ਕਿਉਂ ਵੱਧ ਰਹੀਆਂ ਹਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ?

ਤਸਵੀਰ ਸਰੋਤ, DIBYANGSHU SARKAR
- ਲੇਖਕ, ਮੇਧਾਵੀ ਅਰੋੜਾ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਹੁਣ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਅਗਸਤ 2014 ਤੋਂ ਬਾਅਦ ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਸਭ ਤੋਂ ਵੱਧ ਚੜ੍ਹੀਆਂ।
ਬੁੱਧਵਾਰ ਸਵੇਰੇ 6 ਵਜੇ ਦਿੱਲੀ ਵਿੱਚ ਪੈਟਰੋਲ ਦੀ ਕੀਮਤ 71.39 ਰੁਪਏ ਸੀ ਤੇ ਡੀਜ਼ਲ ਦੀ 62.06 ਰੁਪਏ ਪ੍ਰਤੀ ਲੀਟਰ ਸੀ।
ਮੰਗਲਵਾਰ ਤੋਂ ਪੈਟਰੋਲ ਦੀ ਕੀਮਤ ਵਿੱਚ 12 ਪੈਸੇ ਤੇ ਡੀਜ਼ਲ ਦੀ ਕੀਮਤ ਵਿੱਚ 18 ਪੈਸੇ ਦਾ ਵਾਧਾ ਹੋਇਆ।
ਮੁੰਬਈ ਵਿੱਚ ਕੀਮਤਾਂ ਹੋਰ ਵੀ ਵਧ ਗਈਆਂ। ਉੱਥੇ ਬੁਧਵਾਰ ਨੂੰ ਪੈਟਰੋਲ 79.27 ਪ੍ਰਤੀ ਲਿਟਰ ਤੇ ਡੀਜ਼ਲ 66.09 ਪ੍ਰਤੀ ਲਿਟਰ ਵਿੱਕ ਰਿਹਾ ਸੀ ।
ਪਿਛਲੇ ਸਾਲ ਜੂਨ 'ਚ ਕੀਮਤਾਂ ਤੈਅ ਕਰਨ ਦੇ ਨਵੇਂ ਸਿਸਟਮ ਆਉਣ ਨਾਲ ਪੈਟਰੋਲ ਦੀਆਂ ਕੀਮਤਾਂ ਵਿੱਚ 7 ਫੀਸਦ ਤੇ ਡੀਜ਼ਲ ਵਿੱਚ 11 ਫੀਸਦ ਵਾਧਾ ਹੋਇਆ ਹੈ।

ਤਸਵੀਰ ਸਰੋਤ, AFP
ਇਹ ਸਿਸਟਮ ਜੂਨ ਵਿੱਚ ਅਪਣਾਇਆ ਗਿਆ ਸੀ ਜਿਸ ਨਾਲ ਤੇਲ ਦੀਆਂ ਕੀਮਤਾਂ ਮੈਟਰੋ ਸ਼ਹਿਰਾਂ ਤੋਂ ਇਲਾਵਾ ਕੁਝ ਹੋਰ ਵੱਡੇ ਸ਼ਹਿਰਾਂ ਵਿੱਚ ਰੋਜ਼ਾਨਾ ਬਦਲ ਦੀਆਂ ਹਨ।
ਇਸ ਤੋਂ ਪਹਿਲਾਂ ਵਾਲੇ ਸਿਸਟਮ 'ਚ ਉਹ ਹਰ 15 ਦਿਨ ਬਾਅਦ ਬਦਲਦੀਆਂ ਸਨ।
ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ
ਤੇਲ ਕੀਮਤਾਂ 'ਚ ਵਾਧਾ ਪੂਰੀ ਦੁਨੀਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਹੋਇਆ ਹੈ।
ਪਿਛਲੇ ਹਫਤੇ ਬਰੈਂਟ ਕਰੂਡ ਦਾ ਇੱਕ ਬੈਰੇਲ 70 ਡਾਲਰ ਵਿੱਚ ਵਿਕ ਰਿਹਾ ਸੀ। ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਤੋਂ ਮਹਿੰਗੀ ਕੀਮਤ ਹੈ।
ਇਹ ਇਸ ਲਈ ਹੋਇਆ ਕਿਉਂਕਿ ਓਪੈਕ (ਤੇਲ ਐਕਸਪੋਰਟ ਕਰਨ ਵਾਲੇ ਦੇਸ਼ਾਂ ਦੀ ਸੰਸਥਾ) ਤੇ ਰੂਸ ਨੇ ਸਪਲਾਈ ਘਟਾ ਦਿੱਤੀ ਸੀ। ਨਾਲ ਹੀ ਅਮਰੀਕਾ ਦੇ ਕਰੂਡ ਸਟਾਕ ਵਿੱਚ ਵੀ ਕਮੀ ਆ ਗਈ।

ਤਸਵੀਰ ਸਰੋਤ, DIBYANGSHU SARKAR
ਭਾਰਤ ਪੂਰੀ ਦੁਨੀਆਂ ਵਿੱਚ ਤੀਜੇ ਨੰਬਰ 'ਤੇ ਆਉਣ ਵਾਲਾ ਤੇਲ ਦਾ ਸਭ ਤੋਂ ਵੱਡਾ ਗਾਹਕ ਹੈ। ਉਸ ਤੋਂ ਪਹਿਲਾਂ ਚੀਨ ਤੇ ਅਮਰੀਕਾ ਹਨ।
ਭਾਰਤ ਦੀ ਤੇਲ ਦੀ 70 ਫੀਸਦ ਮੰਗ ਦਰਾਮਦ ਨਾਲ ਪੂਰੀ ਹੁੰਦੀ ਹੈ, ਇਸ ਲਈ ਤੇਲ ਦੀਆਂ ਕੀਮਤਾਂ 'ਚ ਵਾਧਾ ਪ੍ਰੇਸ਼ਾਨੀ ਦਾ ਮੁੱਦਾ ਬਣਿਆ ਹੋਇਆ ਹੈ।
ਇਸ ਨਾਲ ਸਰਕਾਰ ਉਪਰ ਤੇਲ 'ਤੇ ਆਬਕਾਰੀ ਡਿਊਟੀ ਘਟਾਉਣ ਦੀ ਮੰਗ ਵਧ ਗਈ ਹੈ ਤਾਂ ਜੋ ਗਾਹਕਾਂ 'ਤੇ ਭਾਰ ਨਾ ਪਵੇ।

ਤਸਵੀਰ ਸਰੋਤ, DOMINIQUE FAGET
ਮੁੰਬਈ ਵਿੱਚ ਜੀਓਜਿਟ ਫਾਈਨਾਂਸ਼ਲ ਸਰਵਿਸਿਜ਼ ਦੇ ਹੈੱਡ ਇਨਵੈਸਟਮੈਂਟ ਸਟ੍ਰੈਟੇਜਿਸਟ ਗੋਰੰਗ ਸ਼ਾਹ ਅਨੁਸਾਰ, ਤੇਲ ਦੀਆਂ ਕੀਮਤਾਂ ਥੋੜ੍ਹੇ ਸਮੇਂ ਲਈ ਵਧ ਰਹੀਆਂ ਹਨ।
"ਉਤਪਾਦਨ 'ਚ ਕਟੌਤੀ, ਇਰਾਨ ਦੀ ਜਿਓਪੌਲੀਟੀਕਲ ਸਥਿਤੀ ਅਤੇ ਡਿੱਗਦੇ ਆਲਮੀ ਤਾਪਮਾਨ ਨੇ ਤੇਲ ਦੀ ਮੰਗ ਵਧਾ ਦਿੱਤੀ ਹੈ। ਤਿੰਨ ਅਤੇ ਚਾਰ ਮਹੀਨਿਆਂ ਵਿੱਚ ਤੁਸੀਂ ਵੇਖੋਗੇ ਕਿ ਇਨ੍ਹਾਂ ਘਟਨਾਵਾਂ ਦੇ ਖ਼ਤਮ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਹੋਵੇਗੀ।''
ਤੇਲ 'ਤੇ ਨਿਰਭਰ ਉਦਯੋਗ ਜਿਵੇਂ ਪੇਂਟ ਤੇ ਟਾਇਰ ਜੋ ਕਿ ਕੱਚੇ ਮਾਲ ਜਾਂ ਫਿਰ ਢੋਅ ਢੁਆਈ ਲਈ ਤੇਲ ਦਾ ਇਸਤੇਮਾਲ ਕਰਦੀਆਂ ਹਨ, ਉਪਰ ਖਾਸ ਅਸਰ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਦੇ ਲੰਮੇ ਸਮੇਂ ਤਕ ਕਾਨਟਰੈਕਟ ਹੁੰਦੇ ਹਨ।












