You’re viewing a text-only version of this website that uses less data. View the main version of the website including all images and videos.
ਅਮਰੀਕਾ 'ਚ ਇੱਕ ਹੋਰ ਵੱਡੀ ਗੋਲੀਬਾਰੀ ਰੋਕਣ ਵਾਲਾ 'ਹੀਰੋ'
ਅਮਰੀਕੀ ਸੂਬੇ ਟੇਨੇਸੀ ਦੇ ਨੈਸ਼ਵਿਲੇ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਇੱਕ ਨੰਗੇ ਬੰਦੂਕਧਾਰੀ ਨੇ ਇੱਕ ਰੈਸਟੋਰੈਂਟ ਵਿੱਚ ਗੋਲੀਬਾਰੀ ਕੀਤੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ।
ਹਮਲਾਵਰ ਸਥਾਨਕ ਸਮੇਂ ਮੁਤਾਬਕ ਸਵੇਰੇ ਤਿੰਨ ਵੱਜ ਕੇ 25 ਮਿੰਟ 'ਤੇ ਨੈਸ਼ਵਿਲੇ ਦੇ ਦੱਖਣ-ਪੂਰਬੀ ਉਪ-ਨਗਰ ਐਨੀਟੋਚ ਦੇ ਵੈਫਲੇ ਹਾਊਸ ਵਿੱਚ ਵੜਿਆ ਅਤੇ ਸੈਮੀ ਆਟੋਮੈਟਿਕ ਰਾਈਫ਼ਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਘਟਨਾ ਵਿੱਚ ਦੋ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਨੇ ਹਮਲਾਵਰ ਦੀ ਰਾਈਫ਼ਲ ਖੋਹੀ। ਇਸ ਦੌਰਾਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਹਮਲਾਵਰ ਦੀ ਪਛਾਣ 29 ਸਾਲਾ ਟਰੈਵਿਸ ਰੀਨਕਿੰਗ ਦੇ ਰੂਪ ਵਿੱਚ ਕੀਤੀ ਹੈ। ਪੁਲਿਸ ਹਮਲਾਵਰ ਦੀ ਤਲਾਸ਼ ਕਰ ਰਹੀ ਹੈ।
ਨੈਸ਼ਵਿਲੇ ਦੇ ਪੁਲਿਸ ਬੁਲਾਰੇ ਡੌਨ ਏਰੋਨ ਨੇ ਕਿਹਾ ਹੈ ਕਿ ਟਰੈਵਿਸ ਨੂੰ ਪਿਛਲੇ ਸਾਲ ਵ੍ਹਾਈਟ ਹਾਊਸ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਪ੍ਰਤੀਬੰਧਿਤ ਖੇਤਰ ਵਿੱਚ ਦਾਖ਼ਲ ਹੋ ਰਿਹਾ ਸੀ।
ਕਿਵੇਂ ਹੋਇਆ ਸੀ ਹਮਲਾ?
ਹਮਲਾਵਰ ਇੱਕ ਪਿਕਅਪ ਟਰੱਕ ਤੋਂ ਰੈਸਟੋਰੈਂਟ ਦੇ ਬਾਹਰ ਪੁੱਜਿਆ ਅਤੇ ਰੈਸਟੋਰੈਂਟ ਬਾਹਰ ਦੋ ਲੋਕਾਂ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਰੈਸਟੋਰੈਂਟ ਦੇ ਅੰਦਰ ਜਾ ਕੇ ਗੋਲੀਬਾਰੀ ਕੀਤੀ।
ਤਿੰਨ ਲੋਕਾਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਜਦਕਿ ਚੌਥੇ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਪੁਲਿਸ ਦਾ ਕਹਿਣਾ ਹੈ ਹਮਲਾਵਰ ਨੰਗਾ ਸੀ ਤੇ ਉਸ ਨੇ ਸਿਰਫ਼ ਹਰੀ ਜੈਕੇਟ ਪਾਈ ਹੋਈ ਸੀ। ਪੁਲਿਸ ਮੁਤਾਬਕ ਹਮਲਾਵਰ ਜਦੋਂ ਘਟਨਾ ਵਾਲੀ ਥਾਂ ਤੋਂ ਫਰਾਰ ਹੋਇਆ ਤਾਂ ਉਹ ਜੈਕੇਟ ਵੀ ਉੱਥੇ ਡਿੱਗ ਗਈ।
ਪੁਲਿਸ ਨੇ ਰਾਈਫ਼ਲ ਦੀ ਫੋਟੋ ਜਾਰੀ ਕੀਤੀ ਹੈ ਜਿਹੜੀ ਕਿ AR-15 ਹੈ, ਅਮਰੀਕਾ ਵਿੱਚ ਵੱਡੀ ਗੋਲੀਬਾਰੀ ਦੀਆਂ ਘਟਨਾਵਾਂ 'ਚ ਆਮ ਤੌਰ 'ਤੇ ਇਹ ਹਥਿਆਰ ਵਰਤਿਆਂ ਜਾਂਦਾ ਹੈ।
ਅਜਿਹੇ ਹੀ ਰਾਈਫ਼ਲ ਦੀ ਵਰਤੋਂ ਲਾਸ ਵੇਗਾਸ ਵਿੱਚ ਹੋਈ ਗੋਲੀਬਾਰੀ ਲਈ ਕੀਤੀ ਗਈ ਸੀ। ਅਕਤੂਬਰ ਵਿੱਚ ਹੋਏ ਇਸ ਹਮਲੇ ਵਿੱਚ 58 ਲੋਕਾਂ ਦੀ ਮੌਤ ਹੋਈ ਸੀ।
ਫਲੋਰੀਡਾ ਦੇ ਸਕੂਲ ਵਿੱਚ ਹੋਏ ਹਮਲੇ 'ਚ ਵੀ ਇਹੀ ਹਥਿਆਰ ਵਰਤਿਆ ਗਿਆ ਸੀ ਜਿਸ 'ਚ ਸਟਾਫ਼ ਮੈਂਬਰਾਂ ਸਮੇਤ 17 ਵਿਦਿਆਰਥੀਆਂ ਦੀ ਮੌਤ ਹੋਈ ਸੀ।
ਸ਼ਾਅ ਨੇ ਕਿਵੇਂ ਦਿੱਤਾ ਦਖ਼ਲ?
ਇਕ ਪ੍ਰੈੱਸ ਕਾਨਫਰੰਸ ਦੌਰਾਨ ਜੇਮਸ ਸ਼ਾਅ ਨੇ ਕਿਹਾ ਕਿ ਉਨ੍ਹਾਂ ਨੇ ਗੋਲੀ ਦੀ ਆਵਾਜ਼ ਸੁਣੀ।
ਉਹ ਰੈਸਟੋਰੈਂਟ ਦੇ ਟਾਇਲਟ ਖੇਤਰ ਵਿੱਚ ਲੁੱਕ ਗਏ ਪਰ ਹਮਲਾਵਰ ਨੇ ਦਰਵਾਜ਼ੇ ਰਾਹੀਂ ਗੋਲੀ ਚਲਾਈ ਜਿਸ ਕਾਰਨ ਉਨ੍ਹਾਂ ਦੀ ਬਾਂਹ ਜ਼ਖ਼ਮੀ ਹੋ ਗਈ।
ਉਨ੍ਹਾਂ ਨੇ ਕਿਹਾ, ''ਉਸ ਸਮੇਂ ਮੈਂ ਆਪਣੇ ਮਨ ਨੂੰ ਤਿਆਰ ਕੀਤਾ ਕਿਉਂਕਿ ਦਰਵਾਜ਼ਾ ਬੰਦ ਕਰਨ ਦਾ ਕੋਈ ਰਾਹ ਨਹੀਂ ਸੀ। ਜੇਕਰ ਦਰਵਾਜ਼ਾ ਹੇਠਾਂ ਵੱਲ ਨੂੰ ਆ ਜਾਂਦਾ ਤਾਂ ਮੈਂ ਮਰ ਜਾਂਦਾ।''
ਜਦੋਂ ਗੋਲੀਬਾਰੀ ਰੁਕੀ ਤੇ ਹਮਲਾਵਰ ਆਪਣੇ ਹਥਿਆਰ ਵੱਲ ਵੇਖਣ ਲੱਗਾ ਤਾਂ ਸ਼ਾਅ ਨੇ ਉਸ ਨੂੰ ਧੱਕਾ ਦਿੱਤਾ ਅਤੇ ਉਸ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਕਿਹਾ, ''ਉਹ ਦਰਵਾਜ਼ੇ ਨਾਲ ਜਾ ਕੇ ਵੱਜਿਆ ਅਤੇ ਬੰਦੂਕ ਇੱਕ ਤਰ੍ਹਾਂ ਨਾਲ ਡਿੱਗਣ ਹੀ ਵਾਲੀ ਸੀ।''
''ਮੈਂ ਉਸ ਕੋਲੋਂ ਬੰਦੂਕ ਖੋਹੀ ਤੇ ਸੁੱਟ ਦਿੱਤੀ।''
ਬੰਦੂਕਧਾਰੀ ਰੈਸਟੋਰੈਂਟ ਤੋਂ ਫਰਾਰ ਹੋ ਗਿਆ।
ਵੈਫਲੇ ਹਾਊਸ ਦੇ ਸੀਈਓ ਵਾਲਥ ਅਹਿਮਰ ਨੇ ਸ਼ਾਅ ਦੀ ਤਾਰੀਫ਼ ਕੀਤੀ।
ਉਨ੍ਹਾਂ ਨੇ ਕਿਹਾ,''ਤੁਹਾਨੂੰ ਆਪਣੀ ਜ਼ਿੰਦਗੀ 'ਚ ਬਹੁਤੇ ਹੀਰੋਜ਼ ਦੀ ਲੋੜ ਨਹੀਂ ਹੁੰਦੀ ਪਰ ਤੂੰ ਮੇਰਾ ਹੀਰੋ ਹੈ।''
ਹਸਪਤਾਲ ਵਿੱਚ ਇਲਾਜ ਦੌਰਾਨ ਸ਼ਾਅ ਨੂੰ ਇੱਕ ਕੁੜੀ ਨੇ ਕਿਹਾ ਕਿ ਉਨ੍ਹਾਂ ਨੇ ਉਸਦੀ ਜਾਨ ਬਚਾਈ ਹੈ।
ਸ਼ਾਅ ਨੇ ਕਿਹਾ ਮੈਂ ਹੀਰੋ ਬਣਨ ਲਈ ਅਜਿਹਾ ਨਹੀਂ ਕੀਤਾ।