ਪੰਜਾਬ ਤੋਂ ਵੀ ਛੋਟਾ ਇਸਰਾਈਲ ਕਿਵੇਂ ਬਣਿਆ ‘ਸੁਪਰ ਪਾਵਰ’

ਤਸਵੀਰ ਸਰੋਤ, Getty Images
- ਲੇਖਕ, ਰਜਨੀਸ਼ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਫਲਸਤੀਨ ਆਟੋਮਨ ਸਾਮਰਾਜ ਦਾ ਇੱਕ ਜ਼ਿਲ੍ਹਾ ਸੀ। ਪਹਿਲੀ ਵਿਸ਼ਵ ਜੰਗ ਵਿੱਚ ਆਟੋਮਨ ਸਮਰਾਜ ਨੂੰ ਬ੍ਰਿਟੇਨ ਅਤੇ ਉਸਦੇ ਸਹਿਯੋਗੀਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪਹਿਲੀ ਵਿਸ਼ਵ ਜੰਗ ਤੋਂ ਬਾਅਦ ਫਲਸਤੀਨ ਬ੍ਰਿਟੇਨ ਦੇ ਕਬਜ਼ੇ ਵਿੱਚ ਆ ਗਿਆ। ਇਸ ਤੋਂ ਬਾਅਦ ਸਮੱਸਿਆ ਹੋਰ ਵੱਧ ਗਈ। ਇਸ ਇਲਾਕੇ ਵਿੱਚ ਅਰਬੀ ਲੋਕ ਰਹਿੰਦੇ ਸੀ ਅਤੇ ਯਹੂਦੀ ਵੀ ਰਹਿਣਾ ਚਾਹੁੰਦੇ ਸਨ।
ਹਜ਼ਾਰਾਂ ਸਾਲਾਂ ਤੋਂ ਯਹੂਦੀਆਂ ਦਾ ਇਸ ਇਲਾਕੇ ਨਾਲ ਇਤਿਹਾਸਕ ਅਤੇ ਧਾਰਮਿਕ ਸਬੰਧ ਰਿਹਾ ਹੈ। ਉਹ ਮੰਨਦੇ ਰਹੇ ਹਨ ਕਿ ਉਨ੍ਹਾਂ ਦਾ ਫਲਸਤੀਨੀ ਇਲਾਕਿਆਂ ਵਿੱਚ ਰਹਿਣ ਦਾ ਰੱਬੀ ਹੱਕ ਹੈ।
ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹਜ਼ਾਰਾਂ ਯਹੂਦੀ ਇਸਰਾਈਲ ਬਣਨ ਤੋਂ ਪਹਿਲਾਂ ਇਸ ਇਲਾਕੇ ਵਿੱਚ ਆਉਣ ਲੱਗੇ ਸੀ।
ਯੂਰਪ ਅਤੇ ਰੂਸ ਵਿੱਚ ਯਹੂਦੀਆਂ ਨੂੰ ਯਹੂਦੀ ਹੋਣ ਕਰਕੇ ਕਈ ਤਸ਼ੱਦਦ ਸਹਿਣੇ ਪਏ ਸੀ।
ਦੂਜੀ ਵਿਸ਼ਵ ਜੰਗ ਵਿੱਚ ਨਾਜ਼ੀਆਂ ਦੇ ਯਹੂਦੀਆਂ 'ਤੇ ਤਸ਼ੱਦਦ ਤੋਂ ਬਾਅਦ ਵੱਡੀ ਗਿਣਤੀ ਵਿੱਚ ਯਹੂਦੀ ਇਸ ਇਲਾਕੇ ਵਿੱਚ ਆਏ ਸਨ।
ਕਿਵੇਂ ਇਸਰਾਈਲ ਬਣਿਆ?
ਇੱਥੋਂ ਤੱਕ ਕਿ ਯਹੂਦੀਆਂ 'ਤੇ ਅਰਬ ਵਿੱਚ ਵੀ ਤਸ਼ੱਦਦ ਹੋਇਆ ਸੀ।
ਦੂਜੀ ਵਿਸ਼ਵ ਜੰਗ ਤੋਂ ਬਾਅਦ ਬ੍ਰਿਟੇਨ ਨੇ ਇਹ ਫੈਸਲਾ ਲਿਆ ਕਿ ਹੁਣ ਫਲਸਤੀਨੀ ਇਲਾਕਿਆਂ 'ਤੇ ਸੰਯੁਕਤ ਰਾਸ਼ਟਰ ਫੈਸਲਾ ਕਰੇ ਕਿ ਆਖ਼ਰ ਕੀ ਕਰਨਾ ਹੈ।
ਸੰਯੁਕਤ ਰਾਸ਼ਟਰ ਨੇ ਫਲਸਤੀਨ ਨੂੰ ਦੋ ਦੇਸਾਂ ਵਿੱਚ ਵੰਡਣ ਦਾ ਸੁਝਾਅ ਦਿੱਤਾ। ਇੱਕ ਅਰਬ ਅਤੇ ਦੂਜਾ ਯਹੂਦੀਆਂ ਦੇ ਲਈ।
ਅਰਬ ਲੋਕਾਂ ਨੇ ਸੰਯੁਕਤ ਰਾਸ਼ਟਰ ਦੀ ਯੋਜਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਸ ਮਤੇ ਨੂੰ ਯਹੂਦੀ ਆਗੂਆਂ ਨੇ ਪ੍ਰਵਾਨ ਲਿਆ ਤੇ ਮੁਲਕ ਵਜੋਂ ਇਸਰਾਈਲ ਦਾ ਐਲਾਨ ਕਰ ਦਿੱਤਾ। ਉਸ ਵੇਲੇ ਅਮਰੀਕਾ ਨੇ ਇਸਰਾਈਲ ਨੂੰ ਮਾਨਤਾ ਦੇ ਦਿੱਤੀ।
ਇਸਰਾਈਲ ਦੇ ਐਲਾਨ ਦੇ ਨਾਲ ਹੀ ਜੰਗ ਸ਼ੁਰੂ ਹੋ ਗਈ। ਮਹੀਨਿਆਂ ਤੱਕ ਚੱਲੀ ਜੰਗ ਤੋਂ ਬਾਅਦ ਇਸਰਾਈਲ ਅਤੇ ਅਰਬ ਗੁਆਂਢੀ ਲੜਾਈ ਰੋਕਣ ਲਈ ਰਾਜ਼ੀ ਹੋ ਗਏ।
ਅੱਗੇ ਚੱਲ ਕੇ ਇੱਕ ਦੇਸ ਦੇ ਰੂਪ ਵਿੱਚ ਇਸਰਾਈਲ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਮਿਲਦੀ ਗਈ।

ਤਸਵੀਰ ਸਰੋਤ, Getty Images
ਇਸਰਾਈਲ ਪੂਰਬੀ ਭੂਮੱਧ ਸਾਗਰ ਦੇ ਆਖਰੀ ਕੰਢੇ 'ਤੇ ਸਥਿੱਤ ਹੈ। ਇਸਦਾ ਦੱਖਣੀ ਕੰਢਾ ਲਾਲ ਸਾਗਰ ਤੱਕ ਹੈ।
ਪੱਛਮ ਵਿੱਚ ਇਹ ਮਿਸਰ ਨੂੰ ਲੱਗਦਾ ਹੈ ਅਤੇ ਪੂਰਬ ਵਿੱਚ ਜਾਰਡਨ ਨਾਲ। ਲੈਬਨਾਨ ਇਸਦੇ ਉੱਤਰ ਵਿੱਚ ਹੈ ਅਤੇ ਸੀਰੀਆ ਉੱਤਰ ਪੂਰਬ ਵਿੱਚ ਸਥਿਤ ਹੈ।
ਸ਼ਕਤੀਸ਼ਾਲੀ ਇਸਰਾਈਲ
ਹੁਣ ਤੱਕ ਫਲਸਤੀਨ ਕੋਈ ਦੇਸ ਨਹੀਂ ਹੈ ਪਰ ਫਲਸਤੀਨ ਪੱਛਮੀ ਕਿਨਾਰੇ ਅਤੇ ਗਾਜ਼ਾਪੱਟੀ ਨੂੰ ਮਿਲਾ ਕੇ ਇੱਕ ਵੱਖ ਦੇਸ ਚਾਹੁੰਦਾ ਹੈ।
ਇਸਰਾਈਲ ਅਤੇ ਫਲਸਤੀਨੀ ਦੋਵੇਂ ਯੇਰੋਸ਼ਲਮ ਨੂੰ ਰਾਜਧਾਨੀ ਬਣਾਉਣਾ ਚਾਹੁੰਦੇ ਹਨ।
ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਯੇਰੋਸ਼ਲਮ ਨੂੰ ਇਸਰਾਈਲ ਦੀ ਰਾਜਧਾਨੀ ਦੇ ਰੂਪ ਵਿੱਚ ਮਾਨਤਾ ਦਿੱਤੀ ਸੀ ਪਰ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਦੁਨੀਆਂ ਦੇ ਵਧੇਰੇ ਦੇਸਾਂ ਨੇ ਇਸ ਨੂੰ ਖਾਰਿਜ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images
ਇਸਰਾਈਲ 1948 ਵਿੱਚ ਬਣਿਆ। 69 ਸਾਲ ਦਾ ਇਸਰਾਈਲ ਖੇਤਰਫਲ ਦੇ ਮਾਮਲੇ ਵਿੱਚ ਭਾਰਤ ਦੇ ਮਣੀਪੁਰ ਤੋਂ ਵੀ ਛੋਟਾ ਹੈ। ਆਬਾਦੀ ਕੇਵਲ 85 ਲੱਖ ਦੇ ਕਰੀਬ ਹੈ।
ਕੁਦਰਤੀ ਸੰਸਾਧਨਾਂ ਦੇ ਮਾਮਲੇ ਵਿੱਚ ਵੀ ਇਸਾਰਈਲ ਭਾਰਤ ਦੇ ਸਾਹਮਣੇ ਕਿਤੇ ਨਹੀਂ ਟਿਕਦਾ। ਇਸਦੇ ਬਾਵਜੂਦ ਇਸਰਾਈਲ ਦੁਨੀਆਂ ਦੇ ਉਨ੍ਹਾਂ ਦੇਸਾਂ ਵਿੱਚ ਸ਼ੁਮਾਰ ਹੈ, ਜਿਨ੍ਹਾਂ ਦੀ ਤਕਨੀਕ ਅਤੇ ਫੌਜੀ ਤਾਕਤ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਦਿੱਤੀ ਜਾਂਦੀ ਹੈ।
ਇਸਰਾਈਲ ਦਾ ਕਿਉਂ ਮਜ਼ਾਕ ਉੱਡਿਆ?
ਯੋਰੋਸ਼ਲਮ ਪੋਸਟ ਦੇ ਸਾਬਕਾ ਸੰਪਾਕਦ ਯਾਕੋਵ ਕਾਤਜ਼ ਨੇ 'ਦਿ ਵੈਪਨ ਵਿਜ਼ਰਡਸ: ਹਾਓ ਇਸਰਾਈਲ ਬਿਕੇਮ ਅ ਹਾਈਟੈਕ ਮਿਲਟਰੀ ਸੁਪਰਪਾਵਾਰ' ਨਾਂ ਦੀ ਕਿਤਾਬ ਲਿਖੀ ਹੈ।
ਯਾਵਕੋਵ ਕਾਤਜ਼ ਨੇ ਲਿਖਿਆ ਹੈ, "ਇਸਰਾਈਲ ਦੇ ਗਠਨ ਦੇ ਮਹਿਜ਼ 2 ਸਾਲ ਬਾਅਦ 1950 ਵਿੱਚ ਦੇਸ ਦਾ ਪਹਿਲਾ ਵਪਾਰਕ ਵਫ਼ਦ ਦੱਖਣੀ ਅਮਰੀਕਾ ਲਈ ਭੇਜਿਆ ਗਿਆ ਸੀ।''
"ਇਸਰਾਈਲ ਕੋਲ ਕੁਦਰਤੀ ਸਰੋਤ ਨਹੀਂ ਸਨ ਜਿਸ ਦੇ ਆਧਾਰ 'ਤੇ ਉਹ ਆਪਣੇ ਅਰਥਚਾਰੇ ਨੂੰ ਸ਼ਕਲ ਦੇ ਸਕੇ। ਉਸ ਵਫਦ ਨੇ ਕਈ ਮੀਟਿੰਗਾਂ ਕੀਤੀਆਂ ਪਰ ਸਾਰਿਆਂ ਨੇ ਉਨ੍ਹਾਂ ਦਾ ਮਜ਼ਾਕ ਹੀ ਉਡਾਇਆ।''
"ਇਸਰਾਈਲੀ ਲੋਕ ਸੰਤਰਾ, ਕੈਰੋਸੀਨ ਸਟੋਵ ਅਤੇ ਨਕਲੀ ਦੰਦ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ। ਅਰਜਨਟੀਨਾ ਜਿਹੇ ਦੇਸਾਂ ਵਿੱਚ ਸੰਤਰੇ ਦਾ ਉਤਪਾਦਨ ਪਹਿਲਾਂ ਤੋਂ ਕਾਫ਼ੀ ਹੁੰਦਾ ਸੀ ਅਤੇ ਬਿਜਲੀ ਦੀ ਘਾਟ ਨਹੀਂ ਸੀ, ਇਸ ਲਈ ਕੈਰੋਸੀਨ ਸਟੋਵ ਦੀ ਵੀ ਲੋੜ ਨਹੀਂ ਸੀ।''

ਤਸਵੀਰ ਸਰੋਤ, Getty Images
ਇਹ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਇਸਰਾਈਲ ਪਹਿਲਾਂ ਕੀ ਕੁਝ ਬਰਆਮਦ ਕਰਦਾ ਸੀ। ਅਜੋਕੇ ਸਮੇਂ ਵਿੱਚ ਇਸਰਾਈਲ ਹਾਈਟੈੱਕ ਸੁਪਰਪਾਵਰ ਹੈ।
ਉਹ ਦੁਨੀਆਂ ਵਿੱਚ ਆਧੁਨਿਕ ਹਥਿਆਰ ਵੇਚਣ ਦੇ ਮਾਮਲੇ ਵਿੱਚ ਕਾਫ਼ੀ ਅੱਗੇ ਹੈ। ਹਰ ਸਾਲ ਕਰੀਬ 6.5 ਅਰਬ ਡਾਲਰ ਦੇ ਹਥਿਆਰ ਵੇਚਦਾ ਹੈ।
ਇਸਰਾਈਲ ਨੇ ਰਿਸਰਚ 'ਤੇ ਕੀਤਾ ਵੱਡਾ ਖਰਚ
ਯਾਵਕੋਵ ਨੇ ਲਿਖਿਆ ਹੈ, "1985 ਤੱਕ ਇਸਰਾਈਲ ਦੁਨੀਆਂ ਵਿੱਚ ਸਭ ਤੋਂ ਵੱਡਾ ਡਰੋਨ ਬਰਾਮਦ ਕਰਨ ਵਾਲਾ ਦੇਸ ਰਿਹਾ ਸੀ। ਉਸਦਾ ਡਰੋਨ ਦੇ 60 ਫੀਸਦ ਬਾਜ਼ਾਰ 'ਤੇ ਕਬਜ਼ਾ ਸੀ।''
"ਮਿਸਾਲ ਵਜੋਂ 2010 ਵਿੱਚ ਪੰਜ ਨਾਟੋ ਦੇਸ ਅਫ਼ਗਾਨਿਸਤਾਨ ਵਿੱਚ ਇਸਰਾਈਲੀ ਡਰੋਨ ਹੀ ਇਸਤੇਮਾਲ ਕਰਦੇ ਸੀ। ਆਖ਼ਰ ਜਿਸ ਦੇਸ ਦੀ ਉਮਰ 70 ਸਾਲ ਵੀ ਨਾ ਹੋਈ ਹੋਵੇ ਉਸ ਨੇ ਦੁਨੀਆਂ ਦੀ ਸਭ ਤੋਂ ਆਧੁਨਿਕ ਫੌਜ ਕਿਵੇਂ ਤਿਆਰ ਕਰ ਲਈ?''

ਤਸਵੀਰ ਸਰੋਤ, Getty Images
ਉਨ੍ਹਾਂ ਅੱਗੇ ਕਿਹਾ, "ਇਸਦਾ ਜਵਾਬ ਉਸ ਦੀ ਕੌਮੀ ਬਣਤਰ ਵਿੱਚ ਹੀ ਸ਼ਾਮਲ ਹੈ। ਪਹਿਲੀ ਗੱਲ ਇਹ ਕੀ ਛੋਟਾ ਦੇਸ ਹੋਣ ਦੇ ਬਾਵਜੂਦ ਇਸਰਾਈਲ ਆਪਣੀ ਜੀਡੀਪੀ ਦਾ 4.5 ਫੀਸਦ ਹਿੱਸਾ ਰਿਸਰਚ 'ਤੇ ਖਰਚ ਕਰਦਾ ਹੈ।''
ਇਸਰਾਈਲ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਦੇਸ ਵਿੱਚ ਨਾਗਰਿਕ ਨਹੀਂ ਫੌਜੀ ਤਿਆਰ ਕਰਦਾ ਹੈ। ਉੱਥੋਂ ਦੇ ਹਰ ਨਾਗਰਿਕ ਲਈ ਫੌਜ ਵਿੱਚ ਸੇਵਾ ਦੇਣੀ ਜ਼ਰੂਰੀ ਹੁੰਦਾ ਹੈ।
ਇਸਰਾਈਲੀ ਜਾਸੂਸੀ ਸੈਟੇਲਾਈਸਟਸ ਦਾ ਜਵਾਬ ਨਹੀਂ
ਪੱਛਮ ਦੇ ਦੇਸ ਮੱਧ-ਪੂਰਬ ਵਿੱਚ ਇੱਕ ਟਿਕਾਣੇ ਦੇ ਤੌਰ 'ਤੇ ਇਸਰਾਈਲ ਨੂੰ ਸਭ ਤੋਂ ਸੁਰੱਖਿਅਤ ਮੰਨਦੇ ਹਨ।
ਯਾਵਕੋਵ ਨੇ ਲਿਖਿਆ ਹੈ, "ਸਾਲ 2000 ਵਿੱਚ ਇਸਾਰਾਈਲੀ ਹਵਾਈ ਫੌਜ ਨੂੰ ਪਹਿਲੀ ਆਪਰੇਸ਼ਨਲ ਏਅਰੋ ਮਿਸਾਈਲ ਬੈਟਰੀ ਮਿਲੀ ਸੀ।
ਇਸ ਆਪਰੇਸ਼ਨਲ ਸਿਸਟਮ ਦੇ ਨਾਲ ਹੀ ਇਸਰਾਈਲ ਦੁਨੀਆਂ ਦਾ ਪਹਿਲਾ ਦੇਸ ਬਣ ਗਿਆ ਸੀ ਜਿਸਨੇ ਦੁਸ਼ਮਣ ਦੀ ਮਿਸਾਈਲ ਨੂੰ ਰਾਹ ਵਿੱਚ ਹੀ ਨਸ਼ਟ ਕਰਨ ਦੀ ਤਾਕਤ ਹਾਸਲ ਕਰ ਲਈ ਸੀ।''

ਤਸਵੀਰ ਸਰੋਤ, Getty Images
"ਇਸਰਾਈਲ ਦੇ ਐਰੋ ਦਾ ਆਈਡੀਆ ਆਪਣੇ ਆਪ ਵਿੱਚ ਹੀ ਕਮਾਲ ਦਾ ਸੀ। ਇਸਰਾਈਲ ਖੇਤਰਫਲ ਦੇ ਮਾਮਲੇ ਵਿੱਚ ਬਹੁਤ ਛੋਟਾ ਦੇਸ ਹੈ ਅਤੇ ਇਸ ਦੇ ਕੋਲ ਖਾਲੀ ਜ਼ਮੀਨ ਦੀ ਘਾਟ ਹੈ। ਇਹ ਬੈਲਿਸਟਿਕ ਮਿਸਾਈਲ ਦੇ ਮੁਕਾਬਲੇ ਕਾਫ਼ੀ ਅਸਰਦਾਰ ਹੈ।''
1989 ਵਿੱਚ ਇਸਾਰਈਲ ਨੇ ਪੁਲਾੜ ਵਿੱਚ ਪਹਿਲੀ ਜਾਸੂਸੀ ਸੈੱਟਲਾਈਟ ਨੂੰ ਛੱਡਿਆ। ਇਸਦੇ ਨਾਲ ਹੀ ਇਸਰਾਈਲ ਅੱਠ ਦੇਸਾਂ ਦੇ ਉਸ ਖਾਸ ਗਰੁੱਪ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਦੇ ਕੋਲ ਸੈਟੇਲਾਈਟ ਛੱਡਣ ਦੀ ਕਾਬਲੀਅਤ ਹੈ।
ਸ਼ੁਰੂਆਤ ਵਿੱਚ ਕਿਹਾ ਜਾ ਰਿਹਾ ਸੀ ਕਿ ਇਸਰਾਈਲ ਸ਼ਾਇਦ ਹੀ ਇਸ ਕਲੱਬ ਵਿੱਚ ਸ਼ਾਮਲ ਹੋ ਸਕੇ।
ਫੌਜੀ ਤਾਕਤ
ਅੱਜ ਦੀ ਤਾਰੀਖ ਵਿੱਚ ਇਸਰਾਈਲ ਸੈਟੇਲਾਈਟ ਛੱਡਣ ਦੇ ਮਾਮਲੇ ਵਿੱਚ ਕਾਫ਼ੀ ਅੱਗੇ ਨਿਕਲ ਚੁੱਕਿਆ ਹੈ। ਹੁਣ ਪੁਲਾੜ ਵਿੱਚ ਉਸਦੀਆਂ ਅੱਠ ਜਾਸੂਸੀ ਸੈਟਲਾਈਟਸ ਹਨ।
ਕਿਹਾ ਜਾਂਦਾ ਹੈ ਕਿ ਪੂਰੀ ਦੁਨੀਆਂ ਵਿੱਚ ਇਸਰਾਈਲ ਦੀ ਜਾਸੂਸੀ ਸੈਟੇਲਾਈਟ ਦਾ ਕੋਈ ਜਵਾਬ ਨਹੀਂ ਹੈ।
ਇਸਰਾਈਲ ਆਪਣੇ ਮਰਕਾਵਾ ਟੈਂਕ ਲਈ ਵੀ ਵੱਧ ਜਾਣਿਆ ਜਾਂਦਾ ਹੈ। ਇਸ ਨੂੰ ਇਸਰਾਈਲ ਵਿੱਚ ਹੀ ਤਿਆਰ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਇਸਰਾਈਲੀ ਫੌਜ ਵਿੱਚ ਇਸ ਨੂੰ 1979 ਵਿੱਚ ਸ਼ਾਮਿਲ ਕੀਤਾ ਗਿਆ ਸੀ।
ਇਸਰਾਈਲੀ ਏਅਰਫੋਰਸ ਕੋਲ ਐੱਫ-151 ਥੰਡਰ ਲੜਾਕੂ ਹਵਾਈ ਜਹਾਜ਼ ਹਨ। ਇਸਰਾਈਲ ਕੋਲ ਜੈਰਿਕੋ ਥਰਡ ਪਰਮਾਣੂ ਪ੍ਰਤੀਰੋਧਕ ਤਾਕਤ ਵੀ ਹੈ।
ਕੀ ਪਰਮਾਣੂ ਤਾਕਤ ਵੀ ਹੈ ਇਸਰਾਈਲ?
ਪੂਰੀ ਦੁਨੀਆਂ ਵਿੱਚ ਇਸਰਾਈਲ, ਹਾਂਗ-ਕਾਂਗ ਤੇ ਦੱਖਣੀ ਕੋਰੀਆ ਦੀ ਅਰਥ ਵਿਵਸਥਾ ਨੂੰ ਸਭ ਤੋਂ ਸਥਿਰ ਮੰਨਿਆ ਜਾਂਦਾ ਹੈ।
ਇੱਥੇ ਮਹਿੰਗਾਈ ਦਰ ਸਿਫ਼ਰ ਦੇ ਬਰਾਬਰ ਹੈ ਅਤੇ ਬੇਰੁਜ਼ਗਾਰੀ ਵੀ ਬਹੁਤ ਘੱਟ ਹੈ। ਇਸਰਾਈਲ ਦੀ ਕੁਲ ਜੀਡੀਪੀ 318.7 ਅਰਬ ਡਾਲਰ ਹੈ ਅਤੇ ਉਸਦੀ ਅਰਥ ਵਿਵਸਥਾ ਦੀ ਵਧਣ ਦੀ ਦਰ ਤਕਰੀਬਨ 4 ਫੀਸਦ ਦੇ ਕਰੀਬ ਹੈ।
ਇਸਰਾਈਲ ਖੁਦ ਨੂੰ ਪਰਮਾਣੂ ਸ਼ਕਤੀ ਨਹੀਂ ਮੰਨਦਾ ਹੈ ਪਰ ਕਿਹਾ ਜਾਂਦਾ ਹੈ ਕਿ ਉਸ ਨੇ 70 ਦੇ ਦਹਾਕੇ ਵਿੱਚ ਪਰਮਾਣੂ ਹਥਿਆਰ ਹਾਸਿਲ ਕਰ ਲਏ ਸੀ।

ਤਸਵੀਰ ਸਰੋਤ, Getty Images
ਵਾਸ਼ਿੰਗਟਨ ਸਥਿੱਤ ਸੰਸਥਾ ਆਰਮਜ਼ ਕੰਟਰੋਲ ਐਸੋਸੀਏਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਇਸਰਾਈਲ ਕੋਲ ਕੁੱਲ 80 ਪਰਮਾਣੂ ਹਥਿਆਰ ਹਨ।
ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਭਾਰਤ ਇਸਰਾਈਲ ਨੂੰ ਉਸਦੀ ਤਾਕਤ ਮੁਤਾਬਕ ਅਹਿਮੀਅਤ ਦੇ ਰਿਹਾ ਹੈ ਜਾਂ ਇਹ ਭਾਰਤ ਦੀ ਲੋੜ ਹੈ?
ਮੱਧ-ਪੂਰਬ ਮਾਮਲਿਆਂ ਦੇ ਮਾਹਿਰ ਕਮਰ ਆਗਾ ਕਹਿੰਦੇ ਹਨ ਕਿ ਇਸਰਾਈਲ ਦੇ ਨਾਲ ਭਾਰਤ ਦੀ ਦੋਸਤੀ ਰਵਾਇਤੀ ਹੈ।
ਉਨ੍ਹਾਂ ਕਿਹਾ ਕਿ ਦੋਹਾਂ ਦੇਸਾਂ ਦੀਆਂ ਆਪਣੀਆਂ-ਆਪਣੀਆਂ ਜ਼ਰੂਰਤਾਂ ਹਨ।

ਤਸਵੀਰ ਸਰੋਤ, Getty Images
ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਭਾਰਤ ਦੇ 6 ਰੋਜ਼ਾ ਦੌਰੇ 'ਤੇ ਹਨ। ਕਿਸੇ ਵੀ ਪ੍ਰਧਾਨ ਮੰਤਰੀ ਲਈ 6 ਦਿਨਾਂ ਦਾ ਦੌਰਾ ਕਾਫ਼ੀ ਮਾਅਨੇ ਰੱਖਦਾ ਹੈ।
ਅਮਰੀਕਾ ਦਾ ਰਾਹ ਇਸਰਾਈਲ ਹੋ ਕੇ...
ਕਮਰ ਆਗਾ ਦੱਸਦੇ ਹਨ, "90ਵਿਆਂ ਵਿੱਚ ਭਾਰਤ ਨੇ ਇਸਰਾਈਲ ਦੇ ਨਾਲ ਉਸ ਵੇਲੇ ਸਬੰਧ ਸਥਾਪਿਤ ਕੀਤਾ ਸੀ ਜਦੋਂ ਪੂਰੀ ਦੁਨੀਆਂ ਬਦਲ ਚੁੱਕੀ ਸੀ।''
"ਸੋਵੀਅਤ ਰੂਸ ਬਿਖਰ ਚੁੱਕਾ ਸੀ। ਵਿਸ਼ਵੀਕਰਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ। ਵਿਚਾਰਧਾਰਾ ਦੀ ਸਿਆਸਤ ਦਾ ਦੌਰ ਖਤਮ ਹੋ ਚੁੱਕਾ ਸੀ ਅਤੇ ਆਰਥਿਕ ਗਤੀਵਿਧੀਆਂ ਦੇ ਆਧਾਰ 'ਤੇ ਸਿਆਸੀ ਅਹਿਮੀਅਤ ਮਿਲਣ ਲੱਗੀ ਸੀ।''
ਕਮਰ ਆਗਾ ਕਹਿੰਦੇ ਹਨ, "ਜੇ ਤੁਸੀਂ ਇਸਰਾਈਲ ਦੇ ਕਰੀਬ ਆਉਂਦੇ ਹੋ ਤਾਂ ਪੱਛਮੀ ਦੇਸਾਂ ਦੀ ਸੋਹਬਤ ਅਤੇ ਹੋਰ ਸੌਖੀ ਹੋ ਜਾਂਦੀ ਹੈ। ਸੋਵਿਅਤ ਰੂਸ ਦੇ ਪਤਨ ਤੋਂ ਬਾਅਦ ਭਾਰਤ ਨੇ ਵੀ ਅਮਰੀਕਾ ਵੱਲ ਰੁਖ ਕੀਤਾ।''
ਉਸ ਵੇਲੇ ਕਿਹਾ ਜਾਂਦਾ ਸੀ ਕਿ ਅਮਰੀਕਾ ਦਾ ਰਾਹ ਇਸਰਾਈਲ ਤੋਂ ਹੋ ਕੇ ਗੁਜਰਦਾ ਹੈ ਅਤੇ ਭਾਰਤ ਵੀ ਇਹੀ ਰਾਹ 'ਤੇ ਹੈ।
ਇਸਰਾਈਲ ਭਾਰਤ ਲਈ ਦੋ ਕਾਰਨਾਂ ਕਰਕੇ ਅਹਿਮ ਹੈ। ਇੱਕ ਤਾਂ ਉਸਦੀ ਤਕਨੀਕ ਅਤੇ ਅਤਿਵਾਦ ਨਾਲ ਲੜਨ ਦੀ ਤਾਕਤ ਅਤੇ ਦੂਜਾ ਪੱਛਮੀ ਦੇਸਾਂ ਵਿੱਚ ਯਹੂਦੀਆਂ ਦੀ ਤਾਕਤਵਰ ਲੌਬਿੰਗ ਹੈ। ਜ਼ਾਹਿਰ ਹੈ ਕਿ ਭਾਰਤ ਨੂੰ ਦੋਹਾਂ ਚੀਜ਼ਾਂ ਦੀ ਲੋੜ ਹੈ।
'ਯਹੂਦੀ ਲੌਬੀ ਦਾ ਭਾਰਤ ਨੇ ਚੁੱਕਿਆ ਫਾਇਦਾ'
ਕਮਰ ਆਗਾ ਅਨੁਸਾਰ ਭਾਰਤ ਨੇ ਯਹੂਦੀ ਲੌਬੀ ਦਾ ਪੱਛਮ ਵਿੱਚ ਫਾਇਦਾ ਚੁੱਕਿਆ ਹੈ।
ਉਨ੍ਹਾਂ ਨੇ ਕਿਹਾ, "ਭਾਰਤੀ ਜਨਤਾ ਪਾਰਟੀ ਜਨਸੰਘ ਦੇ ਜ਼ਮਾਨੇ ਤੋਂ ਹੀ ਇਸਰਾਈਲ ਦੀ ਪ੍ਰਸ਼ੰਸਕ ਰਹੀ ਹੈ।

ਤਸਵੀਰ ਸਰੋਤ, Getty Images
ਜਦੋਂ 1977 ਵਿੱਚ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ ਅਤੇ ਅਟਲ ਬਿਹਾਰੀ ਵਾਜਪਈ ਵਿਦੇਸ਼ ਮੰਤਰੀ ਤਾਂ ਉਸੇ ਵਕਤ ਇਸਰਾਈਲ ਦੇ ਵਿਦੇਸ਼ ਮੰਤਰੀ ਦਾ ਭਾਰਤ ਵਿੱਚ ਇੱਕ ਗੁਪਤ ਦੌਰਾ ਹੋਇਆ ਸੀ।''
"ਜਦੋਂ ਅਟਲ ਬਿਹਾਰੀ ਵਾਜਪਈ ਪ੍ਰਧਾਨ ਮੰਤਰੀ ਬਣੇ ਸਨ ਤਾਂ ਤਤਕਾਲੀ ਪ੍ਰਧਾਨ ਮੰਤਰੀ ਐਰੀਅਲ ਸ਼ੇਰੌਨ ਨੇ ਭਾਰਤ ਦਾ ਦੌਰਾ ਕੀਤਾ ਸੀ। ਹੁਣ ਜਦੋਂ ਮੋਦੀ ਹਨ ਤਾਂ ਚੀਜ਼ਾਂ ਬਿਲਕੁਲ ਸਾਹਮਣੇ ਹਨ।''
ਕਮਰ ਆਗਾ ਕਹਿੰਦੇ ਹਨ, "ਉਨ੍ਹਾਂ ਦੇ ਕੋਲ ਤਕਨੀਕ ਹੈ ਜੋ ਸਾਡੇ ਕੋਲ ਨਹੀਂ ਹੈ। ਸਾਨੂੰ ਤਕਨੀਕ ਦੀ ਲੋੜ ਹੈ। ਸਾਡੇ ਕੋਲ ਸਸਤੇ ਮਜ਼ਦੂਰ ਹਨ। ਇਹ ਕੰਪਿਊਟਰ ਚਲਾਉਣਾ ਜਾਣਦੇ ਹਨ ਅਤੇ ਇਨ੍ਹਾਂ ਨੂੰ ਅੰਗ੍ਰੇਜ਼ੀ ਵੀ ਆਉਂਦੀ ਹੈ।''
"ਇਸਰਾਈਲ ਨੂੰ ਅਜਿਹੇ ਮਜ਼ਦੂਰਾਂ ਦੀ ਲੋੜ ਹੈ। ਜੇ ਦੋਵੇਂ ਦੇਸ ਕੁਝ ਬਣਾਉਂਦੇ ਹਨ ਤਾਂ ਇਸਰਾਈਲ ਨੂੰ ਭਾਰਤ ਵਰਗੇ ਵੱਡੇ ਬਾਜ਼ਾਰ ਮਿਲੇਗਾ।''
ਅੰਕੜੇ ਕੀ ਕਹਿੰਦੇ ਹਨ?
ਸਾਬਕਾ ਵਿਦੇਸ਼ ਸਕੱਤਰ ਕੰਵਲ ਸਿੱਬਲ ਦਾ ਕਹਿਣਾ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਵਿੱਚ ਅੱਜ ਵੀ ਕਿਸੇ ਦਾ ਦਬਾਅ ਕੰਮ ਨਹੀਂ ਕਰਦਾ ਹੈ।
ਮਾਹਿਰ ਕਮਰ ਆਗਾ ਵੀ ਕਹਿੰਦੇ ਹਨ, "ਭਾਰਤ ਦੀ ਇਸਰਾਈਲ ਨਾਲ ਦੋਸਤੀ ਅਰਬ ਦੇਸਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੀ।''
ਇਸ ਨੂੰ ਵਪਾਰ ਮੰਤਰਾਲੇ ਦੇ ਅੰਕੜਿਆਂ ਤੋਂ ਵੀ ਸਮਝਿਆ ਜਾ ਸਕਦਾ ਹੈ। ਕਾਰੋਬਾਰ, ਸੁਰੱਖਿਆ, ਊਰਜਾ ਅਤੇ ਕੂਟਨੀਤਕ ਹਿੱਤਾਂ ਦੇ ਲਿਹਾਜ਼ ਨਾਲ ਮੱਧ-ਪੂਰਬੀ ਭਾਰਤ ਲਈ ਖ਼ਾਸ ਹੈ।

ਤਸਵੀਰ ਸਰੋਤ, Getty Images
ਭਾਰਤ ਦੇ ਵਪਾਰ ਮੰਤਰਾਲੇ ਅਨੁਸਾਰ 2016-17 ਵਿੱਚ ਅਰਬ ਦੇਸਾਂ ਤੋਂ ਭਾਰਤ ਦਾ ਵਪਾਰ 121 ਅਰਬ ਡਾਲਰ ਦਾ ਰਿਹਾ ਹੈ।
ਜਿੱਥੇ ਇਹ ਭਾਰਤ ਦੇ ਕੁੱਲ ਵਿਦੇਸ਼ੀ ਵਪਾਰ ਦਾ 18.25 ਫੀਸਦ ਹਿੱਸਾ ਹੈ।
ਉੱਥੇ ਹੀ ਇਸਰਾਈਲ ਦੇ ਨਾਲ ਭਾਰਤ ਦਾ ਵਪਾਰ ਪੰਜ ਅਰਬ ਡਾਲਰ ਦਾ ਸੀ ਜੋ ਭਾਰਤ ਦੇ ਕੁੱਲ ਵਪਾਰ ਦਾ ਇੱਕ ਫੀਸਦ ਵੀ ਨਹੀਂ ਹੈ।
ਭਾਰਤ ਤੇ ਇਸਰਾਈਲ ਦੇ ਸੁਰੱਖਿਆ ਸਬੰਧ ਕਾਫੀ ਮਜਬੂਤ ਹਨ ਜਦਕਿ ਅਰਬ ਦੇਸ ਰੁਜ਼ਗਾਰ, ਵਿਦੇਸ਼ੀ ਮੁਦਰਾ ਅਤੇ ਊਰਜਾ ਦੇ ਲਿਹਾਜ਼ ਨਾਲ ਕਾਫ਼ੀ ਅਹਿਮੀਅਤ ਰੱਖਦੇ ਹਨ।












