ਅਮਰੀਕਾ: 'ਮੈਂ ਤਿੰਨ ਗੋਲੀਆਂ ਦੀ ਆਵਾਜ਼ ਸੁਣੀ ਤੇ ਉੱਥੋਂ ਭੱਜਿਆ'

ਅਮਰੀਕਾ ਦੇ ਟੈਕਸਸ ਸੂਬੇ ਵਿੱਚ ਸੈਂਟਾ ਫੇ ਹਾਈ ਸਕੂਲ ਵਿੱਚ ਗੋਲੀਬਾਰੀ ਦੌਰਾਨ ਪ੍ਰਬੰਧਕਾਂ ਨੇ 8 ਤੋਂ 10 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਹੈਰਿਸ ਕਾਉਂਟੀ ਦੇ ਸੈਰਿਫ਼ ਐੱਡ ਗੌਨਜ਼ਾਲੇਜ਼ ਨੇ ਮੀਡੀਆ ਨੂੰ ਦੱਸਿਆ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ।

ਲਿਸ ਮੁਤਾਬਕ ਹਮਲੇ ਤੋਂ ਬਾਅਦ ਇੱਕ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਮਲੇ ਦੌਰਾਨ ਸਕੂਲ ਤੋਂ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।

ਚਸ਼ਮਦੀਦ ਤੇ ਸਕੂਲ ਦੇ ਵਿਦਿਆਰਥੀ ਟੇਲਰ ਟਰਨਰ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਆਪਣੇ ਨਾਲ ਦੀ ਲੜਕੀ ਨੂੰ ਲੈ ਕੇ ਭੱਜੇ। ਉਨ੍ਹਾਂ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਫੇਰ ਚਾਰ ਗੋਲੀਆਂ ਹੋਰ ਸੁਣੀਆਂ। ਉਨ੍ਹਾਂ ਨੇ ਇੱਕ ਹੋਰ ਲੜਕੀ ਵੀ ਦੇਖੀ ਜਿਸਦੇ ਗੋਲੀ ਲੱਗੀ ਹੋਈ ਸੀ।

ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਉਸ ਸਮੇਂ ਕਲਾਸਾਂ ਹਾਲੇ ਸ਼ੁਰੂ ਹੀ ਹੋਈਆਂ ਸਨ।

ਪੁਲਿਸ ਨੇ ਅਜੇ ਤੱਕ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਗੱਲ ਦੀ ਕਿ ਬੰਦੂਕਧਾਰੀ ਵਿਦਿਆਰਥੀ ਸੀ ਜਾਂ ਕੋਈ ਬਾਹਰੀ ਵਿਅਕਤੀ।

ਹੈਰਿਸ ਕਾਉਂਟੀ, ਜਿਸ ਵਿੱਚ ਇਹ ਸਕੂਲ ਪੈਂਦਾ ਹੈ ਉੱਥੋਂ ਦੇ ਸ਼ੈਰਿਫ਼ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਦਾ ਸਟਾਫ਼ ਅਜਿਹੀ 'ਘਟਨਾ ਨਾਲ ਨਜਿੱਠ ਰਿਹਾ ਹੈ ਜਿੱਥੇ ਇੱਕ ਤੋਂ ਵਧੇਰੇ ਮੌਤਾਂ' ਹੋਈਆਂ ਹਨ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਘਟਨਾ ਉੱਤੇ ਟਵੀਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸੀਬੀਐਸ ਨਿਊਜ਼ ਮੁਤਾਬਕ 17 ਸਾਲਾ ਕਥਿਤ ਹਮਲਾਵਰ ਦਿਮਿਤਰੋਸ ਪਗੋਤਿਜ਼ਰਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਪੁਲਿਸ ਨੇ ਕਿਹਾ ਕਿ ਸਕੂਲ ਅਤੇ ਨੇੜੇ ਦੇ ਇਲਾਕੇ ਤੋਂ ਬਾਰੂਦ ਮਿਲਿਆ ਹੈ।

ਪੁਲਿਸ ਅਧਿਕਾਰੀ ਐਡ ਗੌਨਜ਼ਾਲੇਜ਼ ਨੇ ਦੱਸਿਆ ਕਿ ਇੱਕ ਪੁਲਿਸ ਅਫਸਰ ਜ਼ਖ਼ਮੀ ਹੋਇਆ ਹੈ।

ਇਸ ਤੋਂ ਪਹਿਲਾਂ ਅਮਰੀਕਾ ਦੇ ਫਲੌਰਿਡਾ ਦੇ ਇੱਕ ਸਕੂਲ ਵਿੱਚ ਇੱਕ ਬੰਦੂਕਧਾਰੀ ਨੇ 17 ਵਿਦਿਆਰਥੀਆਂ ਅਤੇ ਕਰਮੀਆਂ ਨੂੰ ਮਾਰ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)