ਤੇਲ ਦੀਆਂ ਕੀਮਤਾਂ ਪਿਛਲੇ 8 ਸਾਲਾਂ ਵਿੱਚ ਸਭ ਤੋਂ ਜ਼ਿਆਦਾ, ਓਪੇਕ ਸਮੂਹ ਇਨ੍ਹਾਂ ਨੂੰ ਘੱਟ ਕਿਉਂ ਨਹੀਂ ਕਰੇਗਾ

ਤਸਵੀਰ ਸਰੋਤ, Getty Images
ਦੁਨੀਆਂ ਦੇ ਤੇਲ ਉਤਪਾਦਕ ਦੇਸ਼ਾਂ ਉੱਪਰ ਵਿਸ਼ਵ ਬਜ਼ਾਰ ਵਿੱਚ ਵਧੀਆਂ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸੇ ਪ੍ਰਸੰਗ ਵਿੱਚ ਦੁਨੀਆਂ ਦੇ ਪੰਜ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਦੀ ਪੰਜ ਮਈ ਨੂੰ ਬੈਠਕ ਹੋ ਰਹੀ ਹੈ।
ਤੇਲ ਦੀਆਂ ਕੀਮਤਾਂ ਅੱਠ ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੇ ਹਨ ਅਤੇ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਪਲੱਸ 'ਤੇ ਉਤਪਾਦਨ ਵਧਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ।
ਹਾਲਾਂਕਿ ਓਪੇਕ ਪਲੱਸ ਨਾਮ ਦਾ ਇਹ ਸਮੂਹ ਜਿਸ ਦਾ ਰੂਸ ਵੀ ਇੱਕ ਮੈਂਬਰ ਹੈ ਫ਼ਿਲਹਾਲ ਤੇਲ ਦੀ ਬਲਦੀ ਉੱਪਰ ਪਾਣੀ ਪਾਉਣ ਦੀ ਕਾਹਲੀ ਵਿੱਚ ਨਹੀਂ ਲੱਗ ਰਿਹਾ।
ਓਪੇਕ ਪਲੱਸ ਕੀ ਹੈ?
ਤੇਲ ਬਰਾਮਦ ਕਰਨ ਵਾਲੇ 23 ਦੇਸ਼ਾਂ ਦੇ ਸਮੂਹ ਨੂੰ ਓਪੇਕ ਪਲੱਸ ਕਿਹਾ ਜਾਂਦਾ ਹੈ।
ਓਪੇਕ ਪਲੱਸ ਦੇਸ਼ਾਂ ਦੀ ਹਰ ਮਹੀਨੇ ਵਿਆਨਾ ਵਿੱਚ ਮੀਟਿੰਗ ਹੁੰਦੀ ਹੈ। ਇਸ ਬੈਠਕ 'ਚ ਇਹ ਤੈਅ ਹੁੰਦਾ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਕਿੰਨਾ ਕੱਚਾ ਤੇਲ ਸਪਲਾਈ ਕੀਤਾ ਜਾਣਾ ਹੈ।
ਇਸ ਸਮੂਹ ਦੇ ਮੂਲ ਵਿੱਚ ਓਪੇਕ (ਆਰਗੇਨਾਈਜ਼ੇਸ਼ਨ ਆਫ਼ ਆਇਲ ਇਕਸਪੋਰਟਿੰਗ ਕੰਟਰੀਜ਼)।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਇਸ ਵਿੱਚ ਮੁੱਖ ਤੌਰ 'ਤੇ ਮੱਧ ਪੂਰਬੀ ਅਤੇ ਅਫ਼ਰੀਕੀ ਦੇਸ਼ਾਂ ਸਮੇਤ ਕੁੱਲ 13 ਮੈਂਬਰ ਹਨ। ਇਹ ਸਮੂਹ 1960 ਵਿੱਚ ਇੱਕ ਉਤਪਾਦਕ ਸੰਘ ਵਜੋਂ ਬਣਾਇਆ ਗਿਆ ਸੀ। ਇਸਦਾ ਉਦੇਸ਼ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਅਤੇ ਕੀਮਤਾਂ ਤੈਅ ਕਰਨਾ ਸੀ।
2016 ਵਿੱਚ, ਜਦੋਂ ਤੇਲ ਦੀਆਂ ਕੀਮਤਾਂ ਘੱਟ ਸਨ, ਓਪੈਕ ਦੇ ਨਾਲ 10 ਹੋਰ ਗੈਰ-ਓਪੇਕ ਤੇਲ ਉਤਪਾਦਕ ਦੇਸ਼ਾਂ ਨਾਲ ਓਪੈਕ ਪਲੱਸ ਦਾ ਗਠਨ ਕੀਤਾ।
ਓਪੇਕ ਪੱਲਸ ਦੇਸ਼ਾਂ ਵਿੱਚ ਰੂਸ ਵੀ ਸ਼ਾਮਲ ਹੈ, ਜੋ ਹਰ ਰੋਜ਼ 10 ਕਰੋੜ ਬੈਰਲ ਤੇਲ ਦਾ ਉਤਪਾਦਨ ਕਰਦਾ ਹੈ।
ਇਹ ਸਾਰੇ ਦੇਸ਼ ਮਿਲ ਕੇ ਦੁਨੀਆ ਦੇ ਕੁੱਲ ਕੱਚੇ ਤੇਲ ਦਾ 40% ਉਤਪਾਦਨ ਕਰਦੇ ਹਨ।
ਐਨਰਜੀ ਇੰਸਟੀਚਿਊਟ ਦੀ ਕੇਟ ਡੁਰੀਅਨ ਕਹਿੰਦੇ ਹਨ, "ਓਪੇਕ ਪਲੱਸ ਬਾਜ਼ਾਰ ਨੂੰ ਸੰਤੁਲਿਤ ਰੱਖਣ ਲਈ ਤੇਲ ਦੀ ਸਪਲਾਈ ਅਤੇ ਮੰਗ ਵਿੱਚ ਤਾਲਮੇਲ ਬਣਾਉਂਦਾ ਹੈ। ਜਦੋਂ ਤੇਲ ਦੀ ਮੰਗ ਘੱਟ ਹੁੰਦੀ ਹੈ ਤਾਂ ਇਹ ਉਤਪਾਦਨ ਵਿੱਚ ਕਮੀ ਕਰਕੇ ਤੇਲ ਦੀ ਕੀਮਤ ਉੱਚੀ ਰੱਖਦੇ ਹਨ"
ਇਸ ਤੋਂ ਉਲਟ ਜਦੋਂ ਮੰਗ ਜ਼ਿਆਦਾ ਹੁੰਦੀ ਹੈ ਤਾਂ ਇਹ ਦੇਸ਼ ਉਤਪਾਦਨ ਵਧਾਅ ਕੇ ਤੇਲ ਦੀਆਂ ਕੀਮਤਾਂ ਨੂੰ ਘੱਟ ਰੱਖਣ ਵਿੱਚ ਵੀ ਆਪਣੀ ਭੂਮਿਕਾ ਨਿਭਾਉਂਦਾ ਹੈ।
ਓਪੇਕ ਪਲੱਸ ਬਾਜ਼ਾਰ ਵਿੱਚ ਤੇਲ ਦੀ ਵਾਧੂ ਸਪਲਾਈ ਦੇ ਕੇ ਇਸਦੀਆਂ ਕੀਮਤਾਂ ਘਟਾ ਸਕਦਾ ਹੈ। ਅਮਰੀਕਾ, ਬ੍ਰਿਟੇਨ ਤੋਂ ਲੇ ਕੇ ਤੇਲ ਦਰਾਮਦ ਕਰਨ ਵਾਲੇ ਹੋਰ ਦੇਸ਼ ਵੀ ਇਸ ਤੋਂ ਇਹੀ ਉਮੀਦ ਰੱਖਦੇ ਹਨ।

ਤੇਲ ਦੀਆਂ ਕੀਮਤਾਂ ਇੰਨੀਆਂ ਕਿਵੇਂ ਵੱਧ ਗਈਆਂ?
ਪਿਛਲੇ ਸਾਲ ਮਾਰਚ ਤੋਂ ਮਈ ਦੇ ਵਿਚਕਾਰ, ਜਦੋਂ ਕੋਰੋਨਾ ਤੇਜ਼ੀ ਨਾਲ ਫ਼ੈਲ ਰਿਹਾ ਸੀ ਅਤੇ ਲੌਕਡਾਊਨ ਲਗਾਇਆ ਜਾ ਰਿਹਾ ਸੀ, ਉਦੋਂ ਖਰੀਦਾਰਾਂ ਦੀ ਕਮੀ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਮੂਧੇ ਮੂੰਹ ਡਿੱਗੀਆਂ ਸਨ।
ਡੁਰੀਅਨ ਕਹਿੰਦੇ ਹਨ, "ਉਸ ਸਮੇਂ ਉਤਪਾਦਕ ਲੋਕਾਂ ਨੂੰ ਪੈਸੇ ਦੇ ਕੇ ਤੇਲ ਵੇਚ ਰਹੇ ਸਨ ਕਿਉਂਕਿ ਉਨ੍ਹਾਂ ਕੋਲ ਇਸ ਨੂੰ ਸਟੋਰ ਕਰਨ ਲਈ ਲੋੜੀਂਦੀ ਜਗ੍ਹਾ ਨਹੀਂ ਸੀ।"
ਇਸ ਤੋਂ ਬਾਅਦ ਓਪੇਕ ਪਲੱਸ ਦੇ ਮੈਂਬਰ ਤੇਲ ਦੇ ਉਤਪਾਦਨ ਨੂੰ ਪ੍ਰਤੀ ਦਿਨ ਇੱਕ ਕਰੋੜ ਬੈਰਲ ਤੱਕ ਘਟਾਉਣ ਲਈ ਸਹਿਮਤ ਹੋਏ ਤਾਂ ਜੋ ਕੀਮਤਾਂ ਪਹਿਲਾਂ ਵਰਗੀਆਂ ਹੋ ਸਕਣ।
ਜਦੋਂ 2021 ਦੇ ਜੂਨ ਵਿੱਚ ਕੱਚੇ ਤੇਲ ਦੀ ਮੰਗ ਫਿਰ ਤੋਂ ਵਧਣੀ ਸ਼ੁਰੂ ਹੋਈ, ਓਪੇਕ ਪਲੱਸ ਨੇ ਵਿਸ਼ਵੀ ਮਾਰਕੀਟ ਵਿੱਚ ਪ੍ਰਤੀ ਦਿਨ ਚਾਰ ਲੱਖ ਬੈਰਲ ਦੇ ਹਿਸਾਬ ਨਾਲ ਹੌਲੀ-ਹੌਲੀ ਸਪਲਾਈ ਵੀ ਵਧਾਉਣੀ ਸ਼ੁਰੂ ਕਰ ਦਿੱਤੀ।
ਹੁਣ ਪ੍ਰਤੀ ਦਿਨ 25 ਲੱਖ ਬੈਰਲ ਤੇਲ ਦੀ ਸਪਲਾਈ ਹੋ ਰਹੀ ਹੈ, ਜੋ ਕਿ 2020 ਦੇ ਮਾਰਚ ਤੋਂ ਮਈ ਮਹੀਨਿਆਂ ਨਾਲੋਂ ਘੱਟ ਹੈ।
ਹਾਲਾਂਕਿ, ਜਦੋਂ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ, ਤਾਂ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ। ਇਸ ਕਾਰਨ ਪੈਟਰੋਲ ਪੰਪਾਂ 'ਤੇ ਵੀ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲਿਆ।
ਅਰਗਸ ਮੀਡੀਆ ਦੇ ਮੁੱਖ ਅਰਥ ਸ਼ਾਸਤਰੀ ਡੇਵਿਡ ਫਾਈਫ ਕਹਿੰਦੇ ਹਨ, "ਜਦੋਂ ਓਪੇਕ ਪਲੱਸ ਨੇ ਮਈ 2020 ਵਿੱਚ ਸਪਲਾਈ ਵਿੱਚ ਇੱਕ ਕਰੋੜ ਬੈਰਲ ਪ੍ਰਤੀ ਦਿਨ ਦੀ ਕਟੌਤੀ ਕੀਤੀ ਸੀ, ਤਾਂ ਇਹ ਇੱਕ ਜ਼ਿਆਦਾ ਕਟੌਤੀ ਸੀ।"
ਉਹ ਕਹਿੰਦੇ ਹਨ, "ਹੁਣ ਉਹ ਹੌਲੀ-ਹੌਲੀ ਸਪਲਾਈ ਵਧਾ ਰਹੇ ਹਨ, ਜਿਸ ਉੱਪਰ ਰੂਸ-ਯੂਕਰੇਨ ਸੰਕਟ ਦਾ ਅਸਰ ਨਹੀਂ ਦਿਸ ਰਿਹਾ।''

ਫਾਈਫ ਦਾ ਕਹਿਣਾ ਹੈ ਕਿ ਸਾਰੇ ਤੇਲ ਖਰੀਦਾਰਾਂ ਨੂੰ ਡਰ ਹੈ ਕਿ ਯੂਰਪੀ ਸੰਘ ਵੀ ਅਮਰੀਕਾ ਦੀਆਂ ਪੈੜਾਂ 'ਤੇ ਚੱਲ ਕੇ ਰੂਸ ਤੋਂ ਤੇਲ ਦੀ ਦਰਾਮਦ 'ਤੇ ਪਾਬੰਦੀ ਲਾ ਸਕਦਾ ਹੈ। ਇਸ ਸਮੇਂ ਯੂਰਪ ਰੂਸ ਤੋਂ ਰੋਜ਼ਾਨਾ 25 ਲੱਖ ਬੈਰਲ ਕੱਚਾ ਤੇਲ ਖਰੀਦ ਰਿਹਾ ਹੈ।
ਓਪੇਕ ਪਲੱਸ ਤੇਲ ਉਤਪਾਦਨ ਕਿਉਂ ਨਹੀਂ ਵਧਾਏਗਾ?
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਊਦੀ ਅਰਬ ਨੂੰ ਤੇਲ ਉਤਪਾਦਨ ਵਧਾਉਣ ਦੀ ਕਈ ਵਾਰ ਅਪੀਲ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਉਤਪਾਦਨ ਵਧਾਉਣ ਦੀ ਅਪੀਲ ਕੀਤੀ ਸੀ, ਪਰ ਕੋਈ ਫ਼ਰਕ ਨਹੀਂ ਪਿਆ।
ਕੇਟ ਡੁਰੀਅਨ ਦਾ ਮੰਨਣਾ ਹੈ, "ਸਾਊਦੀ ਅਰਬ ਅਤੇ ਯੂਏਈ ਦੋਵਾਂ ਕੋਲ ਵਾਧੂ ਸਮਰੱਥਾ ਹੈ ਪਰ ਉਹ ਖ਼ੁਦ ਉਤਪਾਦਨ ਵਧਾਉਣ ਤੋਂ ਇਨਕਾਰ ਕਰ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਪੱਛਮ ਉਨ੍ਹਾਂ 'ਤੇ ਆਪਣੇ ਹੁਕਮ ਮੜ੍ਹੇ।"

ਤਸਵੀਰ ਸਰੋਤ, Getty Images
"ਉਹ ਕਹਿ ਰਹੇ ਹਨ ਕਿ ਸਪਲਾਈ ਅਤੇ ਮੰਗ ਵਿਚਲਾ ਪਾੜਾ ਘਟਦਾ ਜਾ ਰਿਹਾ ਹੈ ਅਤੇ ਹੁਣ ਤੇਲ ਦੀਆਂ ਉੱਚੀਆਂ ਕੀਮਤਾਂ ਖਰੀਦਾਰਾਂ ਦੇ ਮਨਾਂ ਵਿੱਚ ਡਰ ਦਿਖਾ ਰਹੀਆਂ ਹਨ।"
ਓਪੇਕ ਪਲੱਸ ਵਿੱਚ ਸ਼ਾਮਲ ਹੋਰ ਦੇਸ਼ਾਂ ਨੂੰ ਵੀ ਤੇਲ ਉਤਪਾਦਨ ਵਧਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੇਵਿਡ ਫਾਈਫ ਕਹਿੰਦੇ ਹਨ, "ਨਾਈਜੀਰੀਆ ਅਤੇ ਅੰਗੋਲਾ ਵਰਗੇ ਉਤਪਾਦਕ ਦੇਸ਼ ਮਿਲ ਕੇ ਵੀ ਤੈਅ ਕੋਟੇ ਤੋਂ ਘੱਟ ਤੇਲ ਦਾ ਉਤਪਾਦਨ ਕਰ ਰਹੇ ਹਨ। ਦੋਵੇਂ ਮਿਲ ਕੇ ਪਿਛਲੇ ਇੱਕ ਸਾਲ ਤੋਂ ਹਰ ਰੋਜ਼ ਸਿਰਫ਼ 10 ਲੱਖ ਬੈਰਲ ਹੀ ਤੇਲ ਦਾ ਉਤਪਾਦਨ ਕਰ ਰਹੇ ਹਨ।"
"ਮਹਾਂਮਾਰੀ ਦੌਰਾਨ ਨਿਵੇਸ਼ ਵਿੱਚ ਵੀ ਕਮੀ ਆਈ ਅਤੇ ਕੁਝ ਮਾਮਲਿਆਂ ਵਿੱਚ, ਤੇਲ ਉਤਪਾਦਨ ਪਲਾਂਟਾਂ ਦੇ ਰੱਖ-ਰਖਾਅ ਵਿੱਚ ਕਮੀ ਦੇਖੀ ਗਈ। ਹੁਣ ਇਹ ਪਲਾਂਟਾਂ ਤੋਂ ਸਮਰੱਥਾ ਮੁਤਾਬਕ ਤੇਲ ਦਾ ਉਤਪਾਦਨ ਨਹੀਂ ਹੋ ਰਿਹਾ।"

ਤਸਵੀਰ ਸਰੋਤ, Getty Images
ਰੂਸ ਦਾ ਕੀ ਪੱਖ ਹੈ?
ਓਪੇਕ ਪਲੱਸ ਨੂੰ ਵੀ ਗਰੁੱਪ ਦੇ ਦੋ ਸਭ ਤੋਂ ਵੱਡੇ ਸਹਿਯੋਗੀਆਂ ਵਿੱਚੋਂ ਇੱਕ ਰੂਸ ਦੀਆਂ ਇੱਛਾਵਾਂ ਦਾ ਮਾਣ ਰੱਖਣਾ ਪਵੇਗਾ।
ਕ੍ਰਿਸਟਲ ਐਨਰਜੀ ਦੇ ਸੀਈਓ ਕੈਰੋਲ ਨਖਲ ਮੁਤਾਬਕ, "ਤੇਲ ਦੀਆਂ ਕੀਮਤਾਂ ਇਸ ਪੱਧਰ 'ਤੇ ਪਹੁੰਚਣ ਤੋਂ ਰੂਸੀ ਖੁਸ਼ ਹਨ। ਉਨ੍ਹਾਂ ਨੂੰ ਕੀਮਤਾਂ ਵਿੱਚ ਕਮੀ ਕਰਨ ਦਾ ਕੋਈ ਲਾਭ ਨਹੀਂ ਦਿਸ ਰਿਹਾ ਹੈ।"
"ਓਪੇਕ ਰੂਸ ਨਾਲ ਚੰਗੇ ਸਬੰਧ ਬਣਾਏ ਰੱਖਣਾ ਚਾਹੁੰਦਾ ਹੈ ਤਾਂ ਕਿ ਪਿਛਲੇ ਸਾਲ ਹੋਏ ਸਮਝੌਤੇ ਜਾਰੀ ਰਹਿਣ। ਇਸ ਦਾ ਮਤਲਬ ਹੈ ਕਿ ਹੁਣ ਤੋਂ ਸਤੰਬਰ ਤੱਕ ਕੱਚੇ ਤੇਲ ਦੀ ਸਪਲਾਈ ਬਹੁਤ ਹੌਲੀ-ਹੌਲੀ ਵਧੇਗੀ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












