ਟੈਕਸਸ ਗੋਲੀਬਾਰੀ: ਕੌਣ ਹੈ 19 ਬੱਚਿਆਂ ਸਣੇ 21 ਜਣਿਆਂ ਦੀ 'ਮੌਤ ਦਾ ਜ਼ਿੰਮੇਵਾਰ ਹਮਲਾਵਰ'

ਅਮਰੀਕਾ ਦੇ ਟੈਕਸਸ ਦੇ ਇੱਕ ਸਕੂਲ ਵਿੱਚ ਹੋਈ ਭਿਆਨਕ ਗੋਲੀਬਾਰੀ ਦੌਰਾਨ 19 ਬੱਚਿਆਂ ਅਤੇ 02 ਬਾਲਗਾਂ ਦੀ ਮੌਤ ਹੋ ਗਈ ਹੈ।

ਇਹ ਹਮਲਾ ਟੈਕਸਸ ਦੇ ਰੌਬਜ਼ ਐਲੀਮੈਂਟਰੀ ਸਕੂਲ ਵਿੱਚ ਹੋਇਆ, ਜੋ ਕਿ ਸੈਨ ਐਂਟੋਨੀਓ ਤੋਂ ਕਰੀਬ 80 ਮੀਲ ਦੂਰ ਹੈ। ਸ਼ੱਕੀ ਹਮਲਾਵਰ 18 ਸਾਲਾ ਨੌਜਵਾਨ ਸੀ।

ਟੈਕਸਾਸ ਦੇ ਗਵਰਨਰ ਮੁਤਾਬਕ ਇਸ ਨੌਜਵਾਨ ਦਾ ਨਾਂ ਸਲਵਾਡੋਰ ਰਾਮੋਸ ਸੀ। ਰਿਪੋਰਟਾਂ ਮੁਤਾਬਕ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਦੀ ਮੌਤ ਹੋ ਗਈ ਹੈ।

ਇਸ ਦੌਰਾਨ ਦੋ ਪੁਲਿਸ ਵਾਲਿਆਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ, ਹਾਲਾਂਕਿ ਉਨ੍ਹਾਂ ਨੂੰ ਗੰਭੀਰ ਸੱਟਾਂ ਨਹੀਂ ਆਈਆਂ ਹਨ।

ਮਰਨ ਵਾਲਿਆਂ ਵਿਚ ਜ਼ਿਆਦਾਤਰ ਦੂਜੀ, ਤੀਜੀ ਅਤੇ ਚੌਥੀ ਜਮਾਤ ਦੇ ਬੱਚੇ ਸਨ, ਜਿਨ੍ਹਾਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਕੌਣ ਸੀ ਹਮਲਾਵਰ

ਐਸੋਸੀਏਟਿਡ ਪ੍ਰੈਸ ਨਿਊਜ਼ ਏਜੰਸੀ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਕਰੀਬ 11 ਵਜੇ ਸਵੇਰੇ ਗੋਲੀਬਾਰੀ ਸ਼ੁਰੂ ਹੋਈ।

ਘਟਨਾ ਵਾਲੀ ਥਾਂ ਦੇ ਨੇੜੇ ਮੌਜੂਦ ਯੂਐਸ ਬਾਰਡਰ ਗਸ਼ਤ ਕਰਮੀ ਤੁਰੰਤ ਸਕੂਲ ਪਹੁੰਚੇ ਅਤੇ ਬੈਰੀਕੇਡ ਦੇ ਪਿੱਛੇ ਹਮਲਾਵਰ ਨੂੰ ਮਾਰ ਦਿੱਤਾ।

ਸਥਾਨਕ ਮੀਡੀਆ ਨੇ ਰਿਪੋਰਟਾਂ ਮੁਤਾਬਕ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਹ ਉਸੇ ਖੇਤਰ ਵਿੱਚ ਇੱਕ ਹਾਈ ਸਕੂਲ ਦਾ ਵਿਦਿਆਰਥੀ ਸੀ।

ਉਸਨੇ ਦੋ ਮਿਲਟਰੀ ਗ੍ਰੇਡ ਰਾਈਫਲਾਂ ਖਰੀਦੀਆਂ ਸਨ ਅਤੇ ਸਕੂਲ ਆਉਣ ਤੋਂ ਪਹਿਲਾਂ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ ਸੀ।

ਸਕੂਲ ਦੇ ਕੈਂਪਸ ਦੇ ਅੰਦਰ ਰੁਕਾਵਟਾਂ ਨੂੰ ਤੋੜਦੇ ਹੋਏ, ਉਸਨੇ ਇੱਕ ਕਾਰ ਨੂੰ ਭਜਾਇਆ ਅਤੇ ਬੁਲੇਟਪਰੂਫ ਜੈਕੇਟ ਪਹਿਨ ਕੇ ਕਲਾਸਾਂ ਵਿੱਚ ਦਾਖਲ ਹੋਇਆ।

ਰਾਸ਼ਟਰਪਤੀ ਨੇ ਦੁੱਖ ਪ੍ਰਗਟਾਇਆ

ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ 'ਤੇ ਸੋਗ ਜਤਾਉਂਦੇ ਹੋਏ ਕਿਹਾ, "ਬੱਚੇ ਨੂੰ ਗੁਆਉਣਾ ਤੁਹਾਡੇ ਦਿਲ ਦੇ ਟੁਕੜੇ ਨੂੰ ਗੁਆਉਣ ਦੇ ਬਰਾਬਰ ਹੈ''।

''ਇਹ ਤੁਹਾਡੇ ਸੀਨੇ ਵਿੱਚ ਖਾਲੀਪਣ ਛੱਡ ਜਾਂਦਾ ਹੈ ਅਤੇ ਚੀਜ਼ਾਂ ਦੁਬਾਰਾ ਕਦੇ ਵੀ ਪਹਿਲਾਂ ਵਾਂਗ ਨਹੀਂ ਰਹਿਣਗੀਆਂ।" ਬਾਇਡਨ ਦੇ ਨਾਲ ਉਨ੍ਹਾਂ ਦੇ ਪਤਨੀ ਅਤੇ ਫਸਟ ਲੇਡੀ ਜਿਲ ਬਾਇਡੇਨ ਵੀ ਮੌਜੂਦ ਸਨ।

ਟੈਕਸਸ ਗੋਲੀਬਾਰੀ ਵਾਰਦਾਤ

  • ਬੁੱਧਵਾਰ ਨੂੰ ਟੈਕਸਸ ਦੇ ਸਕੂਲ ਵਿਚ ਗੋਲਬਾਰੀ ਦੌਰਾਨ 19 ਵਿਦਿਆਰਥੀਆਂ ਸਣੇ 21 ਜਣੇ ਮਾਰੇ ਗਏ
  • ਵਾਰਦਾਤ ਸੇਨ ਓਨਟੋਨੀਓ ਤੋਂ 80 ਮੀਲ ਦੂਰ ਉਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿਚ ਮੰਗਲਵਾਰ ਨੂੰ ਹੋਈ
  • ਹਮਲਾਵਰ 18 ਸਾਲਾ ਹਾਈ ਸਕੂਲ ਵਿਦਿਆਰਥੀ ਸੀ ਜਿਸ ਦਾ ਨਾਂ ਸੈਲਵਾਡੋਰ ਰਾਮੋਸ ਸੀ
  • ਸੁਰੱਖਿਆ ਏਜੰਸੀ ਦੇ ਸੂਤਰਾਂ ਮੁਤਾਬਕ ਹਮਲਾਵਰ ਕੋਲ ਹੈਂਡਗੰਨ ਅਤੇ ਏਆਰ-15 ਰਾਇਫਲ ਸੀ
  • ਹਮਲਾਵਰ ਪੁਲਿਸ ਦੀ ਜਵਾਬ ਕਾਰਵਾਈ ਵਿੱਚ ਮੌਕੇ 'ਤੇ ਹੀ ਮਰਿਆ ਗਿਆ
  • ਮਰਨ ਵਾਲੇ ਬੱਚੇ 2, 3 ਅਤੇ 4 ਜਮਾਤ ਵਿਚ ਪੜ੍ਹਦੇ ਸਨ ਅਤੇ ਉਨ੍ਹਾਂ ਦੀ ਉਮਰ 6-10 ਸਾਲ ਸੀ
  • ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਦੀ ਗੰਨ ਨੀਤੀ ਉੱਤੇ ਮੁੜ ਗੌਰ ਕਰਨ ਦਾ ਕੀਤਾ ਐਲਾਨ

ਬਾਇਡਨ ਨੇ ਸਵਾਲ ਕੀਤਾ, "ਰੱਬ ਦੇ ਨਾਮ 'ਤੇ ਅਸੀਂ ਕਦੋਂ ਇਸ ਗਨ-ਲਾਬੀ ਦੇ ਖ਼ਿਲਾਫ਼ ਖੜ੍ਹੇ ਹੋਵਾਂਗੇ? ਮੈਂ ਇਸ ਤੋਂ ਥੱਕ ਚੁੱਕਿਆ ਹਾਂ। ਸਾਨੂੰ ਕਾਰਵਾਈ ਕਰਨੀ ਪਵੇਗੀ।"

ਇਹ ਵੀ ਪੜ੍ਹੋ:

ਵ੍ਹਾਈਟ ਹਾਊਸ ਤੋਂ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ, "ਇਹ ਵਿਚਾਰ ਕਿ ਇੱਕ 18 ਸਾਲ ਦਾ ਬੱਚਾ ਇੱਕ ਸਟੋਰ ਵਿੱਚ ਜਾ ਸਕਦਾ ਹੈ ਅਤੇ ਦੋ ਹਮਲਾਵਰ ਹਥਿਆਰ ਖਰੀਦ ਸਕਦਾ ਹੈ, ਬਿਲਕੁਲ ਗਲਤ ਹੈ।''

"ਇਸ ਤਰ੍ਹਾਂ ਦੀ ਸਮੂਹਿਕ ਗੋਲੀਬਾਰੀ ਦੁਨੀਆ ਵਿੱਚ ਕਿਤੇ ਵੀ ਘੱਟ ਹੀ ਵਾਪਰਦੀ ਹੈ।"

ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸ਼ਨੀਵਾਰ, 28 ਮਈ ਨੂੰ ਸੂਰਜ ਡੁੱਬਣ ਤੱਕ ਦੇਸ਼ ਦੇ ਝੰਡੇ ਨੂੰ ਅੱਧਾ ਝੁਕਾਉਣ ਦਾ ਝੁਕਾਉਣ ਦੇ ਆਦੇਸ਼ ਦਿੱਤੇ ਹਨ।

ਇਸ ਦੇ ਨਾਲ ਹੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਹਮਲੇ ਤੋਂ ਬਾਅਦ ਨਵੀਂ ਬੰਦੂਕ ਨੀਤੀ ਦੀ ਮੰਗ ਉਠਾਈ ਹੈ, ਤਾਂ ਜੋ ਭਵਿੱਖ ਵਿੱਚ ਅਜਿਹੇ ਮਾਮਲੇ ਨਾ ਦੁਹਰਾਏ ਜਾਣ।

ਵਾਸ਼ਿੰਗਟਨ ਵਿੱਚ ਇੱਕ ਸਮਾਗਮ ਦੌਰਾਨ ਕਮਲਾ ਹੈਰਿਸ ਨੇ ਕਿਹਾ, "ਜਦੋਂ ਵੀ ਅਜਿਹਾ ਹਾਦਸਾ ਵਾਪਰਦਾ ਹੈ, ਉਹ ਸਾਡੇ ਦਿਲਾਂ ਨੂੰ ਤੋੜਦਾ ਹੈ, ਪਰ ਫਿਰ ਵੀ ਅਜਿਹਾ ਹੋ ਰਿਹਾ ਹੈ''।

''ਇੱਕ ਰਾਸ਼ਟਰ ਦੇ ਰੂਪ ਵਿੱਚ, ਸਾਨੂੰ ਸਖ਼ਤ ਕਾਰਵਾਈ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ ਅਤੇ ਇੱਕ ਨਵੀਂ ਹਥਿਆਰ ਨੀਤੀ ਲਿਆਂਦੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹਾ ਦੁਬਾਰਾ ਨਾ ਹੋਵੇ।''

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਵੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

ਬਰਾਕ ਓਬਾਮਾ ਨੇ ਕਿਹਾ, "ਦੇਸ਼ ਭਰ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਸੁਆਉਣ ਲਈ ਬਿਸਤਰਿਆਂ 'ਚ ਪਾ ਰਹੇ ਹਨ, ਕਹਾਣੀਆਂ ਸੁਣਾ ਰਹੇ ਹਨ, ਲੋਰੀਆਂ ਗਾ ਰਹੇ ਹਨ - ਅਤੇ ਆਪਣੇ ਮਨ 'ਚ ਕਿਤੇ ਉਹ ਇਸ ਗੱਲ ਬਾਰੇ ਚਿੰਤਤ ਹਨ ਕਿ ਕੱਲ੍ਹ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣਗੇ ਜਾਂ ਉਨ੍ਹਾਂ ਨੂੰ ਕਰਿਆਨੇ ਦੀ ਦੁਕਾਨ ਜਾਂ ਕਿਸੇ ਹੋਰ ਜਨਤਕ ਥਾਂ 'ਤੇ ਲੈ ਕੇ ਜਾਣਗੇ ਤਾਂ ਕੁਝ ਵੀ ਹੋ ਸਕਦਾ ਹੈ।''

ਉਨ੍ਹਾਂ ਕਿਹਾ ਕਿ ਉਹ ਇਸ ਦੁੱਖ ਵਿੱਚ ਪੀੜਿਤ ਪਰਿਵਾਰਾਂ ਦੇ ਨਾਲ ਹਨ।

40 ਸਾਲਾ ਅਧਿਆਪਕਾ ਦੀ ਮੌਤ

ਸੈਨ ਐਂਟੋਨੀਓ ਖੇਤਰ ਵਿੱਚ ਸਥਾਨਕ ਏਬੀਸੀ ਨਿਊਜ਼ ਨਾਲ ਸਬੰਧਤ ਕੇਐਸਏਟੀ-ਟੀਵੀ ਦੇ ਅਨੁਸਾਰ, ਸਕੂਲ 'ਚ ਹੋਏ ਇਸ ਹਮਲੇ ਵਿੱਚ ਮਾਰੀ ਗਈ ਅਧਿਆਪਕਾ ਦਾ ਨਾਮ ਈਵਾ ਮਿਰਲੇਸ ਹੈ। ਉਹ ਇੱਥੇ ਚੌਥੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਨ।

ਸਕੂਲ ਡਿਸਟ੍ਰਿਕਟ ਦੀ ਵੈੱਬਸਾਈਟ 'ਤੇ ਮੌਜੂਦ ਅਧਿਆਪਕਾ ਦੇ ਪੇਜ 'ਤੇ ਦਿੱਤੀ ਜਾਣਕਾਰੀ ਮੁਤਾਬਕ, ਉਨ੍ਹਾਂ ਦੀ ਉਮਰ ਲਗਭਗ 40 ਸਾਲ ਸੀ ਅਤੇ ਉਨ੍ਹਾਂ ਦੀ ਧੀ ਇੱਕ ਕਾਲਜ ਵਿੱਚ ਪੜ੍ਹਦੀ ਹੈ। ਈਵਾ 17 ਸਾਲਾਂ ਤੋਂ ਇੱਕ ਅਧਿਆਪਕਾ ਵਜੋਂ ਕੰਮ ਕਰ ਰਹੇ ਸਨ।

ਹਮਲੇ ਤੋਂ ਪਹਿਲਾਂ ਹਮਲਾਵਰ ਨੇ ਆਪਣੀ ਦਾਦੀ ਦਾ ਵੀ ਕੀਤਾ ਕਤਲ

ਦੋ ਅਧਿਕਾਰੀਆਂ ਨੇ ਬੀਬੀਸੀ ਦੇ ਯੂਐਸ ਸਾਥੀ, ਸੀਬੀਐਸ ਨਿਊਜ਼ ਨੂੰ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਇੱਕ ਹੈਂਡਗਨ ਅਤੇ ਇੱਕ ਏਆਰ-15 ਸੈਮੀ-ਆਟੋਮੈਟਿਕ ਰਾਈਫਲ ਨਾਲ ਲੈੱਸ ਸੀ।

ਖਦਸ਼ਾ ਹੈ ਕਿ ਉਸ ਨੇ ਸਕੂਲ 'ਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣੀ ਦਾਦੀ ਦਾ ਵੀ ਕਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)