You’re viewing a text-only version of this website that uses less data. View the main version of the website including all images and videos.
ਪੋਤੇ ਦੀ ਚਾਹਤ 'ਚ ਦਾਦੀ ਨੇ ਦਾਗੇ ਪੋਤੀ ਦੇ ਗੁਪਤ ਅੰਗ
- ਲੇਖਕ, ਪ੍ਰਭੂ ਦਯਾਲ
- ਰੋਲ, ਬੀਬੀਸੀ ਪੰਜਾਬੀ ਲਈ
ਪੋਤੇ ਦੀ ਚਾਹਤ ਰੱਖਣ ਵਾਲੀ ਹਰਿਆਣਾ ਦੀ ਇੱਕ ਦਾਦੀ ਹੁਣ ਜੇਲ੍ਹ 'ਚ ਦੱਸ ਸਾਲ ਦੀ ਕੈਦ ਭੁਗਤ ਰਹੀ ਹੈ। ਸਿਰਸਾ ਦੇ ਪਿੰਡ ਮੌਜੂਖੇੜਾ ਦੀ ਕਮਲਾ ਦੇਵੀ ਨੇ ਪੋਤੀ ਦੇ ਗੁਪਤ ਅੰਗਾਂ ਨੂੰ ਚਿਮਟਿਆਂ ਨਾਲ ਦਾਗਿਆ ਸੀ।
ਸਿਰਸਾ ਦੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਦਸ ਸਾਲ ਦੀ ਕੈਦ ਦੀ ਸਜ਼ਾ ਅਤੇ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਹਾਲਾਂਕਿ ਕਮਲਾ ਦੇਵੀ ਦੇ ਵਕੀਲ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਲਈ ਹਾਈ ਕੋਰਟ ਵਿੱਚ ਅਪੀਲ ਕਰਨਗੇ।
ਉਨ੍ਹਾਂ ਨੇ ਦੱਸਿਆ ਕਿ ਚੋਣ ਰੰਜਿਸ਼ ਦੇ ਚੱਲਦਿਆਂ ਕਮਲਾ ਦੇਵੀ ਉੱਤੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਸਭ ਤੋਂ ਪਹਿਲਾਂ ਦਾਦੀ ਦੇ ਇਸ ਕਾਰੇ ਬਾਰੇ ਬਾਲ ਹਿਫ਼ਾਜਤ ਅਧਿਕਾਰੀ ਅੰਜਨਾ ਨੂੰ ਪਤਾ ਲੱਗਿਆ ਸੀ।
ਅੰਜਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਤੋਂ ਸੂਚਨਾ ਮਿਲੀ ਸੀ ਕਿ ਪਿੰਡ ਮੌਜੂ ਖੇੜਾ ਵਿੱਚ ਇਕ ਦਾਦੀ ਨੇ ਪੋਤੇ ਦੀ ਚਾਹਤ ਵਿੱਚ ਆਪਣੀ ਚਾਰ ਸਾਲ ਦੀ ਪੋਤੀ ਦੇ ਗੁਪਤ ਅੰਗਾਂ ਨੂੰ ਗਰਮ ਚਿਮਟੇ ਨਾਲ ਦਾਗਿਆ ਹੈ।
ਇਸ ਮਗਰੋਂ ਜਦ ਉਨ੍ਹਾਂ ਦੀ ਸਾਰੀ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਸੱਚ ਸਾਹਮਣੇ ਆਇਆ।
ਬੱਚੀ ਦਾ ਮੈਡੀਕਲ ਕਰਵਾਇਆ ਗਿਆ ਤੇ ਫੇਰ ਥਾਣੇ ਵਿੱਚ ਐਫ.ਆਈ.ਆਰ. ਕਰਾਈ ਗਈ।
ਪੀੜਤ ਬੱਚੀ ਦੀ ਦੇਖਭਾਲ ਲਈ ਵੀ ਹਰ ਮਹੀਨੇ ਵਿਭਾਗ ਵੱਲੋਂ ਦੋ ਹਜ਼ਾਰ ਰੁਪਏ ਦਿੱਤੇ ਜਾਣਗੇ।
ਪਰਿਵਾਰ ਦੀ ਹਾਲਤ
ਸਿਰਸਾ ਤੋਂ ਕਰੀਬ 20 ਕਿਲੋਮੀਟਰ ਦੂਰ ਪਿੰਡ ਮੌਜੂਖੇੜਾ ਹੈ। ਇੱਸ ਪਿੰਡ ਦੀ ਆਬਾਦੀ 1420 ਹੈ ਜਿਸ ਦਾ ਇੱਕ ਹਿੱਸਾ ਪਿੰਡ ਤੋਂ ਥੋੜ੍ਹੀ ਦੂਰ ਵਕਫ਼ ਬੋਰਡ ਦੇ ਥੇੜ੍ਹ ਉੱਤੇ ਵੱਸਿਆ ਹੋਇਆ ਹੈ।
ਇੱਥੇ ਜ਼ਿਆਦਾਤਰ ਗਰੀਬ ਲੋਕ ਰਹਿੰਦੇ ਹਨ ਜਿਹੜੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ।
ਇੱਥੇ ਹੀ ਭਾਗਾ ਰਾਮ ਦਾ ਪਰਿਵਾਰ ਵੀ ਰਹਿੰਦਾ ਹੈ।
ਭਾਗਾ ਰਾਮ ਇੱਕ ਹੱਥ ਤੋਂ ਅਪਾਹਜ ਹਨ। ਉਨ੍ਹਾਂ ਦੇ ਦੋ ਪੁੱਤਰ ਹਨ, ਇੱਕ ਦਿਹਾੜੀ ਕਰਦਾ ਹੈ ਅਤੇ ਦੂਜਾ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਨੂੰ ਪਾਲਦਾ ਹੈ।
ਦਿਹਾੜੀ ਕਰਨ ਵਾਲੇ ਪੁੱਤਰ ਦਾ ਨਾਂ ਮਾਂਗੇ ਰਾਮ ਹੈ। ਪਤਨੀ ਸੁਨੀਤਾ ਤੋਂ ਉਸ ਦੀਆਂ ਚਾਰ ਕੁੜੀਆਂ ਹਨ।
ਦਾਦੀ ਕਮਲਾ ਨੇ ਪੰਜ ਸਾਲ ਦੀ ਰਜਨੀ(ਕਾਲਪਨਿਕ ਨਾਂ) ਦੇ ਗੁਪਤ ਅੰਗਾਂ ਨੂੰ ਗਰਮ ਚਿਮਟਿਆਂ ਨਾਲ ਇਸ ਕਰਕੇ ਦਾਗ ਦਿੱਤਾ ਕਿ ਉਸ ਮਰਗੋਂ ਮੁੰਡਾ ਹੋਵੇ।
ਪਰ ਅਜਿਹਾ ਹੋਇਆ ਨਹੀਂ ਅਤੇ ਸੁਨੀਤਾ ਦੇ ਕੁੱਖ ਵਿੱਚੋਂ ਫਿਰ ਧੀ ਨੇ ਜਨਮ ਲਿਆ।
ਮਾਮਲਾ ਹਰਿਆਣਾ ਦੇ ਡਿੰਗ ਥਾਣੇ ਵਿੱਚ 17 ਜੁਲਾਈ 2017 ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ।
ਧਾਰਾ 307 ਵਿੱਚ ਦਸ ਸਾਲ ਤੇ ਦਸ ਹਜ਼ਾਰ ਰੁਪਏ ਜੁਰਮਾਨਾ ਤੇ ਜੁਵੇਨਾਈਲ 2015 ਦੀ ਧਾਰਾ 75\76 ਦੇ ਤਹਿਤ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਪੋਤੇ ਦੀ ਚਾਹਤ ਬਣੀ ਜੁਰਮ ਦੀ ਵਜ੍ਹਾ
ਹਾਲਾਂਕਿ ਰਜਨੀ ਤੋਂ ਬਾਅਦ ਫਿਰ ਇੱਕ ਧੀ ਨੇ ਜਨਮ ਲਿਆ ਜੋ ਹੁਣ ਕਰੀਬ ਚਾਰ ਮਹੀਨਿਆਂ ਦੀ ਹੈ।
ਸੁਨੀਤਾ ਦੇ ਪਤੀ ਮਾਂਗੇ ਰਾਮ ਨੇ ਦੱਸਿਆ ਕਿ ਉਸ ਦੀ ਮਾਂ ਹੀ ਧੀਆਂ ਨੂੰ ਸੰਭਾਲਦੀ ਸੀ। ਮਾਂ ਨੂੰ ਸਜ਼ਾ ਹੋਣ ਦਾ ਉਸ ਨੂੰ ਦੁੱਖ ਹੈ।
ਕਮਲਾ ਦੇਵੀ ਦਾ ਅਪਾਹਜ ਪਤੀ ਭਾਗਾ ਰਾਮ ਸਰਕਾਰੀ ਸਕੂਲ ਵਿੱਚ ਰਾਤ ਦੀ ਚੌਕੀਦਾਰੀ ਕਰਦਾ ਹੈ।
ਭਾਗਾ ਰਾਮ ਨੂੰ ਪਤਨੀ ਦੀ ਸਜ਼ਾ ਦਾ ਦੁੱਖ ਹੈ ਪਰ ਉਸ ਦਾ ਕਹਿਣਾ ਹੈ, ''ਜੋ ਕਰੇ, ਸੋ ਭਰੇ''।
ਉਨ੍ਹਾਂ ਕਿਹਾ, ''ਸਜ਼ਾ ਪੂਰੀ ਕਰਕੇ ਉਹ ਆ ਜਾਵੇਗੀ। ਸਾਡੇ ਕੋਲ ਵਕੀਲ ਦੇ ਪੈਸੇ ਨਹੀਂ ਹਨ।"
ਮਾਂਗੇ ਰਾਮ ਦੀ ਪਤਨੀ ਸੁਨੀਤਾ ਚੁੱਪ ਹੈ, ਸ਼ਾਇਦ ਪਤੀ ਤੇ ਸਹੁਰੇ ਅੱਗੇ ਬੋਲਣ ਦੀ ਹਿੰਮਤ ਨਹੀਂ ਹੈ।
ਪਿੰਡ ਦੀਆਂ ਸਮੱਸਿਆਵਾਂ
ਪਿੰਡ ਦੀ ਇੱਕ ਮਹਿਲਾ ਪੰਚਾਇਤ ਮੈਂਬਰ ਨੇ ਘਟਨਾ ਨੂੰ ਸੱਚ ਦਸਦਿਆਂ ਪਿੰਡ ਦੀਆਂ ਅਨੇਕਾਂ ਸਮੱਸਿਆਵਾਂ ਦੱਸੀਆਂ।
ਉਨ੍ਹਾਂ ਨੇ ਦੱਸਿਆ ਕਿ ਥੇੜ੍ਹ 'ਤੇ ਕਰੀਬ 300 ਦੀ ਆਬਾਦੀ ਹੈ। ਇੱਕ ਆਂਗਣਵਾੜੀ ਸੈਂਟਰ ਹੈ ਜਿੱਥੇ ਪੰਜ ਸਾਲ ਤੱਕ ਦੀ ਉਮਰ ਦੇ ਕਰੀਬ 39 ਬੱਚੇ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਅਤੇ ਪਾਣੀ ਤੋਂ ਇਲਾਵਾ ਹੋਰ ਕੋਈ ਸੁਵਿਧਾ ਨਹੀਂ ਹੈ।
ਪਿੰਡ ਵਿੱਚ ਇੱਕ ਪ੍ਰਾਈਮਰੀ ਸਕੂਲ ਹੈ ਜਿਸਦੀ ਹਾਲਤ ਖਸਤਾ ਹੈ।
ਮਿਡਲ ਤੇ ਸੈਂਕੰਡਰੀ ਸਕੂਲ ਲਈ ਬੱਚਿਆਂ ਨੂੰ ਤਿੰਨ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ।
ਆਂਗਨਵਾੜੀ ਵਰਕਰ ਬਲਜੀਤ ਕੌਰ ਨੇ ਦੱਸਿਆ ਕਿ ਗਰੀਬ ਹੋਣ ਕਰਕੇ ਵਧੇਰੇ ਲੋਕ ਆਪਣੀਆਂ ਕੁੜੀਆਂ ਨੂੰ ਸਕੂਲ ਨਹੀਂ ਭੇਜਦੇ।
ਉਨ੍ਹਾਂ ਨੇ ਕਿਹਾ ਕਿ ਪਿੰਡ 'ਚ ਹੀ ਹਾਈ ਸਕੂਲ ਬਣਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪੀਣ ਦਾ ਸਾਫ ਪਾਣੀ ਹੀ ਮੁਹੱਈਯਾ ਨਹੀਂ ਕਰਵਾਇਆ ਜਾਂਦਾ।
ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ ਜਦਕਿ ਪਿੰਡ ਦੇ ਸਰਪੰਚ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਿੰਡ 'ਚ ਦੋ ਵਾਟਰ ਵਰਕਸ ਬਣੇ ਹੋਏ ਹਨ ਤੇ ਧਰਤੀ ਹੇਠਲਾ ਪਾਣੀ ਵੀ ਠੀਕ ਹੈ।