ ਮਹਿਜ਼ 16 ਸਾਲ ਦੀ ਸੀ ਅਤੇ ਵਾਸ਼ਿੰਗਟਨ ਡੀਸੀ ਵਿੱਚ ਆਪਣੇ ਘਰ ਵਿੱਚ ਹੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ ਸੀ।
- ਮੈਂ ਉਨ੍ਹਾਂ ਅਫ਼ਰੀਕੀ-ਅਮਰੀਕੀ ਕੁੜੀਆਂ ਦੀ ਨੁਮਾਇੰਦਗੀ ਕਰਦੀ ਹਾਂ ਜੋ ਕਿ ਕੌਮੀ ਅਖ਼ਬਾਰਾਂ ਦੇ ਪਹਿਲੇ ਪੰਨੇ ਤੇ ਨਹੀਂ ਛਪਦੀਆਂ, ਜਿਨ੍ਹਾਂ ਦੀਆਂ ਕਹਾਣੀਆਂ ਸ਼ਾਮ ਦੀਆਂ ਖਬਰਾਂ ਨਹੀਂ ਬਣਦੀਆਂ।
- ਮੈਂ ਉਨ੍ਹਾਂ ਅਫ਼ਰੀਕੀ-ਅਮੀਰੀਕੀ ਔਰਤਾਂ ਦੀ ਨੁਮਾਇੰਦਗੀ ਕਰਦੀ ਹਾਂ ਜੋ ਕਿ ਬੰਦੂਕ ਦੀ ਹਿੰਸਾ ਤੋਂ ਪੀੜਤ ਹਨ। ਉਹ ਕੁੜੀਆਂ ਜੋ ਮਹਿਜ਼ ਅੰਕੜੇ ਸਮਝੀਆਂ ਗਈਆਂ ਨਾ ਕਿ ਜੋਸ਼ੀਲੀਆਂ ਖੂਬਸੂਰਤ ਕਾਬਲ ਕੁੜੀਆਂ।
- ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਇੱਥੇ ਹਾਂ। ਮੇਰੀ ਆਵਾਜ਼ ਸੁਣੀ ਜਾ ਰਹੀ ਹੈ। ਮੈਂ ਉਨ੍ਹਾਂ ਦੀਆਂ ਕਹਾਣੀਆਂ ਨੂੰ ਨੋਟਿਸ ਵਿੱਚ ਲਿਆਉਣ ਲਈ ਆਈ ਹਾਂ। ਇਹ ਕਹਿਣ ਆਈ ਹਾਂ ਕਿ ਉਹ ਵੀ ਮਾਅਨੇ ਰੱਖਦੀਆਂ ਹਨ, ਉਨ੍ਹਾਂ ਦੇ ਨਾਮ ਲੈਣ ਆਈ ਹਾਂ ਕਿਉਂਕਿ ਮੈਂ ਅਜਿਹਾ ਕਰ ਸਕਦੀ ਹਾਂ।
- ਲੰਬੇ ਸਮੇਂ ਤੱਕ ਇਹ ਨਾਮ, ਇਹ ਕਾਲੇ ਰੰਗ ਦੀਆਂ ਕੁੜੀਆਂ ਅਤੇ ਔਰਤਾਂ ਮਹਿਜ਼ ਅੰਕੜੇ ਹੀ ਰਹੇ ਹਨ। ਮੈਂ ਕਹਿਣਾ ਚਾਹੁੰਦੀ ਹਾਂ ਕਿ 'ਹੁਣ ਦੁਬਾਰਾ ਨਹੀਂ!'
- ਮੈਂ ਕਹਿਣ ਆਈ ਹਾਂ ਕਿ ਉਨ੍ਹਾਂ ਕੁੜੀਆਂ ਦੀ ਕੀਮਤ ਵੀ ਸਭ ਨੂੰ ਸਮਝਣੀ ਚਾਹੀਦੀ ਹੈ।
- ਲੋਕਾਂ ਦਾ ਕਹਿਣਾ ਹੈ ਕਿ ਮੈਂ ਅਜਿਹੇ ਵਿਚਾਰ ਰੱਖਣ ਲਈ ਹਾਲੇ ਬਹੁਤ ਛੋਟੀ ਹਾਂ। ਉਹ ਕਹਿੰਦੇ ਹਨ ਕਿ ਮੈਂ ਕਿਸੇ ਨੌਜਵਾਨ ਦਾ ਹਥਿਆਰ ਹਾਂ ਪਰ ਇਹ ਸੱਚ ਨਹੀਂ ਹੈ।
- ਮੈਂ ਅਤੇ ਮੇਰੀ ਦੋਸਤ ਭਾਵੇਂ 11 ਸਾਲ ਦੇ ਹਾਂ ਅਤੇ ਅਸੀਂ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਸਭ ਲਈ ਬਰਾਬਰ ਨਹੀਂ ਹੈ ਅਤੇ ਸਾਨੂੰ ਪਤਾ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ।
- ਸਾਨੂੰ ਵੀ ਪਤਾ ਹੈ ਕਿ ਵੋਟ ਪਾਉਣ ਲਈ ਹਾਲੇ ਸਾਨੂੰ 7 ਸਾਲ ਉਡੀਕ ਕਰਨੀ ਪਏਗੀ।
- ਮੈਂ ਟੋਨੀ ਮੋਰੀਸਨ ਦੇ ਸ਼ਬਦਾਂ ਨੂੰ ਵੀ ਮਾਣ ਦੇਣਾ ਚਾਹੂੰਗੀ, "ਜੇ ਤੁਸੀਂ ਕੋਈ ਕਿਤਾਬ ਪੜ੍ਹਨਾ ਚਾਹੁੰਦੇ ਹੋ ਪਰ ਉਹ ਲਿਖੀ ਨਹੀਂ ਗਈ ਹੈ ਤਾਂ ਉਸ ਦੇ ਲੇਖਕ ਤੁਸੀਂ ਬਣੋ।"
- ਮੈਂ ਇੱਥੇ ਮੌਜੂਦ ਲੋਕਾਂ ਅਤੇ ਜੋ ਵੀ ਮੇਰੀ ਆਵਾਜ਼ ਸੁਣ ਪਾ ਰਿਹਾ ਹੈ ਸਭ ਨੂੰ ਗੁਜ਼ਾਰਿਸ਼ ਕਰਦੀ ਹਾਂ ਮੇਰੇ ਨਾਲ ਜੁੜਨ ਅਤੇ ਉਹ ਕਹਾਣੀਆਂ ਬਿਆਨ ਕਰਨ ਜੋ ਅਜੇ ਤੱਕ ਕਹੀਆਂ ਨਹੀਂ ਗਈਆਂ ਤਾਕਿ ਉਨ੍ਹਾਂ ਕੁੜੀਆਂ ਅਤੇ ਔਰਤਾਂ ਨੂੰ ਆਵਾਜ਼ ਮਿਲ ਸਕੇ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
- ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਮਦਦ ਕਰੋ ਤਾਕਿ ਦੁਨੀਆਂ ਨੂੰ ਇਨ੍ਹਾਂ ਬਾਰੇ ਪਤਾ ਲੱਗ ਸਕੇ ਅਤੇ ਇਹ ਕੁੜੀਆਂ ਅਤੇ ਔਰਤਾਂ ਨੂੰ ਕਦੇ ਨਾ ਭੁਲਾਇਆ ਜਾ ਸਕੇ। ਧੰਨਵਾਦ।